ਕਪੂਰਥਲਾ: ਲਾਪਤਾ ਦੋ ਸਾਲਾ ਬੱਚੇ ਦੀ ਲਾਸ਼ ਗੁਆਂਢੀ ਦੀ ਵਾਸ਼ਿੰਗ ਮਸ਼ੀਨ ’ਚੋਂ ਮਿਲੀ

ਕਪੂਰਥਲਾ: ਲਾਪਤਾ ਦੋ ਸਾਲਾ ਬੱਚੇ ਦੀ ਲਾਸ਼ ਗੁਆਂਢੀ ਦੀ ਵਾਸ਼ਿੰਗ ਮਸ਼ੀਨ ’ਚੋਂ ਮਿਲੀ
ਆਪਣੀ ਮਾਂ ਨਾਲ ਮਾਮੇ ਦੇ ਵਿਆਹ ’ਤੇ ਨਾਨਕੇ ਪਿੰਡ ਖੁਖਰਾਣਾ ਆਇਆ ਦੋ ਸਾਲਾਂ ਦਾ ਅਧਿਰਾਜ ਮੰਗਲਵਾਰ ਦੁਪਹਿਰ ਨੂੰ ਅਚਾਨਕ ਗ਼ਾਇਬ ਹੋ ਗਿਆ। ਬਾਅਦ ’ਚ ਉਸ ਦੀ ਲਾਸ਼ ਗੁਆਂਢੀ ਦੇ ਘਰ ’ਚ ਵਾਸ਼ਿੰਗ ਮਸ਼ੀਨ ਦੇ ਡ੍ਰਾਇਰ ’ਚ ਕੱਪੜਿਆਂ ਦੇ ਢੇਰ ਹੇਠੋਂ ਮਿਲੀ। ਘਰ ਦੇ ਬਾਹਰ ਲੱਗੇ CCTV ਖੰਗਾਲਣ ਤੋਂ ਬਾਅਦ ਪੁਲਿਸ ਉਸ ਬੱਚੇ ਦੀ ਲਾਸ਼ ਤੱਕ ਪੁੱਜੀ।
ਪੁਲਿਸ ਨੇ CCTV ਕੈਮਰੇ ਦੀ ਫ਼ੁਟੇਜ ਤੋਂ ਨੋਟ ਕੀਤਾ ਕਿ ਤਿੰਨ ਬੱਚੇ ਗੁਆਂਢੀ ਦੇ ਘਰ ਅੰਦਰ ਜਾ ਰਹੇ ਹਨ। ਬਾਅਦ ’ਚ ਦੋ ਬੱਚੇ ਤਾਂ ਵਾਪਸ ਆਉਂਦੇ ਵਿਖਾਈ ਦਿੱਤੇ ਪਰ ਤੀਜਾ ਅਧਿਰਾਜ ਕਿਤੇ ਨਾ ਦਿਸਿਆ। ਬਾਅਦ ’ਚ ਤਲਾਸ਼ੀ ਦੌਰਾਨ ਪੁਲਿਸ ਨੇ ਲਾਸ਼ ਨੂੰ ਵਾਸ਼ਿੰਗ ਮਸ਼ੀਨ ਦੇ ਡ੍ਰਾਇਰ ਅੰਦਰ ਕੰਬਲ਼ ’ਚ ਲਿਪਟੀ ਪਾਇਆ ਗਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਸ ਘਰ ਵਿੱਚੋਂ ਬੱਚੇ ਦੀ ਲਾਸ਼ ਮਿਲੀ ਹੈ, ਉਸ ਵਿੱਚ ਤਿੰਨ ਭਰਾ ਤੇ ਉਨ੍ਹਾਂ ਦੀਆਂ ਪਤਨੀਆਂ ਰਹਿੰਦੀਆਂ ਹਨ। ਇਹ ਵਾਰਦਾਤ ਵਾਪਰਨ ਸਮੇਂ ਦੋ ਔਰਤਾਂ ਘਰ ’ਚ ਸਨ। ਉਨ੍ਹਾਂ ਦੋਵਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਬੱਚੇ ਦੀ ਮ੍ਰਿਤਕ ਦੇਹ ਦਾ ਪੋਸਟ–ਮਾਰਟਮ ਕਰ ਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।