ਕਪੂਰਥਲਾ ‘ਚ ਇੱਕ ਵਿਅਕਤੀ ਨੇ ਫਾਇਨਾਂਸਰਾਂ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ

ਕਪੂਰਥਲਾ ‘ਚ ਇੱਕ ਵਿਅਕਤੀ ਨੇ ਫਾਇਨਾਂਸਰਾਂ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ
ਕਪੂਰਥਲਾ : ਕਪੂਰਥਲਾ ਵਿਖੇ ਇੱਕ ਵਿਅਕਤੀ ਨੇ ਫਾਇਨਾਂਸਰਾਂ ਵੱਲੋਂ ਤੰਗ ਪਰੇਸ਼ਾਨ ਕਰਨ ਅਤੇ ਮਕਾਨ ਲੈਣ ਲਈ ਕਰਜ਼ਾ ਨਾ ਮਿਲਣ ਕਰਕੇ ਪੱਖੇ ਨਾਲ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ 50 ਸਾਲਾ ਅਵਤਾਰ ਸਿੰਘ ਬਿਜਲੀ ਮਕੈਨਿਕ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਦੇਵ, ਨਿਸ਼ਾ ਅਤੇ ਸੁਮਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਹਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਮੁਹੱਲਾ ਹਕੀਮ ਜਾਫਰ ਅਲੀ ‘ਚ ਇਕ ਵਿਅਕਤੀ ਨੇ ਪੰਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਇਸ ਦੌਰਾਨ ਮੌਜੂਦ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਇਕ ਕਾਲਜ ‘ਚ ਨੌਕਰੀ ਕਰਦੀ ਹੈ ਜਦੋਂ ਉਹ ਬੀਤੇ ਦਿਨ ਛੁੱਟੀ ਹੋਣ ਤੋਂ ਬਾਅਦ ਦੁਪਹਿਰ ਘਰ ਪਹੁੰਚੀ ਤਾਂ ਉਸ ਦੇ ਪਤੀ ਅਵਤਾਰ ਸਿੰਘ ਨੇ ਪੱਖੇ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ।
ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਵੱਡਾ ਘਰ ਲੈਣ ਲਈ ਇਕ ਦੇਵ ਨਾਮਕ ਨੌਜਵਾਨ ਨਾਲ ਸੰਪਰਕ ਕੀਤਾ ਸੀ। ਦੇਵ ਨੇ ਉਸ ਦੇ ਪਤੀ ਨੂੰ ਬੈਕ ਲੋਨ ਦਿਵਾਉੁਣ ਦਾ ਝਾਂਸਾ ਦਿੰਦੇ ਹੋਏ ਉਸ ਕੋਲੋਂ 1 ਲੱਖ ਰੁਪਏ ਦੀ ਰਕਮ ਲੈ ਲਈ ਸੀ ,ਜੋ ਉਸ ਦੇ ਪਤੀ ਨੇ ਇਹ ਰਕਮ ਨਿਸ਼ਾ ਪੁੱਤਰੀ ਹਰਬੰਸ ਲਾਲ ਅਤੇ ਸੁਮਨ ਪਤਨੀ ਹਰਬੰਸ ਲਾਲ ਤੋਂ ਲਈ ਸੀ, ਜੋ ਉਸ ਨੂੰ ਕਾਫੀ ਤੰਗ ਪਰੇਸ਼ਾਨ ਕਰਦੇ ਸਨ। ਬੈਂਕ ਦਾ ਕਰਜ਼ ਨਾ ਮਿਲਣ ਅਤੇ ਫਾਇਨਾਂਸਰਾਂ ਤੋਂ ਤੰਗ ਆ ਕੇ ਉਸ ਦੇ ਪਤੀ ਨੇ ਖੁਦਕੁਸ਼ੀ ਕੀਤੀ ਹੈ।