ਕਣਕ ਦੇ ਪੈਸੇ ਨਾ ਮਿਲਣ ਤੇ ਲਾਏ ਆੜਤੀਆ ਯੂਨੀਅਨ ਦੇ ਧਰਨੇ ਦੀ ਵੱਖ ਵੱਖ ਵਪਾਰਕ ਜਥੇਬੰਦੀਆਂ ਵੱਲੋਂ ਹਿਮਾਇਆ

ਕਣਕ ਦੇ ਪੈਸੇ ਨਾ ਮਿਲਣ ਤੇ ਲਾਏ ਆੜਤੀਆ ਯੂਨੀਅਨ ਦੇ ਧਰਨੇ ਦੀ ਵੱਖ ਵੱਖ ਵਪਾਰਕ ਜਥੇਬੰਦੀਆਂ ਵੱਲੋਂ ਹਿਮਾਇਆ

26-23 (1)
ਮਲੋਟ, 25 ਮਈ (ਆਰਤੀ ਕਮਲ) : ਕਣਕ ਦੀ ਖਰੀਦ ਪੂਰੀ ਹੋ ਚੁੱਕਣ ਦੇ ਦਮਗੱਜੇ ਮਾਰਨ ਵਾਲੀ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਵੱਲੋਂ ਅਨਾਜ ਦੀ ਜੋ ਕੀਮਤ 48 ਘੰਟੇ ਵਿਚ ਅਦਾ ਕਰਨੀ ਹੁੰਦੀ ਹੈ ਉਹ ਮਹੀਨਾ ਭਰ ਬੀਤ ਜਾਣ ਤੇ ਵੀ ਨਾ ਮਿਲਣ ਦੇ ਰੋਸ ਵਜੋਂ ਲਾਏ ਆੜਤੀਏ ਯੂਨੀਅਨ ਦੇ ਸ਼ਾਂਤਮਈ ਧਰਨੇ ਨੂੰ ਅੱਜ ਕਾਰ ਬਜਾਰ ਸਮੇਤ ਵੱਡੀ ਗਿਣਤੀ ਵਪਾਰਕ ਜਥੇਬੰਦੀਆਂ ਨੇ ਹਿਮਾਇਤ ਦਿੱਤੀ । ਕਾਰ ਬਜਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਦੀ ਅਗਵਾਈ ਵਿਚ ਪ੍ਰਧਾਨ ਸੋਮ ਕਾਲੜਾ, ਪ੍ਰਧਾਨ ਗੋਰਾ ਬਰਾੜ, ਵਪਾਰ ਮੰਡਲ ਦੇ ਪ੍ਰਧਾਨ ਮੇਜਰ ਸਿੰਘ ਢਿੱਲੋਂ, ਭੱਠਾ ਯੂਨੀਅਨ ਦੇ ਇਕਾਬਲ ਸਿੰਘ ਅਤੇ ਰੈਡੀਮੇਟ ਗਾਰਮੈਂਟ ਅਤੇ ਕਪੜਾ ਯੂਨੀਅਨ ਦੇ ਪ੍ਰਧਾਨ ਪਾਲੀ ਮੱਕੜ ਦੀ ਅਗਵਾਈ ਵਿਚ ਜਥੇਬੰਦੀਆਂ ਨੇ ਅਨਾਜ ਮੰਡੀ ਪੁੱਜ ਕੇ ਧਰਨੇ ਵਿਚ ਸ਼ਮੂਲੀਅਤ ਕੀਤੀ । ਧਰਨੇ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਅਦਾ ਕਰਦਿਆਂ ਸਾਬਕਾ ਚੀਫ ਮੈਡੀਕਲ ਅਫਸਰ ਡ੍ਰਾ. ਗੁਰਜੰਟ ਸਿੰਘ ਸੇਖੋਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਤਾਲਮੇਲ ਤੇ ਚੋਟ ਕੀਤੀ । ਸ੍ਰੀ ਬਾਲਾ ਜੀ ਕਾਰ ਬਜਾਰ ਯੂਨੀਅਨ ਪ੍ਰਧਾਨ ਤੇ ਭਾਜਪਾ ਆਗੂ ਸੋਮ ਕਾਲੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਪੈਸਾ ਭੇਜ ਦਿੱਤੇ ਜਾਣ ਦੀਆਂ ਖਬਰਾਂ ਉਪਰੰਤ ਉਹ ਪੈਸਾ ਅੱਗੇ ਆੜਤੀਆਂ ਕੋਲ ਕਿਉਂ ਨਹੀ ਪੁੱਜ ਰਿਹਾ ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ ।

ਉਹਨਾਂ ਕਿਹਾ ਕਿ ਅਗਰ ਸਰਕਾਰ ਜਲਦ ਇਹ ਪੈਸਾ ਜਾਰੀ ਨਹੀ ਕਰਦੀ ਤਾਂ ਪੂਰੇ ਸ਼ਹਿਰ ਦੇ ਵਪਾਰੀਆਂ ਨੂੰ ਇਕੱਠੇ ਹੋ ਕੇ ਸ਼ਹਿਰ ਬੰਦ ਕਰਕੇ ਰੋਸ ਪ੍ਰਗਟ ਕਰਨਾ ਚਾਹੀਦਾ ਹੈ । ਬਲਾਕ ਪ੍ਰਧਾਨ ਕਾਂਗਰਸ ਅਤੇ ਆੜਤੀਏ ਨੱਥੂ ਰਾਮ ਗਾਂਧੀ ਨੇ ਕਿਹਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਾਮਿਆਜਾ ਆੜਤੀਏ ਅਤੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ । ਡ੍ਰਾ. ਪ੍ਰੇਮ ਕੁਮਾਰ ਨੇ ਵਿਅੰਗਮਈ ਚੋਟ ਕਰਦਿਆਂ ਪ੍ਰਧਾਨ ਮੰਤਰੀ ਦੇ ਕਥਿਤ ਕਾਲਾ ਧਨ ਮੁੱਦੇ ਨੂੰ ਜੋੜਦਿਆਂ ਮੰਗ ਕੀਤੀ ਕਿ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ । ਰੈਡੀਮੇਟ ਗਾਰਮੈਂਟਸ ਦੇ ਪ੍ਰਧਾਨ ਪਾਲੀ ਮੱਕੜ ਤੇ ਜੱਜ ਭਾਈ ਰਾਖੀਵਾਲਾ ਨੇ ਸੰਬੋਧਨ ਕਰਦਿਆਂ ਆੜਤੀਆ ਯੂਨੀਅਨ ਨੂੰ ਹਰ ਤਰਾਂ ਦਾ ਸਮੱਰਥਨ ਦੇਣ ਦਾ ਐਲਾਨ ਕੀਤਾ । ਅੰਤ ਵਿਚ ਆੜਤੀਆ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ ਨੇ ਧਰਨੇ ਵਿਚ ਸਹਿਯੋਗ ਦੇਣ ਪੁੱਜੀਆਂ ਸਮੁੱਚੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਲੋਟ ਦੇ ਐਮਐਲਏ ਹਰਪ੍ਰੀਤ ਸਿੰਘ ਨੇ ਬੀਤੀ ਸ਼ਾਮ ਉਹਨਾਂ ਨੂੰ ਵਿਸ਼ਵਾਸ਼ ਦਵਾਇਆ ਹੈ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿੱਜੀ ਤੌਰ ਤੇ ਮਿਲ ਕੇ ਜਲਦ ਹੀ ਇਹ ਪੈਸਾ ਜਾਰੀ ਕਰਵਾਉਣ ਦੀ ਕੋਸ਼ਿਸ਼ ਕਰਨਗੇ । ਪ੍ਰਧਾਨ ਪੂਨੀਆ ਨੇ ਇਹ ਵੀ ਕਿਹਾ ਕਿ ਮਾਰਕਫੈਡ ਦੇ ਡੀਐਮ ਵੱਲੋਂ ਸਾਰਾ ਭੁਗਤਾਣ ਹੋ ਚੁੱਕਾ ਹੋਣ ਦੇ ਬਿਆਨ ਜਾਰੀ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਿਸ ਦੀ ਉਹ ਨਿਖੇਧੀ ਕਰਦੇ ਹਨ ਅਤੇ ਅਗੇ ਤੋਂ ਅਗਰ ਗਲਤ ਬਿਆਨਬਾਜੀ ਹੋਈ ਤਾਂ ਸਖਤ ਵਿਰੋਧ ਕੀਤਾ ਜਾਵੇਗਾ । ਉਹਨਾਂ ਇਹ ਵੀ ਕਿਹਾ ਕਿ ਅਗਰ ਜਲਦ ਆੜਤੀਆਂ ਨੂੰ ਕਣਕ ਦੀ ਅਦਾਇਗੀ ਨਾ ਹੋਈ ਤਾਂ ਸੰਘਰਸ਼ ਤੇਜ ਕਰਦਿਆਂ ਸੋਮਵਾਰ ਨੂੰ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਬੰਦ ਕਰਕੇ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਜਾਵੇਗਾ । ਇਸ ਮੌਕੇ ਪੈਸਟੀਸਾਈਡ ਯੂਨੀਅਨ ਦੇ ਸੂਬਾ ਪ੍ਰਧਾਨ ਰਾਜ ਰੱਸੇਵਟ, ਸ਼ੈਲਰ ਯੂਨੀਅਨ ਦੇ ਪ੍ਰਧਾਨ ਪੰਮਾ ਬਰਾੜ, ਸ਼ਿਵਰਾਜ ਸਿੰਘ ਪਿੰਦਰ ਕੰਗ, ਪ੍ਰਵੀਨ ਜੈਨ, ਕਾਲਾ ਖੁੰਗਰ, ਕਾਰ ਬਜਾਰ ਦੇ ਜਿਲਾ ਪ੍ਰਧਾਨ ਗੋਰਾ ਬਰਾੜ, ਬੱਬੂ ਅਹੂਜਾ, ਰਣਜੀਤ ਸਿੰਘ ਗਾਂਧੀ, ਕਾਲਾ, ਤਜਿੰਦਰ ਸਿੰਘ ਖਾਲਸਾ, ਬਲਵਿੰਦਰ ਬਾਬਾ, ਕਾਲੀ ਪ੍ਰਧਾਨ, ਅਜੀਤ ਸਿੰਘ, ਪ੍ਰਿਤਪਾਲ ਚੋਜੀ, ਹੈਪੀ ਮੱਕੜ, ਹਰਜੀਤ ਸਿੰਘ ਅਤੇ ਡਿਪਟੀ ਬਾਂਸਲ ਆਦਿ ਸਮੇਤ ਵੱਡੀ ਗਿਣਤੀ ਆੜਤੀਏ ਤੇ ਵਪਾਰਕ ਜਥੇਬੰਦੀਆਂ ਦੇ ਆਗੂ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: