ਕਣਕ ਤੋਂ ਬਾਅਦ ਬਿਨਾਂ ਵਹਾਈ ਕਰੋ ਮੂੰਗੀ ਦੀ ਬੀਜਾਈ

ss1

ਕਣਕ ਤੋਂ ਬਾਅਦ ਬਿਨਾਂ ਵਹਾਈ ਕਰੋ ਮੂੰਗੀ ਦੀ ਬੀਜਾਈ

ਪੰਜਾਬ ਵਿਚ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਤਕਰੀਬਨ 43 ਹਜ਼ਾਰ ਹੈਕਟੇਅਰ ਰਕਬੇ ‘ਤੇ ਕੀਤੀ ਜਾਂਦੀ ਹੈ। ਇਸ ਦੀ ਬੀਜਾਈ ਆਲੂ, ਰਾਇਆ, ਕਣਕ, ਗੋਭੀ ਸਰ੍ਹੋਂ ਆਦਿ ਤੋਂ ਬਾਅਦ ਕੀਤੀ ਜਾਂਦੀ ਹੈ। ਕਣਕ ਦੀ ਵਾਢੀ ਤੋਂ ਬਾਅਦ ਖੇਤ ਨੂੰ ਖਾਲੀ ਰੱਖਣ ਦੀ ਥਾਂ ਕਿਸਾਨਾਂ ਨੂੰ ਕੁਝ ਮੁਨਾਫਾ ਲੈਣ ਲਈ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰ ਲੈਣੀ ਚਾਹੀਦੀ ਹੈ। ਗਰਮੀ ਰੁੱਤ ਦੀ ਮੂੰਗੀ ਦੀ ਬੀਜਾਈ ਦਾ ਸਹੀ ਸਮਾਂ 20 ਮਾਰਚ ਤੋਂ 10 ਅਪ੍ਰੈਲ ਤਕ ਹੈ। ਕਣਕ ਦੀ ਵਾਢੀ ਤੋਂ ਬਾਅਦ ਮੂੰਗੀ ਦੀ ਬੀਜਾਈ 20 ਅਪ੍ਰੈਲ ਤੋਂ ਪਿਛੇਤੀ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਇਸ ਦੇ ਪੱਕਣ ਦੇ ਸਮੇਂ ਮਾਨਸੂਨ ਬਾਰਿਸ਼ਾਂ ਕਾਰਨ ਇਸ ਦਾ ਝਾੜ ਬਹੁਤ ਘੱਟ ਜਾਂਦਾ ਹੈ।
ਕਣਕ ਦੀ ਵਾਢੀ ਅਤੇ ਗਰਮੀ ਰੁੱਤ ਦੀ ਮੂੰਗੀ ਦੀ ਬੀਜਾਈ  ਦਰਮਿਆਨ ਬਹੁਤ ਘੱਟ ਸਮਾਂ ਹੁੰਦਾ ਹੈ। ਰਵਾਇਤੀ ਬੀਜਾਈ ਵਿਚ ਖੇਤ ਦੀ ਤਿਆਰੀ ਵਿਚ ਵਧ ਸਮਾਂ ਲੱਗਦਾ ਹੈ, ਜਿਸ ਕਾਰਨ ਮੂੰਗੀ ਦੀ ਬੀਜਾਈ ਪਿਛੇਤੀ ਹੋ ਜਾਂਦੀ ਹੈ। ਹੱਥੀਂ ਜਾਂ ਕੰਬਾਈਨ ਨਾਲ ਵੱਢੀ ਕਣਕ ਤੋਂ ਬਾਅਦ ਗਰਮੀ ਰੁੱਤ ਦੀ ਮੂੰਗੀ ਦੀ ਬੀਜਾਈ  ਬਿਨਾਂ ਵਹਾਈ ਤਕਨੀਕ ਨਾਲ ਸਮੇਂ ਸਿਰ ਕੀਤੀ ਜਾ ਸਕਦੀ ਹੈ। ਖੇਤ ਦੀ ਤਿਆਰੀ ਦਾ ਸਮਾਂ ਬਚਾਉਣ ਲਈ ਕਣਕ ਦੀ ਵਾਢੀ ਤੋਂ ਬਾਅਦ ਗਰਮੀ ਰੁੱਤ ਦੀ ਮੂੰਗੀ ਦੀ ਬੀਜਾਈ ਸਮੇਂ ਸਿਰ ਕਰਨ ਲਈ ਬਿਨਾਂ ਵਹਾਈ ਜ਼ੀਰੋ ਟਿੱਲ ਡਰਿੱਲ ਨਾਲ ਕਰਨੀ ਚਾਹੀਦੀ ਹੈ। ਜੇ ਕਣਕ ਦਾ ਪਰਾਲ ਖੇਤ ਵਿਚ ਹੋਵੇ ਤਾਂ ਮੂੰਗੀ ਦੀ ਬੀਜਾਈ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।
ਗਰਮੀ ਰੁੱਤ ਦੀ ਮੂੰਗੀ ਦੀਆਂ ਟੀ ਐੱਮ ਬੀ 37, ਐੱਸ ਐੱਮ ਐੱਲ 832 ਤੇ ਐੱਸ ਐੱਮ ਐੱਲ 668 ਉੱਨਤ ਕਿਸਮਾਂ ਹਨ। ਐੱਸ ਐੱਮ ਐੱਲ 668 ਲਈ 15 ਕਿਲੋ, ਟੀ ਐੱਮ ਬੀ 37 ਅਤੇ ਐੱਸ ਐੱਮ ਐੱਲ 832 ਲਈ 12 ਕਿੱਲੇ ਬੀਜ ਪ੍ਰਤੀ ਏਕੜ ਬਿਜਾਈ ਲਈ ਕਾਫੀ ਹੁੰਦਾ ਹੈ। ਮੂੰਗੀ ਦੀ ਬੀਜਾਈ  ਲਈ ਕਤਾਰ ਤੋਂ ਕਤਾਰ ਦਾ ਫਾਸਲਾ 20-22.5 ਸੈਂਟੀਮੀਟਰ ਹੋਣਾ ਚਾਹੀਦਾ ਹੈ। ਗਰਮੀ ਰੁੱਤ ਦੀ ਮੂੰਗੀ ਨੂੰ 5 ਕਿਲੋ ਨਾਈਟ੍ਰੋਜਨ (11 ਕਿਲੋ ਯੂਰੀਆ) ਅਤੇ 16 ਕਿਲੋ ਫਾਸਫੋਰਸ (100 ਕਿਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਬੀਜਾਈ ਵੇਲੇ ਪਾਉਣੀ ਚਾਹੀਦੀ ਹੈ। ਗਰਮੀ ਰੁੱਤ ਦੀ ਮੂੰਗੀ ਨੂੰ 3-4 ਪਾਣੀ ਜ਼ਮੀਨ ਮੁਤਾਬਿਕ ਅਤੇ ਬਾਰਿਸ਼ ਦੇ ਅਨੁਸਾਰ ਲਾਉਣ ਦੀ ਲੋੜ ਪੈਂਦੀ ਹੈ। ਫਸਲ ਦੇ ਇਕਸਾਰ ਪਕਾਅ ਲਈ ਕਣਕ ਤੋਂ ਬਾਅਦ ਬੀਜੀ ਜਾਣ ਵਾਲੀ ਗਰਮੀ ਰੁੱਤ ਦੀ ਮੂੰਗੀ ਨੂੰ ਅਖੀਰਲਾ ਪਾਣੀ ਬੀਜਾਈ ਤੋਂ 50 ਦਿਨਾਂ ਬਾਅਦ ਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ।
ਬਿਨਾਂ ਵਹਾਈ ਬੀਜਾਈ ਇਕ ਘੱਟ ਖਰਚੇ ਵਾਲੀ ਤਕਨੀਕ ਹੈ। ਇਸ ਨਾਲ ਸਮੇਂ, ਊਰਜਾ ਅਤੇ ਪੈਸੇ ਦੀ ਬੱਚਤ ਹੁੰਦੀ ਹੈ। ਬਿਨਾਂ ਵਹਾਈ ਨਾਲ ਮੂੰਗੀ ਦੀ ਬੀਜਾਈ ਥੋੜ੍ਹੇ ਸਮੇਂ ਵਿਚ ਜ਼ਿਆਦਾ ਰਕਬੇ ‘ਤੇ ਹੋ ਸਕਦੀ ਹੈ। ਇਸ ਤਕਨੀਕ ਨਾਲ ਮਈ-ਜੂਨ ਦੇ ਮਹੀਨੇ ਵਿਚ ਵਧ ਤਾਪਮਾਨ ਨਾਲ ਜੈਵਿਕ ਤੱਤ ਦਾ ਨੁਕਸਾਨ ਘੱਟ ਹੁੰਦਾ ਹੈ। ਫਸਲ ਦੇ ਪਰਾਲ ਵਿਚ ਹੈਪੀ ਸੀਡਰ ਨਾਲ ਕੀਤੀ ਮੂੰਗੀ ਦੀ ਬੀਜਾਈ ਨਾਲ ਮਿੱਟੀ ਦੇ ਜੈਵਿਕ ਤੱਤ, ਬਣਤਰ ਅਤੇ ਸੂਖਮ ਜੀਵਾਣੂਆਂ ਦੀ ਗਿਣਤੀ ਵਿਚ ਸੁਧਾਰ ਆਉਂਦਾ ਹੈ। ਫਸਲ ਦੀ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਟਰੈਕਟਰ ਨਾਲ ਖੇਤ ਦੀ ਵਹਾਈ ‘ਤੇ ਖਰਚ ਹੋਣ ਵਾਲੇ ਡੀਜ਼ਲ ਨਾਲ ਕਾਰਬਨਡਾਈਆਕਸਾਈਡ ਦਾ ਉਤਪਾਦਨ ਘੱਟ ਹੁੰਦਾ ਹੈ, ਜਿਸ ਕਾਰਨ ਹਵਾ ਵਿਚ ਪ੍ਰਦੂਸ਼ਣ ਘੱਟ ਹੁੰਦਾ ਹੈ।
ਬਿਨਾਂ ਵਹਾਈ ਗਰਮੀ ਰੁੱਤ ਦੀ ਮੂੰਗੀ ਦੀ ਬੀਜਾਈ ਕਿਸਾਨ ਵੀਰਾਂ ਲਈ ਇਕ ਘੱਟ ਖਰਚ ਵਾਲੀ ਫਾਇਦੇਮੰਦ ਤਕਨੀਕ ਹੈ ਅਤੇ ਇਸ ਨਾਲ ਮਿੱਟੀ ਦੀ ਸਿਹਤ ਵੀ ਸੁਧਰਦੀ ਹੈ। ਇਸ ਲਈ ਕਿਸਾਨ ਵੀਰਾਂ ਨੂੰ ਕਣਕ ਤੋਂ ਬਾਅਦ ਗਰਮੀ ਰੁੱਤ ਦੀ ਮੂੰਗੀ ਦੀ ਬੀਜਾਈ  ਲਈ ਇਹ ਤਕਨੀਕ ਅਪਣਾਉਣੀ ਚਾਹੀਦੀ ਹੈ ਤਾਂ ਜੋ ਉਹ ਫਸਲ ਦਾ ਵਧ ਝਾੜ ਲੈ ਸਕਣ ਅਤੇ ਵਧੇਰੇ ਮੁਨਾਫਾ ਕਮਾ ਸਕਣ।

Share Button

Leave a Reply

Your email address will not be published. Required fields are marked *