Sat. May 25th, 2019

ਕਚਹਿਰੀ ਰੋਡ ਤੇ ਬਣੇ ਨਾਲੇ ਦੀ ਕਰਵਾਈ ਜਾਵੇ ਰਿਪੇਅਰ: ਸ਼ਹਿਰਵਾਸੀ

ਕਚਹਿਰੀ ਰੋਡ ਤੇ ਬਣੇ ਨਾਲੇ ਦੀ ਕਰਵਾਈ ਜਾਵੇ ਰਿਪੇਅਰ: ਸ਼ਹਿਰਵਾਸੀ
ਇਕ ਹਫਤੇ ਦੇ ਅੰਦਰ ਅੰਦਰ ਇਸ ਨਾਲੇ ਦੀ ਰਿਪੇਅਰ ਕਰਵਾ ਦਿਤੀ ਜਾਵੇਗੀ: ਐਸ ਡੀ ਓ

30-36
ਸ੍ਰੀ ਅਨੰਦਪੁਰ ਸਾਹਿਬ, 30 ਅਗਸਦਤ(ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੀ ਅਨੰਦਪੁਰ ਸਾਹਿਬ ਦੇ ਕਚਹਿਰੀ ਰੋਡ ਦੇ ਦੋਹਾਂ ਪਾਸੇ ਵੱਡੇ ਨਾਲੇ ਬਣਾਏ ਗਏ ਹਨ ਜਿਨਾਂ ਵਿਚ ਸਿਵਰੇਜ ਦਾ ਪਾਣੀ ਨਿਰੰਤਰ ਚਲਦਾ ਰਹਿੰਦਾ ਹੈ। ਭਾਂਵੇ ਵਾਟਰ ਸਪਲਾਈ ਮਹਿਕਮੇ ਵਲੋਂ ਆਮ ਲੋਕਾਂ ਦੇ ਘਰਾਂ ਦਾ ਪਾਣੀ ਵੀ ਨਾਲੀਆਂ ਵਿਚ ਆਊਣ ਤੋ ਸਖਤੀ ਨਾਲ ਰੋਕਿਆ ਗਿਆ ਹੈ ਪਰ ਇਸ ਨਾਲੇ ਵਿਚ ਵੱਡੀ ਮਾਤਰਾ ਵਿਚ ਸੀਵਰ ਦਾ ਪਾਣੀ ਆਉਂਦਾ ਹੈ ਜੋ ਮਹਿਕਮੇ ਦੀ ਕਾਰਜਸ਼ੈਲੀ ਤੇ ਪ੍ਰਸ਼ਨ ਚਿੰਨ ਲਗਾ ਰਿਹਾ ਹੈ। ਸੀਵਰ ਦਾ ਪਾਣੀ ਲਗਾਤਾਰ ਆਉਣ ਕਾਰਨ ਆਸ ਪਾਸ ਬਦਬੂ ਫੈਲ ਰਹੀ ਹੈ ਜਿਸ ਕਰਕੇ ਬੀਮਾਰੀਆਂ ਫੈਲਣ ਦਾ ਖਤਰਾ ਵੀ ਮੰਡਰਾ ਰਿਹਾ ਹੈ। ਹੁਣ ਪਿਛਲੇ ਕਈ ਦਿਨਾਂ ਤੋ ਇਸ ਨਾਲੇ ਤੇ ਬਣਿਆ ਫੁਟਪਾਥ ਧਸ ਗਿਆ ਹੈ, ਨਾਲ ਲਗਦੀਆਂ ਟਾਇਲਾਂ ਬੁਰੀ ਤਰਾਂ ਟੁੱਟ ਚੁੱਕੀਆਂ ਹਨ। ਇਥੇ ਆਮ ਤੋਰ ਤੇ ਲੋਕ ਆਪਣੀਆਂ ਕਾਰਾਂ ਆਦਿ ਖੜੀਆਂ ਕਰਦੇ ਹਨ ਪਰ ਫੁਟਪਾਥ ਟੁੱਟ ਜਾਣ ਕਾਰਨ ਕਦੇ ਵੀ ਦੁਰਘਟਨਾ ਵਾਪਰ ਸਕਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਸੜਕ ਤੇ ਹੀ ਲੜਕੀਆਂ ਦਾ ਸਰਕਾਰੀ ਸਕੁੂਲ ਹੈ ਜਿਥੇ ਵੱਡੀ ਗਿਣਤੀ ਵਿਚ ਲੜਕੀਆਂ ਪੜਦੀਆਂ ਹਨ, ਸਰਕਾਰੀ ਹਸਪਤਾਲ, ਕਚਹਿਰੀਆਂ ਨੂੰ ਜਾਣ ਲਈ ਵੀ ਇਹੀ ਰਸਤਾ ਹੈ। ਬਰਸਾਤਾਂ ਦੇ ਦਿਨਾਂ ਵਿਚ ਇਹ ਨਾਲਾ ਪਾਣੀ ਨਾਲ ਭਰ ਜਾਂਦਾ ਹੈ ਜਿਸ ਕਰਕੇ ਨਾਲੇ ਦਾ ਪਤਾ ਨਹੀ ਲਗਦਾ ਤੇ ਕਈ ਲੋਕ ਇਸ ਨਾਲੇ ਵਿਚ ਗਿਰ ਕੇ ਸੱਟਾਂ ਲੁਆ ਚੁੱਕੇ ਹਨ। ਸਥਾਨਕ ਨਿਵਾਸੀਆਂ ਹਰਜੀਤ ਸਿੰਘ ਜੀਤਾ, ਜਥੇਦਾਰ ਸੰਤੋਖ ਸਿੰਘ, ਪ੍ਰੇਮ ਸਿੰਘ ਬਾਸੋਵਾਲ, ਸੰਜੇ ਕੁਮਾਰ, ਪੋਹੂ ਲਾਲ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਪ੍ਰੇਮ ਸਿੰਘ, ਮੋਹਨ ਸਿੰਘ ਮੋਹਨੀ ਆਦਿ ਨੇ ਮੰਗ ਕੀਤੀ ਕਿ ਇਸ ਨਾਲੇ ਦੀ ਤੁਰੰਤ ਰਿਪੇਅਰ ਕਰਵਾ ਕੇ ਇਸ ਨਾਲੇ ਨੂੰ ਢਕਿਆ ਜਾਵੇ ਤਾਂ ਕਿ ਕਿਸੇ ਤਰਾਂ ਦੀ ਅਨਹੋਣੀ ਘਟਨਾ ਨਾ ਵਾਪਰੇ। ਇਸ ਬਾਰੇ ਪੀ ਡਬਲਿਊ ਡੀ ਦੇ ਐਸ ਡੀ ਓ ਪਰਮਿੰਦਰਜੀਤ ਸਿੰਘ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਬਰਸਾਤਾਂ ਦੇ ਦਿਨ ਹੋਣ ਕਾਰਨ ਇਹ ਕੰਮ ਸ਼ੁਰੂ ਨਹੀ ਹੋ ਸਕਿਆ। ਉਨਾਂ ਦੱਸਿਆ ਕਿ ਇਸ ਨਾਲੇ ਵਿਚ ਸੀਵਰ ਦਾ ਪਾਣੀ ਬਹੁਤ ਜਿਆਦਾ ਚਲ ਰਿਹਾ ਹੈ ਜਿਸ ਕਰਕੇ ਕੰਮ ਨਹੀ ਹੋ ਸਕਿਆ। ਇਕ ਹਫਤੇ ਦੇ ਅੰਦਰ ਅੰਦਰ ਇਸ ਨਾਲੇ ਦੀ ਰਿਪੇਅਰ ਕਰਵਾ ਦਿਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: