ਕਈ ਦਿਨਾਂ ਤੋਂ ਰੂਪੋਸ਼ ਹੋਇਆ ਤੇਂਦੂਆ ਭਿੱਖੀਵਿੰਡ ਵਿਖੇ ਪਹੁੰਚਿਆ

ਕਈ ਦਿਨਾਂ ਤੋਂ ਰੂਪੋਸ਼ ਹੋਇਆ ਤੇਂਦੂਆ ਭਿੱਖੀਵਿੰਡ ਵਿਖੇ ਪਹੁੰਚਿਆ

ਇਲਾਕੇ ਵਿਚ ਸ਼ਹਿਮ ਦਾ ਮਾਹੌਲ, ਜੰਗਲਾਤ ਵਿਭਾਗ ਸੁਸਤ

ਭਿੱਖੀਵਿੰਡ 13 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਮਾੜੀਗੋੜ ਸਿੰਘ ਵਿਖੇ ਤਿੰਨ ਵਿਅਕਤੀਆਂ ‘ਤੇ ਵਾਰੀ-ਵਾਰੀ ਹਮਲਾ ਕਰਕੇ ਜਖਮੀ ਕਰਨ ਉਪਰੰਤ ਮੌਕੇ ‘ਤੇ ਖੜ੍ਹੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੇ ਭਿੱਖੀਵਿੰਡ ਪੁਲਿਸ ਕਰਮਚਾਰੀਆਂ ਸਮੇਤ ਸੈਕੜਿਆਂ ਦੀ ਤਾਦਾਤ ਵਿਚ ਹਥਿਆਰਬੰਦ ਲੋਕਾਂ ਨੂੰ ਚਕਮਾ ਦੇ ਕੇ ਦੌੜਿਆ ਤੇਂਦੂਆ ਕਈ ਦਿਨ ਰੂਪੋਸ਼ ਰਹਿਣ ਉਪਰੰਤ ਬੀਤੀ ਰਾਤ 11-12 ਵਜੇ ਦੇ ਦਰਮਿਆਨ ਕਸਬਾ ਭਿੱਖੀਵਿੰਡ ਦੇ ਪਹੂਵਿੰਡ ਰੋਡ ਸਥਿਤ ਬਾਬਾ ਦੀਪ ਸਿੰਘ ਕਾਲੋਨੀ ਵਿਚ ਪਹੰੁਚ ਗਿਆ ਅਤੇ ਰਾਤ ਮੌਕੇ ਚੌਕੀਦਾਰ ਦੀ ਡਿਊਟੀ ਨਿਭਾਅ ਰਹੇ ਦਰਸ਼ਨ ਸਿੰਘ ਵਾਸੀ ਭਿੱਖੀਵਿੰਡ ਦੇ ਨੇੜਿਉ ਲੰਘ ਗਿਆ, ਪਰ ਅੱਗ ਬਾਲ ਕੇ ਸ਼ੇਕ ਰਹੇ ਦਰਸ਼ਨ ਸਿੰਘ ਦਾ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਤੇਂਦੂਏ ਨੂੰ ਵੇਖਣ ਵਾਲੇ ਚੌਕੀਦਾਰ ਦਰਸ਼ਨ ਸਿੰਘ ਵਿਚ ਭਾਂਵੇ ਕੋਈ ਘਬਰਾਹਟ ਦਿਖਾਈ ਨਹੀ ਦਿੱਤੀ, ਪਰ ਕਾਲੋਨੀ ਵਿਚ ਰਹਿੰਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਚੌਕੀਦਾਰ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਅੱਧੀ ਰਾਤ ਠੰਡ ਜਿਆਦਾ ਹੋਣ ਕਾਰਨ ਮੈਂ ਅੱਗ ਬਾਲ ਕੇ ਸ਼ੇਕ ਰਿਹਾ ਸੀ ਤਾਂ ਅਚਾਨਕ ਮੇਰੇ ਅੱਗਿਉ ਚੀਤੇ ਵਰਗਾ ਜਾਨਵਰ ਲੰਘ ਗਿਆ। ਉਪਰੰਤ ਮੈਂ ਕਾਲੋਨੀ ਦੇ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ।

ਤੇਂਦੂਏ ਦੇ ਕਾਰਨ ਸ਼ਹਿਮੇ ਹੋਏ ਕਾਲੋਨੀ ਦੇ ਵਸਨੀਕ ਸੁਰਿੰਦਰ ਚੱਢਾ, ਕ੍ਰਿਸ਼ਨਪਾਲ ਚੱਢਾ ਸਮੇਤ ਔਰਤਾਂ ਨੇ ਆਖਿਆ ਕਿ ਕਈ ਦਿਨਾਂ ਤੋਂ ਇਲਾਕੇ ਵਿਚ ਲੁਕ ਛਿਪ ਕੇ ਘੰੁਮ ਰਹੇ ਤੇਂਦੂਏ ਨੂੰ ਜੰਗਲਾਤ ਵਿਭਾਗ ਵੱਲੋਂ ਤੁਰੰਤ ਫੜਣਾ ਚਾਹੀਦਾ ਹੈ, ਕਿਉਕਿ ਇਹ ਤੇਂਦੂਆ ਜਿਥੇ ਪਹਿਲਾਂ ਹੀ ਤਿੰਨ ਵਿਅਕਤੀਆਂ ‘ਤੇ ਹਮਲਾ ਕਰਕੇ ਜਖਮੀ ਕਰ ਚੁੱਕਾ ਹੈ, ਉਥੇ ਇਹ ਜੰਗਲੀ ਜਾਨਵਰ ਕਿਸੇ ਵੀ ਵਿਅਕਤੀ ਜਾਂ ਬੱਚੇ ਨੂੰ ਆਪਣਾ ਸ਼ਿਕਾਰ ਬਣਾ ਕੇ ਮੌਤ ਦੇ ਘਾਟ ਉਤਾਰ ਸਕਦਾ ਹੈ।

ਤੇਂਦੂਏ ਨੂੰ ਫੜਣ ਲਈ ਪਿੰਜਰਾ ਲਗਾਇਆ ਜਾਵੇਗਾ – ਜੰਗਲਾਤ ਵਿਭਾਗ

ਤੇਂਦੂਏ ਨੂੰ ਫੜਣ ਸੰਬੰਧੀ ਜਦੋਂ ਜੰਗਲਾਤ ਵਿਭਾਗ ਦੇ ਇੰਚਾਰਜ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਹਿਕਮੇ ਵੱਲੋਂ ਪਹਿਲਾ ਵੀ ਤੇਂਦੂਏ ਨੂੰ ਫੜਣ ਲਈ ਅਥਾਹ ਕੋਸ਼ਿਸ਼ ਕੀਤੀ ਗਈ ਹੈ, ਪਰ ਤੇਂਦੂਆ ਕਾਬੂ ਨਹੀ ਆਇਆ। ਉਹਨਾਂ ਨੇ ਕਿਹਾ ਕਿ ਜੇਕਰ ਇਹ ਤੇਂਦੂਆ ਭਿੱਖੀਵਿੰਡ ਵਿਖੇ ਦੇਖਿਆ ਗਿਆ ਹੈ ਤਾਂ ਮਹਿਕਮੇ ਵੱਲੋਂ ਇਸ ਨੂੰ ਫੜਣ ਲਈ ਜੰਗਲਾ ਲਗਾ ਕੇ ਕਾਬੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਤੇਂਦੂਏ ਸੰਬੰਧੀ ਪੁਲਿਸ ਨੂੰ ਸੂਚਿਤ ਕਰਨ ਲੋਕ – ਡੀ.ਐਸ.ਪੀ ਨਾਗੋਕੇ

ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਤੇਂਦੂਏ ਸੰਬੰਧੀ ਸਬ ਡਵੀਜਨ ਭਿੱਖੀਵਿੰਡ ਦੇ ਡੀ.ਐਸ.ਪੀ ਜੈਮਲ ਸਿੰਘ ਨਾਗੋਕੇ ਨੂੰ ਪੁੱਛੇ ਜਾਣ ‘ਤੇ ਉਹਨਾਂ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਹੀ ਵਚਨਬੱਧ ਹੈ ਅਤੇ  ਤੇਂਦੂਏ ਸੰਬੰਧੀ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ। ਨਾਗੋਕੇ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਅਪੀਲ ਕੀਤੀ ਕਿ ਜੇਕਰ ਤੇਂਦੂਆ ਕਿਸੇ ਵੇਲੇ ਵੀ ਦਿਖਾਈ ਦਿੰਦਾ ਹੈ ਤਾਂ ਉਸ ਸੰਬੰਧੀ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ ਤਾਂ ਜੋ ਕਿਸੇ ਕਿਸਮ ਦੀ ਅਣਹੋਣੀ ਘਟਨਾ ਨੂੰ ਰੋਕਿਆ ਜਾ ਸਕੇ।

ਜੰਗਲਾਤ ਵਿਭਾਗ ਦੀ ਨਾਕਾਮੀ ਕਾਰਨ ਤੇਂਦੂਆ ਪਿੰਜਰੇ ਤੋਂ ਬਾਹਰ – ਗਾਬੜੀਆ

ਤੇਂਦੂਏ ਨੂੰ ਫੜਣ ਵਿਚ ਨਾਕਾਮ ਸਾਬਤ ਹੋਏ ਜੰਗਲਾਤ ਵਿਭਾਗ ਸੰਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਕਾਂਗਰਸ ਪਾਰਟੀ ਬੀ.ਸੀ ਵਿੰਗ ਦੇ ਜਿਲ੍ਹਾ ਚੇਅਰਮੈਂਨ ਸੁਖਪਾਲ ਸਿੰਘ ਗਾਬੜੀਆ ਨੇ ਕਿਹਾ ਕਿ ਤੇਂਦੂਏ ਨੂੰ ਫੜਣ ਲਈ ਜੇਕਰ ਜੰਗਲਾਤ ਵਿਭਾਗ ਕੋਲ ਠੋਸ ਪ੍ਰਬੰਧ ਹੰੁਦਾ ਤਾਂ ਜੰਗਲੀ ਜਾਨਵਰ ਤੇਂਦੂਆ ਅੱਜ ਪਿੰਜਰੇ ਵਿਚ ਕੈਦ ਹੰੁਦਾ। ਗਾਬੜੀਆ ਨੇ ਆਖਿਆ ਕਿ ਜੇਕਰ ਤੇਂਦੂਏ ਨੇ ਹੁਣ ਕਿਸੇ ਵਿਅਕਤੀ ਦਾ ਜਾਨੀ ਜਾਂ ਮਾਲੀ ਨੁਕਸਾਨ ਕੀਤਾ ਤਾਂ ਇਸ ਦਾ ਜਿੰਮੇਵਾਰ ਜੰਗਲਾਤ ਵਿਭਾਗ ਹੋਵੇਗਾ। ਉਹਨਾਂ ਨੇ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਕਿ ਇਲਾਕੇ ਦੇ ਲੋਕਾਂ ਦੀ ਜਾਨ ਦਾ ਖੋਫ ਬਣਿਆ ਤੇਂਦੂਏ ਨੂੰ ਫੜਣ ਲਈ ਤੁਰੰਤ ਕਦਮ ਉਠਾਏ ਤਾਂ ਜੋ ਲੋਕ ਸੁੱਖ ਦੀ ਨੀਂਦ ਸੋਂ ਸਕਣ।

Share Button

Leave a Reply

Your email address will not be published. Required fields are marked *

%d bloggers like this: