Mon. Oct 14th, 2019

ਔਰਨ ਕੀ ਹੋਲੀ ਮਮ ਹੋਲਾ : ਗੁਰੂ ਗੋਬਿੰਦ ਸਿੰਘ ਜੀ

ਔਰਨ ਕੀ ਹੋਲੀ ਮਮ ਹੋਲਾ : ਗੁਰੂ ਗੋਬਿੰਦ ਸਿੰਘ ਜੀ

ਹੋਲੇ ਮਹੱਲੇ ਦੇ ਰੀਤੀ ਰਿਵਾਜ਼ਾਂ ਨੂੰ ਜਿਸ ਚਾਅ ਅਤੇ ਉਮਾਹ ਦੇ ਨਾਲ ਜਿਸ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ, ਉਸੇ ਰੂਪ ਵਿੱਚ ਇਸ ਨੂੰ ਮਨਾਇਆ ਜਾਵੇ

ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ ਮਹੱਲਾ, ਇੱਕ ਮੌਸਮੀ ਤਿਉਹਾਰ ਹੋਣ ਦੇ ਨਾਲ, ਖ਼ਾਸ ਕਰਕੇ ਸਿੱਖਾਂ ਦਾ ਪਸੰਦੀ ਦਾ ਤਿਉਹਾਰ ਹੈ, ਕਿਉਂਜੁ ਇਸਦੀ ਸ਼ੁਰੂਆਤ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਸ਼੍ਰੀ ਅਨੰਦਪੁਰ ਸਾਹਿਬ ਸਥਿਤ ਕਿਲਾ ਹੋਲਗੜ ਸਾਹਿਬ ਤੋਂ ਸੰਮਤ 1757 ਚੇਤ ਵਦੀ 1 ਤੋਂ ਬਕਾਇਦਾ ਦੀਵਾਨ ਸਜਾ ਕੇ ਹੋਲਾ ਮਹੱਲਾ ਖੇਡਣ ਦੀ ਰੀਤ ਦਾ ਮੁੱਢ ਬੰਨਿਆ ਗਿਆ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਹਨ ਕਿ, ‘ਹੋਲੇ ਮਹੱਲੇ ਅਤੇ ‘ਹੋਲੀ’ ਬਾਰੇ ਇਸ ਤਰਾ ਲਿਖਿਆ ਹੈ “ਯੁਧ ਵਿੱਦਿਆ ਦੇ ਅਭਿਆਸ ਨੂੰ ਨਿੱਤ ਨਵਾ ਰਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ਵਧੀ ਇੱਕ ਨੂੰ ਸਿਖਾ ਵਿੱਚ ਹੋਲਾ ਮਹੱਲਾ ਹੁੰਦਾ ਹੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀ। ‘ਮਹੱਲਾ’ ਇੱਕ ਪ੍ਰਕਾਰ ਦੀ ਮਸਨੂਈ (ਬਣਾਉਟੀ) ਲੜਾਈ ਹੈ। ਪੈਦਲ, ਘੋੜ-ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆ ਤੋ ਇੱਕ ਖਾਸ ਥਾ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾ ਦਲਾ ਨੂੰ ਲੋੜੀ ਦੀ ਸ਼ਸ਼ਤz ਵਿਦਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਸਜੇ ਦੀਵਾਨ ਵਿਖੇ ਸਿਰੋਪਾ ਬਖਸ਼ਦੇ ਸਨ। ਅਸੀਂ ਸਾਲ ਪਿਛੋਂ ਇਸ ਰਸਮ ਨੂੰ ਨਾਮ ਮਾਤ ਪੂਰੀ ਕਰ ਛਡਦੇ ਹਾ। ਪਰ ਲਾਭ ਕੁੱਝ ਨਹੀ ਉਠਾਉਂਦੇ। ਹਾਂਲਾਂਕਿ ਸ਼ਸਤਰ ਵਿਦਿਆ ਤੋ ਅਨਜਾਣ ਸਿੱਖ, ਖਾਲਸਾ ਧਰਮ ਦੇ ਨਿਯਮਾ ਅਨੁਸਾਰ ਅਧੂਰਾ ਸਿੱਖ ਹੈ। ਇਸੇ ਬਾਬਤ ਭਾਈ ਸਾਹਿਬ ਹੋਰ ਲਿਖਦੇ ਹਨ “ਸ਼ੋਕ ਹੈ ਕਿ ਹੁਣ ਸਿਖਾ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀ ਸਮਝਿਆ, ਸਿਰਫ ਫੌਜੀਆ ਦਾ ਕਰਤਬ ਮੰਨ ਲਿਆ ਹੈ। ਜਦ ਕਿ ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰ ਇੱਕ ਸਿਖ ਪੂਰਾ ਸੰਤ ਸਿਪਾਹੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ ਇਸ ਤੋਂ ਬਿਨਾ ਸਿੱਖ ਅਧੂਰਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ ਵਿੱਚ ਨਿਪੁੰਨ ਕਰਨ ਲਈ ਇਹ ਰੀਤਿ ਚਲਾਈ ਸੀ।
ਅਜ਼ਾਦੀ ਅਤੇ ਫਤਿਹ ਦਾ ਪ੍ਰਤੀਕ ਹੋਲਾ ਮਹੱਲਾ ਦੇ ਇਸ ਤਿਉਹਾਰ ਨੇ ਲੰਮੇ ਸਮੇਂ ਤੋਂ ਲਿਤਾੜੀ ਜਾ ਰਹੀ ਮਨੁੱਖਤਾ ਦੇ ਅੰਦਰ ਅਣਖ ਅਤੇ ਗ਼ੈਰਤ ਭਰਨ ਦੇ ਨਾਲ-ਨਾਲ ਲੋਕਾਂ ਦੇ ਮਨੋਬਲ ਨੂੰ ਹੋਰ ਉੱਚਾ ਚੁੱਕਿਆ। ਕਵੀ ਨਿਹਾਲ ਸਿੰਘ ਚੜਦੀ ਕਲਾ ਵਾਲੇ ਇਸ ਤਿਉਹਾਰ ਬਾਬਤ ਲਿਖਦੇ ਹਨ:
”ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ।
ਛਕਾ ਪ੍ਰਸ਼ਾਦ ਸਜਾ ਦਸਤਾਰਾ, ਅਰ ਕਰਦੌਨਾ ਟੋਲਾ ਹੈ।
ਸੁਭੱਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ।
ਅਪਰ ਮੁਛਹਿਰਾ ਦਾੜਾ ਜੈਸੇ, ਤੈਸੇ ਬੋਲਾ ਹੋਲਾ ਹੈ।”

ਦਸਮੇਸ਼ ਪਿਤਾ ਵੱਲੋਂ ਸ਼ੁਰੂ ਕੀਤੀ ਗਈ ਇਸ ਖੇਡ ਦੇ ਅਣੋਖੇ ਨਜ਼ਾਰਿਆਂ ਨੇ ਗੁਰੂ ਘਰ ਦੇ ਚਿੰਤਕ ਵਿਦਵਾਨ ਭਾਈ ਨੰਦ ਲਾਲ ਜੀ ਨੂੰ ਕਾਫੀ ਪ੍ਰਭਾਵਿਤ ਕੀਤਾ ਅੋਰ ਉਹ ਆਪਣੀ ਰਚਨਾ ਵਿੱਚ ਲਿਖਦੇ ਹਨ:
”ਗੁਲਿ ਹੋਲੀ ਬਬਾਗ਼ਿ ਦਹਰ ਬੂ ਕਰਦ। ਲਬਿ ਚੂੰ ਗੁੰਚਹ ਰਾ, ਫ਼ਰਖੰਦਾ ਖੂ ਕਰਦ ||1||
ਗੁਲਾਬੋ, ਅੰਬਰੋ, ਮੁਸ਼ਕੋ, ਅਬੀਰੇ। ਚੁ ਬਾਰਾਂ, ਬਾਰਸ਼ੇ ਅਜ਼ ਸੂ ਬਸੂ ਕਰਦ||2||
ਜ਼ਹੇ ਪਚਕਾਰੀਏ! ਪੁਰ ਜ਼ਫਰਾਨੀ। ਕਿ: ਹਰ ਬੇਰੰਗ ਰਾ, ਖੁਸ਼-ਰੰਗੋ ਬੂ ਕਰਦ||3||
ਗੁਲਾਲ ਅਫ਼ਸ਼ਾਨੀਏ, ਦਸਤਿ ਮੁਬਾਰਕ। ਜ਼ਮੀਨੋ ਆਸਮਾਂ ਰਾ, ਸੁਰਖ਼ਰੂ ਕਰਦ||4||
ਦੋ ਆਲਮ ਗਸ਼ਤ ਰੰਗੀਨ, ਅਜ਼ ਤੁਖ਼ੈਲਸ਼। ਚੁ ਸ਼ਾਹਮ, ਜਾਮਾ ਰੰਗੀਂ, ਦਰ ਗੁਲੂ ਕਰਦ||5||
ਕਸੇ ਕੋ ਦੀਦ, ਦੀਦਾਰਿ ਮੁਕੱਦਸ। ਮੁਰਾਦਿ ਉਮਰ ਰਾ, ਹਾਸਿਲ ਨਿਕੋ ਕਰਦ||6|
ਸ਼ਵੱਦ ਕੁਰਬਾਨ, ਖ਼ਾਕਿ ਰਾਹਿ ਸੰਗਤ। ਦਿਲਿ ਗੋਯਾ, ਹਮੀਂ ਰਾ ਆਰਜ਼ੂ ਕਰਦ||7||33||”

ਕਵੀ ਸੁਮੇਰ ਸਿੰਘ ਨੇ ਗੁਰੂ ਸਾਹਿਬ ਦੇ ਇਸ ਬ੍ਰਿਤਾਂਤ ਨੂੰ ਵਰਨਣ ਕਰਦੇ ਹੋਏ ਇਹ ਸ਼ਬਦ ਲਿਖੇ ਹਨ:
”ਔਰਨ ਕੀ ਹੋਲੀ ਮਮ ਹੋਲਾ ਕਹਯੋ ਕ੍ਰਿਪਾਨਿਧ ਬਚਨ ਅਮੋਲਾ”
ਅਜੋਕੇ ਸਮੇਂ ਵਿੱਚ ਹੋਲਾ ਮਹੱਲਾ ਸ਼ਕਤੀ ਪ੍ਰਦਰਸ਼ਣ ਵਜੋਂ ਮਨਾਇਆ ਜਾ ਰਿਹਾ ਹੈ ਔਰ ਗੁਲਾਲ ਦੀ ਵਰਤੋਂ ਵੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਜੋ ਕਿ ਗੁਰਮਤਿ ਵਿਚਾਰਧਾਰਾ ਦੇ ਬਿਲਕੁਲ ਉੱਲਟ ਹੈ। ਇਸ ਮੌਕੇ ਖਾਲਸਾਈ ਕਰੱਤਬ, ਕੌਮੀ ਖੇਡ ਗਤਕਾ, ਘੋੜ-ਸਵਾਰੀ, ਤੀਰ ਅੰਦਾਜ਼ੀ ਵਗੈਰਾ ਹੋਰ ਕਰਤੱਬ ਦੇਖਣ ਯੋਗ ਹੁੰਦੇ ਹਨ, ਜੋ ਉਸ ਮੌਕੇ ਹਾਜ਼ਰ ਸੰਗਤਾਂ ਦਾ ਮਨ ਮੋਹ ਲੈਂਦੇ ਹਨ ਅਤੇ ਆਪਣੇ ਵਿਰਸੇ ਪ੍ਰਤੀ ਸਾਨੂੰ ਜਾਗਰੂਕ ਕਰਦੇ ਹਨ। ਪਰ ਕਿਤੇ ਨਾ ਕਿਤੇ ਸਾਡੀ ਨਵੀਂ ਪੀੜੀ ਆਪਣੇ ਗੌਰਵਮਈ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ, ਜਿਸ ਕਰਕੇ ਲੋੜ ਹੈ ਰੀਤੀ ਰਿਵਾਜ਼ਾਂ ਨੂੰ ਜਿਸ ਚਾਅ ਅਤੇ ਉਮਾਹ ਦੇ ਨਾਲ ਜਿਸ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ, ਉਸੇ ਰੂਪ ਵਿੱਚ ਇਸ ਨੂੰ ਮਨਾਇਆ ਜਾਵੇ ਅਤੇ ਇਸ ਮੌਕੇ ਕੀਤੇ ਜਾਣ ਵਾਲੇ ਗੁਰੂ ਹੁਕਮਾਂ ਤੋਂ ਉਲਟ ਕਰਮ ਨਾ ਕੀਤੇ ਜਾਣ।

ਦਵਿੰਦਰਪਾਲ ਸਿੰਘ
ਉਪ ਸੰਪਾਦਕ ਨਿਰਪੱਖ ਕਲਮ
ਸ਼੍ਰੀ ਅਨੰਦਪੁਰ ਸਾਹਿਬ,
9915713231, 8566903434

Leave a Reply

Your email address will not be published. Required fields are marked *

%d bloggers like this: