ਔਰਤ ਵੱਲੋਂ ਪ੍ਰੇਮੀ ਨਾਲ ਰਲ ਕੇ ਪਤੀ ਦੀ ਦਰਦਨਾਕ ਢੰਗ ਨਾਲ ਹੱਤਿਆ

ss1

ਔਰਤ ਵੱਲੋਂ ਪ੍ਰੇਮੀ ਨਾਲ ਰਲ ਕੇ ਪਤੀ ਦੀ ਦਰਦਨਾਕ ਢੰਗ ਨਾਲ ਹੱਤਿਆ
ਪਹਿਲਾਂ ਜ਼ਹਿਰ ਪਿਲਾਈ ਫਿਰ ਗਲਾ ਘੁੱਟ ਕੇ ਲਾਸ਼ ਨਰਵਾਣਾ ਬਰਾਂਚ ਵਿੱਚ ਸੁੱਟੀ

17-26 (5)
ਪਟਿਆਲਾ, 16 ਜੂਨ (ਧਰਮਵੀਰ ਨਾਗਪਾਲ) ਸਮਾਣਾ ਪੁਲਿਸ ਨੇ ਇੱਕ ਅਜਿਹੇ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਜਿਸ ਵਿੱਚ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਆਪਣੇ ਹੀ ਪਤੀ ਦੀ ਖੌਫ਼ਨਾਕ ਤਰੀਕੇ ਨਾਲ ਹੱਤਿਆ ਨੂੰ ਅੰਜਾਮ ਦੇ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. ਇਨਵੈਸਟੀਗੇਸ਼ਨ ਸ: ਹਰਵਿੰਦਰ ਸਿੰਘ ਵਿਰਕ ਨੇ ਪੁਲਿਸ ਲਾਈਨ ਵਿਖੇ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ 15 ਜੂਨ 2016 ਨੂੰ ਪਿੰਡ ਬੱਲਮਗੜ੍ਹ ਦੇ ਗੁਰਬਖਸ਼ ਸਿੰਘ ਪੁੱਤਰ ਸ਼੍ਰੀ ਜਗਰੂਪ ਸਿੰਘ ਨੇ ਸਮਾਣਾ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਚਾਚਾ ਬਹਾਦਰ ਸਿੰਘ ਅਤੇ ਚਾਚੀ ਰਾਜਪ੍ਰੀਤ ਕੌਰ 6 ਜੂਨ 2016 ਨੂੰ ਘਰ ਤੋਂ ਸਮਾਣਾ ਵਿਖੇ ਅਦਾਲਤ ਵਿੱਚ ਤਾਰੀਖ ’ਤੇ ਗਏ ਸਨ ਪਰ ਘਰ ਨਹੀਂ ਪਰਤੇ। ਪਰ ਉਸ ਨੇ ਜਦੋਂ ਆਪਣੀ ਚਾਚੀ ਰਾਜਵੀਰ ਕੌਰ ਨੂੰ ਫੋਨ ਕਰਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਪੇਕੇ ਹੈ ਪਰ ਉਸ ਦਾ ਚਾਚਾ ਬਹਾਦਰ ਸਿੰਘ ਪਿੰਡ ਨੂੰ ਚਲਾ ਗਿਆ ਹੈ।
ਐਸ.ਪੀ. ਨੇ ਦੱਸਿਆ ਕਿ ਗੁਰਬਖਸ਼ ਸਿੰਘ ਵੱਲੋਂ ਦਿੱਤੇ ਵੇਰਵੇ ਅਤੇ ਪੁਲਿਸ ਵੱਲੋਂ ਕੀਤੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਪ੍ਰੀਤ ਕੌਰ ਦੇ ਮਨਦੀਪ ਸਿੰਘ ਨਾਮੀ ਵਿਅਕਤੀ ਨਾਲ ਨਜਾਇਜ਼ ਸਬੰਧ ਸਨ ਪਰ ਫਿਰ ਉਸ ਦੇ ਪਿੰਡ ਕਾਹਨਗੜ੍ਹ ਭੂਤਨਾਂ ਦੇ ਬਲਵਿੰਦਰ ਸਿੰਘ ਪੁੱਤਰ ਸ਼੍ਰੀ ਜੰਗ ਸਿੰਘ ਨਾਲ ਨਜਾਇਜ਼ ਸਬੰਧ ਬਣ ਗਏ ਸਨ। ਪਰ ਇਸ ਬਾਰੇ ਉਸ ਦੇ ਪਤੀ ਬਹਾਦਰ ਸਿਘ ਨੂੰ ਪਤਾ ਲੱਗ ਜਾਣ ਕਾਰਨ ਦੋਵਾਂ ਵਿੱਚ ਲੜਾਈ ਝਗੜਾ ਹੋਣ ਲੱਗ ਪਿਆ ਸੀ। ਐਸ.ਪੀ. ਨੇ ਦੱਸਿਆ ਕਿ ਦੋਨਾਂ ਨੇ ਬਹਾਦਰ ਸਿੰਘ ਨੂੰ ਆਪਣੇ ਸਬੰਧਾਂ ਵਿੱਚ ਰੋੜਾ ਬਣਦਾ ਦੇਖ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਪਹਿਲਾਂ ਤੋਂ ਹੀ ਬਣਾਈ ਯੋਜਨਾ ਤਹਿਤ ਅਦਾਲਤ ਵਿੱਚ ਤਾਰੀਖ ਭੁਗਤਣ ਤੋਂ ਬਾਅਦ ਰਾਜਪ੍ਰੀਤ ਕੌਰ ਨੇ ਬਲਵਿੰਦਰ ਸਿੰਘ ਨਾਲ ਮਿਲ ਕੇ ਭਵਾਨੀਗੜ੍ਹ ਚੌਂਕ ਸਮਾਣਾ ਤੋਂ ਬਹਾਦਰ ਸਿੰਘ ਨੂੰ ਗੱਡੀ ਨੰ: ਪੀ.ਬੀ.-11 ਏ.ਐਸ. 9287 ਮਾਰਕਾ ਤੁਫਾਨ ਵਿੱਚ ਬਿਠਾ ਕੇ ਕੋਲਡ ਡਰਿੰਕ ਵਿੱਚ ਬਹਾਦਰ ਸਿੰਘ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਕੇ ਬੇਹੋਸ਼ ਕਰ ਦਿੱਤਾ ਫਿਰ ਉਸ ਨੂੰ ਪਟਿਆਲਾ ਵੱਲ ਲੈ ਗਏ ਅਤੇ ਫਿਰ ਸਰਹਿੰਦ ਨੇੜੇ ਸਿਰ ਵਿੱਚ ਕੋਈ ਚੀਜ ਮਾਰ ਕੇ ਅਤੇ ਬਹਾਦਰ ਸਿੰਘ ਦਾ ਗਲਾ ਰੱਸੀ ਨਾਲ ਘੁੱਟ ਕੇ ਮਾਰ ਦਿੱਤਾ ਅਤੇ ਉਸ ਨੂੰ ਸਰਹਿੰਦ ਤੋਂ ਗੰਡਾਖੇੜੀ ਵੱਲ ਨੂੰ ਜਾਂਦੀ ਨਰਵਾਣਾ ਨਹਿਰ ਵਿੱਚ ਸੁੱਟ ਦਿੱਤਾ ਜਿਸ ਦੀ 14 ਜੂਨ ਨੂੰ ਜਨਸੂਈ ਹੈਡ ਤੋਂ ਲਾਸ਼ ਬਰਾਮਦ ਹੋ ਗਈ। ਉਹਨਾਂ ਦੱਸਿਆ ਕਿ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸ਼ਾਂ ਹਵਾਲੇ ਕਰ ਦਿੱਤੀ ਹੈ ਅਤੇ ਇਸ ਤਹਿਤ ਮੁਕੱਦਮਾ ਨੰਬਰ 86 ਥਾਣਾ ਸਿਟੀ ਸਮਾਣਾ ਵਿਖੇ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਦੋਸ਼ੀ ਰਾਜਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋਸ਼ੀ ਬਲਵਿੰਦਰ ਸਿੰਘ ਦੀ ਭਾਲ ਜਾਰੀ ਹੈ।

Share Button

Leave a Reply

Your email address will not be published. Required fields are marked *