ਔਖੇ ਸਾਹ ਲੈਂਦੀਆਂ ਮੁੱਢਲੀਆਂ ਸਹੂਲਤਾਂ

ss1

ਔਖੇ ਸਾਹ ਲੈਂਦੀਆਂ ਮੁੱਢਲੀਆਂ ਸਹੂਲਤਾਂ

ਵਿਕਾਸ ਦੀਆਂ ਗੱਲਾਂ ਤੇ ਪੱਛਮ ਦੀ ਰੀਸ ਕਰਕੇ, ਹਰ ਕੋਈ ਆਪਣੀ ਥਾਂ ਤੇ ਖੜਾ ਆਪਣੀ ਪਿੱਠ ਥੱਪ ਥਪਾ ਰਿਹਾ ਹੈ।ਆਪਣੀ ਪਾਰਟੀ ਦੇ ਸੋਹਲੇ ਗਾਈ ਜਾਂਦਾ ਹੈ ਤੇ ਦੂਸਰੀ ਪਾਰਟੀ ਦੇ ਲੋਕਾਂ ਉਪਰ ਤੇ ਪਾਰਟੀ ਉਪਰ ਚਿੱਕੜ ਸੁੱਟੀ ਜਾ ਰਿਹਾ ਹੈ।ਅਸਲ ਵਿੱਚ ਸਰਕਾਰ ਬਣਾਈ ਜਾਂਦੀ ਹੈ ਲੋਕਾਂ ਦੇ ਲਈ,ਉਨ੍ਹਾਂ ਵਾਸਤੇ ਕੰਮ ਕਰਨ ਲਈ, ਉਨਾਂ ਨੂੰ ਬੁਨਿਆਦੀ ਤੇ ਮੁੱਢਲੀਆਂ ਸਹੂਲਤਾਂ ਦੇਣ ਲਈ।ਪਰ ਤਾਣਾ ਬਾਣਾ ਉਲਝਦਾ ਉਲਝਦਾ ਇਸ ਹਾਲਤ ਵਿੱਚ ਚਲਾ ਗਿਆ ਕਿ ਹੁਣ ਇਸ ਦਾ ਸ਼ੁਰੂ ਤੇ ਅੰਤ ਨਹੀਂ ਲੱਭ ਰਿਹਾ।ਬੁਨਿਆਦੀ ਸਹੂਲਤਾਂ ਜਾਂ ਮੁੱਢਲੀਆਂ ਸਹੂਲਤਾਂ ਵਿੱਚ, ਸਿਹਤ ਸਹੂਲਤਾਂ, ਸਿਖਿਆ,ਪੀਣ ਦਾ ਪਾਣੀ, ਇਸ ਤੋਂ ਬਾਦ ਹਰ ਨਾਗਰਿਕ ਦੀ ਜਾਨ ਮਾਲ ਦੀ ਸੁਰਖਿਆ ਦੀ ਜ਼ੁਮੇਵਾਰੀ ਵੀ ਸਰਕਾਰਾਂ ਦੀ ਹੀ ਹੁੰਦੀ ਹੈ।ਪਰ ਏਹ ਸਾਰੀਆਂ ਮੁੱਢਲੀਆਂ ਸਹੂਲਤਾਂ ਔਖੇ ਸਾਹ ਲੈ ਰਹੀਆਂ ਹਨ।ਇਸ ਵਿੱਚ ਸਾਡਾ ਆਪਣਾ ਵੀ ਕਿਧਰੇ ਸਿੱਧੇ ਅਸਿੱਧੇ ਤੌਰ ਤੇ ਕਸੂਰ ਹੈ।ਦੇਸ਼ ਦੇ ਹਰ  ਨਾਗਰਿਕ ਦੀ ਜ਼ੁਮੇਵਾਰੀ ਹੈ ਕਿ ਉਹ ਆਪਣੇ ਕੰਮ ਪ੍ਰਤੀ ਤੇ ਜ਼ੁਮੇਵਾਰੀ ਪ੍ਰਤੀ ਗੰਭੀਰ ਤੇ ਇਮਾਨਦਾਰ ਹੋਵੇ।ਅਖਬਾਰਾਂ ਦੀਆਂ ਸੁਰਖੀਆਂ ਬਣਿਆ ਅੰਮ੍ਰਿਤਸਰ ਦਾ ਸਿਵਲ ਹਸਪਤਾਲ, ਸਿਹਤ ਸਹੂਲਤਾਂ ਦੀ ਦਰਦ ਭਰੀ ਕਹਾਣੀ ਮੂੰਹੋਂ ਬੋਲ ਰਿਹਾ ਹੈ।ਸਰਕਾਰ ਦੀ ਜ਼ੁਮੇਵਾਰੀ ਹੈ,ਅਸੀਂ ਉਨ੍ਹਾਂ ਨੂੰ ਚੁਣਿਆ,ਆਪਣੀ ਕੀਮਤੀ ਵੋਟ ਦੇ ਕੇ,ਕੀ ਅਸੀਂ ਕਦੇ ਸਵਾਲ ਕੀਤਾ ਕਿ ਸਾਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ, ਇਸ ਦਾ ਕਾਰਨ ਦੱਸੋ,ਅਸੀਂ ਕਿਉਂ ਕੁਝ ਪੈਸੇ ਲੈਂਦੇ ਹਾਂ ਉਨ੍ਹਾਂ ਕੋਲੋਂ, ਅਸੀਂ ਕਿਉਂ ਹੋਰ ਚੀਜਾਂ ਦੇ ਲਾਲਚ ਵਿੱਚ ਆਉਂਦੇ ਹਾਂ।ਇਥੇ ਅਸੀਂ ਸਰਾ ਸਰ ਗਲਤ ਹਾਂ।ਜਦੋਂ ਅਸੀਂ ਪੈਸੇ ਲੈਕੇ, ਤੋਹਫੇ ਲੈਕੇ, ਸ਼ਰਾਬ ਦੇ ਲਾਲਚ ਵਿੱਚ ਆਕੇ ਵੋਟ ਪਾਈ ਹੈ ਤਾਂ ਅਸੀਂ ਵੀ ਰਿਸ਼ਵਤਖੋਰ ਤੇ ਭ੍ਰਿਸ਼ਟਾਚਾਰੀ ਹਾਂ।ਚਲੋ, ਡਾਕਟਰਾਂ ਨੂੰ ਜੋ ਪੱਕੇ ਤੌਰ ਤੇ ਇੰਨਾ ਸਰਕਾਰੀ ਹਸਪਤਾਲਾਂ ਵਿੱਚ ਲੱਗੇ ਹੋਏ ਹਨ ਬਥੇਰੀਆਂ ਤਨਖਾਹਾਂ ਮਿਲਦੀਆਂ ਹਨ।ਏਹ ਡਾਕਟਰ ਅਗਰ ਗੈਰਹਾਜ਼ਰ ਹਨ,ਦਵਾਈ ਕੰਪਨੀਆਂ ਤੋਂ ਕਮਿਸ਼ਨ ਲੈਂਦੇ ਹਨ,ਪ੍ਰਾਇਵੇਟ ਪ੍ਰੈਕਟਿਸ ਕਰਦੇ ਹਨ ਤਾਂ ਏਹ ਸਮਾਜ ਪ੍ਰਤੀ ਤੇ ਆਪਣੇ ਕੰਮ ਪ੍ਰਤੀ ਕਿੰਨੇ ਗੰਭੀਰ ਤੇ ਇਮਾਨਦਾਰ ਹਨ।ਕਿਉਂ ਨਹੀਂ ਹਸਪਤਾਲਾਂ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ, ਕਿਉਂ ਨਹੀਂ ਪਾਖਾਨੇ ਸਾਫ਼,ਕਿਉਂ ਵਾਰਡਾਂ ਵਿੱਚ ਗੰਦਗੀ ਹੈ।ਤੁਸੀਂ ਜੋ ਤਨਖਾਹ ਲੈ ਰਹੇ ਹੋ ਉਹ ਲੋਕਾਂ ਵੱਲੋਂ ਦਿੱਤੇ ਜਾਂਦੇ ਵੰਨ ਸੁਵੰਨੇ ਟੈਕਸਾਂ ਵਿੱਚੋਂ ਹੀ ਮਿਲਦੀ ਹੈ।ਪਰ ਨਹੀਂ ਹਰ ਕਿਸੇ ਨੂੰ ਪ੍ਰਾਇਵੇਟ ਪ੍ਰੈਕਟਿਸ ਨੇ ਤੇ ਪੈਸੇ ਨੇ ਇਥੇ ਕੰਮ ਕਰਨ ਦੀ ਰੁਚੀ ਹੀ ਖਤਮ ਕਰ ਦਿੱਤੀ ਹੈ।ਕਿਸੇ ਵੀ ਵੱਡੇ ਆਫਿਸਰ ਦਾ,ਨੇਤਾ ਦਾ,ਮੰਤਰੀ ਤੇ ਅਧਿਕਾਰੀ ਦਾ ਇਥੇ ਇਲਾਜ ਨਹੀਂ ਹੁੰਦਾ।ਅਗਰ ਇੰਨਾ ਦਾ ਇਲਾਜ ਇਥੇ ਹੋਵੇ ਤਾਂ ਇੰਨਾ ਹਸਪਤਾਲਾਂ ਦੀ ਹਾਲਤ ਸੁਧਰਨ ਵਿੱਚ ਦੇਰ ਨਾ ਲੱਗੇ।ਦੁੱਖ ਹੋਇਆ ਤੇ ਸ਼ਰਮ ਵੀ ਆਈ ਕਿ ਹਸਪਤਾਲ ਵਿੱਚ ਬਿਜਲੀ ਨਾ ਹੋਣ ਕਰਕੇ ਐਮ ਆਰ ਆਈ ਨਹੀਂ ਹੋ ਸਕੀ ਤਿੰਨ ਦਿਨਾਂ ਤੱਕ।ਕਿਉਂ ਹਸਪਤਾਲਾਂ ਦੀ ਲਾਇਟ ਹੌਟ ਲਾਇਨ ਤੇ ਨਹੀਂ।ਕਦੇ ਆਕਸੀਜਨ ਨਹੀਂ ਤਾਂ ਬੱਚਿਆਂ ਦੀ ਮੌਤ ਹੋ ਜਾਂਦੀ ਹੈ,ਕਦੇ ਪੈਸਿਆਂ ਦਾ ਪ੍ਰਬੰਧ ਨਾ ਹੋਣ ਕਰਕੇ ਮਰੀਜ਼ ਦਾ ਇਲਾਜ ਬੰਦ ਕਰਕੇ, ਉਸਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਜਾਂਦੀ ਹੈ,ਕਦੇ ਆਪਣੇ ਪਰਿਵਾਰ ਦੇ ਮੈਂਬਰ ਨੂੰ ਮੌਤ ਹੋ ਜਾਣ ਤੋਂ ਬਾਦ ਘਰ ਲੈ ਜਾਣ ਵਾਸਤੇ ਗੱਡੀ ਨਹੀਂ ਮਿਲਦੀ, ਕਦੇ ਡੀਜ਼ਲ ਨਹੀਂ ਤੇ ਕਦੇ ਖਰਾਬ ਪਈ ਹੋਈ ਹੈ।ਏਹ ਹਨ ਬੁਨਿਆਦੀ ਤੇ ਮੁੱਢਲੀਆਂ ਸਿਹਤ ਸਹੂਲਤਾਂ ਦੀ ਦਰਦਨਾਕ ਤੇ ਭਿਆਨਕ ਤਸਵੀਰ।ਏਹ ਤਾਂ ਆਪ ਆਖਰੀ ਸਾਹਾਂ ਤੇ ਹਨ ਇੰਨਾ ਨੇ ਬੀਮਾਰ ਨੂੰ ਠੀਕ ਕੀ ਕਰਨਾ।
ਸਰਕਾਰੀ ਸਕੂਲੀ ਦੀ ਹਾਲਤ ਵੀ ਇਵੇਂ ਦੀ ਹੀ ਹੈ।ਕਦੇ ਧੜਾ ਧੜ ਸਕੂਲ ਖੋਲਣੇ ਸ਼ੁਰੂ ਕਰ ਦਿੰਦੇ ਹਨ,ਏਹ ਸੋਚੇ ਬਗੈਰ ਕਿ ਬੱਚਿਆਂ ਦੇ ਬੈਠਣ ਲਈ ਕਮਰਿਆਂ ਦਾ ਪ੍ਰਬੰਧ ਕਿਵੇਂ ਦਾ ਹੈ,ਪਾਖਾਨੇ ਬਣੇ, ਪਾਣੀ ਦਾ ਪ੍ਰਬੰਧ ਹੈ,ਬਿਜਲੀ ਹੈ,ਅਧਿਆਪਕਾਂ ਦਾ ਕੀ ਪ੍ਰਬੰਧ ਹੈ।ਅੱਠਵੀਂ ਤੱਕ ਫੇਲ ਹੀ ਨਹੀਂ ਕਰਨੇ ਬੱਚੇ, ਨਾ ਕੋਈ ਪੜ੍ਹਾਵੇ ਤੇ ਨਾ ਕੋਈ ਪੜ੍ਹੇ।ਬੱਚਿਆਂ ਦੇ ਅੱਠ ਸਾਲ ਖੂਹ ਵਿੱਚ ਪੈ ਗਏ।ਉਹ ਜਿਵੇਂ ਦੇ ਕੋਰੇ ਸਕੂਲ ਗਏ, ਉਵੇਂ ਦੇ ਅੱਠ ਸਾਲਾਂ ਬਾਦ ਸਨ।ਅਧਿਆਪਕਾਂ ਵਿਹੂਣੇ ਸਕੂਲ ਤੇ ਜੇ ਅਧਿਆਪਕ ਹਨ ਤਾਂ ਉਹ ਤਨਖਾਹਾਂ ਵਿਹੂਣੇ,ਕਿਸੇ ਦੀ ਕੋਈ ਜਵਾਬ ਦੇਹੀ ਨਹੀਂ।ਏਹ ਬੱਚੇ ਨੌਵੀਂ ਕਲਾਸ ਵਿੱਚ ਜਾਕੇ ਕੀ ਕਰਨਗੇ, ਏਹ ਕਿਸੇ ਨੇ ਸੋਚਿਆ ਹੀ ਨਹੀਂ ਕਿਉਂਕਿ ਨੀਤੀਆਂ ਬਣਾਉਣ ਵਾਲਿਆਂ ਦੇ ਬੱਚੇ ਤਾਂ ਮਹਿੰਗੇ ਪ੍ਰਾਇਵੇਟ ਸਕੂਲਾਂ ਵਿੱਚ ਪੜ੍ਹਦੇ ਹਨ।ਪ੍ਰਾਇਮਰੀ ਸਿਖਿਆ ਨੀਂਦ ਹੈ,ਉਹ ਹੀ ਕਮਜ਼ੋਰ ਹੈ ਅੱਗੇ ਕੀ ਹੋਣਾ ਤੇ ਜੋ ਹੋਇਆ ਸਾਡੇ ਸੱਭ ਦੇ ਸਾਹਮਣੇ ਹੈ।ਇਲਹਾਬਾਦ ਹਾਈਕੋਰਟ ਨੇ ਇੱਕ ਫ਼ੈਸਲਾ ਸੁਣਾਇਆ ਸੀ ਕਿ ਹਰ ਸਰਕਾਰੀ ਅਫ਼ਸਰ, ਅਧਿਕਾਰੀ,ਕਰਮਚਾਰੀ ਦੇ ਬੱਚੇ ਤੇ ਨੇਤਾਵਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਨਗੇ,ਪਰ ਇਸ ਤੇ ਕਿਸੇ ਨੇ ਅਮਲ ਨਹੀਂ ਕੀਤਾ।ਜਿਥੇ ਮਾਨਯੋਗ ਅਦਾਲਤਾਂ ਦੇ ਹੁਕਮਾਂ ਤੇ ਫ਼ੈਸਲਿਆਂ ਦਾ ਏਹ ਹਾਲ ਹੈ ਉਥੇ ਲੋਕਾਂ ਦੀ ਆਵਾਜ਼ ਕੌਣ ਸੁਣੇਗਾ।ਏਹ ਸਾਡੀ ਦੂਜੀ ਮਹੱਤਵਪੂਰਨ। ਸਹੂਲਤ ਸਿਖਿਆ ਦਾ ਜੋ ਆਖਰੀ ਸਾਹ ਵੀ ਔਖੇ ਹੀ ਲੈ ਰਹੀ ਹੈ।
ਪੀਣ ਵਾਲੇ ਪਾਣੀ ਦਾ ਬੁਰਾ ਹਾਲ ਹੈ।ਗੰਦੇ ਪਾਣੀ ਕਰਕੇ ਲੋਕ ਚਮੜੀ ਦੇ ਕੈਂਸਰ ਤੇ ਪੇਟ ਦੇ ਵੱਖ ਵੱਖ ਕੈਂਸਰ ਨਾਲ ਕਰਜ਼ੇ ਹੇਠਾਂ ਆ ਰਹੇ ਹਨ ਤੇ ਮੌਤਾਂ ਵੀ ਬਹੁਤ ਹੋ ਰਹੀਆਂ ਹਨ।ਦਰਿਆ ,ਨਦੀਆਂ,ਨਾਲੇ,ਧਰਤੀ ਹੇਠਲਾ ਪਾਣੀ ਸੱਭ ਗੰਧਲੇ ਹੋ ਚੁੱਕੇ ਹਨ।ਕੋਈ ਵੀ ਸੰਬੰਧਿਤ ਵਿਭਾਗ ਏਸ ਬਾਰੇ ਨਹੀਂ ਸੋਚਦਾ।ਲੋਕ ਹਾਲ ਦੁਹਾਈ ਪਾਉਂਦੇ ਨੇ, ਹਰ ਦਫ਼ਤਰ ਜਾਂਦੇ ਨੇ ਪਰ ਕੋਈ ਨਹੀਂ ਸੁਣ ਰਿਹਾ।ਕੁਦਰਤ ਵੱਲੋਂ ਦਿੱਤਾ ਪਾਣੀ ਵੀ ਲੋਕਾਂ ਲਈ ਮੁਹਈਆ ਕਰਵਾਉਣ ਵਿੱਚ ਸਰਕਾਰ ਫੇਲ ਹੋ ਗਈ।
ਕਰਾਇਮ ਵੱਧ ਗਿਆ, ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ ਨੇ,ਸ਼ਰੇਆਮ ਦਿਨ ਦਿਹਾੜੇ ਕਤਲ ਹੋ ਰਹੇ ਨੇ।ਬੇਰੁਜ਼ਗਾਰੀ ਦੇ ਝੰਭੇ ਨੌਜਵਾਨ, ਇਸ ਪਾਸੇ ਜਾ ਰਹੇ ਨੇ।ਨਾ ਲੋਕ ਘਰਾਂ ਵਿੱਚ ਸੁਰਿਖਿਅਤ ਹਨ ਤੇ ਨਾ ਬਾਹਰ।ਦਫ਼ਤਰਾਂ ਵਿੱਚ ਕੋਈ ਸਮਾਂ ਨਹੀਂ ਆਉਣ ਦਾ ਤੇ ਜਾਣ ਦਾ।ਕੰਮ ਕਰਨ ਲੱਗਾ ਹਰ ਕੋਈ ਅਹਿਸਾਨ ਕਰਦਾ ਹੈ ਤੇ ਲੈਣ ਦੇਣ ਦੀ ਗੱਲ ਆਮ ਚੱਲਦੀ ਹੈ।

ਕਿਹੜੇ ਵਿਭਾਗ ਤੇ ਕਿਹੜੀ ਸਰਕਾਰੀ ਸਹੂਲਤ ਦੀ ਗੱੱਲ ਕਰੀਏ,ਸੱੱਭ ਬੁਨਿਆਦੀ

ਸਹੂਲਤਾਂ ਆਖਰੀ ਤੇ ਔਖੇ ਸਾਹ ਲੈ ਰਹੀਆਂ ਹਨ।
Prabhjot Kaur Dhillon
Contact No. 9815030221
Share Button

Leave a Reply

Your email address will not be published. Required fields are marked *