ਐੱਸ.ਐੱਸ.ਏ./ ਰਮਸਾ ਅਧਿਆਪਕ ਯੂਨੀਅਨ ਨੇ ਕੱਢਿਆ ਮਸ਼ਾਲ ਮਾਰਚ

ਐੱਸ.ਐੱਸ.ਏ./ ਰਮਸਾ ਅਧਿਆਪਕ ਯੂਨੀਅਨ ਨੇ ਕੱਢਿਆ ਮਸ਼ਾਲ ਮਾਰਚ

18-7 (4)
ਮਲੋਟ, 18 ਮਈ (ਆਰਤੀ ਕਮਲ) : ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੁਕੇਸ਼ ਲੰਬੀ, ਅਮਰ ਮੁਕਤਸਰ ਅਤੇ ਨਿਤਿਨ ਵਿਰਕ ਖੇੜਾ ਦੀ ਅਗਵਾਈ ਵਿਚ ਮਲੋਟ ਦੀਆਂ ਸੜਕਾਂ ਤੇ ਅਧਿਆਪਕਾਂ ਨੇ ਬੀਤੀ ਦੇਰ ਸ਼ਾਮ ਮਸ਼ਾਲਾਂ ਚੁੱਕ ਕੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜੀ ਕਰਦਿਆਂ ਸਿੱਖਿਆ ਨੂੰ ਖਤਮ ਕਰਨ ’ਤੇ ਤੁਲੀ ਸਰਕਾਰ ਦੀ ਕਾਰਗੁਜ਼ਾਰੀ ਦੀਆਂ ਪਰਤਾਂ ਫਰੋਲੀਆਂ। ਇਹ ਮਸ਼ਾਲ ਮਾਰਚ ਆਰੀਆ ਸਮਾਜ ਮੰਦਰ ਕੋਲੋ ਸ਼ੁਰੂ ਹੋ ਕੇ ਤਹਿਸੀਲ ਰੋਡ, ਮੇਨ ਬਜ਼ਾਰ, ਗਾਂਧੀ ਚੌਂਕ, ਸੁਪਰ ਬਾਜਾਰ, ਕੈਰੋ ਰੋਡ, ਇੰਦਰਾ ਰੋਡ ਤੇ ਆਮ ਲੋਕਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ਦੀਆਂ ਪਰਤਾਂ ਫਰੋਲਦੇ ਪਰਚੇ ਵੰਡੇ ਗਏ।ਪਰਚੇ ਰਾਂਹੀ ਲੋਕਾਂ ਨੂੰ ਵੋਟਾਂ ਲਈ ਆਉਣ ਵਾਲੇ ਆਗੂਆਂ ਦਾ ਥਾਂ-ਥਾਂ ਘਿਰਾਓ ਕਰਕੇ ਆਪਣੇ ਮੰਦੜੇ ਹਾਲ ਬਾਰੇ ਸੁਆਲ ਜ਼ਰੂਰ ਕਰਨ ਦਾ ਹੋਕਾ ਦਿੱਤਾ ਗਿਆ। ਅਧਿਆਪਕ ਆਗੂਆਂ ਜਤਿੰਦਰ ਸਿੰਘ ਅਤੇ ਗੁਰਨਾਮ ਸਿੰਘ ਨੇ ਦੱਸਿਆ ਇਹ ਅਧਿਆਪਕ ਪਿਛਲੇ ਅੱਠ-ਅੱਠ ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਹਨ, ਪੰ੍ਰਤੂ ਇੰਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਲਈ ਬਣਾਈ ਹਾਈ ਪਾਵਰ ਕਮੇਟੀ ਨੇ ਅੱਜ ਤੱਕ ਆਪਣੀ ਰਿਪੋਰਟ ਜਨਤਕ ਨਹੀਂ ਕੀਤੀ।

ਜਿਸ ਕਰਕੇ ਇਹ ਅਧਿਆਪਕ ਮਾਨਸਿਕ ਪਰੇਸ਼ਾਨੀ ਵਿਚੋਂ ਗੁਜ਼ਰ ਰਹੇ ਹਨ।ਉਨਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਧਿਕਾਰ ਕਾਨੂੰਨ ਜਿਹੇ ਮੌਲਿਕ ਅਧਿਕਾਰ, ਕੇਂਦਰ ਸਰਕਾਰ ਵਲੋਂ ਐੱਸ.ਐੱਸ.ਏ./ਰਮਸਾ ਅਧਿਆਪਕਾਂ ਦਾ ਵੱਖਰਾ ਕਾਡਰ ਬਣਾਉਣ ਦੀ ਮਨਾਹੀ ਵਾਲੇ ਸਾਰੇ ਦਿਸ਼ਾ ਨਿਰਦੇਸ਼ ਅਤੇ ਠੇਕਾ ਭਰਤੀ ਅਧਿਆਪਕਾਂ ਨੂੰ ਤਿੰਨ ਸਾਲਾਂ ਬਾਅਦ ਰੈਗੂਲਰ ਕਰਨ ਦੀ ਨੀਤੀ ਤੋਂ ਕਥਿਤ ਤੌਰ ’ਤੇ ਭੱਜ ਰਹੀ ਹੈ। ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਪਿਛਲੇ 13 ਮਹੀਨਿਆਂ ਤੋ ਰਮਸਾ ਲੈਬ ਅਟੈਂਡਟਾਂ ਨੂੰ, 5 ਮਹੀਨਿਆਂ ਤੋਂ ਰਮਸਾ ਅਧਿਆਪਕਾਂ ਨੂੰ ਅਤੇ 4 ਮਹੀਨਿਆਂ ਤੋਂ ਐੱਸ.ਐੱਸ.ਏ. ਅਧਿਆਪਕਾਂ ਨੂੰ ਤਨਖਾਹ ਨਹੀਂ ਦਿੱਤੀ। ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ ਕਾਰਨ ਅਧਿਆਪਕਾਂ, ਭਰਾਤਰੀ ਜੱਥੇਬੰਦੀਆਂ ਅਤੇ ਹਮਖਿਆਲੀ ਜੱਥੇਬੰਦਕ ਲੋਕਾਂ ਵਿਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਸ਼ੇਖਰ, ਬਿਕਰਮ, ਸੰਜੀਵ, ਮਨਵੀਰ, ਪੂਰਨ, ਹਰਪ੍ਰੀਤ, ਮਨੋਜ, ਕੁਲਵਿੰਦਰ, ਸੁਨੀਤਾ, ਪੂਜਾ, ਰੀਤੂ, ਦੀਪਿਕਾ ਤੇ ਭਰਾਤਰੀ ਜੱਥੇਬੰਦੀਆਂ ਤੋਂ ਮਾ: ਹਿੰਮਤ ਸਿੰਘ, ਮਾ: ਕੁਲਵਿੰਦਰ ਸਿੰਘ, ਮਾ: ਮਨੋਹਰ ਲਾਲ ਸ਼ਰਮਾ, ਮਾ: ਗੁਰਲਾਲ ਸਿੰਘ, ਸੁਨੀਲ ਗਲਹੋਤਰਾ, ਕੀਮਤ, ਅਮਰ ਸਿੰਘ, ਸੰਤੋਸ਼, ਨਵੀਨ, ਰਮੇਸ਼ ਵਰਮਾ, ਹਰਪ੍ਰੀਤ ਸਿੰਘ ਆਦਿ ਅਧਿਆਪਕ ਆਗੂਆਂ ਨੇ ਮੰਗਾਂ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ।

Share Button

Leave a Reply

Your email address will not be published. Required fields are marked *

%d bloggers like this: