ਐਸ.ਵਾਈ.ਐਲ. ਦੇ ਮੁੱਦੇ ‘ਤੇ ਜਾਖੜ ਦੀ ਸਿਆਸੀ ਡਰਾਮੇਬਾਜ਼ੀ ਨਾਲ ਕਾਂਗਰਸ ਦੇ ਪਾਪ ਨਹੀਂ ਧੋਤੇ ਜਾਣੇ-ਪਰਕਾਸ਼ ਸਿੰਘ ਬਾਦਲ

ss1

ਐਸ.ਵਾਈ.ਐਲ. ਦੇ ਮੁੱਦੇ ‘ਤੇ ਜਾਖੜ ਦੀ ਸਿਆਸੀ ਡਰਾਮੇਬਾਜ਼ੀ ਨਾਲ ਕਾਂਗਰਸ ਦੇ ਪਾਪ ਨਹੀਂ ਧੋਤੇ ਜਾਣੇ-ਪਰਕਾਸ਼ ਸਿੰਘ ਬਾਦਲ

ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਨ ਲਈ ਕਾਂਗਰਸ ਨੇ ਹੀ ਐਸ.ਵਾਈ.ਐਲ. ਨਹਿਰ ਪੁੱਟੀ

14-43

ਹੁਸਿ਼ਆਰਪੁਰ, 13 ਜੁਲਾਈ (ਪ.ਪ.): ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸੀ ਆਗੂ ਸੁਨੀਲ ਜਾਖੜ ਵੱਲੋਂ ਐਸ.ਵਾਈ.ਐਲ. ਦੇ ਮੁੱਦੇ ‘ਤੇ ਕੀਤੀ ਜਾ ਰਹੀ ਸਿਆਸੀ ਡਰਾਮੇਬਾਜ਼ੀ ਦੇ ਬਾਵਜੂਦ ਪੰਜਾਬ ਦੇ ਪਾਣੀਆਂ ਨੂੰ ਖੋਹਣ ਲਈ ਕੀਤੇ ਗੁਨਾਹਾਂ ਤੋਂ ਕਾਂਗਰਸ ਬਰੀ ਨਹੀਂ ਹੋ ਸਕਦੀ। ਅੱਜ ਇਥੇ ਸੰਗਤ ਦਰਸ਼ਨ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਕੁਝ ਵੀ ਡਰਾਮੇਬਾਜ਼ੀ ਕਰਨ ਤੋਂ ਪਹਿਲਾਂ ਕਾਂਗਰਸੀ ਆਗੂ ਇਹ ਜਵਾਬ ਦੇਣ ਕਿ ਉਹ ਵਾਰ-ਵਾਰ ਇਸ ਗੱਲ ਨੂੰ ਕਿਉਂ ਭੁੱਲਦੇ ਹਨ ਕਿ ਉਨ੍ਹਾਂ ਦੀ ਪਾਰਟੀ ਨੇ ਹੀ ਐਸ.ਵਾਈ.ਐਲ. ਨਹਿਰ ਪੁੱਟ ਕੇ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਿਆ ਸੀ। ਉਨ੍ਹਾ ਕਿਹਾ ਕਿ ਸੁਨੀਲ ਜਾਖੜ ਪੰਜਾਬੀਆਂ ਨੂੰ ਇਹ ਜਵਾਬ ਦੇਣ ਕਿ ਐਸ.ਵਾਈ.ਐਲ. ਨਹਿਰ ਦਾ ਪ੍ਰਸਤਾਵ ਪਾਸ ਕੀਹਨੇ ਕੀਤਾ ਸੀ, ਇਸ ਦੀ ਪੁਟਾਈ ਕਿਸ ਨੇ ਸ਼ੁਰੂ ਕਰਵਾਈ ਅਤੇ ਕਿਹੜੀ ਪਾਰਟੀ ਦੀ ਪ੍ਰਧਾਨ ਮੰਤਰੀ ਇਸ ਦਾ ਨੀਂਹ ਪੱਥਰ ਰੱਖਣ ਆਈ ਸੀ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸ੍ਰੀ ਜਾਖੜ ਇਸ ਮੁੱਦੇ ‘ਤੇ ਮਗਰਮੱਛੀ ਹੰਝੂ ਬਹਾ ਰਿਹਾ ਹੈ ਅਤੇ ਦੂਸਰੇ ਪਾਸੇ ਉਨ੍ਹਾਂ ਦੀ ਪਾਰਟੀ ਦੇ ਹੀ ਮੌਜੂਦਾ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਸ.ਵਾਈ.ਐਲ. ਦਾ ਨੀਂਹ ਪੱਥਰ ਰੱਖਣ ਆਈ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਵੱਧ ਚੜ੍ਹ ਕੇ ਸਵਾਗਤ ਕੀਤਾ ਸੀ। ਸੰਗਤ ਦਰਸ਼ਨ ਦੀ ਵਿਰੋਧਤਾ ਕਰਨ ਵਾਲੀਆਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਕਰੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਇਸ ਲੋਕ ਪੱਖੀ ਪ੍ਰੋਗਰਾਮ ਦੀ ਬੇਵਜ੍ਹਾ ਵਿਰੋਧਤਾ ਕਰ ਰਹੇ ਹਨ ਜਦ ਕਿ ਸੰਗਤ ਦਰਸ਼ਨ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਪ੍ਰੋਗਰਾਮ ਹੈ।
ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਨਾਲ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਆਪਣੇ ਕੰਮ ਕਰਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ। ਇਸ ਤੋਂ ਪਹਿਲਾਂ ਪਿੰਡ ਖੁਰਾਲਗੜ੍ਹ, ਅਚੱਲਪੁਰ, ਬੀਨੇਵਾਲ, ਸਦਰਪੁਰ ਅਤੇ ਬਿਲੜੋਂ ਵਿਖੇ ਸੰਗਤ ਦਰਸ਼ਨ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਨਾਜ਼ੁਕ ਮਸਲਿਆਂ ‘ਤੇ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਆਗੂ ਆਮ ਆਦਮੀ ਦੇ ਭੇਖ ਵਿੱਚ ਪੰਜਾਬ ਦੇ ਦੁਸ਼ਮਣ ਹਨ। ਸ. ਬਾਦਲ ਨੇ ਲੋਕਾਂ ਨੂੰ ਇਨ੍ਹਾਂ ਆਗੂਆਂ ਦੇ ਪੰਜਾਬ ਵਿਰੋਧੀ ਮਨਸੂਬਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਰਫ ਤੇ ਸਿਰਫ ਅਕਾਲੀ-ਭਾਜਪਾ ਗਠਜੋੜ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਵਾਂਗ ਆਮ ਆਦਮੀ ਪਾਰਟੀ ਵੀ ਪੰਜਾਬ ਵਿਰੋਧੀ ਹੈ ਜਿਸ ਬਾਰੇ ਦਿੱਲੀ ਸਰਕਾਰ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਤੋਂ ਸਾਫ਼ ਜ਼ਾਹਰ ਹੋ ਜਾਂਦਾ ਹੈ। ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੀ ਮੌਜੂਦਾ ਸਰਕਾਰ ਨੇ ਉਥੇ ਸਕੂਲਾਂ ਵਿੱਚ ਪੰਜਾਬੀ ਸਿੱਖਿਆ ਦੇਣੀ ਬੰਦ ਕਰ ਦਿੱਤੀ ਹੈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਿਸਾਖੀ ਦੇ ਪਵਿੱਤਰ ਤਿਉਹਾਰ ਦੀ ਛੁੱਟੀ ਨਹੀਂ ਕੀਤੀ ਗਈ।
ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ ਪਿਆਓ ਸਾਹਿਬ ਨੂੰ ਆਪ ਦੀ ਸਰਕਾਰ ਨੇ ਤੋੜ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ ਐਸ.ਵਾਈ.ਐਲ. ਦੇ ਮੁੱਦੇ ‘ਤੇ ਦਿੱਲੀ ਸਰਕਾਰ ਨੇ ਪੰਜਾਬ ਵਿਰੋਧੀ ਰੁਖ ਅਖਤਿਆਰ ਕਰਦੇ ਹੋਏ ਸੁਪਰੀਮ ਕੋਰਟ ਵਿੱਚ ਹਲਫੀਆ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਦੇ ਹਿੱਤਾਂ ਦੇ ਦੁਸ਼ਮਣ ਹਨ ਅਤੇ ਹਰ ਹਾਲ ਵਿੱਚ ਸੂਬੇ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਪੰਜਾਬ ਦੀ ਦੁਸ਼ਮਣ ਨੰਬਰ ਇੱਕ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਅਤੇ ਸਾਡੇ ਨਹਿਰਾਂ ਦੇ ਪਾਣੀ ਸਾਥੋ ਖੋਹ ਲਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਬੀਤ ਖੇਤਰ ਵਿੱਚ ਪੀਣ ਵਾਲਾ ਪਾਣੀ ਅਤੇ ਸਿੰਚਾਈ ਲਈ ਪਾਣੀ ਛੇਤੀ ਉਪਲਬਧ ਕਰਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਸੂਬਾ ਸਰਕਾਰ ਵਲੋਂ ਜੰਗੀ ਪੱਧਰ ‘ਤੇ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸੇ ਵੀ ਮੁੱਖ ਮੰਤਰੀ ਨੇ ਇਸ ਪੱਛੜੇ ਇਲਾਕੇ ਵਿੱਚ ਆਉਣ ਦੀ ਪ੍ਰਵਾਹ ਨਹੀਂ ਕੀਤੀ ਜਦ ਕਿ ਉਹ ਖੁਦ ਪਿੰਡ-ਪਿੰਡ ਘੁੰਮ ਕੇ ਇੱਥੋਂ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਯਤਨਸ਼ੀਲ ਹਨ। ਇਸ ਮੌਕੇ ‘ਤੇ ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ੍ਰ: ਸੋਹਣ ਸਿੰਘ ਠੰਡਲ, ਮੁੱਖ ਮੰਤਰੀ ਨਾਲ ਵਿਧਾਇਕ ਹਲਕਾ ਗੜ੍ਹਸ਼ੰਕਰ ਸ੍ਰ: ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਤੀਕਸ਼ਨ ਸੂਦ, ਸਕੱਤਰ ਸਿੰਚਾਈ ਕਾਹਨ ਸਿੰਘ ਪੰਨੂ, ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਏ ਕੇ ਸਿਨਹਾ, ਮੁੱਖ ਮੰਤਰੀ ਦੇ ਸੰਯੁਕਤ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਐਸ ਐਸ ਪੀ ਕੁਲਦੀਪ ਸਿੰਘ ਚਾਹਲ, ਡਾ. ਜੰਗ ਬਹਾਦਰ ਸਿੰਘ ਰਾਏ, ਅਵਤਾਰ ਸਿੰਘ ਜੌਹਲ, ਸਤਵਿੰਦਰ ਸਿੰਘ ਰਾਮਦਾਸ ਪੁਰ, ਤਰਲੋਕ ਸਿੰਘ ਨਾਗਪਾਲ, ਹਰਜੀਤ ਸਿੰਘ ਭਾਤਪੁਰੀ, ਆਰ ਐਸ ਪਠਾਨੀਆ ਸਮੇਤ ਭਾਰੀ ਸੰਖਿਆ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।

Share Button

Leave a Reply

Your email address will not be published. Required fields are marked *