Tue. Sep 24th, 2019

ਐਸ ਆਈ ਟੀ ਸਾਹਮਣੇ ਸੱਜਣ ਵਲੋਂ ਉਸ ਦੀ ਨਿਸ਼ਾਨਦੇਹੀ ਕਰਦੇ ਗਵਾਹ ਹਰਵਿੰਦਰ ਨਾਲ ਬਦਤਮੀਜੀਆਂ

ਐਸ ਆਈ ਟੀ ਸਾਹਮਣੇ ਸੱਜਣ ਵਲੋਂ ਉਸ ਦੀ ਨਿਸ਼ਾਨਦੇਹੀ ਕਰਦੇ ਗਵਾਹ ਹਰਵਿੰਦਰ ਨਾਲ ਬਦਤਮੀਜੀਆਂ
ਕੈਪਟਨ ਸਰਕਾਰ ਵਲੋਂ ਮੁੱਖ ਗਵਾਹ ਦੀ ਸੁਰਖਿਆ ਮੁੜ ਬਹਾਲ ਕੀਤੀ ਜਾਏ: ਜਸਵਿੰਦਰ ਜੌਲੀ

ਨਵੀਂ ਦਿੱਲੀ 15 ਮਾਰਚ (ਮਨਪ੍ਰੀਤ ਸਿੰਘ ਖਾਲਸਾ): 1984 ਸਿੱਖ ਕਤਲੇਆਮ ਦੌਰਾਨ ਉੱਤਮ ਨਗਰ ਵਿਖੇ 2 ਸਿੱਖਾਂ ਦੇ ਹੋਏ ਕਤਲ ਦੇ ਮਾਮਲੇ ‘ਚ ਅੱਜ ਗਵਾਹ ਸ੍ਰ. ਹਰਵਿੰਦਰ ਸਿੰਘ ਕੋਹਲੀ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਕਾਤਲ ਦੇ ਤੌਰ ‘ਤੇ ਨਿਸ਼ਾਨਦੇਹੀ ਕੀਤੀ ਹੈ। ਕੇਂਦਰ ਸਰਕਾਰ ਦੀ ਐਸ.ਆਈ.ਟੀ. ਵੱਲੋਂ ਅੱਜ ਕੋਹਲੀ ਅਤੇ ਸੱਜਣ ਨੂੰ ਆਹਮੋ-ਸਾਹਮਣੇ ਬਿਠਾ ਕੇ ਤਫ਼ਤੀਸ਼ ਕੀਤੀ ਗਈ। ਹਰਵਿੰਦਰ ਸਿੰਘ ਕੋਹਲੀ ਦੇ ਪਿਤਾ ਸੋਹਨ ਸਿੰਘ, ਜ਼ੀਜ਼ਾ ਅਵਤਾਰ ਸਿੰਘ ਦੇ ਕਤਲ ਅਤੇ ਗੁਆਂਡੀ ਗੁਰਚਰਣ ਸਿੰਘ ਨੂੰ ਜਲਾਉਣ ਦੇ ਮਾਮਲੇ ‘ਚ ਦੁਆਰਕਾ ਕੋਰਟ ‘ਚ ਸੁਣਵਾਈ ਚਲ ਰਹੀ ਹੈ। ਸੱਜਣ ਕੁਮਾਰ ਨੇ ਇਸ ਮਾਮਲੇ ‘ਚ ਪਹਿਲੇ ਦੁਆਰਕਾ ਕੋਰਟ ਅਤੇ ਫਿਰ ਦਿੱਲੀ ਹਾਈ ਕੋਰਟ ‘ਚੋਂ ਵੀ ਅਗਾਹੂ ਜਮਾਨਤ ਪ੍ਰਾਪਤ ਕੀਤੀ ਹੋਈ ਹੈ। ਐਸ.ਆਈ.ਟੀ. ਅਧਿਕਾਰੀਆਂ ਨੇ ਅੱਜ ਗਵਾਹ ਅਤੇ ਆਰੋਪੀ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ।
ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁੱਖੀ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਅਜ ਸੱਜਣ ਕੁਮਾਰ ਨੇ ਕੋਹਲੀ ਦੇ ਨਾਲ ਪੁੱਛਗਿੱਛ ਦੌਰਾਨ ਬਦਤਮੀਜ਼ੀ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕੋਹਲੀ ਨੇ ਬੇਬਾਕੀ ਨਾਲ ਸਾਰੀ ਘਟਨਾ ਬਾਰੇ ਜਾਂਚ ਏਜੰਸੀ ਨੂੰ ਆਪਣਾ ਪੱਖ ਰਿਕਾਰਡ ਕਰਾਉਣ ਦੇ ਨਾਲ ਹੀ ਸੱਜਣ ਕੁਮਾਰ ਦੀ ਕਾਤਲ ਦੇ ਤੌਰ ‘ਤੇ ਪਛਾਣ ਕੀਤੀ ਹੈ। ਜਦਕਿ ਸੱਜਣ ਕੁਮਾਰ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾ ਨੂੰ ਸਿਰੇ ਤੋਂ ਖਾਰਿਜ਼ ਕਰਦੇ ਹੋਏ ਗਵਾਹ ਨੂੰ ਹੀ ਝੂਠਾ ਦੱਸ ਦਿੱਤਾ।
ਕੋਹਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਲਗਭਗ ਡੇੜ ਘੰਟੇ ਤਕ ਚਲੀ ਪੁੱਛਗਿੱਛ ਦੌਰਾਨ ਸੱਜਣ ਕੁਮਾਰ ਨੇ ਲਗਾਤਾਰ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ। ਸੱਜਣ ਦੀ ਕੋਸ਼ਿਸ਼ ਸੀ ਕਿ ਸ਼ਾਇਦ ਬਦਤਮੀਜ਼ੀ ਬਾਅਦ ਮੈਂ ਜਾਂਚ ਪ੍ਰਕਿਰਆ ਨੂੰ ਛੱਡ ਕੇ ਚਲਾ ਜਾਵਾਂਗਾ ਪਰ ਮੈਂ ਡੱਟ ਕੇ ਜਾਂਚ ਏਜੰਸੀ ਦੇ ਸਾਹਮਣੇ ਸਾਰੇ ਤੱਥ ਰੱਖੇ ਤਾਂਕਿ ਆਰੋਪੀ ਦੇ ਖਿਲਾਫ਼ ਪੁਖ਼ਤਾ ਚਾਰਜਸ਼ੀਟ ਅਦਾਲਤ ‘ਚ ਪੇਸ਼ ਹੋ ਸਕੇ।
ਜੌਲੀ ਨੇ ਦੱਸਿਆ ਕਿ ਕੋਹਲੀ ਨੂੰ ਪਹਿਲੇ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਗਈ ਸੀ। ਕੈਪਟਨ ਸਰਕਾਰ ਬਣਨ ਦੇ ਚੌਥੇ ਦਿਨ ਹੀ ਕੋਹਲੀ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਜੌਲੀ ਨੇ ਸਵਾਲ ਪੁੱਛਿਆ ਕਿ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਖੁਦ ਮੰਨਦੇ ਹਨ ਕਿ ਸੱਜਣ ਕੁਮਾਰ ਦੀ ਸਿੱਖ ਕਤਲੇਆਮ ‘ਚ ਸਮੂਲੀਅਤ ਸੀ ਅਤੇ ਦੂਜੇ ਪਾਸੇ ਖੁਦ ਹੀ ਸੱਜਣ ਕੁਮਾਰ ਦੇ ਖਿਲਾਫ਼ ਗਵਾਹ ਨੂੰ ਮਿਲੀ ਸੁਰੱਖਿਆ ਹਟਾਉਂਦੇ ਹਨ। ਕੀ ਇਹ ਕਥਨੀ ਅਤੇ ਕਰਨੀ ਦਾ ਅੰਤਰ ਨਹੀਂ ? ਜਦਕਿ ਗਵਾਹ ਨੂੰ ਇਸ ਵੇਲੇ ਸੁਰੱਖਿਆ ਦੀ ਸਖਤ ਲੋੜ ਹੈ।
ਜੌਲੀ ਨੇ ਖੁਲਾਸਾ ਕੀਤਾ ਕਿ ਐਸ.ਆਈ.ਟੀ. ਨੇ ਜਦੋਂ ਕੋਹਲੀ ਨੂੰ ਬੁਲਾਵਾ ਭੇਜਿਆ ਤਾਂ ਦਿੱਲੀ ਵਿਖੇ ਇੱਕਲੇ ਆਉਣ ਨੂੰ ਉਹ ਘਬਰਾ ਰਹੇ ਸਨ। ਇਸ ਕਰਕੇ ਹੀ ਕਮੇਟੀ ਵੱਲੋਂ ਕੋਹਲੀ ਨੂੰ ਦਿੱਲੀ ਵਿਖੇ ਕਾਨੂੰਨੀ ਟੀਮ ਉਪਲਬੱਧ ਕਰਵਾਉਣ ਦੇ ਨਾਲ ਹੀ ਗੱਡੀ ਅਤੇ ਸੁਰੱਖਿਆ ਦੇਣ ਦਾ ਵੀ ਇੰਤਜਾਮ ਕੀਤਾ ਗਿਆ ਸੀ। ਜੌਲੀ ਨੇ ਕਿਹਾ ਕਿ ਜੇਕਰ ਸੱਜਣ ਕੁਮਾਰ ਜਾਂਚ ਏਜੰਸੀਆਂ ਦੇ ਸਾਹਮਣੇ ਗਵਾਹਾਂ ਨੂੰ ਦੱਬਕਾ ਦੇ ਸਕਦਾ ਹੈ ਤਾਂ ਬਿਨਾਂ ਸੁਰੱਖਿਆ ਦੇ ਘੁੰਮ ਰਹੇ ਗਵਾਹ ਨਾਲ ਕੋਈ ਵੀ ਅਣਸੁਖਾਵੀ ਘਟਨਾਂ ਵੀ ਕਰਵਾ ਸਕਦਾ ਹੈ। ਜੌਲੀ ਨੇ ਐਸ.ਆਈ.ਟੀ. ਨੂੰ ਸੱਜਣ ਕੁਮਾਰ ਦਾ ਨਾਰਕੋ ਟੈਸਟ ਕਰਾਉਣ ਦੀ ਮੰਗ ਵੀ ਕੀਤੀ।

Leave a Reply

Your email address will not be published. Required fields are marked *

%d bloggers like this: