ਐਮ ਪੀ ਮਨੀਸ਼ ਤਿਵਾੜੀ ਵੱਲੋਂ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਮੀਟਿੰਗ

ਐਮ ਪੀ ਮਨੀਸ਼ ਤਿਵਾੜੀ ਵੱਲੋਂ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਮੀਟਿੰਗ

ਮਨਰੇਗਾ ਦੀ ਸਮੀਖਿਆ ਕਰਦਿਆਂ ਜਿੱਥੇ ਉਨ੍ਹਾਂ ਨੇ ਇਸ ਸਾਲ ਹੋਏ ਕਾਰਜਾਂ ਦੀ ਜਾਣਕਾਰੀ ਲਈ ਉੱਥੇ ਮਨਰੇਗਾ ਤਹਿਤ ਮਨਜੂਰ 260 ਕਾਰਜਾਂ ’ਚੋਂ ਜ਼ਿਲ੍ਹੇ ’ਚ ਹੋਏ ਕੰਮਾਂ ਦੀ ਵਿਸਤ੍ਰਿਤ ਜਾਣਕਾਰੀ ਦੇਣ ਅਤੇ ਅੱਗੇ ਹੋਣ ਵਾਲੇ ਕੰਮਾਂ ਦੀ ਸੂਚੀ ਦੇਣ ਲਈ ਵੀ ਆਖਿਆ। ਸਮਾਰਟ ਵਿਲੇਜ ਸਕੀਮ ਜੋ ਕਿ ਆਰ ਡੀ ਐਫ਼, 14ਵੇਂ ਵਿੱਤ ਕਮਿਸ਼ਨ ਅਤੇ ਮਨਰੇਗਾ ਨੂੰ ਮਿਲਾ ਕੇ ਚਲਾਈ ਜਾ ਰਹੀ ਹੈ, ਤਹਿਤ ਐਮ ਐਲ ਏ ਅੰਗਦ ਸਿੰਘ ਤੇ ਚੌ. ਦਰਸ਼ਨ ਲਾਲ ਮੰਗੂਪੁਰ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਚੰਦ ਭੀਮਾ ਵੱਲੋਂ ਆਉਂਦੀਆਂ ਮੁਸ਼ਕਿਲਾਂ ਬਾਰੇ ਦੱਸੇ ਜਾਣ ’ਤੇ ਸ੍ਰੀ ਤਿਵਾੜੀ ਨੇ ਏ ਡੀ ਸੀ (ਵਿਕਾਸ) ਨੂੰ ਇਸ ਸਬੰਧੀ ਬੀ ਡੀ ਪੀ ਓਜ਼ ਨੂੰ ਲੋੜੀਂਦੇ ਆਦੇਸ਼ ਜਾਰੀ ਕਰਨ ਲਈ ਆਖਿਆ।
ਜ਼ਿਲ੍ਹੇ ’ਚ ਸਿਹਤ ਸੇਵਾਵਾਂ ਦੇ ਸੁਧਾਰ ’ਚ ਵਿਸ਼ੇਸ਼ ਦਿਲਚਸਪੀ ਦਿਖਾਉਂਦਿਆਂ ਸ੍ਰ ਿਤਿਵਾੜੀ ਨੇ ਸਿਵਲ ਸਰਜਨ ਪਾਸੋਂ ਜ਼ਿਲ੍ਹੇ ਦੇ ਹਸਪਤਾਲਾਂ ’ਚ ਇੰਨਡੋਰ/ਆਊਟਡੋਰ ਮਰੀਜ਼ਾਂ ਨੂੰ ਮਿਲੀਆਂ ਸੇਵਾਵਾਂ ਦਾ ਪਿਛਲੇ ਦੋ ਮਹੀਨੇ ਦਾ ਵੇਰਵਾ ਦੇਣ ਲਈ ਆਖਿਆ। ਉਨ੍ਹਾਂ ਨੇ ਸਿਖਿਆ ਨੂੰ ਬੁਨਿਆਦੀ ਲੋੜ ਕਰਾਰ ਦਿੰਦਿਆਂ ਜ਼ਿਲ੍ਹੇ ਦੇ ਉਨ੍ਹਾਂ ਸਕੂਲਾਂ ਦੀ ਸੂਚੀ ਵੀ ਮੰਗੀ ਜਿਨ੍ਹਾਂ ਲਈ ਇਮਾਰਤੀ ਲੋੜਾਂ ਜ਼ਰੂਰੀ ਹਨ।
ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਲੋਕਾਂ ਨੂੰ ਦਿੱਤੇ ਜਾਂਦੇ ਲਾਭ ਦੇ ਮਾਪਦੰਡ ਪੰਜਾਬ ਦੀ ਸਥਿਤੀ ਅਨੁਸਾਰ ਅਨੁਕੂਲ ਨਾ ਹੋਣ ਬਾਰੇ ਦੱਸੇ ਜਾਣ ’ਤੇ ਉਨ੍ਹਾਂ ਨੇ ਇਸ ਨੂੰ ਕੇਂਦਰ ਸਰਕਾਰ ਪੱਧਰ ’ਤੇ ਉਠਾਉਣ ਦਾ ਭਰੋਸਾ ਦਿੱਤਾ। ਜ਼ਿਲ੍ਹੇ ’ਚ ਸਵੱਛਤਾ ਮਿਸ਼ਨ ਤਹਿਤ ਪਿੰਡਾਂ ’ਚ ਬਣਾਏ ਪਖਾਨਿਆਂ ਦਾ ਜਾਇਜ਼ਾ ਲੈਣ ਬਾਅਦ ਉਨ੍ਹਾਂ ਨੇ ਸਾਲ 2017 ’ਚ ਜ਼ਿਲ੍ਹੇ ਨੂੰ ਮਿਲੇ ‘ਓ ਡੀ ਐਫ਼’ ਟੈਗ ਦੀ ਮੁੜ ਤੋਂ ਦੋ ਮਹੀਨੇ ’ਚ ਵੈਰੀਫ਼ਿਕੇਸ਼ਨ ਕਰਨ ਲਈ ਵੀ ਆਖਿਆ। ਉਨ੍ਹਾਂ ਨੇ ਐਮ ਐਲ ਏ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ ਵੱਲੋਂ ਹਲਕੇ ਦੇ ਕੁੱਝ ਪਿੰਡਾਂ ’ਚ ਪਾਣੀ ਸਪਲਾਈ ਲਈ ਅਲੱਗ ਸਕੀਮਾਂ ਬਣਾਉਣ ਦੀਆਂ ਤਜ਼ਵੀਜਾਂ ’ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਬਣਦੀ ਕਾਰਵਾਈ ਕਰਨ ਲਈ ਆਖਿਆ।
ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਪੈਨਸ਼ਨ ਦਾ ਰਿਵਿਊ ਕਰਦਿਆਂ ਉਨ੍ਹਾਂ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਕਿ ਇਹ ਪੈਨਸ਼ਨ ਸਿਰਫ਼ ਸਤੰਬਰ 2018 ਤੱਕ ਹੀ ਲਾਭਪਾਤਰੀਆਂ ਨੂੰ ਮਿਲੀ ਹੈ। ਉਨ੍ਹਾਂ ਨੇ ਇਸ ਸਬੰਧੀ ਕੇਂਦਰ ਪੱਧਰ ’ਤੇ ਮਾਮਲਾ ਉਠਾਉਣ ਦਾ ਭਰੋਸਾ ਦਿੱਤਾ।
ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਤਹਿਤ ਬਣਾਏ ਗਏ 133 ਸਵੈ ਸੇਵੀ ਸਮੂਹਾਂ ਨੂੰ ਬੈਂਕਾਂ ਨਾਲ ਜੋੜਨ ਦੀ ਹਦਾਇਤ ਕਰਦਿਆਂ ਉਨ੍ਹਾਂ ਨੇ ਲੀਡ ਬੈਂਕ ਮੈਨੇਜਰ ਨੂੰ ਇਸ ਸਬੰਧੀ ਬੈਂਕਾਂ ਸਹਿਯੋਗ ਕਰਨ ਲਈ ਆਖਿਆ।
ਮੈਂਬਰ ਲੋਕ ਸਭਾ ਸ੍ਰੀ ਤਿਵਾੜੀ ਨੇ ਜ਼ਿਲ੍ਹੇ ’ਚ ਅਧਿਆਪਕਾਂ ਅਤੇ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਸਬੰਧੀ ਦੋਵਾਂ ਵਿਭਾਗਾਂ ਨੂੰ ਅੰਕੜੇ ਮੁਹੱਈਆ ਕਰਵਾਉਣ ਲਈ ਆਖਿਆ ਤਾਂ ਜੋ ਸਰਕਾਰ ਨਾਲ ਇਸ ਸਬੰਧੀ ਤਾਲਮੇਲ ਕੀਤਾ ਜਾ ਸਕੇ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਾ ਰਿਵਿਊ ਕਰਦਿਆਂ ਉਨ੍ਹਾਂ ਨੇ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਕਿਸਾਨਾਂ ਤੱਕ ਲਾਭ ਪਹੁੰਚਾਉਣ ਲਈ ਆਖਿਆ। ਕੌਮੀ ਅੰਨ ਸੁਰੱਖਿਆ ਐਕਟ ਤਹਿਤ ਬਣਨ ਵਾਲੇ ਸਮਾਰਟ ਕਾਰਡਾਂ ਦੇ ਕੰਮ ’ਚ ਉਨ੍ਹਾਂ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਪੜਤਾਲ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਆਖਿਆ।
ਉਨ੍ਹਾਂ ਇਸ ਮੌਕੇ ਦੱਸਿਆ ਕਿ ਸਿਖਿਆ, ਸਿਹਤ, ਫੂਡ ਤੇ ਸਪਲਾਈ, ਭਲਾਈ ਵਿਭਾਗ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਕੰਮਾਂ ਦਾ ਅਗਲੇ ਦਿਨਾਂ ’ਚ ਵਿਸ਼ੇਸ਼ ਮੀਟਿੰਗ ਕਰਕੇ ਰਿਵਿਊ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਨੇ ਇਸ ਤੋਂ ਪਹਿਲਾਂ ਸ੍ਰੀ ਤਿਵਾੜੀ ਨੂੰ ਜੀ ਆਇਆਂ ਆਖਿਆ ਅਤੇ ਜ਼ਿਲ੍ਹੇ ’ਚ ਕੇਂਦਰੀ ਵਿਕਾਸ ਤੇ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਐਮ ਐਲ ਏ ਨਵਾਂਸ਼ਹਿਰ ਅੰਗਦ ਸਿੰਘ, ਐਮ ਐਲ ਏ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਪੰਜਾਬ ਲਾਰਜ ਇੰਡਸਟ੍ਰੀਜ਼ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦਿਵਾਨ, ਏ ਡੀ ਸੀ (ਵਿਕਾਸ) ਸਰਬਜੀਤ ਸਿੰਘ ਵਾਲੀਆ, ਜ਼ਿਲ੍ਹਾ ਕਾਂਗਰਸ ਪ੍ਰਧਾਨ ਪ੍ਰੇਮ ਚੰਦ ਭੀਮਾ, ਸੀਨੀਅਰ ਕਾਂਗਰਸ ਆਗੂ ਸਤਬੀਰ ਸਿੰਘ ਪੱਲੀ ਝਿੱਕੀ, ਡੀ ਡੀ ਪੀ ਓ ਦਵਿੰਦਰ ਸ਼ਰਮਾ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ, ਬਲਾਚੌਰ ਦੇ ਪ੍ਰਧਾਨ ਨਰਿੰਦਰ ਘਈ, ਰਾਹੋਂ ਦੇ ਪ੍ਰਧਾਨ ਹੇਮੰਤ ਰਣਦੇਵ, ਪੰਚਾਇਤ ਸਮਿਤੀ ਨਵਾਂਸ਼ਹਿਰ ਦੀ ਚੇਅਰਪਰਸਨ ਤਰਨਜੀਤ ਕੌਰ ਗਰਚਾ, ਪੰਚਾਇਤ ਸਮਿਤੀ ਸੜੋਆ ਦੇ ਚੇਅਰਮੈਨ ਗੌਰਵ ਕੁਮਾਰ, ਪੰਚਾਇਤ ਸਮਿਤੀ ਬਲਾਚੌਰ ਦੇ ਚੇਅਰਮੈਨ ਧਰਮਪਾਲ ਤੋਂ ਇਲਾਵਾ ਜ਼ਿਲ੍ਹੇ ਦੇ ਕੇਂਦਰੀ ਸਕੀਮਾਂ ਨਾਲ ਸਬੰਧਤ ਸਮੂਹ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
Disclaimer
We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.