ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jul 2nd, 2020

ਏਸ਼ੀਆਈ ਲੋਕਰਾਜਾਂ ਵਿਚ ਨਿਰਪੱਖ ਪੱਤਰਕਾਰਾਂ ਨੂੰ ਨਵੀਆਂ ਚੁਨੌਤੀਆਂ (ਲੰਡਨ ਤੋਂ ਨਰਪਾਲ ਸਿੰਘ ਸ਼ੇਰਗਿੱਲ)

ਏਸ਼ੀਆਈ ਲੋਕਰਾਜਾਂ ਵਿਚ ਨਿਰਪੱਖ ਪੱਤਰਕਾਰਾਂ ਨੂੰ ਨਵੀਆਂ ਚੁਨੌਤੀਆਂ (ਲੰਡਨ ਤੋਂ ਨਰਪਾਲ ਸਿੰਘ ਸ਼ੇਰਗਿੱਲ)

ਨਿਰਪੱਖ ਅਤੇ ਆਪਣੇ ਕੌਮੀ ਹਿਤਾਂ ਬਾਰੇ ਮੁਹਿੰਮਕਾਰੀ ਪੱਤਰਕਾਰਾਂ ਨੂੰ ਹੁਣ ਜਿਹੜੀਆਂ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਏਸ਼ੀਆਈ ਲੋਕਰਾਜਾਂ ਦੇ ਭ੍ਰਿਸ਼ਟ ਅਤੇ ਤਾਨਾਸ਼ਾਹੀ ਹਾਕਮਾਂ ਵਲੋਂ ਇਨਾਂ ਪੱਤਰਕਾਰਾਂ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣਿਓਂ ਦੂਰ ਕਰਨਾ ਹੈ। ਜਾਂ ਇਨਾਂ ਨੂੰ ਮਾਰ ਮੁਕਾਇਆ ਜਾਂਦਾ ਹੈ, ਅਤੇ ਜਾਂ ਗ੍ਰਿਫ਼ਤਾਰ ਕਰਕੇ ਇਨਾਂ ਨੂੰ ਜੇਲਾਂ ਵਿਚ ਡੱਕ ਦਿੱਤਾ ਜਾਂਦਾ ਹੈ। ਇਹ ਅਸੀਂ ਪਿਛਲੇ ਤਿੰਨ ਵਰਿਆਂ ਤੋਂ ਲਗਾਤਾਰ ਵੇਖ ਰਹੇ ਹਾਂ, ਅਤੇ ਇਨਾਂ ਮਾਰੂ ਘਟਨਾਵਾਂ ਦਾ ਏਸ਼ੀਆਈ ਖ਼ਿੱਤੇ ਦੇ ਕਈ ਦੇਸ਼ਾਂ ਵਿਚ ਵਾਧਾ ਹੋਣ ਲੱਗਾ ਹੈ ਜਿਨਾਂ ਵਿਚ ਅਫ਼ਗਾਨਿਸਤਾਨ, ਭਾਰਤ, ਪਾਕਿਸਤਾਨ, ਥਾਈਲੈਂਡ ਅਤੇ ਫਿਲੀਪਾਈਨ ਆਦਿ ਵੀ ਸ਼ਾਮਿਲ ਹਨ, ਜਿੱਥੇ ਦੇ ਲੋਕਰਾਜੀ ਸੰਵਿਧਾਨਾਂ ਅਨੁਸਾਰ ਪੈ੍ਰੱਸ ਦੀ ਆਜ਼ਾਦੀ ਜਾਂ ”ਫਰੀਡਮ ਆਫ਼ ਐਕਸਪ੍ਰੈਸ਼ਨ” ਬਾਰੇ ਸਮੇਂ ਦੇ ਹਾਕਮ ਸਦਨ ਵਿਚ ਅੱਡੀਆਂ ਚੁੱਕ-ਚੁੱਕ ਕੇ ਡੀਂਗਾਂ ਮਾਰਦੇ ਵੀ ਅਕਸਰ ਵੇਖੇ ਜਾਂਦੇ ਹਨ। ਸਥਾਨਕ ਸਰਕਾਰੀ ਹਾਕਮਾਂ ਵਲੋਂ ਇਨਾਂ ਨਾਲ ਜ਼ੁਲਮ ਜਾਂ ਵਧੀਕੀਆਂ ਇੰਨੀਆਂ ਅਸਹਿ ਹੋਣ ਲੱਗੀਆਂ ਹਨ, ਕਿ ਇਨਾਂ ਨੂੰ ਛੁਡਾਉਣ ਜਾਂ ਵਧੀਕੀਆਂ ਨੂੰ ਰੋਕਣ ਲਈ ਵਿਦੇਸ਼ੀ ਪੱਤਰਕਾਰ ਜਾਂ ਪੱਤਰਕਾਰੀ ਸੰਸਥਾਵਾਂ ਪੀੜਤ ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਦੇ ਹੱਕ ਵਿਚ ਕੌਮਾਂਤਰੀ ਪੱਧਰ ‘ਤੇ ਹਾਅ ਦਾ ਨਾਅਰਾ ਮਾਰਦੇ ਜਾਂ ਰੋਸ ਵਿਖਾਵੇ ਕਰਦੇ ਆਮ ਵੇਖੇ ਜਾ ਰਹੇ ਹਨ।
ਪੱਤਰਕਾਰ ਵਿਰੋਧੀ ਘਟਨਾਵਾਂ ਨੂੰ ਜੱਗ ਜ਼ਾਹਿਰ ਕਰਨ ਵਾਲੀ ਅਤੇ ਪੱਤਰਕਾਰਾਂ ਦੇ ਹਿਤਾਂ ਅਤੇ ਉਨਾਂ ਦੀ ਸੁਰੱਖਿਆ ਬਾਰੇ ਅਮਰੀਕਾ ਵਿਚ ਨਿਊਯਾਰਕ ਸਥਿਤ ਕੌਮਾਂਤਰੀ ਸੰਸਥਾ, ਪੱਤਰਕਾਰ ਸੁਰੱਖਿਆ ਕਮੇਟੀ (ਕਮੇਟੀ ਟੂ ਪ੍ਰੋਟੈਕਟ ਜਰਨਲਿਸਟ) ਵਲੋਂ ਇਸ ਲੇਖਕ ਨੂੰ ਬੀਤੀ 19 ਦਸੰਬਰ ਨੂੰ 1 ਜਨਵਰੀ ਤੋਂ 15 ਦਸੰਬਰ ਤੱਕ ਮਾਰੇ ਗਏ ਪੱਤਰਕਾਰਾਂ ਬਾਰੇ ਇੱਕ ਜਾਣਕਾਰੀ ਭੇਜੀ ਗਈ ਸੀ, ਜਿਸ ਅਨੁਸਾਰ 2018 ਵਰਾ ਪਿਛਲੇ ਤਿੰਨ ਸਾਲਾਂ ਵਿਚ ਸਭ ਤੋਂ ਮਾਰੂ ਸਿੱਧ ਹੋਇਆ ਦੱਸਿਆ ਗਿਆ ਹੈ। ਇਸ ਵਰੇ ਦੌਰਾਨ ਪੱਤਰਕਾਰੀ ਸੇਵਾਵਾਂ ਨਿਭਾਉਂਦੇ ਹੋਏ ਕੁੱਲ 54 ਪੱਤਰਕਾਰ ਮਾਰੇ ਗਏ ਅਤੇ 251 ਪੱਤਰਕਾਰ ਗ੍ਰਿਫ਼ਤਾਰ ਕਰਕੇ ਜੇਲਾਂ ਵਿਚ ਡੱਕੇ ਗਏ।
ਅਫ਼ਗਾਨਿਸਤਾਨ ਵਿਚ ਜਿੱਥੇ ਪੱਤਰਕਾਰ ਅਤਿਵਾਦੀਆਂ ਰਾਹੀਂ ਹਾਲੀਆ ਤੌਰ ਤੇ ਮਾਰੇ ਗਏ ਹਨ, ਸਭ ਤੋਂ ਵਧੇਰੇ ਖ਼ਤਰਨਾਕ ਦੇਸ਼ ਹੈ, ਉਸ ਤੋਂ ਬਾਅਦ ਸੀਰੀਆ ਅਤੇ ਤੀਜੇ ਨੰਬਰ ‘ਤੇ ਇਸ ਵਰੇ ਮੋਦੀ ਸਰਕਾਰ ਅਧੀਨ ਸਾਡਾ ਆਪਣਾ ਭਾਰਤੀ ਲੋਕਰਾਜ ਹੈ, ਜਿੱਥੇ 5 ਪੱਤਰਕਾਰ ਕਤਲ ਕੀਤੇ ਜਾਂ ਮਾਰੇ ਗਏ ਹਨ।
ਹੋਰ ਦੇਸ਼ਾਂ ਵਿਚ ਦਿਲ ਹਿਲਾ ਦੇਣ ਵਾਲਾ ਕਤਲ ਅਮਰੀਕਾ ਦੇ ”ਵਾਸ਼ਿੰਗਟਨ ਪੋਸਟ” ਅਖ਼ਬਾਰ ਦੇ ਕਾਲਮਨਵੀਸ, ਜਮਾਲ ਖਸ਼ੋਗੀ ਦਾ ਦਰਦਨਾਕ ਕਤਲ ਹੈ, ਜਿਸ ਨੂੰ ਤੁਰਕੀ ਦੀ ਰਾਜਧਾਨੀ, ਇਸਤੰਬੋਲ, ਸਥਿਤ ਸਾਉਦੀ ਅਰਬ ਦੂਤਾਵਾਸ ਵਿਚ ਸਾਉਦੀ ਅਰਬ ਏਜੰਟਾਂ ਵਲੋਂ ਪਿਛਲੇ ਅਕਤੂਬਰ ਵਿਚ ਮਾਰਿਆ ਦੱਸਿਆ ਜਾਂਦਾ ਹੈ। ਹੁਣ ਤਾਜ਼ਾ ਪ੍ਰਕਾਸ਼ਿਤ ਖ਼ਬਰਾਂ ਅਨੁਸਾਰ ਅਮਰੀਕਾ ਦੀ ਇੱਕ ਖ਼ੁਫ਼ੀਆ ਏਜੰਸੀ ਨੇ ਪ੍ਰਗਟਾਵਾ ਕੀਤਾ ਹੈ ਕਿ ਇਸ ਪੱਤਰਕਾਰ ਦੀ ਹੱਤਿਆ ਤੋਂ ਲਗਪਗ ਇੱਕ ਵਰਾ ਪਹਿਲਾਂ 2017 ਵਿਚ ਸਾਉਦੀ ਅਰਬ ਸ਼ਹਿਜ਼ਾਦਾ, ਮੁਹੰਮਦ ਬਿਨ ਸਲਮਾਨ, ਵਲੋਂ ਖਸ਼ੋਗੀ ਨੂੰ ਵਾਪਸ ਸਾਉਦੀ ਅਰਬ ਲਿਆਉਣ ਲਈ ਕਿਹਾ ਗਿਆ ਸੀ, ਉਸ ਨੇ ਇਹ ਵੀ ਕਿਹਾ ਸੀ ਕਿ ਜੇ ਖਸ਼ੋਗੀ ਆਰਾਮ ਨਾਲ ਵਾਪਸ ਸਾਉਦੀ ਅਰਬ ਨਹੀਂ ਆਉਂਦਾ ਅਤੇ ਆ ਕੇ ਆਪਣੇ ਵਾਦ-ਵਿਵਾਦੀ ਤੌਰ ਤਰੀਕੇ ਦਰੁਸਤ ਨਹੀਂ ਕਰਦਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇ।
ਇਸੇ ਤਰਾਂ ਪਿਛਲੇ ਵਰੇ ਫਰਵਰੀ ਵਿਚ ਸਲੋਵਾਕੀਆ ਦਾ ਖ਼ੋਜੀ ਪੱਤਰਕਾਰ, ਜਾਨ ਕੁਸੀਅਲ, ਉਸ ਦੀ ਮੰਗੇਤਰ ਦੇ ਸਾਹਮਣੇ ਕਤਲ ਕੀਤਾ ਗਿਆ ਸੀ। ਇਨਾਂ ਦੋਵੇਂ ਘਟਨਾਵਾਂ ਤੋਂ ਵੀ ਵਧੇਰੇ ਦੁਖਦਾਈ ਵਾਰਦਾਤ ਵੇਲੇ ਅਫ਼ਗਾਨਿਸਤਾਨ ਵਿਚ ਪੱਤਰਕਾਰਾਂ ਦੇ ਗਰੁੱਪ ਵਿਰੁੱਧ ਕੀਤੀ ਗਈ ਆਤਮਘਾਤੀ ਘਟਨਾ ਹੈ ਜਿੱਥੇ ਇੱਕੋ ਵੇਲੇ ਬੀਤੀ ਅਪ੍ਰੈਲ ਵਿਚ ਆਤਮਘਾਤੀ ਘਟਨਾ ਵੇਲੇ 9 ਪੱਤਰਕਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਅਮਰੀਕਾ ਵਿਚ ਪਿਛਲੇ ਵਰਿਆਂ ਦੀ ਸਭ ਤੋਂ ਵੱਧ ਪੱਤਰਕਾਰਾਂ-ਵਿਰੋਧੀ ਮਾਰੂ ਘਟਨਾ ਵੇਲੇ ਪਿਛਲੀ ਜੂਨ ਵਿਚ ਇੱਕ ਬੰਦੂਕਧਾਰੀ ਵਲੋਂ ਇੱਕੋ ਵੇਲੇ 4 ਪੱਤਰਕਾਰਾਂ ਨੂੰ ਮੇਰੀਲੈਂਡ ਸਥਿਤ ”ਕੈਪੀਟਲ ਰਾਜ਼ਟ” ਅਖ਼ਬਾਰ ਦੇ ਦਫ਼ਤਰ ਵਿਚ ਮਾਰ ਦਿੱਤਾ ਗਿਆ ਸੀ। ਇਸ ਤਰਾਂ ਅਫ਼ਗਾਨਿਸਤਾਨ ਵਿਚ 13, ਸੀਰੀਆ ਵਿਚ 9, ਭਾਰਤ ਵਿਚ 5, ਅਮਰੀਕਾ ਵਿਚ 4, ਕੇਂਦਰੀ ਅਫ਼ਰੀਕਾ, ਮੈਕਸੀਕੋ ਅਤੇ ਯਮਨ ਹਰੇਕ ਵਿਚ ਤਿੰਨ-ਤਿੰਨ, ਬਰਾਜ਼ੀਲ ਅਤੇ ਇਜ਼ਰਾਈਲ ਵਿਚ ਦੋ-ਦੋ, ਸੋਮਾਲੀਆ, ਸਾਉਦੀ ਅਰਬ, ਸਲੋਵਾਕੀਆ, ਕੋਲੰਬੀਆ, ਸਲੋਵੇਨੀਆ, ਨਿਕਾਰਗੂਆ, ਪਾਕਿਸਤਾਨ, ਲਿਬੀਆ ਅਤੇ ਹੋਰ ਕੁੱਝ ਥਾਵਾਂ ਤੇ ਇੱਕ-ਇੱਕ ਪੱਤਰਕਾਰ ਕਤਲ ਕੀਤੇ ਜਾਣ ਦੀ ਰਿਪੋਰਟ ਹੈ।
ਜੇਲਾਂ ਵਿਚ ਬੰਦ ਸੈਂਕੜੇ ਪੱਤਰਕਾਰ : 2018 ਵਿਚ ਲਗਾਤਾਰ ਤੀਜੇ ਸਾਲ ਥਾਂ-ਥਾਂ ਪੱਤਰਕਾਰਾਂ ਨੂੰ ਸਬਕ ਸਿਖਾਉਣ ਲਈ ਲੋਕਰਾਜ ਦੇ ਨਕਾਬ ਹੇਠ ਪ੍ਰੈੱਸ ਦੀ ਆਜ਼ਾਦੀ ਦੇ ਭਾਸ਼ਣ ਦਿੰਦੇ ਹੋਏ ਕਈ ਤਾਨਾਸ਼ਾਹੀ ਪ੍ਰਬੰਧਕ ਪੱਤਰਕਾਰਾਂ ਦੇ ਮੂੰਹ ਬੰਦ ਕਰਨ ਲਈ ਮਹੀਨਿਆਂ ਤੱਕ ਉਨਾਂ ਨੂੰ ਨਜ਼ਰਬੰਦ ਕਰਨ ਦੇ ਢੰਗ ਅਪਣਾਅ ਰਹੇ ਹਨ। ਬੀਤੀ ਦਸੰਬਰ ਦੇ ਅਖੀਰ ਤੱਕ 251 ਪੱਤਰਕਾਰਾਂ ਨੂੰ ਵੱਖੋ-ਵੱਖਰੇ ਦੇਸ਼ਾਂ ਦੀਆਂ ਜੇਲਾਂ ਵਿਚ ਡੱਕੇ ਜਾਣ ਦੇ ਅੰਕੜੇ ਪ੍ਰਾਪਤ ਹੋਏ ਹਨ। ਇਨਾਂ ਪੱਤਰਕਾਰਾਂ ਵਿਚ ਵਧੇਰੇ ਇਸਲਾਮ-ਪਰਬਲ ਮੱਧ ਪੂਰਬੀ ਦੇਸ਼ਾਂ ਵਿਚ ਨਜ਼ਰਬੰਦ ਹਨ। ਕਈ ਦੇਸ਼ਾਂ ਵਿਚ ਸਰਕਾਰੀ ਤੌਰ ‘ਤੇ ਅਸਲੀ ਅੰਕੜੇ ਪ੍ਰਾਪਤ ਨਹੀਂ ਹੋ ਸਕਦੇ, ਪਰ ਪੱਤਰਕਾਰੀ ਸੰਸਥਾਵਾਂ ਤੋਂ ਡੰਗ ਟਪਾਊ ਅੰਕੜਿਆਂ ਅਨੁਸਾਰ ਸਭ ਤੋਂ ਵਧੇਰੇ ਅਤੇ ਘੱਟੋ-ਘੱਟ 58 ਪੱਤਰਕਾਰ ਤੁਰਕੀ ਵਿਚ, ਚੀਨ ਵਿਚ 44, ਮਿਸਰ ਵਿਚ 16, ਸਾਉਦੀ ਅਰਬ ਵਿਚ 9, ਐਰੇਟੇਰੀਆ ਵਿਚ 8, ਐਜਰਬਾਈਜਾਨ ਵਿਚ 5, ਸੀਰੀਆ ਵਿਚ 4, ਮਰਾਕੋ ਅਤੇ ਵੀਅਤਨਾਮ ਵਿਚ ਤਿੰਨ-ਤਿੰਨ, ਵੈਨਜ਼ਵੇਲਾ ਅਤੇ ਕੈਮਰੂਨ ਵਿਚ ਦੋ-ਦੋ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਵਿਚ ਵੀ ਇੱਕ-ਇੱਕ ਜਾਂ ਦੋ-ਦੋ ਪੱਤਰਕਾਰ ਜੇਲੀਂ ਡੱਕੇ ਹੋਏ ਹਨ। ਜੰਮੂ-ਕਸ਼ਮੀਰ ਦਾ ਇੱਕ ਪੱਤਰਕਾਰ, ਆਸਿਫ਼ ਸੁਲਤਾਨ, ਅਗਸਤ 2018 ਤੋਂ ਜੇਲ ਵਿਚ ਬੰਦ ਸੀ, ਜਿਸ ਨੂੰ ਛੁਡਾਉਣ ਲਈ ਪੱਤਰਕਾਰ ਸੁਰੱਖਿਆ ਕਮੇਟੀ ਵਲੋਂ ਰਾਜਪਾਲ ਸਤਪਾਲ ਮਾਲਿਕ ਨੂੰ ਵੀ ਪਹੁੰਚ ਕੀਤੀ ਗਈ ਸੀ।
ਲਾਪਤਾ ਪੱਤਰਕਾਰ : 2018 ਵਿਚ 54 ਕਤਲ ਹੋਏ ਜਾਂ ਕੀਤੇ ਗਏ ਪੱਤਰਕਾਰਾਂ ਦੇ ਨਾਲ-ਨਾਲ 251 ਨਜ਼ਰਬੰਦ ਪੱਤਰਕਾਰਾਂ ਤੋਂ ਬਿਨਾਂ 60 ਪੱਤਰਕਾਰ ਉਹ ਹਨ, ਜੋ ਲਾਪਤਾ ਦੱਸੇ ਜਾਂਦੇ ਹਨ, ਜਿਨਾਂ ਦੀ ਕੋਈ ਉੱਘ-ਸੁੱਘ ਜਾਂ ਕੋਈ ਪੱਕੀ ਜਾਣਕਾਰੀ ਨਹੀਂ ਦੱਸੀ ਜਾ ਰਹੀ।
ਸੰਸਾਰ ਦੇ ਜਿਨਾਂ 10 ਦੇਸ਼ਾਂ ਵਿਚ ਪੱਤਰਕਾਰਾਂ ਤੇ ਇੰਟਰਨੈੱਟ ਦੀ ਵਰਤੋਂ ਨਾ ਕਰਨ ਜਾਂ ਸਰਕਾਰੀ ਦਬਾਅ ਹੇਠ ਸੈਂਸਰ ਜਾਂ ਵਧੇਰੇ ਸਖ਼ਤੀ ਹੈ ਉਨਾਂ ਵਿਚ ਐਰੀਟੇਰੀਆ, ਉੱਤਰੀ ਕੋਰੀਆ, ਸਾਉਦੀ ਅਰਬ, ਇਥੋਪੀਆ, ਐਜਰਬਾਈਜਾਨ, ਵੀਅਤਨਾਮ, ਈਰਾਨ, ਚੀਨ, ਮੀਆਂਮਾਰ (ਬਰਮਾ) ਅਤੇ ਕਿਊਬਾ ਦੇ ਨਾਉਂ ਵਰਨਣਯੋਗ ਹਨ।
ਭਾਰਤ ਅਤੇ ਪੱਤਰਕਾਰੀ : ਬੇਸ਼ੱਕ ਭਾਰਤ ਇੱਕ ਬਹੁ-ਨਸਲੀ, ਬਹੁ-ਭਾਸ਼ੀ, ਬਹੁ-ਧਰਮੀ ਲੋਕਰਾਜ ਹੋਣ ਦੇ ਨਾਲ ਮਨੁੱਖ ਇਸਤਰੀ ਦੀ ਬਰਾਬਰਤਾ, ਵਿਚਾਰ ਪ੍ਰਗਟਾਉਣ ਦੀ ਖੁੱਲ ਅਤੇ ਪ੍ਰੈੱਸ ਦੀ ਆਜ਼ਾਦੀ ਵਾਲਾ ਗਣਤੰਤਰ ਦੇਸ਼ ਹੈ, ਜਿੱਥੇ ਅਨੇਕ ਸੰਪਾਦਕ ਅਤੇ ਰੇਡੀਓ-ਟੈਲੀਵਿਜ਼ਨ ਚੈਨਲਾਂ ਦੇ ਮੁਖੀ ਆਪਣੀ ਕੁਰਸੀ ਤੇ ਬੈਠ ਕੇ ਆਪਣੇ ਆਪ ਨੂੰ ਭਾਰਤੀ ਲੋਕਰਾਜ ਦਾ ਚੌਥਾ ਥੰਮ ਸਮਝਦੇ ਅਤੇ ਕਰਾਰ ਦਿੰਦੇ ਹਨ, ਪਰ ਉਨਾਂ ਨੂੰ ਆਪਣੀਆਂ ਹੀ ਥੰਮੀਆਂ ਬਾਰੇ ਹੋਰ ਲੋਕਰਾਜੀ ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਸੰਸਦੀ ਪ੍ਰਣਾਲੀ ਦੀਆਂ ਡੋਲਦੀਆਂ ਥੰਮੀਆਂ ਨੂੰ ਲੱਗੀ ਸਿਉਂਕ ਵਾਂਗ ਘੱਟ ਖ਼ਬਰ ਹੈ। ਬਹੁ-ਧਰਮੀ, ਬਹੁ-ਭਾਸ਼ੀ ਅਤੇ ਬਹੁ-ਨਸਲੀ ਸੁਤੰਤਰ ਭਾਰਤੀ ਲੋਕਰਾਜ ਦੀ ਥਾਂ ਕੁੱਝ ਸਮੇਂ ਤੋਂ ਇਸ ਦੇ ਇੱਕ ਪੁਰਖੀ, ਇੱਕ ਧਰਮੀ, ਇੱਕ ਪਾਰਟੀ ਤਾਨਾਸ਼ਾਹੀ ਕਦਮਾਂ ਨੂੰ ਰੋਕਣ ਜਾਂ ਚੁਨੌਤੀ ਦੇਣ ਵਾਲੇ ਭਾਰਤ ਹਿਤੈਸ਼ੀ ਨਿਰਪੱਖ ਪੱਤਰਕਾਰਾਂ ਜਾਂ ਰੇਡੀਓ-ਟੈਲੀਵਿਜ਼ਨ ਰਿਪੋਰਟਰਾਂ ਲਈ ਪੂਰਨ ਸੁਰੱਖਿਅਤ ਦੇਸ਼ ਨਹੀਂ ਦਿਸ ਰਿਹਾ। ਅਫ਼ਸੋਸ ਨਾਲ ਲਿਖ ਰਿਹਾ ਹਾਂ ਕਿ 2018 ਵਿਚ ਇੱਥੇ ਵੀ 5 ਪੱਤਰਕਾਰ ਕਤਲ ਕੀਤੇ ਜਾਂ ਮਾਰੇ ਗਏ ਹਨ, ਜਿਨਾਂ ਨਾਲ ਹੋਰ ਸੁਰੱਖਿਅਤਾ ਅਤੇ ਸਹਾਇਕ ਮੀਡੀਆ ਕਰਮੀਂ ਵੀ ਸ਼ਾਮਿਲ ਸਨ।
ਕਤਲ ਹੋਏ ਪੱਤਰਕਾਰਾਂ ਵਿਚ ”ਰਾਈਜਿੰਗ ਕਸ਼ਮੀਰ” ਦੇ 14 ਜੂਨ ਨੂੰ ਮਾਰੇ ਗਏ ਸੰਪਾਦਕ ਸੁਜਾਤ ਬੁਖ਼ਾਰੀ, 25 ਮਾਰਚ ਨੂੰ ਦੈਨਿਕ ਭਾਸਕਰ ਦੇ 35 ਸਾਲਾ ਪੱਤਰਕਾਰ ਨਵੀਨ ਨਿਸਚਿਲ ਅਤੇ ਉਨਾਂ ਦਾ ਸਹਾਇਕ 25 ਸਾਲਾ ਵਿਜੈ ਸਿੰਘ, 30 ਅਕਤੂਬਰ ਨੂੰ ਦੂਰਦਰਸ਼ਨ ਦਾ ਕੈਮਰਾਮੈਨ ਛੱਤੀਸਗੜ ਵਿਚ ਮਾਰਿਆ ਨੰਦਾ ਸਾਹੂ, ਝਾਰਖੰਡ ਵਿਚ ”ਆਜ” ਹਿੰਦੀ ਅਖ਼ਬਾਰ ਦਾ ਅਗਵਾ ਕਰਨ ਪਿੱਛੋਂ ਕੁੱਟ-ਕੁੱਟ ਕੇ ਮਾਰਿਆ ਪੱਤਰਕਾਰ 32 ਸਾਲਾ ਚੰਦਨ ਤਿਵਾੜੀ ਅਤੇ 26 ਮਾਰਚ ਨੂੰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਵਿਚ ਟਰੱਕ ਹੇਠ ਲਤਾੜ ਕੇ ਮਾਰਿਆ ਗਿਆ 35 ਸਾਲਾ ਟੈਲੀਵਿਜ਼ਨ ਜਰਨਲਿਸਟ ਸੰਦੀਪ ਸ਼ਰਮਾ ਸ਼ਾਮਿਲ ਹਨ।
ਇੱਕ ਤਾਜ਼ਾ ਪ੍ਰਕਾਸ਼ਿਤ ਰਿਪੋਰਟ ਅਤੇ ਪ੍ਰੈੱਸ ਦੀ ਆਜ਼ਾਦੀ ਬਾਰੇ ਵਿਸ਼ਵ ਦੇ ਕੌਮਾਂਤਰੀ ਸਰਵੇਖਣ ਅਨੁਸਾਰ ਭਾਰਤ ਸੰਸਾਰ ਦੇ 180 ਦੇਸ਼ਾਂ ਦੀ ਸੂਚੀ ਵਿਚ 136ਵੇਂ ਨੰਬਰ ਤੇ ਪੱਤਰਕਾਰਾਂ ਲਈ ਅਸੁਰੱਖਿਅਤ ਕਰਾਰ ਦਿੱਤਾ ਗਿਆ ਹੈ। ਭਾਰਤ ਦਾ ਆਪਣੇ ਆਪ ਨੂੰ ਸਮਝਦਾ ਹਰ ਭਾਰਤ-ਹਿਤੈਸ਼ੀ ਨਿਰਪੱਖ ਪੱਤਰਕਾਰ ਇੱਕ ਵੇਰ ਇਸ ਬਾਰੇ ਸੋਚੇ ਜ਼ਰੂਰ, ਏਹੋ ਮੇਰੀ ਬੇਨਤੀ ਹੈ।
”ਜਿਨਹੇਂ ਨਾਜ਼ ਹੈ ਹਿੰਦ ਪਰ,
ਵੋਹ ਕਹਾਂ ਹੈਂ?”

ਲੰਡਨ ਤੋਂ ਨਰਪਾਲ ਸਿੰਘ ਸ਼ੇਰਗਿੱਲ
ਮੋਬਾਈਲ : +91-94171-04002 (ਇੰਡੀਆ),
07903-190 838 (ਯੂ.ਕੇ.)
Email : shergill@journalist.com

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: