Tue. Jun 25th, 2019

ਏਬਾਤਾਂ ਵਿਰਸੇ ਦੀਆਂ: ਅੰਕਲ ਤੇ ਅੰਟੀ ਵਿੱਚ ਉਲਝੇ ਸਭ ਰਿਸ਼ਤੇ..

ਏਬਾਤਾਂ ਵਿਰਸੇ ਦੀਆਂ: ਅੰਕਲ ਤੇ ਅੰਟੀ ਵਿੱਚ ਉਲਝੇ ਸਭ ਰਿਸ਼ਤੇ..

ਅਜੋਕੀ ਪੀੜੀ ਬਹੁਤ ਪੜ ਲਿਖ ਗਈ ਕਰਕੇ ਪੁਰਾਤਨ ਸ਼ਬਦਾਂ ਤੇ ਉਨਾਂ ਦੀ ਅਹਿਮੀਅਤ ਤੇ ਮਿਠਾਸ ਨੂੰ ਬਿਲਕੁਲ ਭੁੱਲ ਚੁੱਕੀ ਹੈ, ਤਮਾਮ ਰਿਸ਼ਤੇਦਾਰੀਆਂ ਨੂੰ ਇਕੋ ਨਜਰ ਨਾਲ ਭਾਵ(ਅੰਕਲ ਤੇ ਅੰਟੀ) ਦੇ ਵਿੱਚ ਹੀ ਤੋਲ ਰਹੀ ਹੈ! ਉਨਾਂ ਨੂੰ ਕੋਈ ਪਤਾ ਤੱਕ ਨਹੀਂ ਕਿ ਮਾਸੜ-ਮਾਸੀ,ਭੂਆ-ਫੁੱਫੜ, ਭੈਣ-ਭਣੋਈਆ ਜਾਂ ਜੀਜਾ,ਤਾਈ-ਤਾਇਆ,ਚਾਚਾ-ਚਾਚੀ,ਦਾਦਾ-ਦਾਦੀ,ਵੀ ਕਦੇ ਕੋਈ ਸ਼ਬਦ ਹੋਇਆ ਕਰਦੇ ਸਨ,ਤੇ ਇਹ ਕਹਿੰਦਿਆਂ ਕਿਨਾਂ ਆਪਣਾ ਪਣ ਮਹਿਸੂਸ ਹੋਇਆ ਕਰਦਾ ਸੀ!ਤੇ ਉਸ ਨਾਲ ਕੀ ਸਬੰਧ ਨੇ ਇਹ ਵੀ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਸੀ ਪੈਂਦੀ ਸਗੋਂ ਇਹ ਬੋਲਣ ਨਾਲ ਜੋ ਕੋਈ ਦੋਸਤ ਮਿੱਤਰ ਜਾਂ ਹੋਰ ਕੋਈ ਓਪਰਾ ਇਨਸਾਨ ਵੀ ਕੋਲੇ ਹੁੰਦਾ ਸੀ ਉਸ ਦੇ ਦਿਲ ਵਿੱਚ ਵੀ ਉਸਨੂੰ ਬੁਲਾਉਣ ਤੇ ਸਤਿਕਾਰ ਦੀ ਭਾਵਨਾ ਵੱਧ ਜਾਇਆ ਕਰਦੀ ਸੀ!ਪਰ ਸਾਡੀ ਅਜੋਕੀ ਪੀੜੀ ਇਹ ਸਾਰੇ ਸ਼ਬਦ ਬੋਲਣ ਚ ਹੁਣ ਹੱਤਕ ਮਹਿਸੂਸ ਕਰਨ ਲੱਗ ਪਈ ਹੈ, ਕਿਉਂਕਿ ਇਹ ਸ਼ਬਦ ਤਾਂ ਓਹ ਬਹੁਤ ਪੁਰਾਣੇ ਸਮਿਆਂ ਨਾਲ ਜੋੜ ਕੇ ਵੇਖ ਰਹੀ ਹੈ ਤੇ ਅਨਪੜ ਇਨਸਾਨ ਸਮਝਿਆ ਜਾਣ ਲੱਗਾ ਹੈ ਓਸ ਨੂੰ ਜੋ ਸਤਿਕਾਰ ਨਾਲ ਬਣਦੇ ਰਿਸ਼ਤੇ ਨਾਲ ਆਪਣੇ ਵੱਡ ਵਡੇਰਿਆਂ ਨੂੰ ਬੁਲਾਉਂਦੇ ਨੇ!
ਕੋਈ ਸਮਾਂ ਪੰਜਾਬ ਵਿੱਚ ਇਹ ਵੀ ਰਿਹਾ ਹੈ ਕਿ ਬਣਦੇ ਰਿਸ਼ਤੇ ਨੂੰ ਬਹੁਤ ਸਤਿਕਾਰ ਤੇ ਆਦਰ ਸਤਿਕਾਰ ਦਿੱਤਾ ਜਾਂਦਾ ਸੀ, ਉਨਾਂ ਸਮਿਆਂ ਵਿੱਚ ਕੋਈ ਵੀ ਆਪਣੇ ਵੱਡਿਆਂ ਤੇ ਸਾਹਮਣੇ ਅੱਖਾਂ ਚੱਕ ਕੇ ਵੇਖਣ ਨੂੰ ਵੀ ਆਪਣੀ ਬੇਇਜ਼ਤੀ ਸਮਝਦਾ ਸੀ, ਸਿਰਫ਼ ਸਤਿਕਾਰ ਦੀ ਭਾਵਨਾ ਕਰਕੇ ਹੀ,ਜਦ ਵੀ ਆਪ ਤੋਂ ਵੱਡੇ ਨੇ ਕੋਲ ਆ ਜਾਣਾ ਜਾਂ ਕੋਲ ਦੀ ਲੰਘ ਵੀ ਜਾਣਾਂ ਤਾਂ ਸਤਿਕਾਰ ਸਹਿਤ ਆਪਣੀ ਜਗਾ ਤੋਂ ਉਠ ਕੇ ਉਸ ਨੂੰ ਬੈਠਣ ਲਈ ਇਸ਼ਾਰਾ ਕੀਤਾ ਜਾਂਦਾ ਰਿਹਾ ਹੈ!ਪਰ ਅਜੋਕੇ ਬਦਲੇ ਹਾਲਾਤਾਂ ਨੇ ਇਹ ਸੱਭ ਗੱਲਾਂ ਖਤਮ ਕਰ ਦਿੱਤੀਆਂ ਨੇ ਹੁਣ ਕੋਈ ਕਿਸੇ ਵੱਡੇ ਛੋਟੇ ਦੀ ਇਜਤ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ ਬੁਲਾ ਕੇ ਜਾਂ ਉਸ ਵੱਲ ਵੇਖਣ ਨੂੰ ਹੀ ਆਪਣੀ ਬੇਇਜ਼ਤੀ ਸਮਝਦਾ ਹੈ,ਇਕ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਸੱਤ ਬੇਗਾਨਿਆਂ ਵਾਂਗ ਰਹਿੰਦੇ ਨੇ, ਵੈਸੇ ਤਾਂ ਅੱਜਕਲ ਸਾਂਝੇ ਪਰਿਵਾਰ ਦਾ ਰਿਵਾਜ ਹੀ ਬਿਲਕੁਲ ਖਤਮ ਹੈ, ਹਾਂ ਜੇਕਰ ਕਿਸੇ ਪਰਿਵਾਰ ਵਿੱਚ ਕੋਈ ਪੁਰਾਣਾ ਬਜ਼ੁਰਗ ਬੈਠਾ ਵੀ ਹੈ ਤੇ ਉਸ ਨੇ ਇਹ ਤੁਹੱਈਆ ਕੀਤਾ ਵੀ ਹੈ ਕਿ ਮੈਂ ਜਿਉਂਦੇ ਜੀਅ ਆਪਣੇ ਪਰਿਵਾਰ ਨੂੰ ਖੇਰੂੰ ਖੇਰੂੰ ਨਹੀਂ ਹੋਣ ਦੇਣਾ ਤਾਂ ਸ਼ਾਇਦ ਓਹਦਾ ਪਰਿਵਾਰ ਉਪਰਲੇ ਮਨ ਨਾਲ ਬੇਸ਼ੱਕ ਇਕੱਠਾ ਹੋਵੇ ਵਿਚੋਂ ਤਾਂ ਇਕ ਦੂਜੇ ਪ੍ਰਤੀ ਜਰੂਰ ਜ਼ਹਿਰ ਹੀ ਉਗਲਦੇ ਹੋਣਗੇ!ਇਹ ਸੱਭ ਗੱਲਾਂ ਆਪਾਂ ਅੱਜ ਪ੍ਰਤੱਖ ਵੇਖ ਰਹੇ ਹਾਂ ਇਹ ਗੱਲਾਂ ਕਿਸੇ ਵੀ ਦੋਸਤ ਮਿੱਤਰ ਤੋਂ ਗੁੱਝੀਆਂ ਨਹੀਂ ਓਹ ਗੱਲ ਅਲਾਹਿਦਾ ਹੈ ਕਿ ਕੋਈ ਦੱਸ ਦਿੰਦਾ ਹੈ ਤੇ ਕੋਈ ਸ਼ਰਮ ਦਾ ਮਾਰਾ ਗੱਲ ਲਕੋਂਦਾ ਹੈ, ਵੈਸੇ ਘਰ ਘਰ ਰੋਟੀ ਵੇਲਾ ਬਿਲਕੁਲ ਇਕੋ ਜਿਹਾ ਹੀ ਹੈ! ਅਸੀਂ ਅੱਜ ਆਪਣੇ ਬਜ਼ੁਰਗਾਂ ਨੂੰ ਸੰਭਾਲਣ ਤੋਂ ਵੀ ਇਸੇ ਕਰਕੇ ਕੰਨੀਂ ਕਤਰਾਉਣ ਲੱਗ ਪਏ ਹਾਂ, ਕਿਹੜਾ ਝੰਜਟ ਕਰੇ ਇਨਾਂ ਨੂੰ ਸੰਭਾਲਣ ਦਾ ਜਿਹੜਾ ਕੋਈ ਕਮਾਈ ਘਰ ਲਿਆਉਂਦੇ ਨੇ ਹੁਣ ਤਾਂ ਉਨਾਂ ਨੂੰ ਕੋਈ ਨਹੀ ਪੁਛਦਾ ਤੇ ਬਜ਼ੁਰਗਾਂ ਨੂੰ ਵਿਹਲੜ ਤੇ ਨਕਾਰਾ ਸਮਝਿਆ ਜਾਂਦਾ ਹੈ!ਪਰ ਜੋ ਮਿਠਾਸ ਸਾਡੇ ਸਤਿਕਾਰਤ ਬਣਦੇ ਰਿਸ਼ਤਿਆਂ ਨੂੰ ਪੁਕਾਰ ਕੇ ਤੇ ਬੁਲਾ ਕੇ ਆਇਆ ਕਰਦੀ ਸੀ ਓਹ ਹੁਣ ਖਤਮ ਹੋ ਚੁੱਕੀ ਹੈ,! ਕਾਸ਼! ਆਪਾਂ ਅੱਜ ਵੀ ਇਹ ਸਮੇਂ ਸੰਭਾਲ ਲਈਏ ਤੇ ਬਣਦੇ/ਲਗਦੇ ਰਿਸ਼ਤੇ ਨਾਲ ਸਬੰਧਨ ਕਰਕੇ ਬੁਲਾਈਏ ਤਾਂ ਅੱਜ ਵੀ ਆਪਣੇ ਗਏ ਸਮੇਂ ਵਾਪਿਸ ਲਿਆ ਸਕਦੇ ਹਾਂ, ਤਰੱਕੀ ਕਰਨ ਵਾਲੇ ਥਾਂ ਤੇ ਤਰੱਕੀ ਜ਼ਰੂਰ ਕਰੀਏ, ਪਰ ਲਗਦੇ ਰਿਸ਼ਤਿਆਂ ਦੀ ਪਰਿਭਾਸ਼ਾ ਸਮਝ ਕੇ ਬਜ਼ੁਰਗਾਂ ਜਾਂ ਆਪਣੇ ਵੱਡਿਆਂ ਨੂੰ ਬੁਲਾਈਏ ਤਾਂ ਇਜਤ ਸਤਿਕਾਰ ਅੱਜ ਵੀ ਬਹਾਲ ਹੋ ਸਕਦਾ ਹੈ ਤੇ ਆਪਾਂ ਆਪਣੇ ਵਿਰਸੇ ਨਾਲ ਵੀ ਜੁੜੇ ਰਹਿ ਸਕਦੇ ਹਾਂ ਇਸ ਲਈ ਆਪਾਂ ਨੂੰ ਕੋਈ ਅਲੱਗ ਤੋਂ ਪੜਾਈ ਜਾਂ ਕੋਈ ਕਲਾਸ ਡਿਗਰੀ ਲੈਣ ਦੀ ਲੋੜ ਨਹੀਂ ਸਗੋਂ ਸਤਿਕਾਰਤ ਸਿਰਫ ਸ਼ਬਦ ਬੋਲਣ ਦੀ ਲੋੜ ਹੈ ਜੋ ਆਪਾਂ ਨੂੰ ਆਪਣੇ ਪਰਿਵਾਰਾਂ ਵਿਚੋਂ ਹੀ ਸਿੱਖਣ ਨੂੰ ਮਿਲ ਜਾਣੇ ਨੇ ਆਓ ਅੱਜ ਤੋਂ ਹੀ ਇਹ ਤੁਹੱਈਆ ਕਰੀਏ ਕਿ ਆਪਣਿਆਂ ਨੂੰ ਸਤਿਕਾਰਤ ਸ਼ਬਦਾਂ ਨਾਲ ਤੇ ਜ਼ੋਰ ਵੀ ਸਾਡੇ ਲੱਗਦੇ ਨੇ ਉਨਾਂ ਨੂੰ ਓਸੇ ਪ੍ਰੀਭਾਸ਼ਾ ਵਿੱਚ ਠੇਠ ਪੰਜਾਬੀ ਵਿੱਚ ਹੀ ਬੁਲਾਇਆ ਕਰਾਂਗੇ! ਸਿਰਫ਼ ਥੋੜੇ ਜਿਹੇ ਉਜਰ ਨਾਲ ਹੀ ਅਸੀਂ ਆਪਣੀਆਂ ਜੜਾਂ ਨਾਲ ਜੁੜਕੇ ਰਹਿ ਸਕਦੇ ਹਾਂ!

ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176. 22046

Leave a Reply

Your email address will not be published. Required fields are marked *

%d bloggers like this: