Wed. Dec 11th, 2019

ਏਡਜ਼ : ਜਾਣਕਾਰੀ ਹੀ ਬਚਾਓ (ਵਿਸ਼ਵ ਏਡਜ਼ ਦਿਵਸ – 1 ਦਸੰਬਰ 2019 ‘ਤੇ ਵਿਸ਼ੇਸ਼)

ਏਡਜ਼ : ਜਾਣਕਾਰੀ ਹੀ ਬਚਾਓ (ਵਿਸ਼ਵ ਏਡਜ਼ ਦਿਵਸ – 1 ਦਸੰਬਰ 2019 ‘ਤੇ ਵਿਸ਼ੇਸ਼)

ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ, ਚੰਡੀਗੜ੍ਹ ਦੇ ਅਧਿਕਾਰਿਕ ਅੰਕੜਿਆਂ ਅਨੁਸਾਰ ਪੰਜਾਬ ਵਿੱਚ 1993 ਤੋ ਅਕੂਤਬਰ 2019 ਤੱਕ ਕੁੱਲ 78589 ਮਾਮਲੇ ਐੱਚ.ਆਈ.ਵੀ. ਦੇ ਰਿਕਾਰਡ ਹੋਏ ਹਨ ਅਤੇ ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 16848 ਪੌਜ਼ੀਟਿਵ ਕੇਸ ਹਨ। ਜਿਆਦਾਤਰ ਕੇਸਾਂ ਪਿੱਛੇ ਨਸ਼ੇ ਲਈ ਸਾਂਝੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨਾ ਹੀ ਹੈ।

ਮੰਨਿਆ ਜਾਂਦਾ ਹੈ ਕਿ ਇਸ ਨਾਮੁਰਾਦ ਅਤੇ ਲਾਇਲਾਜ ਬੀਮਾਰੀ ਦੀ ਸੁਰੂਆਤ ਦੱਖਣੀ ਅਫਰੀਕਾ ‘ਚ ਚਿਪੈਂਜੀ ਨਸਲ ਦੇ ਜਾਨਵਰ ਤੋਂ ਸੁਰੂ ਹੋ ਕੇ ਮਨੁੱਖ ਤੱਕ ਪਹੁੰਚੀ।ਭਾਰਤ ਵਿੱਚ ਇਸਦਾ ਪਹਿਲਾ ਮਰੀਜ਼ 1986 ਵਿੱਚ ਕਲਕੱਤਾ ਵਿੱਚ ਪਾਇਆ ਗਿਆ । ਦੁਨੀਆਂ ਵਿੱਚੋਂ ਐੱਚ.ਆਈ.ਵੀ. ਪੀੜਤਾਂ ਦੀ ਗਿਣਤੀ ਵਿੱਚ ਭਾਰਤ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਤੋਂ ਬਾਅਦ ਤੀਜੇ ਸਥਾਨ ਤੇ ਹੈ।ਦੁਨੀਆਂ ਭਰ ‘ਚ ਤਕਰੀਬਨ 36•9 ਮਿਲੀਅਨ ਲੋਕ ਐਚ ਆਈ ਵੀ ਪੌਜਿਟਿਵ ਹਨ ਅਤੇ ਜਿਹਨਾਂ ਵਿੱਚ 2•6 ਮਿਲੀਅਨ ਬੱਚੇ ਸ਼ਾਮਿਲ ਹਨ।ਏਡਜ਼ ਦੀ ਜਾਂਚ ਸਹੂਲਤ ਹੋਣ ਦੇ ਬਾਵਜੂਦ ਵੀ ਸਿਰਫ 51ਫੀਸਦੀ ਲੋਕਾਂ ਨੇ ਆਪਣੀ ਐਚ ਆਈ ਵੀ ਜਾਂਚ ਕਰਵਾਈ ਹੈ।ਪਿਛਲੇ 15 ਸਾਲਾਂ ਵਿੱਚ ਏਡਜ਼ ਨਾਲ ਮਰਨ ਵਾਲੇ ਕਿਸ਼ੋਰਾਂ ਦੇ ਮੌਤ ਆਂਕੜਿਆਂ ਵਿੱਚ 3 ਗੁਣਾਂ ਵਾਧਾ ਹੋਇਆ ਹੈ।ਭਾਰਤ ਵਿੱਚ ਤਕਰੀਬਨ 21.40 ਲੱਖ ਤੋਂ ਅਧਿਕ ਲੋਕ ਐੱਚ.ਆਈ.ਵੀ. ਪੀੜਤ ਹਨ। ਭਾਰਤ ਦੇ ਕੁੱਲ ਏਡਜ਼ ਪੀੜਤਾਂ ਰੋਗੀਆਂ ਚੋਂ ਲੱਗਭੱਗ 55 ਫੀਸਦੀ ਰੋਗੀ 4 ਰਾਜਾਂ ਆਂਧਰਾ ਪ੍ਰਦੇਸ਼(5 ਲੱਖ) ਮਹਾਰਾਸ਼ਟਰ(4•2 ਲੱਖ) ਕਰਨਾਟਕ (2•5 ਲੱਖ) ਅਤੇ ਤਾਮਿਲਨਾਡੂ (1•5 ਲੱਖ) ਵਿੱਚ ਰਹਿੰਦੇ ਹਨ। ਇਸ ਸੰਬੰਧੀ ਜਨ ਜਾਗਰੂਕਤਾ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਦੇਸ਼ ਦੇ ਵੱਖੋ ਵੱਖਰੇ ਖੇਤਰਾਂ ਵਿੱਚ ਏਡਜ਼ ਸੰਬੰਧੀ ਜਾਗਰੂਕਤਾ ਲਈ 1 ਦਸੰਬਰ 2007 ਨੂੰ ਰੈੱਡ ਰਿਬਨ ਟ੍ਰੇਨ ਵੀ ਚਲਾਈ ਗਈ । ਦੇਸ਼ ਅਤੇ ਪ੍ਰਾਂਤਾਂ ਦੇ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਏ ਵਿੱਚ ਵੀ ਏਡਜ਼ ਬਾਰੇ ਗਾਹੇ ਬਗਾਹੇ ਚਰਚਾ ਹੁੰਦੀ ਰਹਿੰਦੀ ਹੈ । ਸਮਾਜਕ ਸਰੋਕਾਰਾਂ ਨੂੰ ਪਹਿਲ ਦੇਣ ਵਾਲੇ ਕੁਝ ਟੈਲੀਵਿਜ਼ਨ ਚੈਨਲ ਵੀ ਇਸ ਬਾਰੇ ਪ੍ਰੋਗਰਾਮ ਪ੍ਰਸਾਰਿਤ ਕਰਦੇ ਰਹਿੰਦੇ ਹਨ। ਇਸ ਨਾਲ ਲੋਕਾਂ ਵਿੱਚ ਜਾਗਰੂਕਤਾ ਆਉਂਦੀ ਹੈ ।ਸਰਕਾਰੀ ਅਤੇ ਗੈਰ ਸਰਕਾਰੀ ਸਵੈਸੇਵੀ ਸੰਸਥਾਵਾਂ ਵੀ ਇਸ ਬਾਰੇ ਸਮੇਂ ਸਮੇਂ ਤੇ ਸੈਮੀਨਾਰ ਵਰਕਸ਼ਾਪਾਂ ਆਦਿ ਦਾ ਆਯੋਜਨ ਕਰਦੀਆਂ ਹਨ ।ਸਰਕਾਰੀ ਅਤੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਦੇ ਮੰਤਵ ਨਾਲ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ।

ਸੰਸਾਰ ਭਰ ਵਿੱਚ ਇੱਕ ਦਸੰਬਰ, ਲੋਕਾਂ ਨੂੰ ਏਡਜ਼ ਦੀ ਜਾਣਕਾਰੀ ਅਤੇ ਪੀੜਤਾਂ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਸੰਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦੀ ਸ਼ੁਰੂਆਤ 1 ਦਸੰਬਰ 1988 ਤੋਂ ਹੋਈ ਜਿਸਦਾ ਮੰਤਵ ਐੱਚ.ਆਈ.ਵੀ. ਏਡਜ਼ ਤੋਂ ਗ੍ਰਸਤ ਲੋਕਾਂ ਦੀ ਮੱਦਦ ਕਰਨ ਲਈ ਧਨ ਜੁਟਾਉਣ, ਲੋਕਾਂ ਨੂੰ ਏਡਜ਼ ਸੰਬੰਧੀ ਜਾਗਰੂਕ ਕਰਨ ਅਤੇ ਏਡਜ਼ ਨਾਲ ਜੁੜੇ ਮਿੱਥ ਨੂੰ ਦੂਰ ਕਰਕੇ ਲੋਕਾਂ ਨੂੰ ਸਿੱਖਿਅਤ ਕਰਨਾ ਸ਼ਾਮਲ ਸੀ। ਇਸ ਰੋਗ ਨੂੰ ਪਹਿਲੀ ਬਾਰ 1981 ਵਿੱਚ ਮਾਨਤਾ ਮਿਲੀ ਅਤੇ ਇਹ ਏਡਜ਼ ਦੇ ਨਾਮ ਨਾਲ ਪਹਿਲੀ ਵਾਰ 27 ਜੁਲਾਈ 1982 ਨੂੰ ਜਾਣਿਆ ਗਿਆ। ਵਿਸ਼ਵ ਏਡਜ਼ ਦਿਵਸ ਸੰਬੰਧੀ ਪਹਿਲੀ ਵਾਰ ਕਲਪਨਾ 1987 ਵਿੱਚ ਅਗਸਤ ਮਹੀਨੇ ਵਿੱਚ ਥਾਮਸ ਨੇੱਟਰ ਅਤੇ ਜੇਮਜ਼ ਡਬਲਿਯੂ ਬੰਨ ਦੁਆਰਾ ਕੀਤੀ ਗਈ। ਇਹ ਦੋਨੋਂ ਵਿਸ਼ਵ ਸਿਹਤ ਸੰਗਠਨ-ਜਿਨੇਵਾ ਦੇ ਏਡਜ਼ ਗਲੋਬਲ ਪ੍ਰੋਗਰਾਮ ਦੇ ਲਈ ਸਰਵਜਨਿਕ ਸੂਚਨਾ ਅਧਿਕਾਰੀ ਸੀ। ਉਹਨਾਂ ਨੇ ਏਡਜ਼ ਦਿਵਸ ਦਾ ਆਪਣਾ ਵਿਚਾਰ ਡਾ. ਜਾਨ ਨਾਥਨ ਮੰਨ (ਏਡਜ਼ ਗਲੋਬਲ ਪ੍ਰੋਗਰਾਮ ਨਿਦੇਸ਼ਕ) ਨਾਲ ਸਾਂਝਾ ਕੀਤਾ ਜਿਹਨਾਂ ਨੇ ਇਸ ਵਿਚਾਰ ਨੂੰ ਮਨਜੂਰੀ ਦੇ ਦਿੱਤੀ ਅਤੇ ਸਾਲ 1988 ਵਿੱਚ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੂਰੁ ਕਰ ਦਿੱਤਾ। ਐੱਚ.ਆਈ.ਵੀ. ਏਡਜ਼ ਦਾ ਅੰਤਰ ਰਾਸ਼ਟਰੀ ਨਿਸ਼ਾਨ ਲਾਲ ਰਿਬਨ ਹੈ ਜੋ ਕਿ 1991 ਵਿੱਚ ਅਪਣਾਇਆ ਗਿਆ। ਸਾਲ 2019 ਦੇ ਵਿਸ਼ਵ ਏਡਜ਼ ਦਿਵਸ ਦਾ ਥੀਮ ਹੈ “ ਸਮਾਜ ਫ਼ਰਕ ਲਿਆਉਂਦਾ ਹੈ”(Communities make the difference)”

ਏਡਜ਼ (ਐਕੂਆਇਰਡ ਇਮਿਊਨੋ ਡੈਫੀਸੀਐਂਸੀ ਸਿੰਡ੍ਰੋਮ) ਐੱਚ.ਆਈ.ਵੀ. (ਹਿਊਮਨ ਇਮਿਊਨੋ ਡੈਫੀਸੀਐਂਸੀ ਵਾਇਰਸ) ਸੰਕ੍ਰਮਣ ਦੇ ਕਾਰਨ ਹੋਣ ਵਾਲੀ ਬਿਮਾਰੀ ਹੈ। ਇਹ ਵਾਇਰਸ ਵਿਅਕਤੀ ਦੀ ਪ੍ਰਤੀਰੋਧੀb ਭਾਵ ਰੋਗਾਂ ਨਾਲ ਲੜਨ ਦੀ ਸਮੱਰਥਾ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਅੱਗੇ ਚੱਲ ਕੇ ਏਡਜ਼ ਦਾ ਕਾਰਨ ਬਣਦਾ ਹੈ। ਪਰੰਤੂ ਇਹ ਜ਼ਰੂਰੀ ਨਹੀਂ ਕਿ ਐੱਚ.ਆਈ.ਵੀ. ਨਾਲ ਗ੍ਰਸਤ ਵਿਅਕਤੀ ਨੂੰ ਏਡਜ਼ ਹੋਵੇ। ਆਮ ਤੌਰ ਤੇ ਐੱਚ.ਆਈ.ਵੀ. ਗ੍ਰਸਤ ਵਿਅਕਤੀ ਵਿੱਚ 8 ਤੋਂ 10 ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਬਾਅਦ ਹੀ ਏਡਜ਼ ਹੋਣ ਦੇ ਲੱਛਣ ਦਿਖਣੇ ਸ਼ੁਰੂ ਹੁੰਦੇ ਹਨ। ਇਸ ਦੌਰਾਨ ਐੱਚ.ਆਈ.ਵੀ. ਪੀੜਤ ਵਿਅਕਤੀ ਸਿਹਤਮੰਦ ਨਜ਼ਰ ਆਉਂਦਾ ਹੈ। ਏਡਜ਼ ਇੱਕ ਅਵਸਥਾ ਹੈ। ਏਡਜ਼ ਪੀੜਤ ਦਾ ਵਜ਼ਨ ਅਚਾਨਕ ਘੱਟ ਹੋਣ ਲੱਗਦਾ ਹੈ, ਲੰਬੇ ਸਮੇਂ ਤੱਕ ਬੁਖਾਰ ਦੀ ਸ਼ਿਕਾਇਤ, ਚਮੜੀ ਦੇ ਗੁਲਾਬੀ ਰੰਗ ਦੇ ਧੱਬੇ, ਸਰੀਰ ਤੇ ਦਾਣੇ ਨਿਕਲ ਆਉਣਾ, ਯਾਦਦਾਸ਼ਤ ਕਮਜ਼ੋਰ ਹੋਣਾ, ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ ਅਤੇ ਨਾੜਾਂ ਵਿੱਚ ਸੋਜ ਆਦਿ ਵੀ ਹੋ ਸਕਦੀ ਹੈ।

ਏਡਜ਼ ਦੀ ਜਾਂਚ ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ, ਮੈਡੀਕਲ ਕਾਲਜਾਂ ਅਤੇ ਕੁੱਝ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਜਾਂਚ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ ਅਤੇ ਜਾਂਚ ਦੀ ਰਿਪੋਰਟ ਗੁਪਤ ਰੱਖੀ ਜਾਂਦੀ ਹੈ। ਅਸਲ ਵਿੱਚ ਇਸ ਬਿਮਾਰੀ ਦਾ ਅਜੇ ਤੱਕ ਕੋਈ ਵੀ ਸਫਲ ਇਲਾਜ ਤਾਂ ਭਾਵੇਂ ਕੋਈ ਨਹੀਂ ਲੱਭਿਆ ਜਾ ਸਕਿਆ ਪਰ ਕੁਝ ਦਵਾਈਆਂ ਅਤੇ ਸਾਵਧਾਨੀਆਂ ਨਾਲ ਮਰੀਜ਼ ਦੀ ਉਮਰ ਜਰੂਰ ਵਧਾਈ ਜਾ ਸਕਦੀ ਹੈ ।ਪੰਜਾਬ ਦੇ ਲੱਗਭੱਗ ਸਾਰੇ ਜਿਲਾ ਅਤੇ ਤਹਿਸੀਲ ਪੱਧਰ ਦੇ ਸਰਕਾਰੀ ਹਸਪਤਾਲਾਂ ਵਿੱਚ ਆਈ ਟੀ ਸੀ ਟੀ ਕੇਂਦਰ ਬਣਾਏ ਗਏ ਹਨ ਜਿਥੇ ਮਰੀਜ਼ ਉਪਚਾਰ ਸੰਬੰਧੀ ਸੇਵਾਵਾਂ ਲੈ ਸਕਦੇ ਹਨ।

ਏਡਜ਼ ਛੂਆ ਛੂਤ ਦੀ ਬਿਮਾਰੀ ਨਹੀਂ ਹੈ, ਨਾ ਹੀ ਇਹ ਕਿਸੇ ਨਾਲ ਉੱਠਣ ਬੈਠਣ ਨਾਲ ਫੈਲਦੀ ਹੈ ਨਾ ਹੀ ਇਹ ਹੱਥ ਮਿਲਾਉਣ ਨਾਲ। ਇਹ ਮੱਛਰ ਦੇ ਕੱਟਣ ਨਾਲ, ਗਲੇ ਮਿਲਣ ਜਾਂ ਖੰਗਣ ਆਦਿ ਨਾਲ ਵੀ ਨਹੀਂ ਫੈਲਦਾ। ਏਡਜ਼ ਐੱਚ.ਆਈ.ਵੀ. ਸੰਕ੍ਰਮਿਤ ਗਰਭਵਤੀ ਔਰਤ ਤੋਂ ਉਸਦੇ ਬੱਚੇ ਨੂੰ, ਕਿਸੇ ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸੰਬੰਧਾਂ ਨਾਲ, ਸੰਕ੍ਰਮਿਤ ਲਹੂ ਜਾਂ ਲਹੂ ਪਦਾਰਥ ਸਰੀਰ ਵਿੱਚ ਚੜਨ ਜਾਂ ਸੰਪਰਕ ਵਿੱਚ ਆਉਣ ਤੇ, ਸਰਿੰਜਾਂ ਅਤੇ ਸੂਈਆਂ ਦੀ ਸਾਂਝੀ ਵਰਤੋਂ ਕਰਨ ਆਦਿ ਨਾਲ ਵੀ ਹੋ ਸਕਦਾ ਹੈ। ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸੰਬੰਧ ਸਥਾਪਤ ਕਰਨਾ ਇਸਦੇ ਫੈਲਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਅਜਿਹੇ ਸੰਬੰਧ ਸਮਲੈਂਗਿਕ ਵੀ ਹੋ ਸਕਦੇ ਹਨ। ਯੋਗ ਡਾਕਟਰਾਂ ਦੀ ਦੇਖ ਰੇਖ ਹੇਠ ਐੱਚ.ਆਈ.ਵੀ. ਸੰਕ੍ਰਮਿਤ ਗਰਭਵਤੀ ਮਾਂ ਤੋਂ ਹੋਣ ਵਾਲੇ ਬੱਚੇ ਨੂੰ ਬਚਾਇਆ ਜਾ ਸਕਦਾ ਹੈ।
10 ਸਤੰਬਰ 2018 ਤੋਂ ਐੱਚ.ਆਈ.ਵੀ. ਅਤੇ ਏਡਜ਼ ਪੀੜਤਾਂ ਨਾਲ ਉਪਚਾਰ ਸੰਬੰਧੀ, ਰੁਜ਼ਗਾਰ ਅਤੇ ਕਾਰਜ ਸਥਾਨ ਆਦਿ ਤੇ ਕਿਸੇ ਤਰ੍ਹਾਂ ਦਾ ਭੇਦਭਾਵ, ਸ਼ੋਸ਼ਣ ਨਾ ਹੋਵੇ ਇਸ ਲਈ ਐਚ.ਆਈ.ਵੀ. ਅਤੇ ਏਡਜ਼ (ਰੋਕਥਾਮ ਅਤੇ ਨਿਯੰਤਰਣ) ਐਕਟ, 2017 ਲਾਗੂ ਹੋਇਆ ਹੈ ਜਿਸ ਵਿੱਚ ਦੋਸ਼ੀ ਨੂੰ ਸਜ਼ਾ ਅਤੇ ਜ਼ੁਰਮਾਨੇ ਆਦਿ ਦਾ ਪ੍ਰਾਵਧਾਨ ਹੈ।

ਐੱਚ.ਆਈ.ਵੀ. ਅਤੇ ਏਡਜ਼ ਦੇ ਸਫ਼ਲ ਇਲਾਜ ਲਈ ਵਿਗਿਆਨਕਾਂ ਦੁਆਰਾ ਨਿਰੰਤਰ ਖੋਜ ਕਾਰਜਾਂ ਦਾ ਕੰਮ ਚੱਲ ਰਿਹਾ ਹੈ ਜਿਸਦੇ ਭਵਿੱਖ ਵਿੱਚ ਚੰਗੇ ਸਿੱਟੇ ਪ੍ਰਾਪਤ ਹੋ ਸਕਦੇ ਹਨ ਪਰੰਤੂ ਵਰਤਮਾਨ ਸਮੇਂ ਵਿੱਚ ਲਾਜ਼ਮੀ ਤੌਰ ਤੇ ਪੀੜਤਾਂ ਨੂੰ ਕਿਸੇ ਦੇ ਰੂੜੀਵਾਦੀ ਕੀਤੇ ਜਾਂਦੇ ਦਾਅਵਿਆਂ, ਵਾਅਦਿਆਂ ਦੇ ਭੰਬਲਭੂਸੇ ਚ ਪੈ ਕੇ ਜਾਦੂ ਟੂਣਿਆਂ, ਬਾਬਿਆਂ, ਜੜੀ ਬੂਟੀਆਂ ਦੇ ਚੱਕਰਾਂ ‘ਚ ਪੈਣ ਦੀ ਬਜਾਇ ਏ.ਆਰ.ਟੀ. ਸੈਂਟਰਾਂ ਤੋਂ ਉਪਚਾਰ ਲੈਣਾ ਚਾਹੀਦਾ ਹੈ।

ਸਾਡੇ ਸਮਾਜ ਦਾ ਜ਼ਿਆਦਾਤਰ ਹਿੱਸਾ ਸੁਰੱਖਿਅਤ ਯੌਨ ਸੰਬੰਧਾਂ ਜਾਂ ਗੁਪਤ ਰੋਗਾਂ ਆਦਿ ਬਾਰੇ ਖੁੱਲ ਕੇ ਗੱਲ ਕਰਨ ਤੋਂ ਪਾਸਾ ਵੱਟਦਾ ਹੈ । ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਏਡਜ਼ ਦੇ ਰੋਗੀ ਨੂੰ ਬੜੀ ਸੰਕੀਰਣ ਸੋਚ ਨਾਲ ਵੇਖਿਆ ਜਾਂਦਾ ਹੈ ਅਤੇ ਪੀੜਤ ਵਿਅਕਤੀਆਂ ਤੇ ਬਹੁਤ ਤਰ੍ਹਾਂ ਦੇ ਸਮਾਜਿਕ ਦੂਸ਼ਣ ਜਾਂ ਕਲੰਕ ਲਾਏ ਜਾਂਦੇ ਹਨ ਜੋ ਕਿ ਮੰਦਭਾਗਾ ਹੈ । ਸਮੇਂ ਦੀ ਜ਼ਰੂਰਤ ਹੈ ਕਿ ਸੁਰੱਖਿਅਤ ਯੌਨ ਸੰਬੰਧਾਂ ਨੂੰ ਯਕੀਨੀ ਬਣਾਈਏ ਅਤੇ ਸੰਕ੍ਰਮਿਤ ਵਿਅਕਤੀਆਂ ਪ੍ਰਤੀ ਸਕਾਰਾਤਮਕਤਾ ਨਾਲ ਵਿਚਰੀਏ। ਹਰ ਸਾਲ ਦੀ ਤਰ੍ਹਾਂ ਇਸ ਸਾਲ ਇੱਕ ਦਸੰਬਰ 2019 ਨੂੰ ਵੀ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਿਲਾ ਅਤੇ ਤਹਿਸੀਲ ਪੱਧਰ ਦੇ ਏਡਜ਼ ਜਾਣਕਾਰੀ ਕੈਂਪ ਲਗਾਏ ਜਾਣਗੇ ਅਤੇ ਵਿਭਾਗ ਦੇ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਇਸ ਮੁਹਿੰਮ ਨੂੰ ਪਿੰਡ ਪੱਧਰ ਤੇ ਘਰ ਘਰ ਤੱਕ ਪਹੁੰਚਾਇਆ ਜਾਏਗਾ। ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਏਡਜ਼ ਬਾਰੇ ਪੂਰਨ ਜਾਣਕਾਰੀ ਹੋਣਾ ਹੀ ਇਸ ਤੋਂ ਬਚਣ ਦਾ ਸਹੀ ਤਰੀਕਾ ਹੈ ਅਤੇ ਇਹੀ ਇਲਾਜ ਹੈ।

ਜਗਤਾਰ ਸਿੰਘ ਸਿੱਧੂ
ਪਿੰਡ ਰੁਲਦੂ ਸਿੰਘ ਵਾਲਾ
ਤਹਿਸੀਲ ਧੂਰੀ (ਸੰਗਰੂਰ)
9814107374

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: