ਏਡਿਡ ਕਾਲਜਾਂ ਦੇ ਪ੍ਰੋਫੈਸਰਾਂ ਵੱਲੋਂ 27 ਜੂਨ ਦਾ ਧਰਨਾ ਸਰਕਾਰ ਦੇ ਭਰੋਸੇ ਤੋਂ ਬਾਅਦ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਫੈਸਲਾ

ss1

ਏਡਿਡ ਕਾਲਜਾਂ ਦੇ ਪ੍ਰੋਫੈਸਰਾਂ ਵੱਲੋਂ 27 ਜੂਨ ਦਾ ਧਰਨਾ ਸਰਕਾਰ ਦੇ ਭਰੋਸੇ ਤੋਂ ਬਾਅਦ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਫੈਸਲਾ

ਚੰਡੀਗੜ੍ਹ, 26 ਜੂਨ : ਏਡਿਡ ਪ੍ਰਾਈਵੇਟ ਕਾਲਜਾਂ ਦੇ 1925 ਅਸਿਸਟੈਂਟ ਪ੍ਰੋਫੈਸਰਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਸੰਬੰਧੀ ਸਰਕਾਰ ਦੇ ਢਿੱਲੇ ਮੱਠੇ ਰਵੱਈਏ ਵਿਰੁੱਧ ਅੱਜ ਇੱਥੇ ਡੀ.ਪੀ.ਆਈ. ਦਫ਼ਤਰ ਮੂਹਰੇ ਲਾਇਅ ਜਾਣ ਵਾਲਾ ਧਰਨਾ ਸਰਕਾਰ ਵੱਲੋਂ ਦਿੱਤੇ ਲਿਖਤੀ ਭਰੋਸੇ ਤੋਂ ਬਾਅਦ ਫਿਲਹਾਲ ਮੁਲਤਵੀ ਕੀਤਾ ਗਿਆ ਹੈ।

ਜਥੇਬੰਦੀ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਚੇਰੀ ਸਿੱਖਿਆ ਵਿਭਾਗ ਨੇ 30 ਜੂਨ ਨੂੰ ਮੁੱਢਲੇ ਤਿੰਨ ਸਾਲ ਦਾ ਕੰਟਰੈਕਟ ਪੀਰੀਅਡ ਮੁਕੰਮਲ ਕਰਨ ਜਾ ਰਹੇ ਅਸਿਸਟੈਂਟ ਪ੍ਰੋਫੈਸਰਾਂ ਸੰਬੰਧੀ ਕਾਲਜਾਂ ਨੂੰ ਅਗਲੇ ਦੋ ਮਹੀਨਿਆਂ ਤੱਕ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦਾ ਪੱਤਰ ਜਾਰੀ ਕਰਕੇ ਫੌਰੀ ਰਾਹਤ ਤਾਂ ਜ਼ਰੂਰ ਦੇ ਦਿੱਤੀ ਹੈ, ਪਰ ਸਰਕਾਰ ਨੂੰ ਅਜਿਹੀਆਂ ਡੰਗ ਟਪਾਊ ਨੀਤੀਆਂ ਦੀ ਥਾਂ ਰੈਗੂਲਰਾਈਜੇਸ਼ਨ ਦੀ ਪੱਕੀ ਨੀਤੀ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਕਤ ਅਧਿਆਪਕਾਂ ਦੀ ਨਿਯੁਕਤੀ ਦੇ ਤਿੰਨ ਸਾਲ ਬੀਤ ਜਾਣ ’ਤੇ ਉਨ੍ਹਾਂ ਨੂੰ ਰੈਗੂਲਰ ਕਰਨ ਸੰਬੰਧੀ ਕੋਈ ਠੋਸ ਨੀਤੀ ਤਿਆਰ ਨਾ ਕਰਨਾ ਸਰਕਾਰੀ ਤੰਤਰ ਦੀ ਵੱਡੀ ਨਾਕਾਮੀ ਹੈ। ਬੁਲਾਰੇ ਨੇ ਸਰਕਾਰ ਵੱਲੋਂ ਆਉਣ ਵਾਲੇ ਦੋ ਮਹੀਨਿਆਂ ’ਚ ਕੋਈ ਠੋਸ ਨੀਤੀ ਤਿਆਰ ਕਰਨ ਦੇ ਲਏ ਫੈਸਲੇ ਦਾ ਸਵਾਗਤ ਕਰਦੇ ਹੋਏ ਆਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਸਾਡੇ ਨਾਲ ਪਹਿਲੇ ਤਿੰਨ ਸਾਲਾਂ ਵਾਗੂੰ ਵਾਅਦਾ ਖ਼ਿਲਾਫ਼ੀ ਨਹੀਂ ਕਰੇਗੀ ਅਤੇ ਦੋ ਮਹੀਨਿਆਂ ਦੇ ਅੰਦਰ-ਅੰਦਰ ਰੈਗੂਲਰਾਈਜੇਸ਼ਨ ਦੀ ਪਾਲਿਸੀ ਲਾਗੂ ਕਰੇਗੀ।

ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਸਾਨੂੰ ਅਗਲੇ ਇੱਕ ਮਹੀਨੇ ਤੱਕ ਸਰਕਾਰ ਦੀਆਂ ਕੋਸ਼ਿਸ਼ਾਂ ’ਚ ਕਿਸੇ ਕਿਸਮ ਦੀ ਕਮੀ ਨਜ਼ਰ ਆਈ ਜਾਂ ਸਰਕਾਰ ਨੇ ਇਸ ਸੰਬੰਧੀ ਕੋਈ ਨੀਤੀਗਤ ਫੈਸਲਾ ਨਾ ਕੀਤਾ ਤਾਂ ਇਹ ਧਰਨਾ ਜੋ ਅੱਜ ਅਸੀਂ ਮੁਲਤਵੀ ਕਰ ਰਹੇ ਹਾਂ ਅਗਲੇ ਮਹੀਨੇ ਤੋਂ ਪੱਕੇ ਤੌਰ ’ਤੇ ਡੀ.ਪੀ.ਆਈ. ਦਫ਼ਤਰ ਦੇ ਮੂਹਰੇ ਲਗਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੈੱਟ ਪੀ. ਐੱਚ.ਡੀ. ਜਿਹੀਆਂ ਉੱਚ ਯੋਗਤਾਵਾਂ ਹਾਸਲ ਅਧਿਆਪਕਾਂ ਦੇ ਸ਼ੋਸ਼ਣ ਵਾਲੀਆਂ ਨੀਤੀਆਂ ਨੂੰ ਤਿਆਗ ਕੇ ਸੂਬੇ ਦੇ ਨੌਜਵਾਨ ਪੀੜ੍ਹੀ ਦੇ ਭਵਿੱਖ ਬਾਰੇ ਸੰਜੀਦਾ ਹੋਣ ਦੀ ਲੋੜ ਹੈ।

Share Button

Leave a Reply

Your email address will not be published. Required fields are marked *