ਏਅਰ ਕੈਨੇਡਾ ਵਲੋਂ 25 ਪ੍ਰਤੀਸ਼ਤ ਕਰਮਚਾਰੀਆਂ ਦੀ ਛੁੱਟੀ

ਏਅਰ ਕੈਨੇਡਾ ਵਲੋਂ 25 ਪ੍ਰਤੀਸ਼ਤ ਕਰਮਚਾਰੀਆਂ ਦੀ ਛੁੱਟੀ
ਸਰੀ, 16 ਜਨਵਰੀ 2021-ਕੈਨੇਡਾ ਦੀ ਸਭ ਤੋਂ ਵੱਡੀ ਹਵਾਈ ਕੰਪਨੀ ‘ਏਅਰ ਕੈਨੇਡਾ’ ਵਲੋਂ ਆਪਣੇ 25 ਪ੍ਰਤੀਸ਼ਤ ਕਰਮਚਾਰੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ ਜਿਸ ਨਾਲ 1,700 ਨੌਕਰੀਆਂ ਪ੍ਰਭਾਵਿਤ ਹੋਣਗੀਆਂ। ਇਹ ਪ੍ਰਗਟਾਵਾ ਕਰਦਿਆਂ ਕੰਪਨੀ ਦੇ ਕਾਰਜਕਾਰੀ ਡਿਪਟੀ ਚੀਫ ਲੂਸੀ ਗਿਲੇਮੇਟ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਹਵਾਈ ਸਫਰ ਕਰਨ ਵਾਲਿਆਂ ਦੀ ਗਿਣਤੀ ਘਟ ਗਈ ਹੈ ਅਤੇ ਏਸੇ ਕਰਕੇ ਕੰਪਨੀ ਨੂੰ ਮਜ਼ਬੂਰਨ ਅਜਿਹਾ ਕਰਨਾ ਪੈ ਰਿਹਾ ਹੈ। ਇਸ ਫੈਸਲੇ ਨਾਲ ਐਕਸਪ੍ਰੈਸ ਕੈਰੀਅਰਜ਼ ਵਿਚ ਕੰਮ ਕਰਦੇ 200 ਤੋਂ ਵੱਧ ਕਾਮੇ ਵੀ ਪ੍ਰਭਾਵਿਤ ਹੋਣਗੇ।
ਏਅਰ ਕੈਨੇਡਾ ਦੇ ਅਧਿਕਾਰੀ ਨੇ ਕਿਹਾ ਕਿ ਕੰਪਨੀ ਦੀ ਸਮਰੱਥਾ ਵਿਚ 25 ਫੀਸਦੀ ਕਟੌਤੀ ਕਰਨ ਦਾ ਫ਼ੈਸਲਾ ਕੁਝ ਸੂਬਿਆਂ ਵੱਲੋਂ ਕੀਤੀ ਤਾਲਾਬੰਦੀ ਅਤੇ ਯਾਤਰਾ ਪਾਬੰਦੀਆਂ ਕਾਰਨ ਲੈਣਾ ਪਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਏਅਰ ਕੈਨੇਡਾ ਵੱਲੋਂ ਕਈ ਮਾਰਗਾਂ ‘ਤੇ ਉਡਾਣਾਂ ਦੀ ਗਿਣਤੀ ਘਟਾਈ ਗਈ ਹੈ ਅਤੇ ਕੁਝ ਉਡਾਣਾਂ ਨੂੰ ਮੁਲਤਵੀ ਕੀਤਾ ਗਿਆ ਹੈ।