ਉੱਭਰਦਾ ਬਠਿੰਡਾ ਬੈਨਰ ਹੇਠ ਤਲਵੰਡੀ ਸਾਬੋ ਪੁਲਿਸ ਨੇ ਨਸ਼ਿਆਂ ਤੋਂ ਬਚਣ ਦੀ ਦਿੱਤੀ ਸਲਾਹ

ss1

ਨੂੰਹੇ ਨੀਂ ਤੂੰ ਕੰਨ ਕਰ ਧੀਏ ਨੀਂ ਤੂੰ ਗੱਲ ਕਰ
ਉੱਭਰਦਾ ਬਠਿੰਡਾ ਬੈਨਰ ਹੇਠ ਤਲਵੰਡੀ ਸਾਬੋ ਪੁਲਿਸ ਨੇ ਨਸ਼ਿਆਂ ਤੋਂ ਬਚਣ ਦੀ ਦਿੱਤੀ ਸਲਾਹ

9-2
ਤਲਵੰਡੀ ਸਾਬੋ, 8 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਦੀ ਮਸ਼ਹੂਰ ਕਹਾਵਤ “ਨੂੰਹੇ ਨੀਂ ਤੂੰ ਕੰਨ ਕਰ ਧੀਏ ਨੀਂ ਤੂੰ ਗੱਲ ਕਰ” ‘ਤੇ ਅਮਲ ਕਰਦਿਆਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕਸਣ ਦੀ ਥਾਂ ਲੋਕਾਂ ਨੂੰ ਅਕਲ ਸਿਖਾਉਣ ਲਈ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਅੱਜ ਸਥਨਕ ਗੁਰੂ ਕਾਸ਼ੀ ਕਾਲਜ ਦੇ ਖੇਡ ਸਟੇਡੀਅਮ ਵਿੱਚ ਡੀਐਸਪੀ ਤਲਵੰਡੀ ਸਾਬੋ ਵੱਲੋਂ ਉੱਭਰਦਾ ਬਠਿੰਡਾ ਬੈਨਰ ਹੇਠ ਖਿਡਾਰੀਆਂ ਨੂੰ ਨਸ਼ਿਆਂ ਤੋਂ ਸੁਚੇਤ ਰਹਿਣ ਲਈ ਇੱਕ ਕੈਂਪ ਲਗਾਇਆ ਗਿਆ।
ਇਸ ਕੈਂਪ ਦੌਰਾਨ ਖੇਡ ਸਟੇਡੀਅਮ ਵਿੱਚ ਵਰਜਿਸ਼ ਕਰ ਰਹੇ ਸਾਰੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸ. ਪ੍ਰਲਾਦ ਸਿੰਘ ਅਠਵਾਲ ਡੀਐਸਪੀ ਤਲਵੰਡੀ ਸਾਬੋ ਨੇ ਕਿਹਾ ਕਿ ਸਾਨੂੰ ਇਸ ਗੱਲ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਚੰਗੀ ਤਰ੍ਹਾਂ ਜਾਣੂੰ ਹੋਵੇ ਤਾਂ ਜੋ ਨਸ਼ਿਆਂ ਦੀ ਵਰਤੋਂ ਤੇ ਰੋਕ ਲਗਾਈ ਜਾ ਸਕੇ। ਇਸ ਤਰ੍ਹਾਂ ਕਰਨ ਨਾਲ ਜਦੋਂ ਨਸ਼ੇ ਦੀ ਵਰਤੋਂ ਕਰਨ ਵਾਲਾ ਹੀ ਕੋਈ ਨਹੀਂ ਹੋਵੇਗਾ ਤਾਂ ਵੇਚਣ ਵਾਲਾ ਆਪਣਾ ਨਸ਼ਾ ਕਿਤੇ ਨਹੀਂ ਵੇਚ ਸਕੇਗਾ ਅਤੇ ਅਸੀਂ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨ ਦਾ ਆਪਣਾ ਸੁਪਨਾ ਸੌਖੇ ਢੰਗ ਨਾਲ ਹੀ ਸਾਕਾਰ ਕਰ ਲਵਾਂਗੇ। ਖਿਡਾਰੀਆਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਹੋਰ ਕਿਹਾ ਕਿ ਇੱਕ ਵਾਰ ਨਸ਼ਾ ਕਰਨ ਨਾਲ ਭਾਵੇਂ ਇੱਕ ਵਾਰੀ ਸਰੀਰ ਨੂੰ ਵਕਤੀ ਤੌਰ ‘ਤੇ ਰਾਹਤ ਮਹਿਸੂਸ ਹੁੰਦੀ ਹੈ ਪ੍ਰੰਤੂ ਹੌਲੀ-ਹੌਲੀ ਵਿਅਕਤੀ ਨਸ਼ੇ ਦਾ ਆਦੀ ਹੋ ਕੇ ਆਪਣੀ ਸਿਹਤ ਤਾਂ ਖਰਾਬ ਕਰ ਹੀ ਲੈਂਦਾ ਹੈ ਸਗੋਂ ਨਾਲ ਹੀ ਉਹ ਸਮਾਜ ਵਿੱਚ ਵੀ ਆਪਣੀ ਇੱਜਤ ਖਰਾਬ ਕਰ ਬੈਠਦਾ ਹੈ।
ਉਨ੍ਹਾਂ ਹੋਰ ਕਿਹਾ ਕਿ ਜਦੋਂ ਨਸ਼ੇ ਦੇ ਆਦੀ ਵਿਅਕਤੀ ਨੂੰ ਆਪਣਾ ਨਸ਼ਾ ਪੂਰਾ ਕਰਨ ਲਈ ਕਿਸੇ ਪਾਸਿਓਂ ਪੈਸਿਆਂ ਦਾ ਪ੍ਰਬੰਧ ਨਜ਼ਰ ਨਹੀਂ ਆਉਂਦਾ ਤਾਂ ਉਹ ਚੋਰੀ, ਡਕੈਤੀ ਅਤੇ ਹੋਰ ਕਈ ਕਿਸਮ ਦੇ ਸਮਾਜ ਅਤੇ ਕਾਨੂੰਨ ਵਿਰੋਧੀ ਕੰਮ ਕਰ ਬੈਠਦਾ ਹੈ ਜਿਸ ਨਾਲ ਸਮਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਖੋਰਾ ਲਗਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡਾ ਸਾਰਿਆਂ ਦਾ ਇਹ ਸਾਂਝਾ ਫਰਜ਼ ਬਣਦਾ ਹੈ ਕਿ ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ ਉਸ ਸਮਾਜ ਨੂੰ ਸਾਰੀਆਂ ਹੀ ਸਮਾਜਿਕ ਬੁਰਾਈਆਂ ਤੋਂ ਬਚਾ ਕੇ ਰੱਖੀਏ।
ਇਸ ਮੌਕੇ ਨੌਜਵਾਨ ਖਿਡਾਰੀਆਂ ਨੂੰ ਸਾਂਝ ਕੇਂਦਰ ਦੇ ਏਐਸਆਈ ਸ. ਹਾਕਮ ਸਿੰਘ ਨੇ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਪਾਸਪੋਰਟ, ਅਸਲਾ ਲਾਈਸੈਂਸ ਅਤੇ ਹੋਰ ਡਾਕੂਮੈਂਟਾਂ ਸੰਬੰਧੀ ਪੁਲਿਸ ਸਾਂਝ ਕੇਂਦਰ ਵਿੱਚ ਭਰਵਾਈਆਂ ਜਾਂਦੀਆਂ ਫੀਸਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਮੁਲਾਜ਼ਮ ਇਸ ਤੋਂ ਜ਼ਿਆਦਾ ਪੈਸੇ ਮੰਗਦਾ ਹੈ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।
ਇਸ ਕੈਂਪ ਵਿੱਚ ਬਲਵੀਰ ਸਿੰਘ ਬੌਕਸਿੰਗ ਕੋਚ, ਪ੍ਰੋ. ਗੁਰਦੀਪ ਸਿੰਘ, ਜਗਦੀਸ਼ ਸਿੰਘ ਸੱਗੂ ਸਪੋਰਟਸ ਇੰਚਾਰਜ, ਰੁਪਿੰਦਰ ਸਿੰਘ ਇੰਸਪੈਕਟਰ ਫੂਡ ਸਪਲਾਈ, ਰਾਕੇਸ਼ ਕੁਮਾਰ ਐਥਲੈਟਿਕਸ ਕੋਚ ਅਤੇ ਪ੍ਰੋ. ਅਜੈਬ ਸਿੰਘ ਐਥਲੈਟਿਕਸ ਕੋਚ ਆਦਿ ਨੇ ਹਾਜ਼ਰੀ ਭਰੀ।

Share Button

Leave a Reply

Your email address will not be published. Required fields are marked *