ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਦੇ ਦੂਜੇ ਪੜਾਅ ਦੀ ਬਰਨਾਲਾ ਤੋਂ ਸ਼ੁਰੂਆਤ

ss1

ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਦੇ ਦੂਜੇ ਪੜਾਅ ਦੀ ਬਰਨਾਲਾ ਤੋਂ ਸ਼ੁਰੂਆਤ
ਪੰਜਾਬ ਭਰ ਵਿਚੋਂ 80 ਬੱਸਾਂ ਵੱਖ-ਵੱਖ ਧਾਰਮਿਕ ਸਥਾਨਾਂ ਲਈ ਹੋਈਆਂ ਰਵਾਨਾ, ਮੁਫਤ ਯਾਤਰਾ ਤਹਿਤ ਹਰ ਮਹੀਨੇ ਚੱਲਣਗੀਆਂ ਬੱਸਾਂ
ਸੁਖਬੀਰ ਸਿੰਘ ਬਾਦਲ ਵੱਲੋਂ ਬਰਨਾਲਾ ਹਲਕੇ ਦੀ ਕਾਇਆ-ਕਲਪ ਲਈ 11.88 ਕਰੋੜ ਰੁਪਏ ਦੇ ਦਰਜਨਾਂ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦੇਣ ਦਾ ਸੱਦਾ

19-4 (1) 19-4 (2)

ਮਹਿਲ ਕਲਾਂ, 19 ਅਗਸਤ (ਗੁਰਭਿੰਦਰ ਗੁਰੀ): ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਾਮਯਾਬੀ ਨਾਲ ਚੱਲ ਰਹੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਵਿਚ ਹੋਰ ਵਾਧਾ ਕਰਦਿਆਂ ਅੱਜ ਬਰਨਾਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ 5 ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 80 ਬੱਸਾਂ ਨੂੰ ਧਾਰਮਿਕ ਅਸਥਾਨਾਂ ਲਈ ਰਵਾਨਾ ਕੀਤਾ ਗਿਆ। ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਹਰ ਮਹੀਨੇ 80 ਬੱਸਾਂ ਸਾਰੇ ਪੰਜਾਬ ਵਿਚੋਂ ਚੱਲਿਆ ਕਰਨਗੀਆਂ ਜਿਸ ਤਹਿਤ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਵਿਰਾਸਤ-ਏ-ਖਾਲਸਾ, ਸ੍ਰੀ ਸਾਲਾਸਰ ਬਾਲਾਜੀ ਧਾਮ ਅਤੇ ਮਾਤਾ ਚਿੰਤਪੂਰਨੀ ਦੀ ਮੁਫਤ ਯਾਤਰਾ ਕਰਵਾਈ ਜਾਇਆ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਰੇਲ ਗੱਡੀ ਰਾਹੀਂ ਸ੍ਰੀ ਹਜ਼ੂਰ ਸਾਹਿਬ ਦੀ ਮੁਫਤ ਯਾਤਰਾ ਦਾ ਵੱਡੀ ਗਿਣਤੀ ਵਿਚ ਸ਼ਰਧਾਲੂ ਲਾਹਾ ਲੈ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਅਜਮੇਰ ਸ਼ਰੀਫ ਅਤੇ ਵਾਰਾਣਸੀ ਵਿਖੇ ਧਾਰਮਿਕ ਅਸਥਾਨਾਂ ਦੇ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ ਅਤੇ ਹੁਣ ਦੂਜੇ ਪੜਾਅ ਤਹਿਤ ਬੱਸਾਂ ਰਾਹੀਂ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਵਿਰਾਸਤ-ਏ-ਖਾਲਸਾ, ਸ੍ਰੀ ਸਾਲਾਸਰ ਬਾਲਾਜੀ ਧਾਮ ਅਤੇ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਤੀਰਥ ਦਰਸ਼ਨ ਯਾਤਰਾ ਸਕੀਮ ਬਾਰੇ ਸਾਰੇ ਪੰਜਾਬ ਵਿਚੋਂ ਬਹੁਤ ਚੰਗੇ ਨਤੀਜੇ ਮਿਲ ਰਹੇ ਹਨ ਅਤੇ ਲੋਕਾਂ ਦੀ ਫੀਡਬੈਕ ਤੋਂ ਪਤਾ ਚੱਲ ਰਿਹਾ ਹੈ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀ ਇਸ ਸਕੀਮ ਤੋਂ ਲੋਕ ਕਾਫੀ ਖੁਸ਼ ਹਨ।
ਇਸ ਤੋਂ ਬਾਅਦ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਹਲਕੇ ਵਿਚ 11.88 ਕਰੋੜ ਰੁਪਏ ਦੀ ਲਾਗਤ ਨਾਲ ਅੱਧੀ ਦਰਜਨ ਤੋਂ ਜ਼ਿਆਦਾ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਵੱਖ-ਵੱਖ ਸੰਗਤ ਦਰਸ਼ਨ ਸਮਾਗਮਾਂ ਵਿਚ ਬਰਨਾਲਾ ਸ਼ਹਿਰ ਦੇ ਸਾਰੇ 31 ਵਾਰਡਾਂ ਨੂੰ ਵਿਕਾਸ ਗ੍ਰਾਂਟਾਂ ਤਕਸੀਮ ਕੀਤੀਆਂ। ਸ. ਬਾਦਲ ਨੇ ਕੋਠੇ ਦੁੱਲਟ, ਕੋਠੇ ਗੁਰੂਸਰ, ਗੰਜਾ ਧਨੌਲਾ, ਕੋਠੇ ਸਰਾਵਾਂ, ਕੋਠੇ ਚੂੰਘਾ, ਕੋਠੇ ਮਹਿਤਾ, ਕੋਠੇ ਵੜੈਚ ਅਤੇ ਕੋਠੇ ਬੀਕਾ ਸੂਚ ਪੱਤੀ ਵਿਖੇ ਖੜਵੰਜਿਆ ਅਤੇ ਨਵੀਆਂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਉੱਪ ਮੁੱਖ ਮੰਤਰੀ ਨੇ ਹੰਢਿਆਇਆ ਵਿਖੇ ਸੀਵਰੇਜ ਅਤੇ ਸਾਫ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ।
ਪੱਤਰਕਾਰਾਂ ਵੱਲੋਂ ਗ੍ਰਾਂਟਾਂ ਵੰਡਣ ਸਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਗਤ ਦਰਸ਼ਨ ਦੌਰਾਨ ਸਾਰੀਆਂ ਪੰਚਾਇਤਾਂ ਅਤੇ ਵਾਰਡ-ਵਾਸੀਆਂ ਨੂੰ ਬਿਨਾਂ ਭੇਦਭਾਵ ਦੇ ਉਨ੍ਹਾਂ ਦੀਆਂ ਜ਼ਰੂਰਤਾਂ ਤੇ ਮੰਗ ਮੁਤਾਬਕ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ ਅਤੇ ਗ੍ਰਾਂਟਾਂ ਵੰਡਣ ਵਿਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਚਹੁੰਮੁਖੀ ਵਿਕਾਸ ਨੂੰ ਪਹਿਲ ਦਿੱਤੀ ਜਾਂਦੀ ਹੈ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦੇਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ 9 ਸਾਲਾਂ ਵਿਚ ਰਿਕਾਰਡ ਵਿਕਾਸ ਕਰਵਾਇਆ ਹੈ ਅਤੇ ਹਰ ਖੇਤਰ ਦੀ ਉੱਨਤੀ ਦੇ ਨਾਲ-ਨਾਲ ਭਲਾਈ ਸਕੀਮਾਂ ਜਿਵੇਂ ਕਿ ਸ਼ਗਨ ਸਕੀਮ, ਪੈਨਸ਼ਨ ਸਕੀਮ, ਆਟਾ-ਦਾਲ ਸਕੀਮ, ਸਕੂਲੀ ਲੜਕੀਆਂ ਲਈ ਮੁਫਤ ਸਾਈਕਲ, ਮੁਫਤ ਸਿਹਤ ਬੀਮਾ ਯੋਜਨਾ, ਕਿਸਾਨਾਂ ਨੂੰ ਮੁਫਤ ਬਿਜਲੀ, ਐਸ.ਸੀ-ਬੀ.ਸੀ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ, ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ, ਸਕਿੱਲ ਸੈਂਟਰਾਂ ਦੀ ਸਥਾਪਤੀ, ਨੌਜਵਾਨਾਂ ਨੂੰ ਖੇਡ ਕਿੱਟਾਂ ਅਤੇ ਜਿੰਮਾਂ ਦੀ ਵੰਡ, 160 ਸ਼ਹਿਰਾਂ ਵਿਚ ਸੀਵਰੇਜ ਅਤੇ ਪੀਣ ਵਾਲੇ ਸਾਫ ਪਾਣੀ, ਪਿੰਡਾਂ ਵਿਚ ਧਰਮਸ਼ਾਲਾਵਾਂ ਬਣਾਉਣ ਤੋਂ ਇਲਾਵਾ ਵਾਧੂ ਬਿਜਲੀ ਅਤੇ ਸੜਕੀ ਨੈੱਟਵਰਕ ਵਿਚ ਪੰਜਾਬ ਨੂੰ ਮੋਹਰੀ ਸੂਬਾ ਬਣਾਇਆ ਹੈ। ਉਨ੍ਹਾਂ ਅਪੀਲ ਕਰਦਿਆ ਕਿਹਾ ਕਿ ਪੰਜਾਬ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਤੀਜੀ ਵਾਰ ਵੀ ਅਕਾਲੀ-ਭਾਜਪਾ ਗੱਠਜੋੜ ਨੂੰ ਜਿਤਾਇਆ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਉੱਪ ਚੇਅਰਮੈਨ ਪੰਜਾਬ ਰਾਜ ਯੋਜਨਾ ਬੋਰਡ ਰਜਿੰਦਰ ਗੁਪਤਾ, , ਅਜੀਤ ਸਿੰਘ ਸ਼ਾਂਤ, ਪੀਆਰਟੀਸੀ ਦੇ ਉਪ ਚੇਅਰਮੈਨ ਵਿਨਰਜੀਤ ਗੋਲਡੀ, ਪੇਡਾ ਦੇ ਉਪ ਚੇਅਰਮੈਨ ਕੁਲਵੰਤ ਸਿੰਘ ਕੀਤੂ, ਡੀਆਈਜੀ ਬਲਕਾਰ ਸਿੰਘ, ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਰਾਏ, ਐਸਐਸਪੀ ਗੁਰਪ੍ਰੀਤ ਸਿੰਘ ਤੂਰ, ਐਮ.ਐਲ.ਏ. ਸੰਤ ਬਲਬੀਰ ਸਿੰਘ ਘੁੰਨਸ, ਗੁਰਪ੍ਰੀਤ ਸਿੰਘ ਬਣਾਂਵਾਲੀ ਜ਼ਿਲ੍ਹਾ ਕੋਆਰਡੀਨੇਟਰ, ਰੁਪਿੰਦਰ ਸਿੰਘ ਸੰਧੂ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸੰਜੀਵ ਸ਼ੌਰੀ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸਹਿਰੀ, ਪਰਮਜੀਤ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਦਿਹਾਤੀ, ਬਾਬਾ ਟੇਕ ਸਿੰਘ ਧਨੌਲਾ, ਭੋਲਾ ਸਿੰਘ ਵਿਰਕ, ਰਾਜੀਵ ਲੂਬੀ, ਇੰਜ. ਗੁਰਜਿੰਦਰ ਸਿੰਘ ਸਿੱਧੂ, ਰਮਿੰਦਰ ਸਿੰਘ ਰੰਮੀ ਢਿੱਲੋ, ਜਤਿੰਦਰ ਜਿੰਮੀ, ਮੱਖਣ ਸਿੰਘ ਧਨੋਲਾ, ਗੁਰਜਿੰਦਰ ਗਿੰਦੀ, ਮਨੂੰ ਜਿੰਦਲ, ਰਾਜੀਵ ਕੁਮਾਰ ਰਿੰਪਾ, ਹਰਪਾਲ ਇੰਦਰ ਰਾਹੀ, ਜਰਨੈਲ ਸਿੰਘ ਭੋਤਨਾ, ਬੀਰ ਇੰਦਰ ਜੈਲਦਾਰ, ਪਰਮਜੀਤ ਸਿੰਘ ਢਿੱਲੋਂ, ਬੌਬੀ ਬਾਂਸਲ, ਨਿਰਮਲ ਖੁੱਡੀ,ਮੱਖਣ ਸਿੰਘ ਮਹਿਰਮੀਆਂ, ਗੁਰਮੀਤ ਬਾਵਾ ਜ਼ਿਲ੍ਹਾ ਪ੍ਰਧਾਨ ਭਾਜਪਾ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *