Wed. Nov 13th, 2019

ਉਮੀਦਵਾਰ ਆਪ ਦਸੇ ਉਹ ਚੋਣਾਂ ਕਿਉਂ ਲੜ ਰਿਹਾ ਹੈ

ਉਮੀਦਵਾਰ ਆਪ ਦਸੇ ਉਹ ਚੋਣਾਂ ਕਿਉਂ ਲੜ ਰਿਹਾ ਹੈ

ਦਲੀਪ ਸਿੰਘ ਵਾਸਨ, ਐਡਵੋਕੇਟ

ਸਾਡੇ ਮੁਲਕ ਵਿੱਚ ਜਿਹੜਾ ਵੀ ਪਰਜਾਤੰਤਰ ਆਇਆ ਹੈ ਉਸ ਬਾਰੇ ਇਹ ਆਖਿਆ ਜਾਂਦਾ ਹੈ ਕਿ ਇਹ ਲੋਕਾਂ ਦਾ ਰਾਜ ਹੈ। ਇਹ ਵੀ ਆਖ ਦਿੱਤਾ ਗਿਆ ਹੈ ਕਿ ਇਸ ਮੁਲਕ ਦੇ ਅਸਲ ਮਾਲਕ ਲੋਕੀਂ ਹਨ ਅਤੇ ਇਹ ਸਾਰੇ ਵਿਧਾਇਕ, ਚਾਹੇ ਉਸਦਾ ਦਰਜਾ ਕੋਈ ਵੀ ਬਣ ਜਾਵੇ, ਇਹ ਸਾਰੇ ਲੋਕ ਸੇਵਕ ਹਨ। ਇਸ ਲਈ ਜਿਹੜਾ ਵੀ ਆਦਮੀ ਰਾਜਸੀ ਖੇਤਰ ਵਿੱਚ ਦਾਖਲ ਹੋ ਗਿਆ ਹੈ ਅਤੇ ਕਿਸੇ ਤਰ੍ਹਾਂ ਉਸਨੇ ਕਿਸੇ ਰਾਜਸੀ ਪਾਰਟੀ ਦੀ ਟਿਕਟ ਲੈ ਲਈ ਹੈ ਜਾਂ ਉਹ ਆਜ਼ਾਦ ਉਮੀਦਵਾਰ ਬਣਕੇ ਸਾਡੇ ਸਾਹਮਣੇ ਆ ਖਲੌਤਾ ਹੈ, ਉਹ ਸਾਨੂੰ ਲਿਖਤੀ ਰੂਪ ਵਿੱਚ ਅਰਥਾਤ ਹਲਫਨਾਮਾ ਲਿਖਕੇ ਦੇਵੇ ਕਿ ਅਗਰ ਉਹ ਚੁਣਿਆ ਜਾਂਦਾ ਹੈ ਤਾਂ ਉਹ ਇਹ ਇਹ ਕੰਮ ਕਰੇਗਾ। ਇਹ ਵੀ ਦਸੇ ਕਿ ਉਹ ਦਸਿਆ ਗਿਆ ਕੰਮ ਕਰਨ ਦੀ ਵਿਦਿਆ, ਸਿਖਲਾਈ, ਤਜਰਬਾ ਅਤੇ ਮੁਹਾਰਤ ਰਖਦਾ ਹੈ। ਅਜਪਣੀ ਸਾਰੀ ਦੀ ਸਾਰੀ ਬਣਾਈ ਸਕੀਮ ਵੀ ਲੋਕਾਂ ਸਾਹਮਣੇ ਰਖੇ ਅਤੇ ਮੋਕਾ ਵੀ ਦੇਵੇ ਕਿ ਲੋਕੀਂ ਉਸ ਦੇ ਆਖੇ ਉਤੇ ਵਿਚਾਰ ਕਰ ਸਕਣ ਅਤੇ ਆਪ ਅੰਦਾਜ਼ਾ ਵੀ ਲਗਾ ਸਕਣ ਕਿ ਇਹ ਦਸੀ ਗਈ ਸਕੀਮ ਵਾਜਬ ਵੀ ਹੈ, ਸਾਡਾ ਕੁਝ ਭਲਾ ਵੀ ਕਰਦੀ ਹੈ, ਕੀਤੀ ਵੀ ਜਾ ਸਕਦੀ ਹੈ ਜਾਂ ਅਨਹੋਣੀ ਜਿਹੀ ਗਲ ਹੈ। ਅਗਰ ਕਿਸੇ ਆਦਮੀ ਪਾਸ ਐਸੀ ਕੋਈ ਵੀ ਸਕੀਮ ਨਹੀਂ ਹੈ ਅਤੇ ਬਸ ਕਿਸੇ ਵਿਅਕਤੀਵਿਸ਼ੇਸ਼ ਦਾ ਤਾਬਿਆਦਾਰ ਹੀ ਹੈ ਤਾਂ ਉਹ ਬੇਸ਼ਕ ਰਾਜਸੀ ਖੇਤਰ ਵਿੱਚ ਨਾ ਆਵੇ। ਇਸ ਮੁਲਕ ਦੇ ਲੋਕੀਂ ਅਗੇ ਹੀ ਗਰੀਬ ਹਨ ਅਤੇ ਕਿਸੇ ਆਦਮੀ ਨੂੰ ਸਿਰਫ ਸਦਨ ਵਿੱਚ ਜਾਕੇ ਬੈਠਣ ਲਈ ਅਤੇ ਕਿਸੇ ਵਿਅਕਤੀਵਿਸ਼ੇਸ਼ ਦੀ ਤਾਬਿਆਦਾਰੀ ਕਰਨ ਲਈ ਨਹੀਂ ਚੁਣਦੇ। ਹਰ ਵਿਧਾਇਕ ਨੂੰ ਤਨਖਾਹ ਦੇਣੀ ਪੈਂਦੀ ਹੈ, ਕਈ ਕਿਸਮ ਦੇ ਭਤੇ ਦੇਣੇ ਪੈਂਦੇ ਹਨ, ਪੈਨਸ਼ਨ ਵੀ ਦੇਣੀ ਪੈਂਦੀ ਹੈ ਅਤੇ ਚੋਣਾਂ ਵਕਤ ਵੀ ਕਈ ਮਹੀਨੇ ਮੁਲਕ ਦੇ ਲਗ ਜਾਂਦੇ ਹਨ, ਵਡੀਆਂ ਰਕਮਾਂ ਖਰਚਾ ਪੈਂਦਾ ਹੈ ਅਤੇ ਚੋਣਾਂ ਦੌਰਾਨ ਆਮ ਜੀਵਨ ਵੀ ਮੁਸ਼ਕਿਲ ਜਿਹਾ ਬਣ ਜਾਂਦਾ ਹੈ। ਇਸ ਲਈ ਉਸ ਆਦਮੀ ਨੂੰ ਕੋਈ ਹਕ ਨਹੀਂ ਬਣਦਾ ਕਿ ਉਹ ਬਿੰਨਾਂ ਕਿਸੇ ਮਕਸਦ ਦੀ ਪੂਰਤੀ ਲਈ ਹੀ ਇਸ ਰਾਜਸੀ ਮੈਦਾਨ ਵਿੱਚ ਕੁਦ ਪਵੇ ਅਤੇ ਮੁਫਤ ਦੀ ਸ਼ੋਹਰਤ ਹਾਸਲ ਕਰਨ ਦਾ ਯਤਨ ਕਰੇ। ਜਦ ਇਹ ਸਾਰੇ ਮੈਂਬਰ ਲੋਕ-ਸੇਵਕ ਅਖਵਾਉਂਦੇ ਹਨ ਤਾਂ ਕੀ ਸੇਵਾ ਕਰਨੀ ਹੈ ਜਾਂ ਕੀ ਸੇਵਾ ਕਰਨ ਦੀ ਕਾਬਲੀਅਤ ਰਖਦਾ ਹੈ ਇਹ ਗਲਾਂ ਮਾਲਕਾਂ ਨਾਲ ਪਹਿਲਾਂ ਸਾਂਝੀਆਂ ਕਰ ਲਿਤੀਆਂ ਜਾਣੀਆਂ ਚਾਹੀਦੀਆਂ ਹਨ।

ਇਸ ਮੁਲਕ ਵਿੱਚ ਅੰਗਰੇਜ਼ਾਂ ਤੋਂ ਆਜ਼ਾਦੀ ਬਾਅਦ ਰਾਜ ਰਾਜਸੀ ਲੋਕਾਂ ਹਥ ਆ ਗਿਆ ਹੈ। ਇਹ ਰਾਜਸੀ ਲੋਕੀਂ ਆਖੀ ਤਾਂ ਜਾਂਦੇ ਹਨ ਕਿ ਇਹ ਰਾਜੇ ਨਹੀਂ ਹਨ, ਬਲਕਿ ਲੋਕਾਂ ਦੇ ਸੇਵਕ ਹਨ, ਪਰ ਐਸਾ ਲਗਦਾ ਨਹੀਂ ਹੈ। ਚੋਣਾਂ ਬਾਅਦ ਜੰਤਾ ਦੀ ਕੋਈ ਨਹੀਂ ਸੁਣਦਾ ਅਤੇ ਅਗਲੀਆਂ ਚੋਣਾਂ ਤਕ ਲੋਕਾਂ ਨੂੰ ਬਸ ਉਡੀਕ ਹੀ ਕਰਨੀ ਪੈਂਦੀ ਹੈ ਅਤੇ ਅਗਰ ਸਰਕਾਰ ਨੇ ਲੋਕਾਂ ਲਈ ਕੁਝ ਵੀ .ਨਹੀਂ ਕੀਤਾ ਤਾਂ ਲੋਕੀਂ ਸਰਕਾਰ ਬਦਲ ਦਿੰਦੇ ਹਨ। ਅਤੇ ਇਹ ਬਸ ਰਾਜ ਹੀ ਬਦਲਦਾ ਹੈ, ਅਰਥਾਤ ਲੋਕ ਹੀ ਬਦਲ ਦਿਤੇ ਜਾਂਦੇ ਹਨ ਅਤੇ ਉਸਦੀ ਥਾਂ ਜਿਹੜਾ ਰਾਜ ਆ ਜਾਂਦਾ ਹੈ ਉਹ ਵੀ ਰਾਜਸੀ ਲੋਕਾਂ ਦਾ ਹੀ ਰਾਜ ਹੁੰਦਾ ਹੈ ਅਤੇ ਇਹ ਪਰਜਾ ਰਾਜ ਬਦਲਣ ਦੇ ਬਾਵਜੂਦ ਗੁਲਾਮ ਦੀ ਗੁਲਾਮ ਹੀ ਰਹਿੰਦੀ ਹੈ। ਇਹ ਰਾਜ ਬਦਲਣਾ ਹੀ ਹੁੰਦਾ ਹੈ, ਬਾਕੀ ਕੁਝ ਵੀ ਬਦਲਦਾ ਨਹੀਂ ਹੈ। ਇਹ ਜਿਹੜੇ ਨਵੇਂ ਲੋਕੀਂ ਆ ਜਾਂਦੇ ਹਨ ਇਹ ਵੀ ਉਨ੍ਹਾਂ ਵਰਗੇ ਹੀ ਹੁੰਦੇ ਹਨ ਜਿਹੜੇ ਅਸੀਂ ਵੋਟਾ ਪਾਕੇ ਸਰਕਾਰ ਵਿਚੋਂ ਕਢ ਦਿਤੇ ਹੁੰਦੇ ਹਨ।

ਸਾਡੇ ਮੁਲਕ ਵਿੱਚ ਪਰਜਾਤੰਤਰ ਦਾ ਇਹ ਜਿਹੜਾ ਸਿਲਸਿਲਾ ਬਣ ਆਇਆ ਹੈ ਇਹ ਚਲਦਿਆਂ ਅਜ ਸਤ ਦਹਾਕਿਆਂ ਤੋਂ ਉਤੇ ਦਾ ਹੋ ਗਿਆ ਹੈ। ਇਸ ਸਿਸਟਮ ਵਿੱਚ ਕੁਝ ਪਾਰਟੀਆਂ ਜਾਂ ਇਹ ਆਖ ਲਓ ਕਿ ਕੁਝ ਵਿਅਕਤੀਵਿਸ਼ੇਸ਼ਾਂ ਦਾ ਨਾਮ ਚਮਕ ਆਇਆ ਹੈ। ਬਾਕੀ ਅਸੀਂ ਇਹ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਧਾਇਕ ਚੁਣੇ ਰਹੇ ਹਾਂ ਇਹ ਵਿਚਾਰੇ ਆਪਣਾ ਨਾਮ ਕਿਧਰੇ ਵੀ ਨਹੀਂ ਲਿਖਵਾ ਸਕੇ। ਇੰਨ੍ਹਾਂ ਦੀ ਕੋਈ ਸੁਣਦਾ ਵੀ ਨਹੀਂ ਹੈ ਅਤੇ ਇਹ ਵਿਚਾਰੇ ਬਸ ਉਸ ਵਿਅਕਤੀਵਿਸ਼ੇਸ਼ ਦੇ ਤਾਬਿਆਦਾਰ ਹੀ ਰਹਿੰਦੇ ਹਨ ਜਿਸਨੇ ਇੰਨ੍ਹਾਂ ਨੂੰ ਪਾਰਟੀ ਦਾ ਟਿਕਟ ਦਿਤਾ ਹੁੰਦਾ ਹੈ।

ਪਿਛਲੇ ਸਤ ਦਹਾਕਿਆਂ ਦੀਆਂ ਸਦਨਾ ਦੀਆਂ ਕਾਰਵਾਈਆਂ ਅਗਰ ਘੋਖੀਆਂ ਜਾਣ ਤਾਂ ਇਹ ਹਜ਼ਾਰਾਂ ਦੀ ਗਿਣਤੀ ਵਿਚ ਚੁਣੇ ਗਏ ਵਿਧਾਇਕ ਸਦਨਾ ਵਿੱਚ ਹਾਜ਼ਰੀ ਹੀ ਲਗਵਾਉਂਦੇ ਰਹੇ ਹਨ, ਅਤੇ ਕਦੀ ਕੋਈ ਵਿਰਲਾ ਹੀ ਬੋਲਦਾ ਹੈ ਅਤੇ ਬਹੁਤ ਹੀ ਘਟ ਕੋਈ ਐਸਾ ਵਿਧਾਇਕ ਹੁੰਦਾ ਹੈ ਜਿਹੜਾ ਕੋਈ ਸਕੀਮ, ਕੋਈ ਬਿਲ, ਕੋਈ ਮੰਗ ਲੈਕੇ ਖੜਾ ਹੋਕੇ ਬੋਲੇ ਜਾਂ ਲਿਖਤੀ ਮਸਲਾ ਪੇਸ਼ ਕਰੇ ਜਿਸ ਉਤੇ ਸਦਨ ਵਿੱਚ ਬਹਿਸ ਕੀਤੀ ਗਈ ਹੋਵੇ ਜਾਂ ਉਸਦਾ ਪਾਸ ਕੀਤਾ ਗਿਆ ਬਿਲ ਪਾਸ ਕਰ ਦਿਤਾ ਗਿਆ ਹੋਵੇ। ਅਸੀਂ ਕਦੀ ਪੁਛਿਆ ਵੀ ਨਹੀਂੁ ਕਿ ਭਾਈ ਸਾਹਿਬ ਪਿਛਲੀ ਵਾਰੀਂ ਵੀ ਤੁਸੀਂ ਸਦਨ ਵਿੱਚ ਗਏ ਸੀ, ਸਾਡੇ ਨਾਲ ਆਪਜੀ ਨੇ ਇਹ ਵਚਨ ਵੀ ਕੀਤਾ ਸੀ, ਪਰ ਕਰਕੇ ਕੁਝ ਵੀ ਨਹੀਂ ਆਏ ਅਤੇ ਜਦ ਆਪਜੀ ਕਰ ਕੁਝ ਨਹੀਂ ਸਕਦੇ ਤਾਂ ਬਾਰ ਬਾਰ ਉਮੀਦਵਾਰ ਬਣਕੇ ਕਿਉਂ ਆ ਜਾਂਦੇ ਹੋ। ਲਗਦਾ ਹੈ ਇਸ ਮੁਲਕ ਵਿੱਚ ਐਸਾ ਰਿਵਾਜ ਹੀ ਪੈਦਾ ਨਹੀਂ ਹੋਇਆ ਅਤੇ ਇਸ ਕਰਕੇ ਜਣਾ ਖਣਾ, ਜਿਸ ਕਿਸੇ ਪਾਸ ਵੀ ਚਾਰ ਪੈਸੇ ਹਨ, ਆਪਣੇ ਆਪਨੂੰ ਨੇਤਾ ਚਮਕਾਉਣ ਲਈ ਮੈਦਾਨ ਵਿੱਚ ਆ ਜਾਂਦਾ ਹੈ ਅਤੇ ਚਾਰ ਪੈਸੇ ਖਰਚਕੇ ਵੋਟਾਂ ਵੀ ਲੜ ਸਕਦਾ ਹੈ। ਇਸ ਮੁਲਕ ਵਿੱਚ ਕਿਸਮਤ ਚਲਦੀ ਹੈ ਅਤੇ ਅਗਰ ਵਿਅਕਤੀਵਿਸ਼ੇਸ਼ ਚਮਕੀਲਾ ਹੋਵੇ ਤਾਂ ਇਹ ਸਾਡੇ ਇਲਾਕੇ ਦਾ ਉਮੀਦਵਾਰ ਵੀ ਜਿਤ ਜਾਂਦਾ ਹੈ। ਇਸ ਮੁਲਕ ਵਿੱਚ ਹਾਲਾਂ ਤਕ ਅਸੀਂ ਉਮੀਦਵਾਰ ਨੂੰ ਵੋਟ ਪਾਉਂਦੇ ਹੀ ਨਹੀਂ ਹਾਂ ਬਲਕਿ ਅਸੀਂ ਤਾਂ ਉਸ ਵਿਅਕਤੀਵਿਸ਼ੇਸ਼ ਵਲ ਦੇਖਦੇ ਹਾਂ ਜਿਹੜਾ ਆਪਣੀ ਇਹ ਟੀਮ ਲੈਕੇ ਮੈਦਾਨ ਵਿੱਚ ਉਤਰਿਆ ਹੈ।

ਲੋਕ ਸੇਵਾ ਵਿੱਚ ਆਉਂਦਾ ਹਰ ਪ੍ਰਾਰਥੀ ਆਪਣੀ ਲਿਖਤੀ ਦਰਖਾਸਤ ਪੇਸ਼ ਕਰਦਾ ਹੈ। ਦਰਖਾਸਤ ਵਿੱਚ ਆਪ ਹੀ ਦਸਣਾ ਪੈਂਦਾ ਹੈ ਕਿ ਜਿਸ ਅਸਾਮੀ ਲਈ ਉਸਨੇ ਇਹ ਦਰਖਾਸਤ ਭੇਜੀ ਹੈ ਉਸ ਅਸਾਮੀ ਲਈ ਨਿਸਚਿਤ ਯੋਗਤਾਵਾਂ ਉਸ ਪਾਸ ਹਨ। ਆਪਣੀਆਂ ਯੋਗਤਾਵਾਂ, ਤਜਰਬਾ ਆਦਿ ਦੇ ਸਰਟੀਫਿਕੇਟ ਵੀ ਨਾਲ ਨਥੀ ਕਰਨੇ ਪੈਂਦੇ ਹਨ ਅਤੇ ਜਦ ਚੋਣ ਕਮੈਟੀ ਦੇ ਸਾਹਮਣੇ ਉਹ ਪੇਸ਼ ਹੁੰਦਾ ਹੈ ਤਾਂ ਉਸ ਪਾਸੋਂ ਕਈ ਸਵਾਲ ਪੁਛਕੇ ਇਹ ਪਰਖਿਆ ਜਾਂਦਾ ਹੈ ਕਿ ਇਹ ਆਦਮੀ ਕੰਮ ਕਰਨ ਦੇ ਕਾਬਲ ਵੀ ਹੈ ਜਾਂ ਐਂਵੇਂ ਹੀ ਆ ਗਿਆ ਹੈ। ਫਿਰ ਚੋਣ ਕਮੈਟੀ ਉਸ ਆਦਮੀ ਦੀ ਚੋਣ ਕਰਦੀ ਹੈ ਜਿਹੜਾ ਸਾਰਿਆਂ ਵਿਚੋਂ ਵਧੀਆਂ ਪਾਇਆ ਜਾਂਦਾ ਹੈ। ਇਸ ਆਦਮੀ ਦਾ ਡਾਕਟਰੀ ਮੁਆਇਨਾ ਵੀਕੀਤਾ ਜਾਂਦਾ ਹੈ ਅਤੇ ਪੁਲਿਸ ਪਾਸ ਵੀ ਕੇਸ ਭੇਜਿਆਂ ਜਾਂਦਾ ਹੈ ਤਾਂਕਿ ਪਤਾ ਕੀਤਾ ਜਾ ਸਕੇ ਕਿ ਇਹ ਆਦਮੀ ਕਿਧਰੇ ਮੁਜਰਮ ਤਾਂ ਨਹੀਂ ਹੈ। ਅਤੇ ਅਗਰ ਹਰ ਤਰ੍ਹਾਂ ਨਾਲ ਆਦਮੀ ਸਹੀ ਹੈ ਤਾਂ ਹੀ ਹਾਜ਼ਰ ਕੀਤਾ ਜਾਂਦਾ ਹੈ। ਇਸ ਆਦਮੀ ਦੀ ਨਿਯੁਕਤੀ ਪਰਖ ਕਾਲ ਵਿੱਚ ਖਤਮ ਵੀ ਕੀਤੀ ਜਾ ਸਕਦੀ ਹੈ। ਇਹੋ ਜਿਹੀਆਂ ਸ਼ਰ਼ਤਾਂ ਇਸ ਰਾਜਸੀ ਜਮਾਅਤ ਦੇ ਸੇਵਕਾਂ ਉਤੇ ਲਾਗੂ ਨਹੀਂ ਹਨ ਅਤੇ ਇਸ ਲਈ ਇਹ ਆਦਮੀ ਲਈ ਇਹ ਤਾਂ ਲਾਜ਼ਮੀ ਕਰ ਦਿਤਾ ਜਾਵੇ ਕਿ ਆਪ ਹੀ ਆਪਣਾ ਹਲਫਨਾਮਾ ਛਾਪਕੇ ਲੋਕਾਂ ਸਾਹਮਣੇ ਪੇਸ਼ ਕਰੇ ਅਤੇ ਲੋਕੀਂ ਇਸ ਆਦਮੀ ਦੀਆਂ ਦਸੀਆਂ ਗਲਾਂ ਉਤੇ ਆਪ ਹੀ ਵਿਚਾਰ ਕਰਨ ਅਤੇ ਅਗਰ ਇਸ ਆਦਮੀ ਨੇ ਕੋਈ ਗਲ ਗਲਤ ਆਖੀ ਸੀ ਤਾ ਅਗਲੀ ਵਾਰੀਂ ਲੋਕੀਂ ਇਸਨੂੰ ਨਕਾਰ ਸਕਦੇ ਹਨ। ਇਤਨੀ ਸਜ਼ਾ ਹੀ ਕਾਫੀ ਹੈ।

ਅਸੀਂ ਹਰ ਵਿਧਾਇਕ ਨੂੰ ਤਨਖਾਹ ਦਿੰਦੇ ਹਾਂ, ਫਿਰ ਪੈਨਸ਼ਨ ਵੀ ਦਿੰਦੇ ਹਾਂ, ਇਸ ਲਈ ਜਿਹੜਾ ਵੀ ਵਿਧਾਇਕ ਪੰਜ ਸਾਲ ਕਰਦਾ ਕੁਝ ਵੀ ਨਹੀਂ ਹੈ, ਬੈਠਕੇ ਹਾਜ਼ਰੀ ਲਗਵਾਕੇ ਆ ਜਾਂਦਾ ਰਿਹਾ ਹੈ ਉਸ ਪਾਸੋਂ ਦਿਤੀ ਗਈ ਤਨਖਾਹ ਵਾਪਸ ਵੀ ਲਿਤੀ ਜਾਣ ਬਾਰੇ ਸੋਚਿਆ ਜਾ ਸਕਦਾ ਹੈ। ਹਰ ਮਹੀਨੇ ਹਰ ਵਿਧਾਇਕ ਆਪਣੀ ਰਪੋੋਟ ਆਪ ਹੀ ਲਿਖਕੇ ਸਪੀਕਰ ਪਾਸ ਦੇ ਸਕਦਾ ਹੈ ਕਿ ਉਸਨੇ ਇਸ ਮਹੀਨੇ ਵਿੱਚ ਇਹ ਇਹ ਕੰਮ ਕੀਤੇ ਹਨ। ਇਹ ਰਪੋਟ ਦਾ ਸਮਾਂ ਤਿੰਨ ਮਹੀਨੇ, ਛੇ ਮਹੀਨੇ ਜਾਂ ਸਾਲ ਵੀ ਰਖਿਆ ਜਾ ਸਕਦਾ ਹੈ।

ਸਾਡੇ ਮੁਲਕ ਦਾ ਇਹ ਪਰਜਾਤੰਤਰ ਬਹੁਤ ਹੀ ਮਹਿੰਗਾ ਪੈ ਰਿਹਾ ਹੈ ਅਤੇ ਅਜ ਤਕ ਅਸੀਂ ਅਰਬਾਂ ਖਰਬਾਂ ਰੁਪਿਆ ਚੋਣਾਂ, ਸਦਨਾਂ ਦੇ ਰਖ ਰਖਾ, ਵਿਧਾਇਕਾਂ ਦੀ ਤਨਖਾਹ, ਹੋਰ ਖਰਚੇ, ਇਲਾਜ, ਆਵਾਜਾਈ ਦਾ ਖਰਚਾ ਅਤੇ ਫਿਰ ਪੈਨਸ਼ਨਾਂ ਉਤੇ ਖਰਚ ਬੈਠੇ ਹਾਂ ਅਤੇ ਅਜ ਤਕ ਵਿਧਾਇਕਾਂ ਪਾਸੋਂ ਇਹ ਪੁਛ ਨਹੀਂ ਪਾਏ ਕਿ ਉਹ ਕੰਮ ਕੀ ਕਰਦੇ ਰਹੇ ਹਨ। ਹਰ ਵਿਧਾਇਕ ਦੀ ਆਪਣੀ ਹੋਂਦ ਹੋਣੀ ਚਾਹੀਦੀ ਹੈ। ਪਾਰਟੀ ਦਾ ਡਿਸਪਲੇਨ ਹੋਰ ਗਲ ਹੈ ਅਤੇ ਇਸਦਾ ਮਤਲਬ ਇਹ ਨਹੀਂ ਨਿਕਲਣਾ ਚਾਹੀਦਾ ਕਿ ਹਰ ਵਿਧਾਇਕ ਪਾਰਟੀ ਮੁਖੀਆਂ ਵਲ ਹੀ ਦੇਖੀ ਜਾਵੇ, ਉਸਦੇ ਇਸ਼ਾਰੇ ਬਗੈਰ ਕੁਝ ਵੀ ਨਾ ਕਰ ਸਕਦਾ ਹੋਵੇ। ਇਹ ਪਾਰਟੀ ਮੁਖੀਆਂ ਆਖੇ ਤਾਲੀਆਂ ਲਗਾਈ ਜਾਣਾ, ਕਦੀ ਸਦਨ ਵਿਚੋਂ ਉਠਕੇ ਬਾਹਰ ਆ ਜਾਣਾ, ਕਦੀ ਸਦਨ ਵਿੱਚ ਹੀ ਨਾਹਰੇ ਲਗਾੲ. ਜਾਣਾ, ਕਦੀ ਰੋਲਾ ਪਾ ਬੈਠਣਾ, ਐਸਾ ਕਰਕੇ ਇਹ ਵਿਧਾਇਕ ਇਹ ਦਰਸਾ ਰਿਹਾ ਹੁੰਦਾ ਹੈ ਕਿ ਉਹ ਲੋਕਾਂ ਦਾ ਨੁਮਾਇੰਦਾ ਨਹੀਂ ਹੈ ਬਲਕਿ ਉਹ ਤਾਂ ਕਿਸੇ ਪਾਰਟੀ ਜਾਂ ਵਿਅਕਤੀਵਿਸ਼ੇਸ਼ ਦਾ ਗੁਲਾਮ ਹੈ।

ਹੁਣ ਵੀ ਸਰਕਾਰਾਂ ਚਲ ਰਹੀਆਂ ਹਨ ਅਤੇ ਸਾਡੇ ਚੁਣੇ ਵਿਧਾਇਕ ਸੇੇਵਾ ਵਿੱਚ ਹਾਜ਼ਰ ਹਨ। ਹਰ ਵਿਧਾਇਕ ਨੇ ਅੱਜ ਤੋਂ ਹੀ ਇਹ ਸੋਚਣਾ ਹੈ ਕਿ ਉਸਦੀ ਚੋਣ ਲੋਕਾਂ ਕੀਤੀ ਹੈ ਅਤੇ ਸਭਤੋਂ ਪਹਿਲਾਂ ਉਹ ਲੋਕਾਂ ਦਾ ਸੇਵਕ ਹੈ ਅਤੇ ਲੋਕਾਂ ਦੀਆਂ ਸਮਸਿਆਵਾਂ ਜਾਣਦਾ ਹੈ। ਇਹ ਸਮਸਿਆਵਾਂ ਹਲ ਕਰਨ ਲਈ ਉਸਨੇ ਯਤਨ ਕਰਨਾ ਹੈ ਅਤੇ ਆਪਣੀ ਜਿਤਨੀ ਵੀ ਕਾਬਲੀਅਤ ਹੈ, ਸਿਆਣਪ ਹੈ, ਗੁਣ ਹਨ ਉਨ੍ਹਾਂ ਦੀ ਵਰਤੋਂ ਕਰਨੀ ਹੈ ਤਾਂਕਿ ਅਗਲੀ ਵਾਰੀਂ ਆਕੇ ਛਾਤੀ ਤਾਣਕੇ ਲੋਕਾਂ ਸਾਹਮਣੇ ਇਹ ਦਸ ਸਕੇ ਕਿ ਉਹ ਕਰਕੇ ਕੀ ਕੀ ਆਇਆ ਹੈ ਅਤੇ ਅਗਰ ਇਕ ਮੌਕਾ ਹੋਰ ਮਿਲ ਜਾਂਦਾ ਹੈ ਤਾਂ ਉਹ ਪਹਿਲਾਂ ਰਹਿ ਗਏ ਕੰਮ ਵੀ ਪੂਰੇ ਕਰੇਗਾ ਅਤੇ ਇਹ ਇਹ ਸਕੀਮਾਂ ਉਸ ਪਾਸ ਹੋਰ ਹਨ, ਜਾਕੇ ਇਹ ਵੀ ਪੂਰੀਆਂ ਕਰ ਦਿਖਾਵੇਗਾ।ਚੁਣਿਆ ਜਾਣਾ, ਸਦਨਾ ਵਿੱਚ ਜਾ ਬੈਠਣਾਂ, ਹੋਰ ਤਰ੍ਹਾਂ ਦੇ ਕਪੜੇ ਪਾਈ ਜਾਣਾ, ਚਾਰ ਬੰਦਿਆਂ ਪਾਸੋਂ ਸਲਾਮਾਂ ਕਰਵਾਈ ਜਾਣਾ ਕੋਈ ਬਹਾਦਰੀ ਵਾਲਾ ਕੰਮ ਨਹੀਂ ਹੈ। ਇਸ ਮੁਲਕ ਦੇ ਲੋਕੀਂ ਚੁਪ ਹਨ, ਪਰ ਸਚ ਤਾਂ ਇਹ ਹੈ ਕਿ ਜਿਹੜਾ ਵਿਧਾਇਕ ਕੰਮ ਨਹੀਂ ਕਰਦਾ, ਉਸਨੂੰ ਇਹ ਦਿਲੋਂ ਪਸੰਦ ਨਹੀਂ ਕਰਦੇ। ਅੱਜ ਲੋਕੀਂ ਮਾਣ ਨਾਲ ਇਹ ਆਖਣਾ ਚਾਹੁੰਦੇ ਹਨ ਕਿ ਇਹ ਵਾਲਾ ਆਦਮੀ ਉਨ੍ਹਾਂ ਦਾ ਚੁਣਿਆ ਹੋਇਆ ਸੀ ਜਿਹੜਾ ਇਹ ਇਹ ਵਡੇ ਕੰਮ ਕਰ ਆਇਆ ਹੈ।

101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ-147001

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: