Sun. Aug 18th, 2019

ਉਦਾਸ, ਦਿਸ਼ਾਹੀਣ ਜ਼ਿੰਦਗੀ ਦੀ ਸੋਚ ਨੂੰ ਜ਼ਿੰਦਾਦਿਲ ਜ਼ਿੰਦਗੀ ਵਿੱਚ ਬਦਲਣ ਦੀ ਲੋੜ ਹੈਂ

ਉਦਾਸ, ਦਿਸ਼ਾਹੀਣ ਜ਼ਿੰਦਗੀ ਦੀ ਸੋਚ ਨੂੰ ਜ਼ਿੰਦਾਦਿਲ ਜ਼ਿੰਦਗੀ ਵਿੱਚ ਬਦਲਣ ਦੀ ਲੋੜ ਹੈਂ

ਜ਼ਿੰਦਗੀ ਵਗਦੇ ਪਾਣੀ ਦੀ ਤਰ੍ਹਾਂ। ਇਸਦੀ ਮੁਲਾਕਾਤ ਦੁੱਖਾਂ ਤੇ ਸੁੱਖਾ ਨਾਲ ਹੁੰਦੀ ਰਹਿੰਦੀ ਹੈਂ। ਕਿਸੇ ਵੀ ਦੁੱਖ ਜਾਂ ਸੁੱਖ ਦੀ ਉਮਰ ਜਿਆਦਾ ਲੰਬੀ ਨਹੀਂ ਹੁੰਦੀ।ਇਹ ਸਮੇਂ ਦੇ ਨਾਲ ਨਾਲ ਬਦਲਦੇ ਰਹਿੰਦੇ ਹਨ। ਸੋਚ ਚ ਠਹਿਰਾਵ ਆਉਣਾ ਜ਼ਿੰਦਗੀ ਲਈ ਇੱਕ ਖਤਰਨਾਕ ਮੋੜ ਹੁੰਦਾ ਹੈਂ। ਸਾਡਾ ਸੰਵੇਦਨਸ਼ੀਲ ਹੋਣਾ ,ਕਿਸੇ ਵੀ ਅਹਿਸਾਸ ਨੂੰ ਮਹਿਸੂਸ ਕਰਨਾ ਹੀ ਸਾਡੇ ਵਿਵਹਾਰ ਨੂੰ ਬਦਲਦਾ ਹੈਂ। ਸਾਨੂੰ ਆਪਣੀ ਸੋਚ ਸਕਾਰਾਤਮਕ ਰੱਖਣੀ ਚਾਹੀਦੀ ਹੈਂ। ਕੱਟੜਤਾ ਤੇ ਅੰਧਵਿਸ਼ਵਾਸ ਦੀਆਂ ਜੰਜ਼ੀਰਾਂ ਵਿੱਚ ਫਸੇ ਬਿਨਾਂ , ਹੱਸਦੇ ਚਿਹਰਿਆਂ ਨਾਲ ਜ਼ਿੰਦਗੀ ਦਾ ਸਵਾਗਤ ਕਰਨਾ ਚਾਹੀਦਾ ਹੈਂ। ਉਦਾਸ ਚਿਹਰਿਆਂ ਨੂੰ ਕੋਈ ਯਾਦ ਨਹੀਂ ਕਰਦਾ, ਸਗੋਂ ਹਮਦਰਦੀ ਤੇ ਤਰਸ ਦੀ ਭਾਵਨਾ ਤੁਹਾਨੂੰ ਹੋਰ ਕਮਜ਼ੋਰ ਬਣਾ ਦਿੰਦੀ ਹੈਂ। ਆਪਣੀ ਸੋਚ ਦਾ ਘੇਰਾ ਖੁੱਲਾ ਕਰੋ। ਤੁਹਾਨੂੰ ਆਪਣੇ ਚਾਰ ਚੁਫੇਰੇ ਖੁਸ਼ੀਆਂ ਹੀ ਖੁਸ਼ੀਆ ਨਜ਼ਰ ਆਉਣ ਗਈਆਂ।

ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਕਿਵੇ ਜਿਉਣਾ ਹੈਂ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਉਦਾਸ ਜ਼ਿੰਦਗੀ ਦੇ ਕਾਰਣਾਂ ਉੱਪਰ ਚਰਚਾ ਕਰਨੀ ਚਾਹੀਦੀ ਹੈਂ। ਦੁੱਖ ਕੀ ਹੈਂ ਇਹ ਸਮਝਣ ਦੀ ਲੋੜ ਹੈਂ ? ਕਿਸੇ ਮੁਸੀਬਤ ਦਾ ਆਉਣਾ ਜਿਵੇਂ ਕਿ ਗਰੀਬੀ,ਬਿਮਾਰੀ,ਨੌਕਰੀ ਤੇ ਕਾਰੋਬਾਰ ਚ ਨੁਕਸਾਨ। ਇਸ ਤਰ੍ਹਾਂ ਦੀਆਂ ਮੁਸੀਬਤਾਂ ਨੂੰ ਮੁੱਢਲੀਆਂ ਲੋੜਾਂ ਨਾਲ ਜੋੜ ਸਕਦੇ ਹਾਂ। ਦੂਸਰਾ ਹੁੰਦਾ ਹੈਂ ਕਿਸੇ ਵੀ ਜ਼ਜਬਾਤ ਦਾ ਅਹਿਸਾਸ, ਜਿਸ ਵਿੱਚ ਕਿਸੇ ਦੀ ਮੌਤ,ਵਿਛੋੜਾ,ਬੇਵਫ਼ਾਈ ਵਰਗੇ ਕਿਰਦਾਰ ਆਪਣਾ ਰੋਲ ਨਿਭਾਉਂਦੇ ਹਨ। ਇਸ ਤੋਂ ਇਲਾਵਾਂ ਵੀ ਦੁੱਖਾਂ ਨੂੰ ਵਧਾਉਣ ਲਈ ਹੋਰ ਵੀ ਬਹੁਤ ਕੁਝ ਜਿੰਮੇਵਾਰ ਹੈ। ਧਰਮ,ਜਾਤਪਾਤ ਦੀ ਕੱਟੜ ਸੋਚ ਨੂੰ ਹਥਿਆਰ ਬਣਾਕੇ ਨਫ਼ਰਤ ਨੂੰ ਸਾਡੀ ਸੋਚ ਦਾ ਪਰਛਾਵਾਂ ਬਣਾ ਦਿੱਤਾ ਹੈਂ। ਅਸੀਂ ਆਪਣੇ ਦੁੱਖਾਂ ਤੋਂ ਘੱਟ ਦੁਖੀ ਹਾਂ ਪਰ ਕਿਸੇ ਹੋਰ ਦਾ ਸੁਖੀ ਹੋਣਾ ਸਾਨੂੰ ਹੋਰ ਦੁਖੀ ਕਰਦਾਂ ਹੈਂ। ਮੌਤ ਸਾਡੇ ਚਾਹੁਣ ਵਾਲਿਆਂ ਨੂੰ ਸਾਡੇ ਤੋਂ ਦੂਰ ਕਰ ਦਿੰਦੀ ਹੈਂ। ਪਰ ਇੱਥੇ ਰਹਿਣਾ ਤਾ ਕਿਸੇ ਨੇ ਵੀ ਨਹੀਂ ਹੈਂ। ਅਸੀਂ ਇੱਥੇ ਕੁਝ ਸਮਾਂ ਕਿਰਾਏ ਤੇ ਰਹਿਣ ਆਏ ਹਾਂ ਸਾਨੂੰ ਇਸ ਉੱਪਰ ਕਬਜ਼ਾ ਕਰਨ ਦੀ ਲੋੜ ਨਹੀਂ। ਦੂਸਰਾ ਨੌਜਵਾਨ ਪੀੜੀ ਨੂੰ ਕਿਸੇ ਪਿਆਰ ਕਰਨ ਵਾਲੇ ਦਾ ਛੱਡ ਜਾਣਾ । ਇਹ ਅਹਿਸਾਸ ਇਸ ਤਰ੍ਹਾਂ ਦਾ ਅਹਿਸਾਸ ਹੈ ਜੋ ਸਾਨੂੰ ਦੁੱਖੀ ਤਾ ਕਰਦਾ ਹੀ ਹੈਂ ਸਾਡੀ ਆਉਣ ਵਾਲੀ ਜ਼ਿੰਦਗੀ ਨੂੰ ਵੀ ਤਬਾਹ ਕਰਕੇ ਰੱਖ ਦਿੰਦਾ ਹਾਂ ਪਰੂੰਤ ਫੇਰ ਵੀ ਇਸ ਅਹਿਸਾਸ ਦੇ ਘੇਰੇ ਚ ਰਹਿਣਾ ਵੀ ਇੱਕ ਵੱਖਰਾ ਜਾਂ ਆਨੰਦ ਦਿੰਦਾ ਹੈਂ। ਕੁਝ ਅਗਾਂਹ ਵਧੂ ਸੋਚ ਦੇ ਮਾਲਿਕ ਹੀ ਇਸ ਘੇਰੇ ਨੂੰ ਤੋੜਕੇ ਅੱਗੇ ਵੱਧਦੇ ਹਨ। ਸਾਨੂੰ ਇਹ ਗੱਲ ਆਪਣੇ ਦਿਮਾਗ ਚ ਬਿਠਾ ਲੈਣੀ ਚਾਹੀਦੀ ਹੈ ਕਿ ਜੋ ਸਾਨੂੰ ਪਿਆਰ ਕਰਦੇ ਹਨ, ਉਹ ਸਾਨੂੰ ਛੱਡਕੇ ਨਹੀਂ ਜਾ ਸਕਦੇ ਬੱਸ ਕੁਝ ਮਜਬੂਰੀਆਂ ਉਹਨਾਂ ਦੇ ਫੈਸਲਿਆਂ ਤੇ ਹਾਵੀ ਹੋ ਜਾਂਦੀਆਂ ਹਨ। ਦੂਸਰਾ ਧੋਖੇਬਾਜ਼ ਸੱਜਣ ਲਈ ਰੋਣ ਦਾ ਤਾ ਕੋਈ ਮਤਲਬ ਹੀ ਨਹੀਂ ਬਣਦਾ। ਆਉ ਦੁੱਖਾਂ ਦੇ ਇਸ ਤੂਫਾਨ ਨੂੰ ਹਾਸਿਆਂ ਦੀ ਦਿਸ਼ਾ ਦੇਕੇ ਪਿਆਰ ਦੇ ਸਾਗਰਾਂ ਵਿੱਚ ਬਦਲਣ ਦੀ ਕੋਸ਼ਿਸ਼ ਕਰੀਏ।

ਹਰ ਪਲ ਨੂੰ ਖੁਸ਼ੀ ਨਾਲ ਜਿਉਣ ਲਈ ਸਾਨੂੰ ਆਪਣੀ ਸੋਚ ਨੂੰ ਬਦਲਣਾ ਪਵੇਗਾ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਲੰਘ ਗਏ ਸਮੇਂ ਨੂੰ ਬਦਲਿਆ ਨਹੀਂ ਜਾ ਸਕਦਾ, ਆਉਣ ਵਾਲੇ ਸਮੇਂ ਦਾ ਕੁਝ ਅਨੁਮਾਨ ਨਹੀਂ ਹੁੰਦਾ ਕਿਸ ਤਰ੍ਹਾਂ ਹੋਵੇਗਾ ਜਾ ਅਸੀਂ ਇਸ ਨੂੰ ਚੱਲ ਰਹੇ ਸਮੇਂ ਦੀ ਮਦਦ ਨਾਲ ਹੀ ਸੁਨਹਿਰਾ ਬਣਾ ਸਕਦੇ ਹਾਂ। ਸਾਡੇ ਕੋਲ ਵਰਤਮਾਨ ਦਾ ਸਮਾਂ ਹੀ ਹੈ ਜਿਸਨੇ ਬੀਤਣ ਤੋਂ ਬਾਅਦ ਸਾਡੀਆਂ ਯਾਦਾਂ ਦਾ ਹਿੱਸਾ ਬਣਨਾ ਹੈਂ ਤੇ ਇਸਨੇ ਹੀ ਸਾਡਾ ਭਵਿੱਖ ਬਦਲਣਾ ਹੈਂ। ਇਸ ਲਈ ਸਾਨੂੰ ਹਰ ਪਲ ਖੁਸ਼ੀਆਂ ਨਾਲ ਜਿਉਣਾ ਚਾਹੀਦਾ ਹੈਂ। ਸਾਨੂੰ ਇਨਸਾਨੀਅਤ ਨੂੰ ਪਿਆਰ ਕਰਨਾ ਚਾਹੀਦਾ ਹਾਂ। ਆਪਣੀ ਜ਼ਿੰਦਗੀ ਨੂੰ ਕੋਈ ਦਿਸ਼ਾ ਦੇਵੋ। ਆਪਣਾ ਕੋਈ ਟੀਚਾ ਮਿੱਥਕੇ ਲਗਾਤਾਰ ਮਿਹਨਤ ਕਰੋ। ਇੱਕ ਦਿਨ ਤੁਹਾਡੇ ਸੁਪਨੇ ਪੂਰੇ ਹੋ ਜਾਣਗੇ। ਅਰਦਾਸ ਬੰਦੇ ਨੂੰ ਕਮਜੋਰ ਵੀ ਬਣਾ ਦਿੰਦੀ ਹੈਂ ਤੇ ਤਾਕਤਵਰ ਵੀ ਬੱਸ ਇਹ ਸਭ ਸੋਚਣ ਵਾਲੇ ਤੇ ਨਿਰਭਰ ਕਰਦਾ ਹੈਂ ਕਿ ਉਹ ਕਿਸ ਨਜਰੀਏ ਨਾਲ ਸੋਚ ਰਿਹਾਂ ਹੈਂ। ਉਦਾਹਰਣ ਦੇ ਤੌਰ ਤੇ ਅਰਦਾਸ ਕਰਕੇ ਆਪਣੇ ਸੁਪਨਿਆਂ ਦੀ ਪੂਰਤੀ ਲਈ ਮਿਹਨਤ ਨਾ ਕਰਨਾ ਅਰਦਾਸ ਉੱਪਰ ਨਿਰਭਰ ਹੋਣਾ ਤੁਹਾਨੂੰ ਕਮਜੋਰ ਕਰ ਦੇਵੇਗਾ। ਪਰ ਦੂਸਰੇ ਪਾਸੇ ਅਰਦਾਸ ਚ ਵਿਸ਼ਵਾਸ ਰੱਖਕੇ ਮਿਹਨਤ ਕਰਨ ਨਾਲ ਸੁਪਨਿਆਂ ਵੱਲ ਵੱਧਣਾ ਤੁਹਾਨੂੰ ਹੌਂਸਲਾ ਦਿੰਦਾ ਹੈਂ। ਬੱਸ ਆਪਣੀਆਂ ਖੁਸ਼ੀਆਂ ਤੱਕ ਮਤਲਬ ਰੱਖੋ, ਅਰਦਾਸ ਕਰਨੀ ਚਾਹੀਦੀ ਹੈ ਜਾਂ ਨਹੀ ਇਸ ਤਰ੍ਹਾਂ ਦੇ ਸਵਾਲਾਂ ਵਿੱਚ ਨਾ ਉਲਝੋ। ਨਤੀਜੇ ਉੱਪਰ ਧਿਆਨ ਦੇਵੋ ਤਰੀਕਿਆਂ ਉੱਪਰ ਨਹੀਂ। ਕਿਸੇ ਤੋਂ ਵੀ ਕੋਈ ਉਮੀਦ ਨਾ ਰੱਖੋ, ਖੁਦ ਦੀ ਉਮੀਦ ਬਣੋ ਖੁਦ ਨਾਲ ਪਿਆਰ ਕਰਨਾ ਸਿੱਖੋ। ਤੁਹਾਡੇ ਚਿਹਰੇ ਦੀ ਮੁਸਕਰਾਹਟ ਉਦਾਸ ਬੰਦੇ ਨੂੰ ਵੀ ਹੱਸਣ ਲਈ ਮਜਬੂਰ ਕਰ ਦੇਵੇ। ਨਕਲੀਆਂ ਖੁਸ਼ੀਆਂ ਮਗਰ ਭੱਜਣ ਦੀ ਦੌੜ ਵਿੱਚ ਸ਼ਾਮਿਲ ਨਾ ਹੋਵੋ। ਇਕਾਂਤ ਵਿੱਚ ਨਿੱਕੀਆਂ ਨਿੱਕੀਆਂ ਖੁਸੀਆਂ ਨਾਲ ਜਿੰਦਗੀ ਨੂੰ ਰੁਸਨਾ ਲਵੋਂ। ਆਪਣੀ ਸੋਚ ਨੂੰ ਸਾਫ ਸੁਥਰਾ ਰੱਖੋ, ਹਰ ਕਿਸੇ ਨੂੰ ਇੱਜਤ ਦੇਵੋ। ਤੁਹਾਡੇ ਬੋਲਾਂ ਵਿੱਚ ਨਰਮੀ, ਪਹਿਰਾਵੇਂ ਵਿੱਚ ਸਾਦਗੀ ਹੋਣੀ ਚਾਹੀਦੀ ਹੈਂ। ਹਰ ਕੋਈ ਤੁਹਾਨੂੰ ਆਪਣਾ ਦੋਸਤ ਬਣਾਉਣਾ ਪੰਸਦ ਕਰੇ। ਕਦੇ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਸਮਾਜ ਨੂੰ ਬਦਲਣ ਤੋਂ ਪਹਿਲਾ ਆਪਣੀ ਸੋਚ ਨੂੰ ਬਦਲੋ। ਸਮਾਜ ਆਪਣੇ ਆਪ ਬਦਲ ਜਾਵੇਗਾ।

ਆਉ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਮੁਲਾਕਾਤ ਕਰਨੀ ਸਿਖਾਈਏ। ਸਾਡੀ ਜ਼ਿੰਦਗੀ ਦੀ ਚਾਲ ਇਸ ਤਰ੍ਹਾਂ ਮਸਤ ਹੋਣੀ ਚਾਹੀਦੀ ਹੈ ਕਿ ਸਾਡੇ ਆਸਪਾਸ ਕੀ ਹੋ ਰਿਹਾ ਹੈਂ ਇਸ ਨਾਲ ਸਾਨੂੰ ਕੋਈ ਫਰਕ ਨਾ ਪਵੇ। ਇਸ ਤਰ੍ਹਾਂ ਅਸੀਂ ਦੂਸਰਿਆਂ ਦੀ ਨਿੱਜੀ ਜ਼ਿੰਦਗੀ ਵਿੱਚ ਝਾਕਣਾ ਛੱਡ ਦੇਵਾਂਗੇ। ਸਾਡੇ ਦੁੱਖਾਂ ਦੀ ਵਜਾ ਦੂਸਰਿਆਂ ਦੀ ਜ਼ਿੰਦਗੀ ਚ ਦਖਲ ਅੰਦਾਜ਼ੀ ਕਰਨਾ ਹੀ ਹੈ। ਰਿਸ਼ਤੇ ਜਬਰਦਸਤੀ ਨਾਲ ਨਹੀਂ ਨਿਭਾਏ ਜਾ ਸਕਦੇ। ਇਸ ਲਈ ਰਿਸਤਿਆਂ ਨੂੰ ਬੰਦਿਸ਼ਾ ਦੀ ਕੈਦ ਚ ਆਜ਼ਾਦ ਕਰਨ ਦੀ ਲੋੜ ਹੈਂ। ਜਿੱਥੇ ਬੰਦਿਸ਼ਾਂ ਹੋਣ ਗਈਆਂ ਜੁਰਮ ਤੇ ਦੁੱਖ ਤਕਲੀਫ਼ਾਂ ਵੀ ਜ਼ਿਆਦਾ ਹੋਣ ਗਈਆਂ। ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਤੇ ਕਦਰਾਂ ਕੀਮਤਾਂ ਦੀ ਆਜ਼ਾਦੀ ਵਾਲੇ ਮਾਹੌਲ ਵਿੱਚ ਰੱਖੋ, ਤਾਂ ਜੋ ਉਹ ਆਜ਼ਾਦੀ ਦਾ ਗਲਤ ਫਾਇਦਾ ਨਾ ਉਠਾ ਸਕਣ। ਬੱੱਚੇ ਨੂੰ ਕਦੇ ਵੀ ਜਾਤਪਾਤ ਤੇ ਧਾਰਮਿਕ ਕੱਟੜਤਾ ਦਾ ਪਾਠ ਨਹੀਂ ਪੜਾਉਣਾ ਚਾਹੀਦਾ। ਉਸਨੂੰ ਕੇਵਲ ਇਨਸਾਨੀਅਤ ਦਾ ਪਾਠ ਪੜਾਇਆ ਜਾਵੇ। ਧਰਮ ਦਾ ਪਾਠ ਵੱਡਾ ਹੋਕੇ ਉਹ ਆਪਣੀ ਮਰਜ਼ੀ ਨਾਲ ਸਿੱਖ ਲਵੇਗਾ। ਜੇ ਅਸੀਂ ਚੰਗੀ ਸੋਚ ਨਾਲ ਸਮਾਜ ਵਿੱਚ ਵਿਚਰਦੇ ਹਾਂ ਤਾ ਬੱਚੇ ਵੀ ਚੰਗੀ ਸੋਚ ਹੀ ਰੱਖਣਗੇ। ਕਿਉਂਕਿ ਬੱਚੇ ਸਾਡੇ ਤੋਂ ਈ ਸਿੱਖਦੇ ਨੇ। ਹਰ ਹਾਦਸੇ,ਘਟਨਾ ਨੂੰ ਸਕਾਰਾਤਮਕ ਸੋਚ ਨਾਲ ਸੋਚੋ। ਚਿੰਤਾ ਛੱਡਕੇ ਚਿੰਤਨ ਕਰੋ ਤਰਕ ਦੇ ਆਧਾਰ ਤੇ। ਆਪਣੇ ਹਰ ਇੱਕ ਪਲ ਨੂੰ ਵੱਧ ਤੋਂ ਵੱਧ ਖੁਸ਼ੀਆ ਨਾਲ ਸਾਂਝਾ ਕਰੋ। ਇੱਜ਼ਤ ਤੇ ਖੁਸ਼ੀਆਂ ਵੰਡੋ, ਤੁਹਾਨੂੰ ਇਹ ਦੁੱਗਣੀਆਂ ਹੋਕੇ ਮਿਲਣ ਗਈਆ। ਅਨਪੜਤਾ ਤੇ ਅੰਧਵਿਸ਼ਵਾਸ ਦੀ ਜਮੀਨ ਦੁੱਖਾਂ ਦੇ ਜੰਗਲਾਂ ਦਾ ਨਿਰਮਾਣ ਕਰਦੀ ਹੈਂ। ਸਿੱਖਿਆ ਦਾ ਚਾਨਣ ਤੁਹਾਡੇ ਦੁੱਖਾਂ ਦੇ ਹਨੇਰੇ ਨੂੰ ਖਤਮ ਕਰ ਦੇਵੇਗਾ। ਇੱਕ ਦੂਸਰੇ ਦੀਆਂ ਲੱਤਾਂ ਖਿੱਚਕੇ ਅੱਗੇ ਵਧਣ ਨਾਲੋਂ ਇੱਕ ਦੂਸਰੇ ਦੀ ਤਾਕਤ ਬਣਕੇ ਅੱਗੇ ਵੱਧੋ। ਆਉ ਆਪਣੀ ਜ਼ਿੰਦਗੀ ਨੂੰ ਜਿੰਦਾਦਿਲ ਜ਼ਿੰਦਗੀ ਦੇ ਨਾਮ ਕਰੀਏ।

ਅਤਿੰਦਰਪਾਲ ਸਿੰਘ ਪਰਮਾਰ
81468 08995

Leave a Reply

Your email address will not be published. Required fields are marked *

%d bloggers like this: