Fri. Jul 19th, 2019

ਇੱਕ ਦਰਵੇਸ਼ ਸਾਹਿਤਕਾਰ ਦਾ ਚਲਾਣਾ: ਗਿਆਨੀ ਬਲਵੰਤ ਸਿੰਘ ਕੋਠਾਗੁਰੂ

ਇੱਕ ਦਰਵੇਸ਼ ਸਾਹਿਤਕਾਰ ਦਾ ਚਲਾਣਾ: ਗਿਆਨੀ ਬਲਵੰਤ ਸਿੰਘ ਕੋਠਾਗੁਰੂ

ਸਿੱਖ ਪੰਥ ਦੇ ਪ੍ਰਸਿੱਧ ਇਤਿਹਾਸਕਾਰ, ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਪ੍ਰਾਪਤ  ਇੱਕ ਦਰਵੇਸ਼ ਸਾਹਿਤਕਾਰ ਸਨ। ਉਨ੍ਹਾਂ ਦਾ ਜਨਮ 25 ਜੂਨ 1933 ਈ. ਨੂੰ ਪਿੰਡ ਕੋਠਾਗੁਰੂ (ਜ਼ਿਲ੍ਹਾ ਬਠਿੰਡਾ) ਵਿਖੇ ਸ. ਬੁੱਘਾ ਸਿੰਘ ਦੇ ਘਰ ਮਾਤਾ ਵੀਰ ਕੌਰ ਦੀ ਕੁੱਖੋਂ ਹੋਇਆ। ਬੀਬੀ ਜਾਗੀਰ ਕੌਰ ਨਾਲ ਸ਼ਾਦੀ ਹੋਣ ਪਿੱਛੋਂ ਉਨ੍ਹਾਂ ਦੇ ਘਰ ਪੰਜ ਪੁੱਤਰਾਂ ਨੇ ਜਨਮ ਲਿਆ-ਜਗਰੂਪ ਸਿੰਘ(1953),ਰਣਬੀਰ ਸਿੰਘ (1958), ਕੰਵਰ ਕੌਰ ਸਿੰਘ(1959), ਨਿਰਪਾਲ ਸਿੰਘ(1961) ਅਤੇ ਬ੍ਰਿਜਿੰਦਰ ਸਿੰਘ (1964)।
ਉਹ ਵੱਖ- ਵੱਖ ਭਾਸ਼ਾਵਾਂ ਦੇ ਜਾਣਕਾਰ ਸਨ ਤੇ ਉਨ੍ਹਾਂ ਨੇ ਸਖਤ ਮਿਹਨਤ ਨਾਲ ਇਤਿਹਾਸਕ ਸਥਾਨਾਂ ਸਬੰਧੀ ਖੋਜ ਭਰਪੂਰ ਕਾਰਜ ਕੀਤੇ। ਬੀਤੇ ਕੁਝ ਮਹੀਨਿਆਂ ਤੋਂ ਬਿਮਾਰ ਹੋਣ ਕਰਕੇ ਉਨ੍ਹਾਂ ਨੇ 27 ਫਰਵਰੀ 2019 ਨੂੰ ਅੰਤਿਮ ਸਾਹ ਲਿਆ।ਉਨ੍ਹਾਂ ਦੇ ਤੁਰ ਜਾਣ ਨਾਲ ਸਿੱਖ ਕੌਮ ਇੱਕ ਦਰਵੇਸ਼ ਤੇ ਪ੍ਰਮਾਣਿਕ ਇਤਿਹਾਸਕਾਰ ਤੋਂ ਵਾਂਝੀ ਹੋ ਗਈ ਹੈ।
ਉਨ੍ਹਾਂ ਨੇ ਸਾਹਿਤ ਦੇ ਵੱਖ- ਵੱਖ ਰੂਪਾਂ, ਜਿਵੇਂ ਜੀਵਨੀ, ਖੋਜ, ਸੰਪਾਦਨ, ਟੀਕਾ ਆਦਿ ਵਿੱਚ ਪ੍ਰਮੁੱਖ ਯੋਗਦਾਨ ਦਿੱਤਾ। ਜਿਸ ਦਾ ਸਮੁੱਚਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
ਜੀਵਨੀਆਂ: ਅਦੁੱਤੀ ਸੇਵਕ (ਜੀਵਨੀ ਭਾਈ ਦਿਆਲ ਸਿੰਘ ਪਰਵਾਨਾ,1955), ਅਗਮ ਅਗਾਧ ਪੁਰਖ (ਜੀਵਨੀ ਸੰਤ ਅਤਰ ਸਿੰਘ ਮਸਤੂਆਣਾ1983), ਏਕ ਪੁਰਖ ਅਪਾਰ (ਸੰਤ ਅਤਰ ਸਿੰਘ ਮਸਤੂਆਣਾ ਦੇ ਸੰਦੇਸ਼, ਸਿਧਾਂਤ ਅਤੇ ਵਿਸ਼ੇਸ਼ ਉਪਕਾਰ,1984),ਵਿੱਦਿਆਸਰ ਦਾ ਵਿੱਦਿਆ ਸਾਗਰ (ਵਿੱਦਿਆ ਪ੍ਰਚਾਰਕ ਭਾਈ ਫੁੰਮਣ ਸਿੰਘ ਜੀ ਦੀ ਜੀਵਨੀ, 2000)
ਖੋਜ ਤੇ ਇਤਿਹਾਸ: ਤਖ਼ਤ ਸ੍ਰੀ ਦਮਦਮਾ ਸਾਹਿਬ(1959), ਬਾਬਾ ਕੌਲ ਸਾਹਿਬ(1965), ਇਤਿਹਾਸ ਗੁਰਦੁਆਰਾ ਲੋਹਗੜ੍ਹ, ਦੀਨਾ (1968), ਸ੍ਰੀ ਦਮਦਮਾ ਗੁਰੂ ਕੀ ਕਾਸ਼ੀ (ਤਲਵੰਡੀ ਸਾਬੋ ਦਾ ਇਤਿਹਾਸ,1995), ਸ੍ਰੀ ਨਿਰਮਲ ਪੰਥ ਬੋਧ (ਨਿਰਮਲ ਭੇਖ ਦਾ ਇਤਿਹਾਸ,1996), ਸੰਖੇਪ ਇਤਿਹਾਸ ਸ੍ਰੀ ਦਮਦਮਾ ਗੁਰੂ ਕਾਸ਼ੀ (2000)।
ਸੰਪਾਦਨ: ਸ਼ਾਂਤ ਸੰਗੀਤ(ਭਾਈ ਮੱਘਰ ਸਿੰਘ ਸ਼ਾਂਤ ਦੀਆਂ ਧਾਰਮਿਕ ਕਵਿਤਾਵਾਂ,1982)।
ਟੀਕਾ: ਰੂਪ ਦੀਪ ਪਿੰਗਲ ਸਟੀਕ(1954)।
ਹਿੰਦੀ ਪੁਸਤਕਾਂ: ਪੁੂਜਯ ਸੰਤ ਅਤਰ ਸਿੰਘ ਜੀ(ਜੀਵਨੀ,1987), ਗੁਰੂ ਵੰਸ਼ ਖਾਲਸਾ ਪੰਥ(1999)।
ਗਿਆਨੀ ਜੀ ਨੂੰ ਦਮਦਮਾ ਸਾਹਿਬ ਨਾਲ ਅਥਾਹ ਪ੍ਰੇਮ ਸੀ। ਇਸ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤਾ ਸਮਾਂ ਸ੍ਰੀ ਦਮਦਮਾ ਸਾਹਿਬ ਬਾਰੇ ਹੀ ਲਿਖਿਆ ਹੈ। ਸ੍ਰੀ ਦਮਦਮਾ ਸਾਹਿਬ ਨੂੰ ਚੌਥੇ ਤਖ਼ਤ ਵਜੋਂ ਸਿੱਧ ਕਰਨ ਦੀ ਵਡਿਆਈ ਵੀ ਗਿਆਨੀ ਜੀ ਨੂੰ ਹੀ ਪ੍ਰਾਪਤ ਹੋਈ ਹੈ।
ਗਿਆਨੀ ਜੀ ‘ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ’ ਦੇ ਪ੍ਰਾਕਥਨ ਵਿੱਚ ਆਪ ਵੀ ਲਿਖਦੇ ਹਨ,” ਮੇਰੇ ਮਨ ਵਿੱਚ ਗੁਰੂ ਕਾਸ਼ੀ ਵਾਸਤੇ ਅਥਾਹ ਪ੍ਰੇਮ ਹੈ। ਇਸ ਪ੍ਰੇਮ ਦਾ ਕਾਰਨ ਪੂਰਬਲੇ ਸੰਸਕਾਰ ਹਨ। ਇਸ ਪਾਵਨ ਤੀਰਥ ਬਾਰੇ ਬਹੁਤ ਕੁਝ ਲਿਖਣ ਤੋਂ ਬਾਅਦ ਵੀ ਮਨ ਸੰਤੁਸ਼ਟ ਨਹੀਂ ਹੋਇਆ। ਇਸ ਵਾਸਤੇ ਬਹੁਤ ਸਮੇਂ ਤੋਂ ਸੰਕਲਪ ਬਣਿਆ ਸੀ ਕਿ ਸ੍ਰੀ ਦਮਦਮਾ ਸਾਹਿਬ ਦਾ ਇਤਿਹਾਸ ਲਿਖਿਆ ਜਾਵੇ। ਦਮਦਮਾ ਸਾਹਿਬ ਨਾਮ ਦੇ ਸਿੱਖ ਇਤਿਹਾਸ ਵਿੱਚ ਅਨੇਕ ਗੁਰ-ਸਥਾਨ ਹਨ। ਪਰ ਜਿਸ ਦੀ ਸਿੱਖ- ਸੰਗਤਾਂ ਦੇ ਹਿਰਦੇ ਤੇ ਛਾਪ ਲੱਗੀ ਹੈ, ਇਹ ਤਲਵੰਡੀ ਸਾਬੋ ਵਾਲਾ ਹੀ ਦਮਦਮਾ ਸਾਹਿਬ ਹੈ।
‘ਸ੍ਰੀ ਦਮਦਮਾ ਗੁਰੂ ਕੀ ਕਾਸ਼ੀ’ ਪੁਸਤਕ ਦੇ 146 ਪੰਨੇ ਹਨ ਤੇ ਇਸ ਦੀ ਤੀਜੀ ਐਡੀਸ਼ਨ 2017 ਵਿੱਚ ਪ੍ਰਕਾਸ਼ਿਤ ਹੋਈ ਸੀ। ਪ੍ਰਾਕਥਨ ਤੋਂ ਇਲਾਵਾ ਇਸ ਦੇ 9 ਕਾਂਡ ਹਨ, ਜੋ ਕ੍ਰਮਵਾਰ ਸ੍ਰੀ ਦਮਦਮਾ ਗੁਰੂ ਕੀ ਕਾਸ਼ੀ, ਤਲਵੰਡੀ, ਇਤਿਹਾਸਕ ਸਥਾਨ, ਗੁਰੂ ਕਾਸ਼ੀ, ਦਮਦਮਾ ਅਰਥਾਂ ਦੀ ਸੰਪ੍ਰਦਾਇ, ਦਮਦਮੀ ਗੁਰਮੁਖੀ, ਗੁਰਮੁਖੀ ਛਾਪਾਖਾਨਾ, ਵੈਸਾਖੀ ਦਾ ਜੋੜ- ਮੇਲਾ, ਬੁੰਗਾ ਮਸਤੂਆਣਾ ਸਿਰਲੇਖ ਹੇਠ ਦਰਜ ਹਨ। ਅਸਲ ਵਿੱਚ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੀ ਇਹ ਪੁਸਤਕ ਪੜ੍ਹ ਕੇ ‘ਗੁਰੂ ਕੀ ਕਾਸ਼ੀ’ ਬਾਰੇ ਬਹੁਤ ਮਹੱਤਵਪੂਰਨ ਤੇ ਵਿਸਤ੍ਰਿਤ ਜਾਣਕਾਰੀ ਮਿਲਦੀ ਹੈ, ਜਿਸ ਨੂੰ ਗਿਆਨੀ ਜੀ ਨੇ ਬੜੀ ਪ੍ਰਮਾਣਿਕ ਖੋਜ ਦੇ ਆਧਾਰ ਤੇ ਵਿਉਂਤਬੱਧ ਕੀਤਾ ਹੈ ਤੇ ਇਸ ਵਿੱਚ ਕਿਆਸ- ਅਰਾਈਆਂ ਨੂੰ ਕੋਈ ਥਾਂ ਨਹੀਂ ਹੈ। ਇਸੇ ਪੁਸਤਕ ਵਿੱਚ 11 ਰੰਗਦਾਰ ਫੋਟੋਜ਼ ਰਾਹੀਂ ਲੇਖਕ ਨੇ ਪੁਰਾਤਨ ਦੁਰਲੱਭ ਇਤਿਹਾਸ ਨੂੰ ਸਾਡੇ ਸਾਹਮਣੇ ਪ੍ਰਸਤੁਤ ਕੀਤਾ ਹੈ। ਜਿਨ੍ਹਾਂ ਵਿੱਚ ਤਖ਼ਤ ਸਾਹਿਬ, ਬੁਰਜ ਬਾਬਾ ਦੀਪ ਸਿੰਘ, ਬਾਬਾ ਦੀਪ ਸਿੰਘ ਦਾ ਖੂਹ ਦੀਆਂ ਪੁਰਾਤਨ ਇਮਾਰਤਾਂ ਵੀ ਸ਼ਾਮਿਲ ਹਨ। ਪੁਰਾਤਨ ਬੁੰਗਿਆਂ, ਜਿਨ੍ਹਾਂ ਦੀ ਗਿਣਤੀ ਗਿਆਨੀ ਜੀ ਨੇ 12 ਦੱਸੀ ਹੈ, ਵਿੱਚੋਂ ਮੌਜੂਦਾ ਸਮੇਂ ਸਿਰਫ਼ ਬੂੰਗਾ ਮਸਤੂਆਣਾ ਹੀ ਕਾਰਜਸ਼ੀਲ ਹੈ (ਪੰਨਾ 111)।
ਪੁਰਾਤਨ ਗੁਰਦੁਆਰਿਆਂ ਦੀ ਅਸਲੀ ਤਸਵੀਰ ਪੇਸ਼ ਕਰਦਿਆਂ ਗਿਆਨੀ ਜੀ ਨੇ ਇਸੇ ਪੁਸਤਕ ਵਿੱਚ ਇੱਕ ਥਾਂ ਲਿਖਿਆ ਹੈ: “ਜਿਸ ਸਮੇਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਗੁਰਦੁਆਰਿਆਂ ਦੀਆਂ ਅੱਜ ਵਰਗੀਆਂ ਭਵਯ ਦਰਸ਼ਨੀ ਇਮਾਰਤਾਂ ਨਹੀਂ ਸਨ। ਲਿਖਣਸਰ ਮਿੱਟੀ ਦੇ ਡਲਿਆਂ ਦੇ ਕੋਠੇ ਸਨ। ਮਾਤਾ ਜੀਆਂ ਵਾਲੇ ਗੁਰਦੁਆਰੇ ਦਾ ਵੀ ਕੇਵਲ ਨਿਸ਼ਾਨ ਹੀ ਕਾਇਮ ਸੀ, ਕੋਈ ਵੱਡੀ ਇਮਾਰਤ ਨਹੀਂ ਸੀ। ਗੁਰੂਸਰ ਸਰੋਵਰ ਦੇ ਕਿਨਾਰੇ ਨੌਵੀਂ ਪਾਤਸ਼ਾਹੀ ਅਤੇ ਦਸਵੀਂ ਪਾਤਸ਼ਾਹੀ ਦੇ ਮੰਜੀ ਸਾਹਿਬ ਬੇਰੀ ਹੇਠ ਖਸਤਾ ਹਾਲ ਵਿੱਚ ਕੇਵਲ ਨਿਸ਼ਾਨ ਕਾਇਮ ਸੀ। ਗੁਰੂਸਰ ਸਰੋਵਰ ਦੀ ਪਰਿਕਰਮਾ ਵਿੱਚ ਵੱਡੇ ਵੱਡੇ ਟੋਏ ਅਤੇ ਟਿੱਬੇ ਸਨ। ਟੋਏ ਇੰਨੇ ਡੂੰਘੇ ਸਨ, ਜਿਨ੍ਹਾਂ ਵਿੱਚ ਹਾਥੀ ਵੀ ਲੁਕ ਜਾਵੇ। ਟਿੱਬੇ ਪਹਾੜ ਦਾ ਭੁਲੇਖਾ ਪਾਉਂਦੇ ਸਨ। ਕੰਡੇਦਾਰ ਮਲੇ- ਝਾੜੀਆਂ ਇੰਨੀਆਂ ਸਨ, ਜਿਨ੍ਹਾਂ ਵਿੱਚ ਦੀ ਲੰਘਣਾ ਔਖਾ ਸੀ (ਪੰਨਾ 124)।
ਪੁਸਤਕ ‘ਅਗਮ ਅਗਾਧ ਪੁਰਖ’ ਵਿੱਚ ਵੀ ਗਿਆਨੀ ਬਲਵੰਤ ਸਿੰਘ ਜੀ ਨੇ ਮੁੱਖ ਤੌਰ ਤੇ ਸ੍ਰੀ ਦਮਦਮਾ ਸਾਹਿਬ ਦੀ ਹੀ ਉਸਤਤੀ ਕੀਤੀ ਹੈ। ਸਪਤਾਹਿਕ ‘ਵਿਸ਼ਾਲ ਮਾਲਵਾ’, ਮਲਵਈ ਸ਼ੇਰ (ਪਟਿਆਲਾ), ਪੰਥ(ਦਿੱਲੀ), ਮਾਸਿਕ ‘ਖ਼ਾਲਸਾ ਪਾਰਲੀਮੈਂਟ ਗਜ਼ਟ’ ਪੰਚ ਖੰਡ ਭਸੌੜ, ਪੈਨਸ਼ਨਰ(ਬੁਢਲਾਡਾ), ਗੁਰਮਤਿ ਪ੍ਰਕਾਸ਼ ਆਦਿ ਪੱਤ੍ਰਿਕਾਵਾਂ ਵਿੱਚ ਕਰੀਬ ਅੱਧਾ ਸੈਂਕੜੇ ਲੇਖ ਸ੍ਰੀ ਦਮਦਮਾ ਸਾਹਿਬ ਬਾਰੇ ਪ੍ਰਕਾਸ਼ਿਤ ਹੋਏ ਹਨ। ਐਨਸਾਈਕਲੋਪੀਡੀਆ ਆਫ਼ ਸਿੱਖਿਜ਼ਮ ਵਿੱਚ ਵੀ ਉਨ੍ਹਾਂ ਦੀਆਂ ਕਈ ਐਂਟਰੀਜ਼ ਮਿਲਦੀਆਂ ਹਨ।
ਗਿਆਨੀ ਜੀ ਆਪਣੇ ਨਾਂ ਨਾਲ ਹਮੇਸ਼ਾ ‘ਸਾਹਿਤਯ ਸ਼ਾਸਤ੍ਰੀ’ ਲਿਖਦੇ ਸਨ। ਉਹ ਵਾਕਈ ਅਸਲੀ ਅਰਥਾਂ ਵਿੱਚ ‘ਸਾਹਿਤ ਸ਼ਾਸਤਰੀ’ ਸਨ।ਉਹਨਾਂ ਨੂੰ ਪੰਜਾਬੀ ਤੋਂ ਇਲਾਵਾ ਹਿੰਦੀ,ਬ੍ਰਿਜਭਾਸ਼ਾ, ਉਰਦੂ ਅਤੇ ਫਾਰਸੀ ਉਤੇ ਪੂਰਨ ਅਬੂਰ ਹਾਸਲ ਸੀ। ਉਨ੍ਹਾਂ ਨੂੰ ਨੀਤੀ ਸ਼ਾਸਤਰ, ਕਾਵਿ, ਵੇਦਾਂਤ, ਹਿੰਦੂ, ਬੋਧ ਤੇ ਸਿੱਖ ਦਰਸ਼ਨ ਦੀ ਸਟੀਕ ਜਾਣਕਾਰੀ ਸੀ।
ਉਨ੍ਹਾਂ ਨੇ ਨਿਰਮਲ ਚਿੰਤਾਮਣੀ (ਪੰਜਾਬੀ- ਹਿੰਦੀ ਸਪਤਾਹਿਕ, ਪਿੰਡ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ,1996), ਪੰਜਾਬੀ ਪਰਵਾਨਾ (ਕੋਟਕਪੂਰਾ, ਮਾਸਕ), ਖ਼ਾਲਸਾ ਪਾਰਲੀਮੈਂਟ ਗਜ਼ਟ (ਪੰਚ ਖੰਡ ਭਸੌੜ, ਜ਼ਿਲ੍ਹਾ ਸੰਗਰੂਰ, ਮਾਸਿਕ), ਸਿੱਧੂ ਬਰਾੜ (ਮਾਸਕ) ਦਾ ਯੋਗ ਸੰਪਾਦਨ ਵੀ ਕੀਤਾ।
ਗਿਆਨੀ ਜੀ ਨੂੰ ਮਿਲੇ ਪ੍ਰਮੁੱਖ ਸਨਮਾਨਾਂ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ‘ਸ੍ਰੀ ਦਮਦਮਾ- ਗੁਰੂ ਕੀ ਕਾਸ਼ੀ’ ਨੂੰ ‘ਮਹਾਰਾਜਾ’ ਪੁਰਸਕਾਰ(1997), ਨਿਰਮਲ ਡੇਰਾ, ਗੁਰੂਸਰ ਖੁੱਡਾ ਵਿਖੇ ਸ੍ਰੀਮਾਨ ਮਹੰਤ ਤੇਜਾ ਸਿੰਘ ਜੀ ਵੱਲੋਂ ‘ਇਤਿਹਾਸਕਾਰ ਮਹੰਤ ਗਨੇਸ਼ਾ ਸਿੰਘ ਪੁਰਸਕਾਰ'(1999), ਸਾਹਿਤ ਰਤਨ ਪੁਰਸਕਾਰ (ਮਾਲਵਾ ਹੈਰੀਟੇਜ, ਬਠਿੰਡਾ,2005), ਤਖ਼ਤ ਹਜ਼ੂਰ ਸਾਹਿਬ ਵੱਲੋਂ ਸਿਰੋਪਾ, ਪ੍ਰਸ਼ੰਸਾ ਪੱਤਰ ਤੇ ਸਿਮਰਤੀ ਚਿੰਨ੍ਹ (2005), ਹਿਸਟੋਰੀਅਨ ਐਵਾਰਡ (ਬਾਬਾ ਵਿਰਸਾ ਸਿੰਘ ਮੈਮੋਰੀਅਲ ਟਰੱਸਟ, ਗੋਬਿੰਦ ਸਦਨ, ਦਿੱਲੀ,2008), ਟਕਸਾਲੀ ਵਿਦਵਾਨ (ਪੰਜਾਬੀ ਯੂਨੀਵਰਸਿਟੀ, ਪਟਿਆਲਾ,2012), ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ (ਭਾਸ਼ਾ ਵਿਭਾਗ, ਪੰਜਾਬ) ਆਦਿ ਸ਼ਾਮਲ ਹਨ।
ਮੈਂ ਆਪਣੇ ਜੀਵਨ ਵਿੱਚ ਗਿਆਨੀ ਜੀ ਨੂੰ ਸਿਰਫ ਦੋ ਕੁ ਵਾਰ ਹੀ ਮਿਲ ਸਕਿਆ ਹਾਂ: ਇੱਕ ਵਾਰ ਤਾਂ ਅਸੀਂ ਟੀ ਪੀ ਡੀ ਮਾਲਵਾ ਕਾਲਜ, ਰਾਮਪੁਰਾ ਫੂਲ ਵਿਖੇ ਇਕੱਠੇ ਹੋਏ ਸਾਂ, ਜਦੋਂ ਉੱਥੋਂ ਦੇ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਭੱਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸੌ ਸਾਲਾ ਸੰਪੂਰਨਤਾ ਦਿਵਸ ਨਾਲ ਸਬੰਧਤ ਇੱਕ ਸੈਮੀਨਾਰ ਕਰਵਾਇਆ ਸੀ 1.9.2006 ਵਿੱਚ, ਜਿੱਥੇ ਮੈਂ ਅਤੇ ਗਿਆਨੀ ਜੀ ਨੇ ਵਿਖਿਆਨ ਪ੍ਰਸਤੁਤ ਕੀਤੇ ਸਨ। ਗਿਆਨੀ ਜੀ ਨੇ ਮੈਨੂੰ (ਉਮਰ ਵਿੱਚ ਛੋਟੇ ਹੁੰਦਿਆਂ ਹੋਇਆਂ ਵੀ) ਬੜਾ ਸਤਿਕਾਰ ਦਿੱਤਾ ਸੀ ਤੇ ਮੈਂ ਉਨ੍ਹਾਂ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਸਾਂ। ਇਵੇਂ ਹੀ ਉਹ ਇੱਕ ਵਾਰ ਦਮਦਮਾ ਸਾਹਿਬ, ਬੁੰਗਾ ਮਸਤੂਆਣਾ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਮਿਲੇ ਸਨ ਤੇ ਉਨ੍ਹਾਂ ਨਾਲ ਰਸਮੀ ਜਿਹੀ ਮੁਲਾਕਾਤ ਹੋਈ ਸੀ। ਫਿਰ ਇੱਕ ਵਾਰ ਇੱਕ ਅਖ਼ਬਾਰ ਵਿੱਚ ਮੇਰਾ ਇੱਕ ਲੇਖ ਦਮਦਮਾ ਸਾਹਿਬ ਦੇ ਇਤਿਹਾਸ ਸਬੰਧੀ ਪ੍ਰਕਾਸ਼ਿਤ ਹੋਇਆ ਸੀ, ਜਿਸ ਵਿੱਚ ਮੈਂ ਗਿਆਨੀ ਜੀ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਕੀਤਾ ਸੀ, ਤਾਂ ਉਨ੍ਹਾਂ ਨੇ ਮੈਨੂੰ ਫੋਨ ਕਰਕੇ ਇਸ ਬਾਰੇ ਮੁਬਾਰਕ ਦਿੱਤੀ ਸੀ।
ਗਿਆਨੀ ਬਲਵੰਤ ਸਿੰਘ ਕੋਠਾਗੁਰੂ ਦੇ ਦਿਹਾਂਤ ਨਾਲ ਪੰਜਾਬੀ ਵਿੱਚ ਇੱਕ ਟਕਸਾਲੀ, ਨਿਰਮਲੇ ਤੇ ਦਰਵੇਸ਼ ਵਿਦਵਾਨ ਦੀ ਘਾਟ ਮਹਿਸੂਸ ਹੋ ਰਹੀ ਹੈ, ਜਿਸ ਦੀ ਪੂਰਤੀ ਲਈ ਜ਼ਮਾਨੇ ਨੂੰ ਪਤਾ ਨਹੀਂ ਹੋਰ ਕਿੰਨੇ ਗੇੜਾਂ ਵਿੱਚੋਂ ਲੰਘਣਾ ਪਵੇਗਾ!

ਪ੍ਰੋ. ਨਵ ਸੰਗੀਤ ਸਿੰਘ
ਨੇੜੇ ਗਿੱਲਾਂ ਵਾਲਾ ਖੂਹ
ਤਲਵੰਡੀ ਸਾਬੋ-151302
ਬਠਿੰਡਾ
9417692015

Leave a Reply

Your email address will not be published. Required fields are marked *

%d bloggers like this: