ਇੱਕ ਘਰ ਇੱਕ ਨੌਕਰੀ ਦਾ ਆਗ਼ਾਜ਼ ! ਕੈਪਟਨ ਬੇਅੰਤ ਸਿੰਘ ਦੇ ਪੋਤਰੇ ਨੂੰ ਪਵਾਉਣਗੇ ਡੀਐੱਸਪੀ ਦੀ ਵਰਦੀ

ss1

ਇੱਕ ਘਰ ਇੱਕ ਨੌਕਰੀ ਦਾ ਆਗ਼ਾਜ਼ ! ਕੈਪਟਨ ਬੇਅੰਤ ਸਿੰਘ ਦੇ ਪੋਤਰੇ ਨੂੰ ਪਵਾਉਣਗੇ ਡੀਐੱਸਪੀ ਦੀ ਵਰਦੀ

ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਨੂੰ ਤੋਹਫ਼ਾ ਦੇਣ ਦੀ ਤਿਆਰੀ ਕੀਤੀ ਹੈ। ਦੱਸ ਦਈਏ ਕਿ ਗੁਰਇਕਬਾਲ ਸਿੰਘ ਸੁਖਵੰਤ ਸਿੰਘ ਕੋਟਲੀ ਦਾ ਪੁੱਤਰ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਛੋਟਾ ਭਰਾ ਹੈ, ਜਿਸਨੂੰ ਪੰਜਾਬ ਪੁਲੀਸ ਵਿੱਚ ਡੀਐਸਪੀ ਦੀ ਨੌਕਰੀ ਮਿਲੇਗੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਡੀਜੀਪੀ ਵੱਲੋਂ ਨਿਯੁਕਤੀ ਸਬੰਧੀ ਤਜਵੀਜ਼ ਭੇਜ ਦਿੱਤੀ ਗਈ ਹੈ। ਮਰਹੂਮ ਬੇਅੰਤ ਸਿੰਘ ਦੇ ਪੋਤਰੇ ਨੂੰ ਸਿਰਫ ਬਿਨਾਂ ਪ੍ਰੀਖਿਆ ਅਤੇ ਹੋਰ ਸ਼ਰਤਾਂ ਦੀ ਛੋਟ ਦੇ ਕੇ ਹੀ ਡੀਐਸਪੀ ਦੀਆਂ ਫੀਤੀਆਂ ਨਹੀਂ ਲਾਈਆਂ ਜਾ ਰਹੀਆਂ, ਸਗੋਂ ਉਮਰ ਵਿੱਚ ਵੀ ਛੋਟ ਦਿੱਤੀ ਜਾਵੇਗੀ। ਨੌਕਰੀ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਇਹ ਮਾਮਲਾ ਜਲਦੀ ਹੀ ਮੰਤਰੀ ਮੰਡਲ ਨੂੰ ਭੇਜਿਆ ਜਾਵੇਗਾ।

ਪੁਲੀਸ ਨਿਯਮਾਂ ਮੁਤਾਬਕ ਡੀਐਸਪੀ ਦੀ ਭਰਤੀ ਲਈ ਘੱਟੋ ਘੱਟ ਉਮਰ 21 ਸਾਲ ਤੇ ਉਪਰਲੀ ਹੱਦ 28 ਸਾਲ ਹੋਣੀ ਚਾਹੀਦੀ ਹੈ। ਸਰਕਾਰ ਨੂੰ ਦਿੱਤੀ ਅਰਜ਼ੀ ਵਿੱਚ ਜੋ ਵੇਰਵੇ ਦਿੱਤੇ ਗਏ ਹਨ ਉਨ੍ਹਾਂ ਅਨੁਸਾਰ ਗੁਰਇਕਬਾਲ ਸਿੰਘ ਦੀ ਜਨਮ ਮਿਤੀ 1 ਸਤੰਬਰ, 1998 ਮੁਤਾਬਕ ਉਮਰ 28 ਸਾਲ 7 ਮਹੀਨੇ ਤੇ 21 ਦਿਨ ਪਹਿਲੀ ਜਨਵਰੀ 2017 ਨੂੰ ਬਣਦੀ ਹੈ। ਇਸ ਨੌਜਵਾਨ ਨੇ ਤਾਮਿਲ ਨਾਡੂ ਦੀ ‘ਪੇਰੀਆਰ ਯੂਨੀਵਰਸਿਟੀ’ ਤੋਂ ਬੀ. ਕੌਮ. ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਗੁਰਇਕਬਾਲ ਸਿੰਘ ਨੂੰ ਨੌਕਰੀ ਦੇਣ ਦਾ ਮੁੱਖ ਆਧਾਰ ਇਹੀ ਬਣਾਇਆ ਗਿਆ ਹੈ ਕਿ ਬੇਅੰਤ ਸਿੰਘ ਨੇ ਪੰਜਾਬ ਵਿੱਚ ਅਮਨ ਸ਼ਾਂਤੀ ਲਿਆਉਣ ਲਈ ਸ਼ਹਾਦਤ ਦਿੱਤੀ। ਸਰਕਾਰ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਮੁੱਖ ਮੰਤਰੀ ਦੀ ਮੌਤ ਤੋਂ ਬਾਅਦ ਰਾਜ ਸਰਕਾਰ ਦੇ ਕਿਸੇ ਵਿਭਾਗ ਵਿੱਚ ਨੌਕਰੀ ਨਹੀਂ ਲਈ।

ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਭਾਵਸ਼ਾਲੀ ਪਰਿਵਾਰਾਂ ਦੇ ਮੈਂਬਰਾਂ ਨੂੰ ਅਤਿਵਾਦ ਪੀੜਤ ਜਾਂ ਤਰਸ ਦੇ ਅਧਾਰ ’ਤੇ ਡੀਐਸਪੀ ਵਰਗੀਆਂ ਵੱਡੀਆਂ ਅਸਾਮੀਆਂ ’ਤੇ ਭਰਤੀ ਕੀਤਾ ਜਾਂਦਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਮੌੜ ਵਿੱਚ ਹੋਏ ਹਾਦਸੇ ਤੋਂ ਪਹਿਲਾਂ ਵੀ ਪਠਾਨਕੋਟ ਅਤੇ ਦੀਨਾਨਗਰ ਵਰਗੇ ਵੱਡੇ ਅਤਿਵਾਦੀ ਦੁਖਾਂਤ ਵਾਪਰੇ। ਇਸ ਦੌਰਾਨ ਕਈ ਸੈਨਿਕਾਂ ਅਤੇ ਮੁਲਾਜ਼ਮਾਂ ਨੇ ਕੁਰਬਾਨੀਆਂ ਦਿੱਤੀਆਂ। ਛੋਟੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਲਈ ਅਕਸਰ ਖੱਜਲ ਖੁਆਰ ਹੀ ਹੋਣਾ ਪੈਂਦਾ ਹੈ। ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਭਰਮਾਉਣ ਲਈ ‘ਹਰ ਘਰ ਇੱਕ ਨੌਕਰੀ’ ਦਾ ਨਾਅਰਾ ਦਿੱਤਾ ਸੀ। ਇਸ ਨਾਅਰੇ ’ਤੇ ਭਾਵੇਂ ਰਾਜਸੀ ਤੌਰ ’ਤੇ ਅਮਲ ਅਜੇ ਸ਼ੁਰੂ ਨਹੀਂ ਹੋਇਆ, ਪਰ ਪ੍ਰਸ਼ਾਸਕੀ ਹਲਕਿਆਂ ਵਿੱਚ ਚਰਚਾ ਹੈ ਕਿ ਇਸ ਵਾਅਦੇ ਨੂੰ ਨਿਭਾਉਣ ਦਾ ਮੁੱਢ ਰਸੂਖਵਾਨ ਪਰਿਵਾਰਾਂ ਤੋਂ ਬੰਨ੍ਹਿਆ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *