Tue. Dec 10th, 2019

ਇੱਕ ਕਿਤਾਬ ਨੇ ਮੈਨੂੰ ਮੌਤ ਦੇ ਰਾਹ ਜਾਣ ਤੋਂ ਬਚਾਇਆ

ਇੱਕ ਕਿਤਾਬ ਨੇ ਮੈਨੂੰ ਮੌਤ ਦੇ ਰਾਹ ਜਾਣ ਤੋਂ ਬਚਾਇਆ

ਜਦੋਂ ਮੈਂ ਦੱਸਵੀਂ ਵਿੱਚ ਪੜ੍ਹਦਾ ਸੀ ਉਦੋਂ ਤੋਂ ਹੀ ਅਮਰੀਕਾ ਜਾਣ ਦੀ ਚਾਹਤ ਨੇ ਇੱਕ ਜਨੂੰਨ ਦੇ ਰੂਪ ਵਿੱਚ ਬਦਲਣ ਲੱਗੀ। ਮੈਂ ਘਰ ਗੱਲ ਕਰਦਾ ਕਿ ਮੈਂ ਦੱਸਵੀਂ ਤੋਂ ਬਾਅਦ ਦੀ ਪੜ੍ਹਾਈ ਆਪਣੇ ਮਾਮੇ ਕੋਲ ਅਮਰੀਕਾ ਵਿੱਚ ਜਾ ਕੇ ਕਰਨੀ ਹੈ ਤਾਂ ਪਾਪਾ ਕਹਿਣ ਲੱਗਦੇ, “ਤੂੰ ਪਹਿਲਾਂ ਦੱਸ ਤਾਂ ਕਰ ਲੈ ਤੇਰੇ ਲੱਛਣ ਲੱਗਦੇ ਨ੍ਹੀ ਪੜ੍ਹਨ ਵਾਲੇ, ਚੁੱਪ ਕਰਕੇ ਪੜ੍ਹ ਲੈ ਜਿੰਨਾਂ ਪੜ੍ਹਿਆ ਜਾਂਦਾ ਨਹੀਂ ਤਾਂ ਦੁਕਾਨ ‘ਤੇ ਬੈਠ ਕੇ ਸਮੋਸੇ ਤਲਨੇ ਸਿੱਖ ਲੈ”। ਮੰਮੀ ਵੀ ਹਰ ਵਾਰ ਮੈਨੂੰ ਇਸੇ ਤਰ੍ਹਾਂ ਟਾਲ ਦਿੰਦੀ ਸੀ ਤੇ ਕਹਿ ਦਿੰਦੀ, “ਕੋਈ ਨੀ ਦੀਨਿਆ ਦੇਖਾਂਗੇ… ਆਉਣ ਦੇ ਟਾਇਮ”। ਪਰ ਅਮਰੀਕਾ ਜਾਣ ਦਾ ਨਸ਼ਾ ਸਿਰ ਚੜ੍ਹ ਕੇ ਬੋਲਣ ਲੱਗਾ। ਮੈਂ ਦਿਨ ਰਾਤ ਬੱਸ ਇਹੀ ਸੋਚਦਾ ਰਹਿੰਦਾ ਕਿ ਕਦੋਂ ਮੈਂ ਅਮਰੀਕਾ ਜਾਵਾਂਗਾ ਤੇ ਉਥੇ ਪੜ੍ਹ ਕੇ ਹੀ ਕੋਈ ਵੱਡੀ ਨੌਕਰੀ ਹਾਸਲ ਕਰ ਲਵਾਂਗਾ ਤੇ ਫਿਰ ਬੱਸ ਡਾਲਰਾਂ ਵਿੱਚ ਹੀ ਖੇਡਣਾ ਹੈ। ਇਹੋ ਜਿਹੇ ਮੁੰਗੇਰੀ ਲਾਲ ਵਰਗੇ ਹਸੀਨ ਸੁਪਨਿਆਂ ਨਾਲ ਦਿਨ ਚੜ੍ਹਦਾ ਤੇ ਢਲਦਾ ਸੀ। ਪੜ੍ਹਾਈ ਵੱਲ ਧਿਆਨ ਘੱਟਦਾ ਜਾ ਰਿਹਾ ਸੀ। ਦਸਵੀਂ ਜਮਾਤ ਦੇ ਪੇਪਰ ਜਿਵੇਂ ਜਿਵੇਂ ਨੇੜੇ ਆ ਰਹੇ ਸਨ ਮੈਨੂੰ ਆਪਣੇ ਆਪ ਨੂੰ ਅਮਰੀਕਾ ਜਾਣ ਲਈ ਜਹਾਜ ਚੜ੍ਹਨ ਵਾਲਾ ਦਿਨ ਨੇੜੇ ਆਉਂਦਾ ਜਾਪਦਾ। ਜਿਸ ਦਿਨ ਮੇਰਾ ਦਸਵੀਂ ਜਮਾਤ ਦਾ ਆਖਰੀ ਪੇਪਰ ਸੀ ਉਸੇ ਦਿਨ ਮੈਂ ਆਈਲੈਟਸ ਦੀ ਟਿਊਸ਼ਨ ਸ਼ੁਰੂ ਕਰ ਲਈ ਅਤੇ ਘਰੋਂ ਲੜਦੇ ਝਗੜਦੇ ਨੇ ਪਾਸਪੋਰਟ ਵੀ ਬਣਵਾ ਲਏ। ਜਦੋਂ ਵੀ ਮੈਂ ਬਾਹਰ ਜਾਣ ਦੀ ਗੱਲ ਕਰਦਾ ਤਾਂ ਘਰ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਤੇ ਮੇਰੀ ਮਾਂ ਹਰ ਵਾਰ ਇਹੀ ਕਹਿੰਦੀ, “ਕੱਲਾ ਕੈਰਾ ਮੁੰਡਾ ਸਾਡਾ ਅਸੀਂ ਕਿਵੇਂ ਬਾਹਰ ਭੇਜ ਦੇਈਏ”।
ਉਧਰ ਅਮਰੀਕਾ ਵਿੱਚ ਮਾਮੇ ਨਾਲ ਹਰ ਤੀਜੇ ਦਿਨ ਗੱਲ ਕਰਦਾ ਰਹਿੰਦਾ ਸੀ। ਮੇਰੇ ਜੋਰ ਪਾਉਣ ‘ਤੇ ਮਾਮੇ ਨੇ ਮੇਰੀ ਮੰਮੀ ਤੇ ਪਾਪਾ ਨੂੰ ਮਨਾ ਹੀ ਲਿਆ। ਉਸ ਨੇ ਕਿਹਾ ਕਿ ਅਮਰੀਕਾ ਆ ਕੇ ਮੁੰਡੇ ਦੀ ਜਿੰਦਗੀ ਬਣ ਜਾਵੇਗੀ ਤੇ ਚਾਰਪੰਜ ਸਾਲ ਪੜ੍ਹਨ ਤੋਂ ਬਾਅਦ ਚਾਹੇ ਤਾਂ ਇਸ ਨੂੰ ਇੰਡੀਆ ਬੁਲਾ ਲੈਣਾ ਨਹੀਂ ਤਾਂ ਤੁਸੀਂ ਵੀ ਇੱਥੇ ਆ ਜਾਣਾ। ਅਗਲੇ ਦਿਨ ਜਦ ਮੈਂ ਸਵੇਰੇ ਜਾਗਿਆ ਤਾਂ ਮੇਰੇ ਮੰਮੀ ਪਾਪਾ ਮੇਰੇ ਕੋਲ ਆਏ ਤੇ ਪਾਪਾ ਕਹਿਣ ਲੱਗੇ, “ਗੱਲ ਸੁਣ ਪੁੱਤਰਾ ਤੇਰੀ ਨਿਆਣੀ ਉਮਰ ਕਰਕੇ ਤੈਨੂੰ ਕੁੱਝ ਨਹੀਂ ਕਹਿ ਰਹੇ ਸੀ ਪਰ ਤੂੰ ਆਪਣੀ ਜਿੱਦ ‘ਤੇ ਅੜਿਆ ਹੋਇਐਂ ਤਾਂ ਫਿਰ ਮੇਰੀ ਗੱਲ ਧਿਆਨ ਨਾਲ ਸੁਣ ਲੈ ਨਾ ਮੈਂ ਆਪਣੀ ਦੁਕਾਨ ਛੱਡ ਕੇ ਜਾਵਾਂ ਤੇ ਨਾ ਤੇਰੀ ਮਾਂ ਮੈਨੂੰ ਛੱਡ ਕੇ ਜਾਵੇ। ਤੈਨੂੰ ਕੱਲੇ ਨੂੰ ਉਥੇ ਤੇ ਸਾਨੂੰ ਕੱਲਿਆਂ ਨੂੰ ਇੱਥੇ ਰਹਿਣਾ ਪਊਗਾ ਜੇ ਤੈਨੂੰ ਮਨਜੂਰ ਆ ਤਾਂ ਆਹ ਚੱਕ ਪੈਸੇ ਜਾ ਆਪਣੇ ਕਾਗਜ ਭਰ ਲੈ ਪਰ ਯਾਦ ਰੱਖੀ ਇਹ ਸਭ ਕੁੱਝ ਤੇਰੀ ਜਿੱਦ ਅੱਗੇ ਤੇਰੇ ਮਾਪਿਆਂ ਦੀ ਹਾਰ ਹੈ… ਸਮਝ ਗਿਆ।” ਉਸ ਸਮੇਂ ਮੈਂ ਪਾਪਾ ਦੀ ਕਿਸੇ ਗੱਲ ਤੇ ਧਿਆਨ ਨਹੀਂ ਦਿੱਤਾ ਕਿਉਂਕਿ ਮੈਨੂੰ ਵਿਦੇਸ਼ ਜਾਣ ਦਾ ਜਨੂੰਨ ਸੀ। ਮੈਂ ਫਟਾ ਫਟ ਤਿਆਰ ਹੋ ਕੇ ਮਾਮੇ ਵੱਲੋਂ ਦੱਸੇ ਅਨੁਸਾਰ ਬਾਹਰ ਜਾਣ ਦੀ ਤਿਆਰੀ ਵਿੱਚ ਲੱਗਾ ਰਿਹਾ। ਕੁੱਝ ਮਹੀਨੇ ਧੱਕੇ ਖਾਣ ਤੋਂ ਬਾਅਦ ਮੈਨੂੰ ਏਜੰਟ ਦਾ ਫੋਨ ਆਇਆ ਕਿ ਮੇਰਾ ਵੀਜਾ ਰਿਜੈਕਟ ਹੋ ਗਿਆ ਹੈ। ਫਿਰ ਮੈਂ ਦੂਸਰੇ ਏਜੰਟ ਰਾਹੀਂ ਕੋਸ਼ਿਸ਼ ਕੀਤੀ ਪਰ ਫਿਰ ਰਿਜੈਕਟ ਹੋ ਗਿਆ। ਇਸੇ ਤਰ੍ਹਾਂ ਮੈਨੂੰ ਦੋ ਸਾਲ ਬੀਤ ਗਏ ਤੇ ਆਈਲੈਟਸ ਦੇ ਬੈਂਡ ਵੀ ਨਾ ਲੈ ਸਕਿਆ। ਘਰੋਂ ਵੀ ਮੰਮੀ ਪਾਪਾ ਰੋਜ ਲੜਦੇ ਕਿ ਇਹ ਤਾਂ ਨਿਕੰਮਾ ਹੁੰਦਾ ਜਾਂਦੈ। ਨਾ ਇੱਥੇ ਕੋਈ ਕੰਮ ਕਰਦੈ ਤੇ ਨਾ ਹੀ ਇਹਦਾ ਬਾਹਰ ਜਾਣ ਦਾ ਜੁਗਾੜ ਬਣਦੈ ਬੱਸ ਪੈਸੇ ਖਰਾਬ ਕਰੀ ਜਾਂਦੈ। ਉਹ ਮੈਨੂੰ ਰੋਜ ਸਮਝਾਉਂਦੇ ਕਿ ਮੈਂ ਇੱਥੇ ਹੀ ਅਗਲੀ ਪੜ੍ਹਾਈ ਸ਼ੁਰੂ ਕਰ ਲਵਾਂ ਪਰ ਮੇਰੇ ਲਈ ਇਹ ਬਹੁਤ ਹੀ ਅਸੰਭਵ ਬਣਦਾ ਜਾ ਰਿਹਾ ਸੀ। ਇੱਕ ਦਿਨ ਮੈਂ ਦੋਸਤ ਦੇ ਘਰ ਗਿਆ ਤਾਂ ਉਥੇ ਅਖਬਾਰ ਵਿੱਚ ਖਬਰ ਪੜ੍ਹੀ ਕਿ ਡੌਂਕੀ ਲਾ ਕੇ ਅਮਰੀਕਾ ਜਾਣ ਵਾਲੇ ਭਾਰਤੀਆਂ ਨੂੰ ਮੈਕਸੀਕੋ ਦੀ ਸਰਕਾਰ ਨੇ ਡਿਪੋਟ ਕੀਤਾ। ਇਹ ਖਬਰ ਪੜ੍ਹ ਕੇ ਮੈਨੂੰ ਅਮਰੀਕਾ ਜਾਣ ਦੀ ਇੱਕ ਹੋਰ ਉਮੀਦ ਦੀ ਕਿਰਨ ਦਿਖਾਈ ਦਿੱਤੀ ਤਾਂ ਮੈਂ ਪਹਿਲਾਂ ਤਾਂ ਇਹ ਪਤਾ ਕੀਤਾ ਕਿ ਇਹ ਡੌਂਕੀ ਕੀ ਹੁੰਦੈ। ਮੈਨੂੰ ਪਤਾ ਲੱਗਾ ਕਿ ਏਜੰਟ ਗਲਤ ਤਰੀਕੇ ਨਾਲ ਅਮਰੀਕਾ ਭੇਜਣ ਨੂੰ ਡੌਂਕੀ ਕਹਿੰਦੇ ਹਨ ਤਾਂ ਮੈਂ ਵੀ ਮਨ ਬਣਾ ਲਿਆ ਕਿ ਮੈਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਵਾਂਗਾ।
ਮੈਂ ਇਸ ਸਬੰਧੀ ਏਜੰਟ ਦੀ ਭਾਲ ਸ਼ੁਰੂ ਕਰ ਦਿੱਤੀ ਜੋ ਮੈਨੂੰ ਇਸ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜ ਸਕੇ। ਬਠਿੰਡਾ, ਲੁਧਿਆਣਾ, ਜਲੰਧਰ ਚੰਡੀਗੜ੍ਹ ਦੇ ਗੇੜੇ ਮਾਰ ਮਾਰ ਥੱਕ ਗਿਆ ਪਰ ਮੈਨੂੰ ਕੋਈ ਅਜਿਹਾ ਏਜੰਟ ਨਾ ਮਿਲਿਆ ਜਿਸ ਰਾਹੀਂ ਮੈਂ ਡੌਂਕੀ ਲਾ ਕੇ ਅਮਰੀਕਾ ਜਾਣ ਦੀ ਚਾਹਤ ਪੂਰੀ ਕਰ ਸਕਾਂ। ਫਿਰ ਮੈਂ ਦਿੱਲੀ ਚਲਾ ਗਿਆ ਉਥੇ ਵੀ ਮੈਂ ਦੋ ਤਿੰਨ ਦਿਨ ਧੱਕੇ ਖਾਂਦਾ ਰਿਹਾ ਪਰ ਮੈਨੂੰ ਕੋਈ ਵੀ ਏਜੰਟ ਨਾ ਲੱਭਾ। ਸ਼ੁਰੂ ਤੋਂ ਹੀ ਮੈਨੂੰ ਇੱਕ ਏਜੰਟ ਆਪਣੇ ਦੂਸਰੇ ਕੋਲ ਭੇਜ ਦਿੰਦਾ ਦੂਸਰਾ ਤੀਸਰੇ ਕੋਲ। ਬੱਸ ਇਸੇ ਤਰ੍ਹਾਂ ਮੈਂ ਇਮੀਗਰੇਸ਼ਨ ਵਾਲਿਆਂ ਦੇ ਚੱਕਰ ਕੱਢਦਾ ਰਿਹਾ। ਫਿਰ ਮੈਂ ਦਿੱਲੀ ਤੋਂ ਘਰ ਆ ਰਿਹਾ ਸੀ ਤਾਂ ਫੇਸਬੁੱਕ ਚਲਾ ਰਿਹਾ ਸੀ। ਫੇਸਬੁੱਕ ਵਿੱਚ ਇੱਕ ਪੋਸਟ ਪੜ੍ਹੀ ਜਿਸ ਵਿੱਚ ਇੱਕ ਕਿਤਾਬ ਦਾ ਜਿਕਰ ਕੀਤਾ ਗਿਆ ਸੀ। ਕਿਤਾਬ ਦਾ ਨਾਮ ਸੀ ‘ਮੌਤ ਦੀਆਂ ਰਾਹਾਂ’। ਗੁੱਡ ਵਿੱਲ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਨੂੰ ਮੈਂ ਆਨਲਾਈਨ ਆਰਡਰ ਕਰ ਦਿੱਤਾ। ਦੋ ਤਿੰਨ ਦਿਨਾਂ ਬਾਅਦ ਇਹ ਕਿਤਾਬ ਘਰ ਆ ਗਈ। ਮੈਂ ਦੋ ਘੰਟਿਆਂ ਵਿੱਚ ਹੀ ਸਾਰੀ ਕਿਤਾਬ ਪੜ੍ਹ ਦਿੱਤੀ। ਉਸ ਦੋ ਘੰਟਿਆਂ ਨੇ ਮੇਰੀ ਸਾਰੀ ਜਿੰਦਗੀ ਬਦਲ ਦਿੱਤੀ। ਇਸ ਕਿਤਾਬ ਵਿੱਚ ਲੇਖਕ ਨੇ ਆਪਣੇ ਵੱਲੋਂ ਅਮਰੀਕਾ ਜਾਣ ਸਮੇਂ ਦਾ ਸਾਰਾ ਬਿਰਤਾਂਤ ਕੀਤਾ ਹੋਇਆ ਸੀ ਤੇ ਜਦੋਂ ਉਹ ਦੱਸਦਾ ਹੈ ਕਿ ਇਹਨੇ ਜੰਗਲਾਂ ਤੇ ਔਖੇ ਰਾਹਾਂ ਵਿੱਚੋਂ ਹੋ ਕੇ ਉਹ ਅਮਰੀਕਾ ਪਹੁੰਚਦਾ ਹੈ ਤੇ ਪੁਲਿਸ ਹਿਰਾਸਤ ਵਿੱਚ ਲੈ ਲੈਂਦੀ ਹੈ। ਜੇਲ੍ਹ ਤੋਂ ਬਾਹਰ ਆ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਕਿਤਾਬ ਪੜ੍ਹਨ ਤੋਂ ਬਾਅਦ ਮੇਰੀਆਂ ਅੱਖਾਂ ਵਿੱਚ ਨਿਕਲੇ ਹੰਝੂ ਦੇਖ ਕੇ ਮੇਰੀ ਮਾਂ ਭੱਜੀ ਆਉਂਦੀ ਹੈ ਤੇ ਸਿਰ ਪਲੂਸਦੀ ਕਹਿੰਦੀ ਹੈ, “ਕੀ ਗੱਲ ਦੀਨਿਆ, ਕੀ ਹੋਇਆ ਪੁੱਤ, ਦੋ ਦਿਨ ਹੋ ਗਏ ਤੂੰ ਖਾਂਦਾ ਪੀਂਦਾ ਵੀ ਨੀ ਚੱਜ ਨਾਲ, ਨਾ ਕੁੱਝ ਬੋਲਦੈਂ… ਹੁਣ ਰੋਈ ਜਾਣੈ… ਕੀ ਗੱਲ ਪੁੱਤ… ਕੋਈ ਗੱਲ ਨੀ ਤੂੰ ਦਿਲ ਹੌਲਾ ਨਾ ਕਰ ਆਪਾਂ ਇਹ ਘਰ ਤੇ ਦੁਕਾਨ ਵੇਚ ਕੇ ਤੇਰਾ ਵੀਜਾ ਲਵਾ ਦਿੰਦੇ ਹਾਂ ਅਮਰੀਕਾ ਦਾ। ਅਸੀਂ ਵੀ ਜਾਵਾਂਗੇ ਪੁੱਤ ਨਾਲ।” ਮਾਂ ਦੀਆਂ ਗੱਲਾਂ ਸੁਣ ਮੈਂ ਉੱਚੀ ਉੱਚੀ ਰੌਂਦਾ ਕਹਿਣ ਲੱਗਾ,“ਨਹੀਂ ਮੰਮੀ ਮੈਂ ਨ੍ਹੀਂ ਜਾਣਾ ਹੁਣ ਅਮਰੀਕਾ, ਮੈਨੂੰ ਸਮਝ ਆ ‘ਗੀ, ਮੈਂ ਹਮੇਸ਼ਾ ਤੁਹਾਡੇ ਨਾਲ ਹੀ ਰਹਿਣਾ ਹੈ, ਉਹ ਵੀ ਇੱਥੇ ਹੀ..” ਉਸ ਤੋਂ ਬਾਅਦ ਮੈਂ ਅਗਲੀ ਪੜ੍ਹਾਈ ਵੀ ਸ਼ੁਰੂ ਕਰ ਲਈ ਤੇ ਸਕੂਲੋਂ ਬਾਅਦ ਪਾਪਾ ਨਾਲ ਦੁਕਾਨ ‘ਤੇ ਵੀ ਬੈਠਣ ਲੱਗਾ।

ਵਰਿੰਦਰ ਮਹਿਤਾ
ਨਵੀਂ ਕਚਿਹਰੀ ਰੋਡ, ਮਾਨਸਾ
9872001471

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: