ਇੰਨਸਾਨੀਅਤ ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ: ਸੁਖਚਰਨ ਸਿੰਘ ਸਾਹੋਕੇ

ss1

ਇੰਨਸਾਨੀਅਤ ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ  ਕਲਮ:  ਸੁਖਚਰਨ ਸਿੰਘ ਸਾਹੋਕੇ

sukhcharan-s-sahoke       ”ਲੇਖਕ ਬਣ ਜਾਣਾ ਕੋਈ ਵੱਡੀ ਗੱਲ ਨਹੀ ਹੁੰਦੈ।  ਮਾਅਇਨੇ ਇਸ ਗੱਲ ਦੇ ਹਨ ਕਿ ਉਹ ਲੇਖਕ ਬਣਨ ਤੋਂ ਪਹਿਲਾਂ ਚੰਗਾ ਇੰਨਸਾਨ ਬਣੇ : ਕਿਉਂਕਿ ਇੰਨਸਾਨ ਦੀ ਉਚੀ-ਸੁੱਚੀ, ਨਿਸ਼ਕਾਮ ਤੇ ਅਗਾਂਹ-ਵਧੂ ਉਸਾਰੂ ਸੋਚ ਇੰਨਸਾਨ ਨੂੰ ਸ਼ੁਹਰਤ ਦੀਆਂ ਉਨ੍ਹਾਂ ਬੁਲੰਦੀਆਂ ਉਤੇ ਪਹੁੰਚਾ ਦਿੰਦੀ ਹੈ, ਜਿਨ੍ਹਾਂ ਬੁਲੰਦੀਆਂ ਨੂੰ ਪੈਸੇ ਨਾਲ ਨਹੀ ਛੋਹਿਆ ਜਾ ਸਕਦਾ।  ਮੈਂ ਕਈ ਐਸੇ ਲੇਖਕ ਤੇ ਗਾਇਕ ਦੇਖੇ ਹਨ ਜੋ ਪ੍ਰਚਾਰ ਤਾਂ ਕਰ ਰਹੇ ਹੁੰਦੇ ਹਨ ‘ਨਸ਼ਾ-ਮੁਕਤੀ’  ਦਾ, ਪਰ ਖੁਦ ਉਨ੍ਹਾਂ ਨੇ ਨਸ਼ਾ ਕੀਤਾ ਹੁੰਦਾ ਹੈ ਉਸ ਵਕਤ।  ਲੇਖਕ ਤੇ ਗਾਇਕ ਸ਼ੀਸ਼ੇ ਦੀ ਤਰਾਂ ਇਕ-ਮਿਕ ਹੋਣੇ ਚਾਹੀਦੇ ਹਨ, ਅੰਦਰੋਂ-ਬਾਹਰੋਂ।”  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੇ ਸਖਸ਼ ਹਨ- ਸੁਖਚਰਨ ਸਿੰਘ ਸਾਹੋਕੇ।  ਹਸੂ-ਹਸੂ ਕਰਦੇ ਚਿਹਰੇ ਵਾਲਾ ਇਕ ਐਸਾ ਸਖਸ਼, ਜਿਸ ਕੋਲ ਜਾਨਦਾਰ ਤੇ ਸ਼ਾਨਦਾਰ ਕਹਾਣੀਆਂ ਅਤੇ ਕਵਿਤਾਵਾਂ ਲਈ ਮਿਆਰੀ ਕਲਮ ਤਾਂ ਹੈ ਹੀ,  ਪਰ ਉਸਤੋਂ ਵੀ ਵੱਧ ਇੰਨਸਾਨੀਅਤ ਦਾ ਮਾਦਾ ਹੈ, ਉਸ ਵਿਚ।  ਜਿਲ੍ਹਾ ਸੰਗਰੂਰ ‘ਚ ਪੈਂਦੇ ਪਿੰਡ ਸਾਹੋਕੇ ਵਿਖੇ 10.08.1960 ਨੂੰ ਜਨਮਿਆ ਇਹ ਸਖਸ਼ ਇਕ ਇਹੋ ਜਿਹੇ ਘਰਾਣੇ ਦੀ ਪੈਦਾਇਸ਼ ਹੈ, ਜਿਸ ਘਰਾਣੇ ਨੂੰ ਸਹੀ ਮਾਅਨਿਆਂ ਵਿਚ, ਬੜੇ ਗੌਰਵ ਨਾਲ ‘ਇੰਨਸਾਨੀਅਤ ਦੇ ਪੁਤਲੇ’  ਕਿਹਾ ਜਾ ਸਕਦਾ ਹੈ।

        ਕਿਹਾ ਕਰਦੇ ਹਨ ਕਿ ਰਾਜਨੀਤਿਕ ਖੇਤਰ ਵਿਚ ਦੁਨੀਆਂ ਭਰ ਦੇ ਝੂਠ-ਤੂਫਾਨ ਤੋਂ ਸਿਵਾਏ ਹੋਰ ਕੁਝ ਵੀ ਨਹੀ ਹੁੰਦਾ।  ਪਰ, ਇਸ ‘ਸਾਹੋਕੇ’ ਘਰਾਣੇ ਦੀ ਡਾਇਰੀ ਫਰੋਲਦਿਆਂ ਪਤਾ ਲੱਗਦਾ ਹੈ ਕਿ ਸੱਚ, ਇਮਾਨਦਾਰੀ ਅਤੇ ਦਿਆਂਤਦਾਰੀ ਦਾ ਵੀ ਅਜੇ ਬੀਜ-ਨਾਸ ਨਹੀਂ ਹੋਇਆ।  ‘ਸਾਹੋਕੇ’ ਘਰਾਣੇ ਦੇ ਵਾਰਸ, ਭਾਵ ਸੁਖਚਰਨ ਜੀ ਦੇ ਪਿਤਾ ਸਵ: ਪ੍ਰੀਤਮ ਸਿੰਘ ਸਾਹੋਕੇ ਐਮ. ਐਲ. ਏ., ਪੰਜਾਬ ਦੇ ਰਾਜਨੀਤਕ ਹਲਕਿਆਂ ਦੀ ਇਮਾਨਦਾਰੀ ਅਤੇ ਦਿਆਂਤਦਾਰੀ ਪੱਖੋ ਹਰਮਨ-ਪ੍ਰਿਯਤਾ ਖੱਟ ਚੁੱਕੀ, ਜਾਣੀ-ਪਛਾਣੀ ਸਖਸ਼ੀਅਤ, ਇਕ ਐਸੀ ‘ਸੱਚ ਦੀ ਮੂਰਤ’ ਸਨ, ਜਿਨ੍ਹਾਂ ਦਾ ਨਾਂਓਂ ਲੈਂਦਿਆਂ ਹੀ ਸਿਰ ਅਦਬ-ਸਤਿਕਾਰ ਨਾਲ ਝੁਕ ਜਾਂਦਾ ਹੈ, ਆਮ-ਮੁਹਾਰੇ ਹੀ।  ਪੰਜਾਬ ਦੀ ਰਾਜਨੀਤੀ ਵਿਚ 1952 ਤੋਂ 1967 ਤੱਕ ਲਗਾਤਾਰ ਉਹਨਾਂ ਦਾ  ਐਮ. ਐਲ. ਏ. ਚੁਣੇ ਜਾਂਦੇ ਰਹਿਣਾ ਮਮੂਲੀ ਗੱਲ ਨਹੀ ਸੀ।  ਖਾਸੀਅਤ ਇਹ ਕਿ ਉਨ੍ਹਾਂ ਨੇ ਇਕ ‘ਫਵਾਦਾਰ ਸਿਪਾਹੀ’ ਵਾਂਗ ਇਕੋ ਹੀ ਪਾਰਟੀ ਦੀ ਦਿਲੋਂ ਮਨੋ ਵਫਾਦਾਰੀ ਨਿਭਾਈ। ਜੇਕਰ ਉਹ ਵੀ ਅੱਜ ਦੇ ਦਲ-ਬਦਲੂਆਂ ਵਾਂਗ ਮੰਤਰੀ ਬਣਨ ਦੀ ਲਾਲਸਾ ਰੱਖਦੇ ਹੁੰਦੇ ਤਾਂ ਹਰ ਬਾਰ ਮੰਤਰੀ ਬਣ ਸਕਦੇ ਸਨ। ਪਰ, ਧਨ ਸਨ, ਸਾਹੋਕੇ ਜੀ : ਜਿਨ੍ਹਾਂ ਨੂੰ ਮੰਤਰੀ ਦੇ ਅਹੁੱਦੇ ਨਾਲੋ ‘ਇਨਸਾਨੀਅਤ ਦਾ ਅਹੁੱਦਾ’ ਕਈ ਹਜਾਰ ਗੁਣਾ ਉਚੇ-ਸੁੱਚੇ ਕਿਰਦਾਰ ਵਾਲਾ ਨਜਰੀ ਆਂਉਂਦਾ ਸੀ, ਜਿਸ ਕਰਕੇ ਉਨ੍ਹਾਂ ਨੇ ਸੇਵਾ-ਭਾਵਨਾ ਅਤੇ ‘ਇਨਸਾਨੀਅਤ’ ਨੂੰ ਹੀ ਹਮੇਸ਼ਾਂ ਪਹਿਲ ਦਿੱਤੀ।  ਇਸ ਘਰਾਣੇ ਵਿਚ ਮਾਤਾ, ਸ੍ਰੀਮਤੀ ਹਰਦੇਵ ਕੌਰ ਜੀ ਦੀ ਪਾਕਿ ਕੁੱਖੋਂ ਜਨਮ ਲੈਣ ਵਾਲਾ ਸੁਖਚਰਨ ਰਾਜਨੀਤੀ ਵਿਚ ਨਾ ਹੁੰਦੇ ਹੋਏ ਵੀ ਸੇਵਾ-ਭਾਵਨਾ, ਦਯਾ ਅਤੇ ਹਮਦਰਦੀ ਪੱਖੋਂ ਆਪਣੇ ਪਿਤਾ ਵਾਲੇ ਸਾਰੇ ਗੁਣ ਸਮੋਈ ਬੈਠਾ ਹੈ, ਆਪਣੇ ਆਪ ਵਿਚ।  ਲਿਆਕਤ ਉੱਚੀ ਅਤੇ ਹਲੀਮੀ ਰੱਜਕੇ।

        ਸੁਖਚਰਨ ਨੇ ਕੈਂਬਰੇਜ ਮਾਡਲ ਸਕੂਲ ਅਤੇ ਪੀ.ਐੱਨ. ਟੈਗੋਰ ਮਾਡਲ ਸਕੂਲ, ਸੈਕਟਰ-15, ਚੰਡੀਗੜ੍ਹ ਵਿਖੇ ਪਹਿਲੀ ਅਤੇ ਦੂਸਰੀ ਕਲਾਸ ਦੀ ਵਿੱਦਿਆ ਪ੍ਰਾਪਤ ਕਰਨ ਪਿੱਛੋਂ ਤੀਜੀ ਤੋਂ ਦਸਵੀਂ ਤੱਕ ਸ. ਹਾਈ ਸਕੂਲ, ਸਾਹੋਕੇ ਢੱਡਰੀਆਂ ਵਿਖੇ ਵਿੱਦਿਆ ਹਾਸਿਲ ਕੀਤੀ|  ਉਪਰੰਤ 26.08.1981 ਨੂੰ ਪੰਜਾਬ ਹਾਊਸਿੰਗ ਐਂਡ ਅਰਬਨ ਡਿਵੈਲਮੈਂਟ ਬੋਰਡ ਤੋਂ ਨੌਕਰੀ ਸ਼ੁਰੂ ਕਰਕੇ, ਪਹਿਲਾਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਿਚ ਅਤੇ ਫਿਰ ਬਦਲੀ ਰਾਹੀਂ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਸਰਕਾਰੀ ਨੌਕਰੀ ਵਿੱਚ ਪਹੰਚ ਗਿਆ।   ਨੌਕਰੀ ਦੇ ਨਾਲ-ਨਾਲ  ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਸਰਕਾਰੀ ਕਾਲਜ ਸੈਕਟਰ-11, ਚੰਡੀਗੜ੍ਹ ਵਿਖੇ ਬੀ.ਏ. (ਆਨਰਜ ਪੰਜਾਬੀ) ਨਾਲ ਗਰੇਜੂਏਸ਼ਨ ਕੀਤੀ।  ਉਪਰੰਤ ਉਸ ਨੇ ਐੱਮ. ਏ. (ਪੰਜਾਬੀ), ਐਲ. ਐਲ. ਬੀ. ਅਤੇ  ਐਡਵਾਂਸ ਡਿਪਲੋਮਾ ਲੇਬਰ ਲਾਅਜ ਆਦਿ ਡਿਗਰੀਆਂ ਦੇ ਉਚ ਵਿੱਦਿਅਕ-ਮਾਅਰਕੇ ਮਾਰੇ।

        ਜਿਥੋਂ ਤੱਕ ਉਸ ਦੇ ਸਾਹਿਤਕ ਰੁਝਾਨ ਦੀ ਗੱਲ ਹੈ, ਸੁਖਚਰਨ ਨੂੰ ਇਹ ਸ਼ੌਂਕ ਸਕੂਲ ਅਤੇ ਕਾਲਜ ਟਾਈਮ ਵਿੱਚ ਹੀ ਪੈ ਗਿਆ ਸੀ।  ਆਪ ਆਪਣਾ ਸਾਹਿਤਕ-ਗੁਰੂ ਸਵ:  ਡਾ. ਬਲਬੀਰ ਸਿੰਘ ਦਿਲ ਜੀ ਨੂੰ ਮੰਨਦੇ ਹਨ ਅਤੇ ਕੁਝ ਸਾਹਿਤਕ ਸੇਧ ਡਾ. ਜਗਜੀਤ ਸਿੰਘ ਸਲੂਜਾ ਤੋਂ ਵੀ ਸਮੇਂ ਸਮੇਂ ਸਿਰ ਪ੍ਰਾਪਤ ਕਰਦੇ ਰਹੇ।  ਸਾਹੋਕੇ ਨੇ ਆਪਣੀ ਪਹਿਲੀ ਸਾਹਿਤਕ ਰਚਨਾ  ਸਰਕਾਰੀ ਕਾਲਜ, ਸੈਕਟਰ-11, ਚੰਡੀਗੜ੍ਹ ਵਿਖੇ ਸਲਾਨਾ ਮੈਗਜੀਨ ਵਿੱਚ ਛਪਵਾਈ।  ਸਾਲ 1987 ਵਿੱਚ ‘ਸਕੱਤਰੇਤ ਸਮਾਚਾਰ’ ਵਿੱਚ ‘ਗੁਪਤ ਬੋਲੀ’ ਨਾਂ ਦੀ ਇੱਕ ਰਚਨਾ ਛਪਵਾਈ।  ਬਸ ਫਿਰ, ਛਪਣ ਦਾ ਸਿਲਸਿਲਾ ਹੌਲੀ-ਹੌਲੀ ਚਲਦਾ ਰਿਹਾ|

        ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਬਤੌਰ ਸੁਪਰਡੰਟ, ਗ੍ਰੇਡ-1, ਸੇਵਾ ਨਿਭਾ ਰਹੇ ‘ਛੁਪੇ ਰੁਸਤਮ’ ਸੁਖਰਚਨ ਦੀ ਕਮਾਲ ਮਈ ਲੇਖਣੀ ਦਾ ਰਾਜ ਹੁਣ ਉਦੋਂ ਹੋਰ ਵੀ ਖੁੱਲ੍ਹ ਕੇ ਸਾਹਮਣੇ ਆਇਆ, ਜਦੋਂ ਉਸ ਦੀਆਂ ਰਚਨਾਵਾਂ ਦੇ ਖਰੜੇ ਦੇਖ ਕੇ ਪਤਾ ਲੱਗਿਆ ਕਿ ਜਿੱਥੇ ਉਹ ਕਵਿਤਾਵਾਂ ਅਤੇ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਵਾਉਣ ਲਈ ਖਰੜਿਆਂ ਨੂੰ ਅੰਤਮ ਛੋਹਾਂ ਪ੍ਰਦਾਨ ਕਰ ਰਿਹਾ ਹੈ, ਉਥੇ ਉਸਦੇ ਨਾਲ-ਨਾਲ ਇਕ ਨਾਵਲ ਲਿਖਣ ਦੀ ਕੋਸ਼ਿਸ਼ ਵੀ ਲਗਾਤਾਰ ਜਾਰੀ ਹੈ, ਉਸ ਦੀ।  ਆਪਣੇ ਇਸ ਕਲਮੀ-ਭੰਡਾਰ ‘ਚੋਂ ਪਰਾਗਾ ਕੋ ਕੱਢਕੇ ਉਸ ਨੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਸਾਂਝੇ ਕਾਵਿ-ਸੰਗ੍ਰਹਿ ‘ਕਲਮਾਂ ਦਾ ਸਫਰ’ ਲਈ ਕਵਿਤਾਵਾਂ ਅਤੇ ਭਾਈ ਦਿੱਤ ਪੱਤਿਕਾ ਦੇ ਸਾਝੇ ਕਹਾਣੀ-ਸੰਗ੍ਰਹਿ ਲਈ ਆਪਣੀਆਂ ਕਹਾਣੀਆਂ ਛਪਣ ਲਈ ਦਿੱਤੀਆਂ ਹਨ।  ਉਹ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਹੈ ਕਿ ਆਪਣੀ ਦੋਹਤੀ ‘ਮੰਨਤ’ ਦੇ ਨਾਮ ਤੇ ਲਿਖੀ ਕਵਿਤਾ ‘ਨੰਨ੍ਹੀ ਪਰੀ’ ਨਾਲ ਉਸ ਨੇ ਕਵਿ-ਖੇਤਰ ਦੀ ਸਾਂਝੀ ਪ੍ਰਕਾਸ਼ਨਾ ਵਿੱਚ ਕਲਮੀ-ਦਸਤਕ ਦਿੱਤੀ ਹੈ|

       ਚੰਡੀਗੜ੍ਹ ਦੇ ਸੈਕਟਰ-15 ਵਿਚ ਆਪਣੀ ਜੀਵਨ-ਸਾਥਣ ਸ੍ਰੀਮਤੀ ਭੁਪਿੰਦਰ ਕੌਰ ਅਤੇ ਬੱਚਿਆਂ ਨਾਲ  ਡੇਰੇ ਲਾਈ ਬੈਠੇ ਸਾਹੋਕੇ ਨੇ ਇਕ ਸਵਾਲ ਦਾ ਜੁਵਾਬ ਦਿੰਦਿਆਂ ਕਿਹਾ, ‘ਲੁਧਿਆਣਵੀ ਜੀ ਸਾਡੇ ਖੂਨ ਵਿਚ ਸਾਨੂੰ ਐਸੀ ਗੁੜ੍ਹਤੀ ਮਿਲੀ ਹੋਈ ਹੈ ਕਿ ਅਸੀਂ ਮਰ ਤਾਂ ਜਾਵਾਂਗੇ ਪਰ ਆਪਣੇ ਪੂਜਨੀਕ ਮਾਤਾ ਪਿਤਾ ਜੀ ਦੇ ਅਸੂਲਾਂ ਨੂੰ ਲਾਜ ਨਹੀ ਲੱਗਣ ਦਿਆਂਗੇ।’

        ਇਹ ਲਿਖਣ ‘ਚ ਮਨ ਨੂੰ ਸਕੂਨ ਮਿਲ ਰਿਹੈ ਕਿ ਪੈਸੇ ਦੀ ਲੱਗੀ ਦੌੜ੍ਹ-ਭੱਜ ਦੀ ਇਸ ਦੁਨੀਆਂ ਵਿਚ ਵਿਰਲੇ, ਲੱਖਾਂ ਚੋਂ ਟਾਂਵੇਂ ਟਾਵੇਂ ਹੀ ਲੋਕ ਹਨ ਜੋ ‘ਸਾਹੋਕੇ’ ਘਰਾਣੇ ਵਾਂਗ ‘ਇਨਸਾਨੀਅਤ’ ਦੀਆਂ ਕਦਰਾਂ-ਕੀਮਤਾਂ ਨੂੰ ਪੱਲੇ ਬੰਨੀ ਬੈਠੇ ਹੋਣ।  ਧੰਨ ਸਨ, ਸਵ: ਪ੍ਰੀਤਮ ਸਿੰਘ ਸਾਹੋਕੇ ਐਮ. ਐਲ. ਏ. ਅਤੇ ਧੰਨ ਹੈ ਉਨ੍ਹਾਂ ਦਾ ਲਾਡਲਾ ਸੁਖਚਰਨ ਸਿੰਘ ਸਾਹੋਕੇ (ਐਮ. ਏ., ਐਲ. ਐਲ. ਬੀ.) ।  ਘਰ ਘਰ ਪੈਦਾ ਹੋਣ ਸੁਖਚਰਨ ਵਰਗੀਆਂ ਮਿਹਨਤੀ, ਸੰਘਰਸ਼-ਸ਼ੀਲ, ਉਦਮੀ, ਵਿਦਵਾਨ ਅਤੇ ਸੱਚੀ-ਸੁੱਚੀ ਉਸਾਰੂ ਸੋਚ ਦੀਆਂ ਮਾਲਕ ਕਲਮਾਂ! ਆਮੀਨ!

-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)

ਸੰਪਰਕ : ਸੁਖਚਰਨ ਸਿੰਘ ਸਾਹੋਕੇ, ਸੈਕਟਰ-15, ਚੰਡੀਗੜ੍ਹ (7589138119)।

Share Button

Leave a Reply

Your email address will not be published. Required fields are marked *