Wed. Jun 26th, 2019

ਇਹੀ ਤਾਂ ਹਨ ਸਾਰਥਕ ਜਿੰਦਗੀ ਦੀਆਂ ਰਾਹਾਂ

ਇਹੀ ਤਾਂ ਹਨ ਸਾਰਥਕ ਜਿੰਦਗੀ ਦੀਆਂ ਰਾਹਾਂ

ਅਜਿਹਾ ਸ਼ਾਇਦ ਦੀ ਕੋਈ ਮਿਲੇ ਜਿਸ ਨੂੰ ਜਿੰਦਗੀ ਵਿੱਚ ਕਿਸੇ ਤਰਾਂ ਦੀ ਮੁਸ਼ਕਲ ਜਾਂ ਦੁਖ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ।ਕੁਝ ਹਾਸਲ ਕਰਕੇ ਗਵਾ ਦੇਣ ਦਾ ਡਰ, ਕੁਝ ਹਾਸਲ ਨਾ ਕਰ ਸਕਣ ਦਾ ਡਰ, ਜਿੰਦਗੀ ਦੇ ਲੀਹੋਂ ਲਹਿ ਜਾਣ ਦੀ ਚਿੰਤਾ। ਜਿੰਦਗੀ ਇਨ੍ਹਾਂ ਛੋਟੀਆਂ ਛੋਟੀਆਂ ਚਿੰਤਾਵਾਂ ਅਤੇ ਅਜਿਹੇ ਛੋਟੇ ਛੋਟੇ ਡਰਾਂ ਨਾਲ ਘਿਰੀ ਰਹਿੰਦੀ ਹੈ।
ਇਕ ਨਹੀਂ, ਅਨੇਕਾਂ ਦੀ ਜਿੰਦਗੀ ਵਿੱਚ ਅਹਿਜੇ ਮੌਕੇ ਆਉਂਦੇ ਹਨ ਜਦੋਂ ਉਹ ਟੁੱਟ ਜਾਂਦੇ ਹਨ।ਪਰ ਜਿਸ ਵਕਤ ਅਸੀਂ ਠਾਣ ਲੈਂਦੇ ਹਾਂ ਕਿ ਕੁਝ ਨਵਾਂ ਕਰਨਾ ਹੈ, ਉਦੋਂ ਹੀ ਹਿੰਮਤ ਜਨਮ ਲੈਂਦੀ ਹੈ। ਅਜਿਹੀਆਂ ਬਹੁਤ ਹਿੰਮਤੀ ਸਖਸ਼ੀਅਤਾਂ ਹਨ, ਜਿਨ੍ਹਾਂ ਨੇ ਦੁਖਾਂ ਨੂੰ ਹੰਡਾਇਆ, ਕਮੀਆਂ ਵਿੱਚ ਜਿਉਂਦੇ ਰਹੇ ਪਰ ਹਿੰਮਤ ਨਹੀਂ ਹਾਰੀ, ਉਮੀਦ ਨਹੀਂ ਤਿਆਗੀ ਅਤੇ ਉਹ ਨਾ ਸਿਰਫ ਜਿੰਦਾ ਰਹੇ ਸਗੋਂ ਇਕ ਸ਼ਾਨਦਾਰ ਅਤੇ ਸਾਰਥਕ ਜਿੰਦਗੀ ਜਿਉਂ ਗਏ।ਸਭ ਚੰਗਾ ਹੋਵੇਗਾ, ਸਿਰਫ ਇਹ ਸੋਚ ਲੈਣ ਨਾਲ ਹੀ ਸਭ ਠੀਕ ਨਹੀਂ ਹੋ ਜਾਂਦਾ । ਨਾ ਹੀ ਮਾੜਾ ਸੋਚਦੇ ਰਹਿਣ ਨਾਲ ਹੀ ਸਭ ਬੁਰਾ ਹੋ ਜਾਂਦਾ ਹੈ। ਸੋਚ ਦਾ ਅਸਰ ਪੈਂਦਾ ਹੈ, ਪਰ ਆਖ਼ਰ ਵਿੱਚ ਜੋ ਗੱਲ ਮਾਇਨੇ ਰੱਖਦੀ ਹੈ ਉਹ ਇਹ ਹੈ ਕਿ ਤੁਸੀਂ ਕਰਦੇ ਕੀ ਹੋਂ? ਕੀ ਬਣਨਾ ਚਾਹੁੰਦੇ ਹੋਂ? ਕੀ ਹਾਸਲ ਕਰਨਾ ਚਾਹੁੰਦੇ ਹੋਂ ?
ਦੁਖ ਅਤੇ ਸੁਖ ਤਾਂ ਜਿੰਦਗੀ ਨਾਲ ਇਸ ਤਰ੍ਹਾਂ ਚੱਲਦੇ ਹਨ ਜਿਵੇਂ ਸੂਰਜ ਦਾ ਚੜ੍ਹਨਾ ਅਤੇ ਅਸਤ ਹੋਣਾ।ਅਤੇ ਜੋ ਇਸ ਸੱਚ ਨੂੰ ਹੀ ਨਹੀਂ ਕਬੂਲਦੇ ਉਹ ਸਹੀ ਸੋਚਦੇ ਹਨ ਕਿ ਦੁਖ ਸਿਰਫ ਉਨ੍ਹਾਂ ਦੇ ਹੀ ਹਿੱਸੇ ਵਿੱਚ ਆਇਆ ਹੈ। ਜੇਕਰ ਅਸੀਂ ਚਾਰੇ ਪਾਸੇ ਦੇਖੀਏ ਤਾਂ ਐਨੇ ਸਾਰੇ ਲੋਕ ਦੁਖੀ ਹਨ ਕਿ ਉਨ੍ਹਾਂ ਬਾਰੇ ਗੌਰ ਕੀਤਾ ਜਾਵੇ ਤਾਂ ਤੁਹਾਨੂੰ ਦੁਖ ਮਹਿਸੂਸ ਹੀ ਨਹੀਂ ਹੋਵੇਗਾ। ਚੀਨ ਦੀ ਇਕ ਕਹਾਵਤ ਹੈ ਮੈਨੂੰ ਆਪਣੇ ਕੋਲ ਜੁੱਤੇ ਹੋਣ ਦਾ ਅਫਸੋਸ ਉਦੋਂ ਤੱਕ ਦਾ ਹੀ ਸੀ ਜਦੋਂ ਤੱਕ ਮੈਂ ਇਕ ਅਜਿਹੇ ਵਿਅਕਤੀ ਨੂੰ ਨਹੀਂ ਦੇਖ ਲਿਆ ਜਿਸ ਦੇ ਪੈਰ ਹੀ ਨਹੀਂ ਸਨ। ਅਸਲੀਅਤ ਇਹ ਹੈ ਕਿ ਸਾਡੇ ਕੋਲ ਅਜਿਹਾ ਬਹੁਤ ਕੁਝ ਹੈ ਜੋ ਬਹੁਤ ਸਾਰੇ ਲੋਕਾਂ ਕੋਲ ਨਹੀਂ ਹੈ, ਪਰ ਅਸੀਂ ਆਪਣੀ ਕਮੀਂ, ਆਪਣੇ ਦੁੱਖਾਂ ਅਤੇ ਮੁਸੀਬਤਾਂ ਵਿਚ ਐਨਾ ਕੁ ਜਿਆਦਾ ਗੁਆਚ ਜਾਂਦੇ ਹਾਂ ਕਿ ਜੋ ਸਾਡੇ ਕੋਲ ਹੈ ਉਸ ਨੂੰ ਦੇਖ ਹੀ ਨਹੀਂ ਪਾਉਂਦੇ ਅਤੇ ਜੋ ਨਹੀਂ ਹੈ ਜਾ ਗੁਆਚ ਗਿਆ ਹੈ ਉਸ ਦਾ ਰੋਣਾ ਰੋਂਦੇ ਹਾਂ।
ਕੋਈ ਦਿਨ ਹੁੰਦਾ ਹੈ, ਜਦੋਂ ਕੁਝ ਚੰਗਾ ਨਹੀਂ ਹੁੰਦਾ। ਗਲਤੀ ‘ਤੇ ਗਲਤੀ ਹੁੰਦੀ ਰਹਿੰਦੀ ਹੈ। ਰਾਤ ਵੇਲੇ ਅਰਾਮ ਦੇ ਵਕਤ ਵੀ ਦਿਨ ਭਰ ਦਾ ਤਣਾਅ ਅਤੇ ਘੰਮਣਘੇਰੀ ਪਿੱਛਾ ਨਹੀਂ ਛੱਡਦੀ।ਲੋੜ ਹੁੰਦੀ ਹੈ, ਸਾਨੂੰ ਉਸ ਬੁਰੇ ਦਿਨ ਨੂੰ ਭੁੱਲਣ ਦੀ, ਪਰ ਅਸੀਂ ਭੁੱਲ ਨਹੀਂ ਪਾੳਂੁਦੇ।ਅਸੀਂ ਆਉਣ ਵਾਲੇ ਦਿਨ ਲਈ ਵੀ ਭਰਮਾਂ ਅਤੇ ਗਲਤਫ਼ਹਿਮੀਆਂ ਨਾਲ ਘਿਰ ਜਾਂਦੇ ਹਾਂ।ਮੇਰੇ ਵਿਚਾਰ ਵਿਚ ਇਹ ਸੋਚਣਾ ਚੰਗਾ ਨਹੀਂ ਹੈ। ਆਉਣ ਵਾਲਾ ਦਿਨ, ਇਕ ਨਵਾਂ ਦਿਨ ਹੈ, ਜਿਸ ਵਿਚ ਫ਼ਿਲਹਾਲ ਕੋਈ ਗਲਤੀ ਨਹੀਂ ਹੋਈ ਹੈ।
ਜਿੰਦਗੀ ਨੂੰ ਉਹੀ ਜਿਉਂ ਸਕਦਾ ਹੈ, ਉਹੀ ਇਸ ਨੂੰ ਭੋਗ ਅਤੇ ਮਾਣ ਸਕਦਾ ਹੈ, ਜੋ ਜੱਦੋਜਹਿਦ ਜਾਂ ਸੰਘਰਸ਼ ਦੇ ਲਈ ਤਿਆਰ ਹੋਵੇ, ਜਿਸ ਵਿਚ ਹਿੰਮਤ ਅਤੇ ਦ੍ਰਿਢਤਾ ਹੋਵੇ।
ਮੁਸ਼ਕਲਾਂ ਅਤੇ ਮੁਸੀਬਤਾਂ ਤਾਂ ਆਉਣਗੀਆਂ, ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ, ਹਾਂ ਅਸੀ ਉਨ੍ਹਾਂ ਦਾ ਮੁਕਾਬਲਾ ਜਰੂਰ ਕਰ ਸਕਦੇ ਹਾਂ।ਇਹ ਮੁਕਾਬਲਾ ਕਰਨਾ ਹੀ ਤਾਂ ਜਿੰਦਗੀ ਨੂੰ ਜਿਉਣਾ ਹੈ।
ਤੁਸੀਂ ਜੋ ਵੀ ਕਰਨਾ ਜਾ ਸੁਪਨੇ ਲੈਣਾ ਚਾਹੁੰਦੇ ਹੋਂ, ਉਸ ਨੂੰ ਸ਼ੁਰੂ ਕਰੋ, ਕੰਮ ਪੂਰਾ ਹੋ ਜਾਵੇਗਾ।ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹਿਰੋਸ਼ਿਮਾ ਅਤੇ ਨਾਗਾਸਾਕੀ ‘ਤੇ ਪਰਮਾਣੂ ਧਮਾਕਿਆਂ ਤੋਂ ਬਾਅਦ ਬਰਬਾਦ ਹੋਈ ਅਰਥਵਿਵਸਥਾ ਨੂੰ ਮੁੜ ਦੁਬਾਰਾ ਕਾਇਮ ਕਰਕੇ ਜਪਾਨ ਨੇ ਆਪਣੀ ਸਕਰਾਤਮਕ ਸੋਚ ਅਤੇ ਆਸ਼ਾਵਾਦੀ ਹੋਣ ਦੀ ਮਿਸਾਲ ਬਾਖੂਬੀ ਕਾਇਮ ਕੀਤੀ ਹੈ।ਇਹ ਸੱਚ ਹੈ ਕਿ ਹਿੰਮਤ ਅਤੇ ਕੁਝ ਨਵਾਂ ਕਰਨ ਦੀ ਜਿੱਦ ਹੀ ਸਾਨੂੰ ਮੰਜਿਲਾਂ ਤੱਕ ਲੈਕੇ ਜਾਂਦੀ ਹੈ। ਕੋਈ ਵੀ ਸੰਕਲਪ ਬਿਨਾਂ ਹੌਸਲੇ ਦੇ ਪੂਰਾ ਨਹੀਂ ਕੀਤਾ ਜਾ ਸਕਦਾ। ਪੱਥਰਾਂ ਨੂੰ ਆਪਸ ਵਿੱਚ ਰਗੜਦੇ ਹੋਏ ਇਨਸਾਨ ਜੇਕਰ ਚੰਗਿਆੜਿਆਂ ਤੋਂ ਡਰ ਜਾਂਦਾ ਤਾਂ ਸ਼ਾਇਦ ਅੱਗ ਪੈਦਾ ਨਾ ਹੁੰਦੀ।ਬੁੱਧ ਨੇ ਘਰ ਛੱਡਣ ਦੀ ਹਿੰਮਤ ਨਾ ਦਿਖਾਈ ਹੁੰਦੀ ਜਾਂ ਭਗਵਾਨ ਮਹਾਂਵੀਰ ਰਾਜਮਹਿਲਾਂ ਦੇ ਸੁੱਖਾਂ ਵਿੱਚ ਹੀ ਡੁੱਬੇ ਰਹਿੰਦੇ ਤਾਂ ਸ਼ਾਇਦ ਅਸੀਂ ਅਗਿਆਨ ਦੇ ਹਨੇਰੇ ਨਾਲ ਹੀ ਘਿਰੇ ਰਹਿੰਦੇ।ਅੰਗੇਜਾਂ ਨਾਲ ਟੱਕਰ ਲੈਣ ਦੀ ਹਿੰਮਤ ਦੇ ਕਾਰਨ ਹੀ ਸਾਨੂੰ ਅਜਾਦੀ ਮਿਲੀ। ਜਿੰਦਗੀ ਦੇ ਹਰ ਪਲ ਅਤੇ ਹਰ ਮੋੜ ‘ਤੇ ਹਿੰਮਤ ਅਤੇ ਕੁਝ ਨਵਾਂ ਕਰਨ ਦਾ ਜਜ਼ਬਾ ਹੋਣਾ ਜਰੂਰੀ ਹੈ। ਹਿੰਮਤ ਅਤੇ ਹੌਂਸਲਾ ਅਜਿਹੇ ਗੁਣ ਹਨ, ਜਿਨ੍ਹਾਂ ਰਾਹੀਂ ਹਰ ਰਾਹ ਸੌਖਾ ਹੋ ਜਾਂਦਾ ਹੈ। ਸ਼੍ਰੀ ਰਾਮ ਭਗਤ ਹਨੁਮਾਨ ਦੀ ਸਖਸ਼ੀਅਤ ਸਖਤ ਚੁਣੌਤੀਆਂ ਦਾ ਆਤਮਵਿਸ਼ਵਾਸ ਨਾਲ ਮੁਕਾਬਲਾ ਕਰਕੇ ੳਨ੍ਹਾਂ ‘ਤੇ ਜਿੱਤ ਪ੍ਰਾਪਤ ਕਰਨ ਦੀ ਮਿਸਾਲ ਹੈ।
ਸਾਡੇ ਸ਼ਰੀਰ ਵਿੱਚ ਹਰ ਇਕ ਅੰਗ ਦੀ ਰਚਨਾ ਇਸ ਤਰ੍ਹਾ ਕੀਤੀ ਗਈ ਹੈ ਕਿ ਉਹ ਜਿੰਦਾ ਰਹਿਣ ਦੇ ਲਈ ਸੰਘਰਸ਼ ਕਰਦਾ ਰਹੇ।ਸਾਡਾ ਸ਼ਰੀਰ ਸਦਾ ਸੰਘਰਸ਼ ਲਈ ਤਿਆਰ ਰਹਿੰਦਾ ਹੈ, ਇਹ ਇਸ ਦੀ ਕੁਦਰਤੀ ਪ੍ਰਕਿਰਿਆ ਹੈ ਪਰ ਮਨ ਦੀ ਨਕਰਾਤਮਕਤਾ ਉਸ ਨੂੰ ਕਮਜੋਰ ਬਣਾ ਦਿੰਦੀ ਹੈ।
ਜਿੰਦਗੀ ਇਕ ਅਜਿਹਾ ਦੀਵਾ ਹੈ ਜਿਸਦਾ ਮਕਸਦ ਹੀ ਚਾਨਣ ਫੈਲਾਉਣਾ ਹੈ, ਜਿੰਦਗੀ ਇਕ ਵਰਦਾਨ ਹੈ, ਇਕ ਤੋਹਫ਼ਾ ਹੈ, ਇਸ ਨੂੰ ਖੁਸ਼ੀ ਦੇ ਨਾਲ, ਹਿੰਮਤ ਦੇ ਨਾਲ ਜਿਉਣਾ ਹੀ ਲਾਹੇਵੰਦ ਹੈ। ਸਾਡਾ ਵਾਤਾਵਰਣ ਸਾਡੀ ਕਾਮਯਾਬੀ ‘ਤੇ ਅਸਰ ਪਾਉਂਦਾ ਹੈ।ਪਰ ਇਹੀ ਸਭ ਕੁਝ ਨਹੀਂ ਹੁੰਦਾ।ਇਤਹਾਸ ਅਜਿਹੇ ਲੋਕਾਂ ਦੀ ਕਾਮਯਾਬੀ ਨਾਲ ਭਰਿਆ ਹੈ, ਜਿਨ੍ਹਾਂ ਨੇ ਕਮੀਆਂ ਵਿੱਚੋਂ ਨਿੱਕਲ ਕੇ ਬੁਲੰਦੀਆਂ ਨੂੰ ਛੂਹਿਆ ਹੈ। ਪੈਂਸਿਲ ਦੇ ਆਲੇ ਦੁਆਲੇ ਦੀ ਲੱਕੜ ਤੋਂ ਜਿਆਦਾ ਉਸ ਦੇ ਅੰਦਰ ਸਿੱਕਾ ਮਾਇਨੇ ਰੱਖਦਾ ਹੈ।ਸਾਡੀ ਯੋਗਤਾ ਸਾਡੇ ਆਲੇ ਦੁਆਲੇ ਤੋਂ ਕਿਤੇ ਜਿਆਦਾ ਹੁੰਦੀ ਹੈ। ਉਸੇ ਨਾਲ ਹੀ ਵਾਤਾਵਰਣ ਬਦਲਦਾ ਹੈ। ਅਪਰਾਧ, ਸੋਗ, ਅਸਫਲਤਾ, ਕਮੀਂ ਦੇ ਬਾਵਜੂਦ ਵੀ ਸਾਨੂੰ ਜਿੰਦਗੀ ਨਾਲ ਪਿਆਰ ਹੁੰਦਾ ਹੈ, ਅਸੀਂ ਜਿਉਣਾ ਚਾਹੁੰਦੇ ਹਾਂ, ਅਸੀਂ ਮਰਨਾ ਨਹੀਂ ਚਾਹੁੰਦੇ, ਅਸੀਂ ਘੁੱਪ ਕਾਲੀ ਰਾਤ ਨੂੰ ਵੀ ਸਹਿਣ ਕਰਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਵੇਰ ਜਰੂਰ ਹੋਵੇਗੀ। ਉਮੀਦ ਸਾਨੂੰ ਮੁਸ਼ਕਲਾਂ ਨਾਲ ਜੂਝਣ ਅਤੇ ਹਿੰਮਤੀ ਹੋਣ ਦੀ ਤਾਕਤ ਦਿੰਦੀ ਹੈ। ਇਸ ਲਈ ਜਿੰਦਗੀ ਜਿਉਣ ਦੀ ਆਸ ਵਿੱਚ ਯਕੀਨ ਹੋਣਾ ਲਾਜਮੀ ਹੈ।ਜਾਗਰੁਕਤਾ ਅਤੇ ਨਵੀਂ ਪ੍ਰੇਰਣਾ ਨਾਲ ਆਪਣੇ ਆਪ ‘ਤੇ ਵਿਸ਼ਵਾਸ ਨਾਲ ਅੱਗੇ ਵਧੋ। ਹਰ ਕਿਸੇ ਪ੍ਰਤੀ ਸ਼ੁਕਰਗੁਜਾਰੀ ਦਰਸਾਉਂਦੇ ਹੋਏ, ਯਕੀਨਨ ਹੀ ਤੁਸੀਂ ਚੰਗਾ ਮਹਿਸੂਸ ਕਰੋਂਗੇ ਅਤੇ ਇਹੀ ਤਾਂ ਜਿੰਦਗੀ ਜਿਉਣ ਦਾ ਤਰੀਕਾ ਹੈ, ਇਹੀ ਜਿੰਦਗੀ ਦੀ ਅਸਲੀ ਪੂੰਜੀ ਹੈ।
ਅੰਤ ਵਿਚ ਐਨਾ ਹੀ ਕਹਿਣਾ ਚਾਹੁੰਗਾ ਕਿ ਸਾਨੂੰ ਸਖਸ਼ੀਅਤ ਦੇ ਨਿਰਮਾਣ ਅਤੇ ਜਿੰਦਗੀ ਵਿੱਚ ਸਫਲਤਾ ਦੇ ਲਈ ਸਕਰਾਤਮਕ ਸੋਚ , ਹਿੰਮਤ ਅਤੇ ਲਗਾਤਾਰ ਕੰਮ ਕਰਦੇ ਰਹਿਣ ਦੀ ਲੋੜ ਹੈ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: