Mon. Sep 23rd, 2019

ਇਸ ਸਮੇਂ ਬੁਰੀ ਤਰਾਂ ਤੜਪ ਰਿਹਾ ਹੈ ਪੰਜਾਬ !!

ਇਸ ਸਮੇਂ ਬੁਰੀ ਤਰਾਂ ਤੜਪ ਰਿਹਾ ਹੈ ਪੰਜਾਬ !!

ਪੰਜਾਬ, ਉਹ ਧਰਤੀ, ਜਿਸ ਦੇ ਜਾਇਆ ਨੂੰ ਨਿੱਤ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ ਤੇ ਇਹ ਸਿਲਸਿਲਾ ਅਜੇ ਵੀ ਕਿਤੇ ਰੁਕਣ ਦਾ ਨਾਮ ਨਹੀਂ ਲੈ ਰਿਹਾ । ਪੰਜਾਬ, ਜੋ ਕਦੀ ਬਾਹਰੀ ਹਮਲਾਵਰਾਂ ਦੀ ਲੁੱਟ ਦਾ ਸ਼ਿਕਾਰ ਹੋਇਆ, ਜਿਸ ਨੇ ਆਪਣੇ ਪਿੰਡੇ ‘ਤੇ ਕਦੇ ਖੂਨੀ ਹਨੇਰੀਆਂ ਹੰਢਾਈਆੰ, ਵੰਡ ਦੀਆ ਲਕੀਰਾਂ ਦੇ ਨਾਸੂਰ ਦਾ ਦੁੱਖ ਝੱਲਿਆ, ਸੱਭਿਆਚਾਰਕ ਉਜਾੜਾ ਹੰਢਾਇਆ, ਇਸ ਦੇ ਪਾਣੀਆਂ ਦੀ ਲੁੱਟ ਹੋਈ, ਇਸ ਦੀ ਬੋਲੀ ਤੇ ਸੱਭਿਆਚਾਰ ਦਾ ਗਲਾ ਘੁਟਿਆ ਗਿਆ, ਹਰੇ ਤੇ ਚਿੱਟੇ ਇਨਕਲਾਬ ਦੇ ਨਾ ਤੇ ਇਸ ਦੀ ਉਪਜਾਊ ਧਰਤ ਨੂੰ ਬਾਂਝ ਬਣਾਉਣ ਦੀ ਸ਼ਾਜਿਸ਼ ਕੀਤੀ ਗਈ, ਨੌਜਵਾਨੀ ਨੂੰ ਚਿੱਟੇ/ਪੀਲੇ ਤੇ ਹੋਰ ਕਈ ਰੰਗ ਬਿਰੰਗੇ ਨਸ਼ਿਆ ਦੀ ਜ਼ਹਿਰ ਦਾ ਟੀਕਾ ਲਗਾਇਆ ਗਿਆ, ਉਹ ਪੰਜਾਬ ਹੁਣ ਵਾਰ ਵਾਰ ਹੜ੍ਹਾਂ ਨਾਲ ਉੱਜੜਦਾ ਜਾਂ ਇੰਜ ਕਹਿ ਲਓ ਕਿ ਬਹੁਤ ਹੀ ਵਿਉਂਤਬੱਧ ਢੰਗ ਨਾਲ ਉਜਾੜਿਆ ਜਾ ਰਿਹਾ ਹੈ । ਹੁਣਵੇਂ ਹੜ੍ਹ ਤੋਂ ਪਹਿਲਾਂ 1958 ਤੇ 1988 ਵਿਚ ਵੀ ਡੈਮਾਂ ਦੇ ਫੱਟੇ ਚੁੱਕ ਕੇ ਇਸ ਨੂੰ ਪਾਣੀ ਚ ਡੋਬਿਆ ਗਿਆ । ਅੱਜ ਵਾਂਗ ਉਦੋਂ ਵੀ ਰਾਤੋ ਰਾਤ ਪੰਜਾਬ ਵਾਸੀ ਲੱਖੋਂ ਕੱਖਾਂ ਦੇ ਹੋਏ ਸਨ । ਉਦੋਂ ਵੀ ਨੇਤਾਵਾਂ ਦੇ ਦੌਰੇ ਤੇ ਨੁਕਸਾਨ ਦੀਆ ਗਿਰਦਾਵਰੀਆਂ ਹੋਈਆ ਸਨ । ਉਦੋਂ ਵੀ ਕਿਸੇ ਦੇ ਹੱਥ ਸਰਕਾਰਾਂ ਵੱਲੋਂ ਫੁੱਟੀ ਕੌਡੀ ਤੱਕ ਨਹੀਂ ਧਰੀ ਗਈ ਤੇ ਹੋਣਾ ਓੜਕ ਨੂੰ ਹੁਣ ਵੀ ਏਹੀ ਹੈ । ਹੈਲੀਕਾਪਟਰਾਂ ਤੇ ਹੂਟਰ ਵਾਲੀਆਂ ਕਾਰਾ ਦੇ ਦੌਰੇ ਤਾਂ ਮੰਤਰੀਆਂ ਦੀ ਫੰਡ ਤੇ ਭੱਤੇ ਹਜ਼ਮ ਕਰਨ ਦੀ ਜੁਗਤ ਹੈ, ਉਂਜ ਇਹਨਾਂ ਦਾ ਹੜ੍ਹਪੀੜਤਾ ਨਾਲ ਕੋਈ ਦੂਰ ਦਾ ਵੀ ਲਾਗਾ ਦੇਗਾ ਜਾਂ ਵਾਹ ਵਾਸਤਾ ਨਹੀਂ ਹੈ ।

ਉਤੋ ਬੇਰੁਜ਼ਗਾਰੀ ਦੇ ਭੰਨੇ ਇਸ ਖਿੱਤੇ ਦੇ ਨੌਜਵਾਨ ਵਧੀਆ ਤੇ ਉਜਵਲ ਭਵਿੱਖ ਦਾ ਸੁਪਨਾ ਸੰਜੋਅ ਕੇ ਜਿੱਥੇ ਜਿਵੇਂ ਕਿਵੇਂ ਵਿਦੇਸ਼ਾ ਵੱਲ ਵਹੀਰਾਂ ਘਤ ਰਹੇ ਹਨ ਉੱਥੇ ਕਿਰਤੀ ਕਿਸਾਨ ਮਿਹਨਤ ਦਾ ਮੁੱਲ ਨਾ ਮਿਲਣ ਕਰਕੇ ਨਿਰੰਤਰ ਵੱਧ ਰਹੇ ਕਰਜ਼ੇ ਦੇ ਬੋਝ ਤੋਂ ਨਿਜਾਤ ਪਾਉਣ ਵਾਸਤੇ ਆਤਮ ਹੱਤਿਆਵਾਂ ਦਾ ਰਾਹ ਅਪਣਾ ਰਹੇ ਹਨ ।

ਹਰ ਪਾਸੇ ਲੁੱਟਤੰਤਰ ਹੈ, ਸਰਕਾਰ ਮੂਕ ਦਰਸ਼ਕ ਬਣਕੇ ਬੈਠੀ ਹੈ । ਪੰਜਾਬ ਦੇ ਮੌਜੂਦਾ ਹਾਲਾਤ ਇਨਬਿਨ ਇਹ ਹਨ ਕਿ ਰੋਮ ਜਲ ਰਿਹਾ ਹੈ ਤੇ ਨੀਰੂ ਬੰਸਰੀ ਵਜਾ ਰਿਹਾ ਹੈ । ਪੰਜਾਬ ਚ ਵਿਰੋਧੀ ਧਿਰ ਦਾ ਲੱਕ ਟੁੱਟ ਚੁੱਕਾ ਹੈ ਜਾਂ ਤੋੜਿਆ ਜਾ ਚੁੱਕਾ ਹੈ, ਜੋ ਢਾਈ ਟੋਟਰੂ ਵਿਰੋਧੀ ਧਿਰ ਦੇ ਹਨ, ਉਹਨਾਂ ਦਾ ਬਹੁਤਾ ਸਮਾਂ ਇਕ ਦੂਸਰੇ ਨੂੰ ਤਾਹਨੇ ਮਿਹਣੇ ਮਾਰਨ ਚ ਹੀ ਬੀਤਦਾ ਹੈ, ਪੰਜਾਬ ਦੇ ਮੁੱਦਿਆਂ ਦੀ ਗੱਲ ਸਿਰਫ ਤੇ ਸਿਰਫ ਚੋਣਾਂ ਵੇਲੇ ਵੋਟਾਂ ਸੇਕਣ ਦੇ ਮਨੋਰਥ ਨਾਲ ਕੀਤੀ ਜਾਂਦੀ ਹੈ ।

ਇਸ ਵੇਲੇ ਪੰਜਾਬ ਜਿਸ ਗ਼ੁਰਬਤ ਵਿੱਚੋਂ ਵਿਚਰ ਰਿਹਾ ਹੈ, ਉਸ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਅਰਬਾਂ ਦੇ ਕਰਜੇ ਹੇਠ ਦੱਬਿਆ ਜਾ ਚੁੱਕਾ ਇਹ ਸੂਬਾ ਆਉਣ ਵਾਲੇ ਇਕ ਦਹਾਕੇ ਚ ਬੰਜਰ ਤੇ ਵੈਰਾਨ ਹੋ ਜਾਵੇਗਾ ।

ਇਸ ਖ਼ਿੱਤੇ ਚ ਉਪਰਲਾ ਪਾਣੀ ਪੀਣ ਯੋਗ ਨਹੀਂ ਤੇ ਹੇਠਲਾ ਪਹੁੰਚ ਤੋਂ ਬਾਹਰ ਹੁੰਦਾ ਦਾ ਰਿਹਾ ਹੈ, ਇਸ ਦੇ ਨਾਲ ਹੀ ਹਰ ਵਰ੍ਹੇ ਛਿਮਾਹੀ ਡੈਮਾਂ ਦੇ ਫ਼ਲੱਡ ਗੇਟ ਖੋਹਲਕੇ ਜਲ ਥਲ ਇਕ ਕਰਕੇ ਬਰਬਾਦ ਕੀਤਾ ਜਾ ਰਿਹਾ, ਇੱਥੋਂ ਦਾ ਨੌਜਵਾਨ ਤਬਕਾ ਇੱਥੇ ਰਹਿ ਕੇ ਹੀ ਖੁਸ਼ ਨਹੀਂ ।

ਭਿ੍ਰਸਟਾਚਾਰ ਦਾ ਤਾਂਡਵ ਹੈ, ਚੋਰਾਂ ਦੀਆਂ ਲਾਠੀਆ ਦੇ ਗਜ ਬਣੇ ਹੋਏ ਹਨ ਤੇ ਡਾਢੇ ਦਾ ਸੱਤੀਂ ਵੀਹੀ ਸੌ ਗਿਣਿਆਂ ਜਾ ਰਿਹਾ ਹੈ । ਸੂਬੇ ਦੇ ਲੋਕਾਂ ਨੂੰ ਸਮਝ ਵਹੀ ਆ ਰਹੀ ਕਿ ਉਹ ਕੀ ਕਰਨ, ਵੱਡੇ ਲਾਰਿਆਂ ਦੇ ਭਰਮਾਏ ਹਰ ਵਾਰ ਜਿਸ ਨੂੰ ਚੁਣਦੇ ਹਨ, ਫ਼ੌਰਨ ਬਾਦ ਲੁੱਟੇ ਪੁੱਟੇ ਤੇ ਠੱਗੇ ਹੋਏ ਮਹਿਸੂਸ ਕਰਦੇ ਹਨ । ਹਰ ਪੰਜ ਸਾਲ ਬਾਅਦ ਧੋਖਾ ਖਾਂਦੇ ਹਨ ਕੇ ਫੇਰ ਪੰਜ ਸਾਲਾ ਵਾਸਤੇ ਲੁੱਟ ਤੇ ਕੁੱਟ ਦਾ ਸ਼ਿਕਾਰ ਹੁੰਦੇ ਹਨ ।

ਸਿਆਸਤ ਇੱਥੋਂ ਦੀ ਗੰਦੀ ਖੇਡ ਬਣ ਚੁੱਕੀ ਹੈ । ਲੋਕ ਭਲਾਈ ਦੀ ਬਜਾਏ ਲੋਕਾਂ ਦੇ ਪੈਸੇ ਦੀ ਲੁੱਟ ਕਰਕੇ ਐਸ਼ ਅਯਾਸ਼ੀ ਕਰਨੀ ਨੇਤਾ ਲੋਕਾਂ ਦਾ ਮੁੱਖ ਮਨੋਰਥ ਬਣ ਚੁੱਕਾ ਹੈ, ਜੋ ਕੁਰਸੀ ‘ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆ ਸੱਤ ਪੀੜੀਆ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਦੂਜ, ਆਪਣੇ ਦੋਸਤਾਂ ਮਿੱਤਰਾਂ ਦੇ ਸੁਆਰਥ ਪੂਰੇ ਕਰਨ ਦੀ।

ਇਸ ਖ਼ਿੱਤੇ ਦੇ ਵਾਤਾਵਰਨ ਦਾ ਪੂਰੀ ਤਰਾਂ ਸੱਤਿਆਨਾਸ ਕਰ ਦਿੱਤਾ ਗਿਆ ਹੈ, ਪੁਰੇ ਦੀ ਹਵਾ ਹੁਣ ਤਾਜ਼ੀ ਹਵੇ ਦੇ ਬੁੱਲੇ ਨਹੀਂ ਸਗੋਂ ਕੀਟਨਾਸ਼ਕ ਦਵਾਈ ਦੀ ਜ਼ਹਿਰ ਦੇ ਫੰਨ੍ਹੀਅਰ ਫੁੰਕਾਰੇ ਹਨ । ਪਾਣੀਆਂ ਚ ਗੰਦਗੀ ਤੇ ਰਸਾਇਣਾਂ ਦੀ ਜ਼ਹਿਰ ਸ਼ਰੇਆਮ ਚਿੱਟੇ ਦਿਨ ਘੋਲੀ ਦਾ ਰਹੀ ਹੈ । ਲਾਇਲਾਜ ਜਾਨ ਲੇਵਾ ਬੀਮਾਰੀਆਂ ਨਾਲ ਨਿੱਤ ਮੌਤਾਂ ਹੋ ਰਹੀਆ ਹਨ ਤੇ ਰਹਿੰਦੀ ਖੂੰਹਦੀ ਕਸਰ ਆਰਥਿਕ ਤੰਗੀ ਕਾਰਨ ਹੋ ਰਹੀਆ ਖ਼ੁਦਕੁਸ਼ੀਆਂ ਤੇ ਬੇਲਗਾਮ ਸੜਕੀ ਯਾਤਾਯਾਤ ਚ ਹੁੰਦੇ ਹਾਦਸਿਆਂ ਨਾਲ ਪੂਰੀ ਹੋ ਰਹੀ ਹੈ । ਜੇ ਇਹ ਕਹਿ ਲਈਏ ਕਿ ਅੱਜ ਦਾ ਪੰਜਾਬ ਬਿਮਾਰ, ਲੁੱਟਿਆ ਪੁੱਟਿਆ, ਠੱਗਿਆ, ਕੁੱਟਿਆ ਤੇ ਸਾਜਿਸ਼ਾਂ ਦਾ ਸ਼ਿਕਾਰ, ਹਰ ਤਰਾਂ ਪੱਛਿਆ ਹੋਇਆ ਬੁਰੀ ਤਰਾਂ ਤੜਪ ਰਿਹਾ ਹੈ ਜਿਸ ਦਾ ਆਉਣ ਵਾਲੇ ਸਮੇਂ ਚ ਦੂਰ ਦੂਰ ਤੱਕ ਇਸ ਵੇਲੇ ਅਜੇ ਕੋਈ ਵੀ ਇਲਾਜ ਕਰਨ ਵਾਲਾ ਨਜ਼ਰ ਨਹੀਂ ਆ ਰਿਹਾ ਤਾਂ ਇਹ ਅਤਿਕਥਨੀ ਵਹੀ ਹੋਵੇਗੀ । ਫੇਰ ਵੀ ਕਾਮਨਾ ਹੈ ਪੰਜਾਬ ਦੇ ਚੰਗੇਰੇ ਭਵਿੱਖ ਦੀ, ਵਿਸ਼ਵਾਸ਼ ਹੈ ਕਿ ਉਹ ਸਮਾਂ ਜਲਦੀ ਆਵੇਗਾ ਜਦ ਪੰਜਾਬ, ਸਚਮੁੱਚ ਇਕ ਵਾਰ ਫੇਰ ਪੰਜਾਬ ਬਣੇਗਾ !! ਪੰਜਾਬੀ, ਓਂਕਾਬ ਬਣਨਗੇ ਤੇ ਇਸ ਉੱਤੇ ਝੁਲਦੇ ਝੱਖੜ ਦਾ ਮੁਕਾਬਲਾ ਕਰਨਗੇ, ਪੰਜਾਬ ਕਾਲੀ ਬੋਲੀ ਰਾਤ ਚੋ ਬਾਹਰ ਨਿਕਲਕੇ ਚਿੱਟੇ ਦੁੱਧ ਰੂਪੀ ਚਾਨਣ ਦੀ ਫ਼ਿਜਾ ਦਾ ਆਨੰਦ ਮਾਣੇਗਾ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

Leave a Reply

Your email address will not be published. Required fields are marked *

%d bloggers like this: