Sat. Jun 15th, 2019

ਇਸ ਸ਼ੁੱਕਰਵਾਰ, 14 ਜੂਨ ਨੂੰ ਰਿਲੀਜ਼ ਹੋਵੇਗੀ ਫ਼ਿਲਮ ਨਵੀਂ ਫ਼ਿਲਮ ‘ਜਿੰਦ ਜਾਨ

ਇਸ ਸ਼ੁੱਕਰਵਾਰ, 14 ਜੂਨ ਨੂੰ ਰਿਲੀਜ਼ ਹੋਵੇਗੀ ਫ਼ਿਲਮ ਨਵੀਂ ਫ਼ਿਲਮ ‘ਜਿੰਦ ਜਾਨ
ਕਾਮੇਡੀ ਤੇ ਰੁਮਾਂਸ ਦਾ ਸੁਮੇਲ ਹੈ ‘ਜਿੰਦ ਜਾਨ’

ਪੰਜਾਬੀ ਫਿਲਮ ‘ਜਿੰਦ ਜਾਨ’ 14 ਜੂਨ ਨੂੰ ਕੌਮਾਂਤਰੀ ਪੱਧਰ ‘ਤੇ ਰਿਲੀਜ਼ ਹੋ ਰਹੀ ਹੈ। ਪੰਜਾਬੀ ਫ਼ਿਲਮਾਂ ਹਨੇਰੀ ਵਿੱਚ ਰਿਲੀਜ਼ ਹੋਣ ਜਾ ਰਹੀ ਇਹ ਫ਼ਿਲਮ ਆਮ ਫ਼ਿਲਮਾਂ ਨਾਲੋਂ ਹਟਵੀਂ ਤੇ ਮਨੋਰੰਜਨ ਭਰਪੂਰ ਫ਼ਿਲਮ ਹੈ। ‘ਬੀ ਆਰ ਐਸ ਫ਼ਿਲਮਸ’ ਦੇ ਬੈਨਰ ਹੇਠ ਬਣੀ ਨਿਰਮਾਤਾ ਪਵਨ ਅਗਰਵਾਲ, ਕਰਨ ਅਗਰਵਾਲ ਅਤੇ ਸਹਿ ਨਿਰਮਾਤਾ ਧੀਰਜ ਭੰਡਾਰੀ ਦੀ ਇਸ ਫ਼ਿਲਮ ਨੂੰ ਦਰਸ਼ਨ ਬੱਗਾ ਨੇ ਨਿਰਦੇਸ਼ਤ ਕੀਤਾ ਹੈ। ਫ਼ਿਲਮ ਦੀ ਕਹਾਣੀ ਵੀ ਦਰਸ਼ਨ ਬੱਗਾ ਦੀ ਹੈ, ਜਦਕਿ ਫ਼ਿਲਮ ਦਾ ਸਕਰੀਨਪਲੇ ਨਾਮਵਰ ਲੇਖਕ ਰਾਜੀਵ ਕੌਲ ਨੇ ਲਿਖਿਆ ਹੈ।

ਫ਼ਿਲਮ ਦੇ ਡਾਇਲਾਗ ਦੀਦਾਰ ਗਿੱਲ ਤੇ ਮਿੰਟੂ ਨੇ ਸਾਂਝੇ ਤੌਰ ‘ਤੇ ਲਿਖੇ ਹਨ। ਪੰਜਾਬੀ ਗਾਇਕੀ ਦੇ ਖੇਤਰ ਵਿੱਚ ਚੌਖੀ ਪਹਿਚਾਣ ਬਣਾ ਚੁੱਕੇ ਗਾਇਕ ਰਾਜਵੀਰ ਜਵੰਦਾ ਬਤੌਰ ਹੀਰੋ ਇਸ ਫਿਲਮ ਤੋਂ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ। ਫ਼ਿਲਮ ਵਿੱਚ ਰਾਜੀਵ ਦੇ ਨਾਲ ਹੀ ਨਾਮਵਰ ਮਾਡਲ ਤੇ ਅਦਾਕਾਰਾ ਸਾਰਾ ਸ਼ਰਮਾ ਬਤੌਰ ਹੀਰੋਇਨ ਇਸ ਫਿਲਮ ਜ਼ਰੀਏ ਪੰਜਾਬੀ ਸਿਨੇਮੇ ਵਿੱਚ ਆਪਣੀ ਸ਼ੁਰੂਆਤ ਕਰ ਰਹੀ ਹੈ। ਦੋਵਾਂ ਦੀ ਇਸ ਖੂਬਸੂਰਤ ਜੋੜੀ ਦੇ ਨਾਲ ਨਾਲ ਫਿਲਮ ਵਿੱਚ ਨਾਮਵਰ ਕਾਮੇਡੀਅਨ ਜਸਵਿੰਦਰ ਭੱਲਾ, ਉਪਾਸਨਾ ਸਿੰਘ ਅਤੇ ਹਾਰਬੀ ਸੰਘਾ ਦੀ ਦਮਦਾਰੀ ਅਦਾਕਾਰੀ ਤੇ ਕਾਮੇਡੀ ਵੀ ਦੇਖਣ ਨੂੰ ਮਿਲੇਗੀ। ਫ਼ਿਲਮ ਵਿੱਚ ਗੌਰਵ ਕੱਕੜ, ਮੋਨਿਕਾ ਰਠੌੜ, ਜੈਸਮੀਨ ਅਤੇ ਸੁੰਤਤਰ ਭਾਰਤ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ।
ਕਾਮੇਡੀ, ਡਰਾਮਾ ਅਤੇ ਰੁਮਾਂਸ ਨਾਲ ਭਰਪੂਰ ਇਹ ਫ਼ਿਲਮ ਪੰਜਾਬ ਅਤੇ ਮਲੇਸ਼ੀਆ ਵਿੱਚ ਫਿਲਮਾਈ ਗਈ ਹੈ। ਕਈ ਚਰਚਿਤ ਫ਼ਿਲਮਾਂ ਦੇ ਨਿਰਦੇਸ਼ਕ ਦਰਸ਼ਨ ਬੱਗਾ ਦੀ ਇਹ ਫ਼ਿਲਮ ਉਸ ਨੌਜਵਾਨ ਦੁਆਲੇ ਘੁੰਮਦੀ ਹੈ ਜੋ ਪੰਜਾਬ ਤੋਂ ਵਿਦੇਸ਼ ਵਿੱਚ ਰੁਜ਼ਗਾਰ ਕਮਾਉਣ ਜਾਂਦਾ ਹੈ। ਇਹ ਨੌਜਵਾਨ ਵਧੀਆ ਗਾਉਂਦਾ ਹੈ ਅਤੇ ਉਸਦੀ ਗਾਇਕੀ ਹੀ ਉਸ ਲਈ ਰੁਜ਼ਗਾਰ ਦਾ ਸਾਧਨ ਬਣਦੀ ਹੈ। ਪਿੰਡ ਤੋਂ ਵਿਦੇਸ਼ ਆਪਣੇ ਮਾਮੇ ਕੋਲ ਗਏ ਇਸ ਨੌਜਵਾਨ ਨੂੰ ਗਾਇਕੀ ਦਾ ਸ਼ੌਕ ਰੱਖਣ ਵਾਲੀ ਇਕ ਕੁੜੀ ਨੂੰ ਗਾਇਕੀ ਸਿਖਾਉਣ ਦੀ ਨੌਕਰੀ ਮਿਲਦੀ ਹੈ।

ਫ਼ਿਲਮ ਦੀ ਇਹ ਨਾਇਕਾ ਕੁੜੀ ਇਕ ਆਮੀਰ ਪਰਿਵਾਰ ਦੀ ਧੀਅ ਹੈ। ਉਸ ਨੂੰ ਆਪਣੇ ਆਮੀਰੀ ਦਾ ਘਮੰਡ ਵੀ ਹੈ। ਗਾਇਕੀ ਸਿਖਾਉਣ ਆਉਂਦੇ ਫ਼ਿਲਮ ਦੇ ਹੀਰੋ ਨਾਲ ਉਸਦਾ ਬੁਰਾ ਵਿਵਹਾਰ ਕਿਵੇਂ ਅਤੇ ਕਦੋਂ ਪਿਆਰ ਵਿੱਚ ਬਦਲ ਜਾਂਦਾ ਹੈ, ਉਸ ਨੂੰ ਪਤਾ ਨਹੀਂ ਲੱਗਦਾ। ਇਹ ਪਿਆਰ ਸਿਰੇ ਚੜਦਾ ਹੈ ਜਾਂ ਨਹੀਂ ਇਸ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਪ੍ਰੇਮ ਕਹਾਣੀ ਦੇ ਨਾਲ ਨਾਲ ਫ਼ਿਲਮ ਵਿੱਚ ਇਕ ਪ੍ਰੇਮ ਕਹਾਣੀ ਜਸਵਿੰਦਰ ਭੱਲਾ, ਉਪਾਸਨਾ ਸਿੰਘ ਅਤੇ ਹਾਰਬੀ ਸੰਘਾ ਦਰਮਿਆਨ ਵੀ ਚੱਲਦੀ ਹੈ। ਇਕ ਪ੍ਰੇਮਿਕਾ ਦੇ ਇਨਾਂ ਦੋ ਪ੍ਰੇਮੀਆਂ ਵਿੱਚ ਬਾਜ਼ੀ ਕੌਣ ਮਾਰਦਾ ਹੈ ਇਹ ਦੇਖਣਾ ਵੀ ਦਿਲਚਸਪ ਹੋਵੇਗਾ। 14 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਸੰਗੀਤ ਪਹਿਲਾਂ ਹੀ ਦਰਸ਼ਕਾਂ ਦੇ ਸਿਰ ਚੜ ਬੋਲ ਰਿਹਾ ਹੈ। ਫ਼ਿਲਮ ਦਾ ਟ੍ਰੇਲਰ ਅਤੇ ਸੰਗੀਤ ਨੂੰ ਹਰ ਪਾਸਿਓਂ ਮਿਲ ਰਹੇ ਸ਼ਾਨਦਾਰ ਹੁੰਗਾਰੇ ਫ਼ਿਲਮ ਦੀ ਟੀਮ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਫ਼ਿਲਮ ਦੀ ਟੀਮ ਨੂੰ ਪੂਰਨ ਉਮੀਦ ਹੈ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਨੂੰ ਨਿਰਾਸ਼ ਨਹੀਂ ਹੋਣ ਦੇਵੇਗੀ ਅਤੇ ਉਨਾਂ ਦਾ ਭਰਪੂਰ ਮਨੋਰੰਜਨ ਕਰੇਗੀ।

ਆਸ਼ਿਮਾ ਸੱਚਦੇਵਾ

Leave a Reply

Your email address will not be published. Required fields are marked *

%d bloggers like this: