Tue. Jul 23rd, 2019

ਇਮੀਗਰੇਸ਼ਨ ਕੰਪਨੀਆਂ ਦੀ ਪੜਤਾਲ ਲਈ ਮੁਹਾਲੀ ਪੁਲੀਸ ਨੇ ਵਿੱਢੀ ਵੱਡੀ ਮੁਹਿੰਮ

ਇਮੀਗਰੇਸ਼ਨ ਕੰਪਨੀਆਂ ਦੀ ਪੜਤਾਲ ਲਈ ਮੁਹਾਲੀ ਪੁਲੀਸ ਨੇ ਵਿੱਢੀ ਵੱਡੀ ਮੁਹਿੰਮ

ਐਸ.ਏ.ਐਸ. ਨਗਰ, 15 ਅਪ੍ਰੈਲ 2019: ਐਸ.ਏ.ਐਸ. ਨਗਰ ਪੁਲਿਸ ਨੇ ਅੱਜ ਵੱਡੀ ਪੱਧਰ ‘ਤੇ ਕਾਰਵਾਈ ਕਰਦਿਆਂ 50 ਇਮੀਗਰੇਸ਼ਨ ਕੰਪਨੀਆਂ ਦੇ ਰਿਕਾਰਡ ਦੀ ਜਾਂਚ-ਪੜਤਾਲ ਕੀਤੀ।
ਇੱਥੇ ਜਾਰੀ ਪ੍ਰੈੱਸ ਨੋਟ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਐਸ.ਏ.ਐਸ. ਨਗਰ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਐਸ.ਏ.ਐਸ. ਨਗਰ ਪੁਲਿਸ ਵੱਲੋਂ ਅੱਜ 20 ਡੀ.ਐਸ.ਪੀਜ਼. ਦੀਆਂ ਵੱਖ-ਵੱਖ ਟੀਮਾਂ ਰਾਹੀਂ 50 ਇਮੀਗਰੇਸ਼ਨ ਕੰਪਨੀਆਂ ਦੇ ਦਫ਼ਤਰਾਂ ਦੇ ਰਿਕਾਰਡ ਦੀ ਜਾਂਚ-ਪੜਤਾਲ ਕੀਤੀ ਗਈ। ਜਾਂਚ ਮਗਰੋਂ ਕਸੂਰਵਾਰ ਪਾਈਆਂ ਜਾਣ ਵਾਲੀਆਂ ਕੰਪਨੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਮੀਗਰੇਸ਼ਨ ਕੰਪਨੀਆਂ ਵੱਲੋਂ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਸੈਟਲ ਕਰਨ ਦੇ ਬਹਾਨੇ ਵੱਡੀਆਂ ਰਕਮਾਂ ਲੈ ਕੇ ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ ਕਰਨ ਬਾਰੇ ਰੋਜ਼ਾਨਾ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। ਇਹ ਗੱਲ ਵੀ ਨੋਟਿਸ ਵਿੱਚ ਆਈ ਸੀ ਕਿ ਕੁਝ ਕੰਪਨੀਆਂ ਕੋਲ ਨਿਯਮਾਂ ਮੁਤਾਬਿਕ ਟਰੈਵਲ ਏਜੰਟ ਦਾ ਲਾਇਸੈਂਸ ਵੀ ਨਹੀਂ ਹੈ, ਜੋ ਕਿਰਾਏ ‘ਤੇ ਇਮਾਰਤ ਲੈ ਕੇ ਉਥੇ ਦਫਤਰ ਖੋਲ ਲੈਂਦੇ ਹਨ ਅਤੇ ਲੋਕਾਂ ਨਾਲ ਠੱਗੀ ਮਾਰ ਕੇ ਮੋਟੀਆਂ ਰਕਮਾਂ ਵਸੂਲ ਕੇ ਉਥੋਂ ਹੋਰ ਕਿਤੇ ਚਲੇ ਜਾਂਦੇ ਹਨ। ਇਸ ਦੀ ਰੋਕਥਾਮ ਅਤੇ ਸਬੰਧਤ ਕਾਨੂੰਨ ਅਤੇ ਨਿਯਮਾਂ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਵਾਉਣ ਬਾਬਤ ਪੰਜਾਬ ਸਰਕਾਰ ਵੱਲੋਂ ਵੀ ਇਕ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ, ਜਿਸ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਹ ਚੈਕਿੰਗ ਕਰਵਾਈ ਗਈ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਜੇ ਕੋਈ ਬਿਨਾਂ ਲਾਇਸੈਂਸ ਤੋਂ ਟਰੈਵਲ ਏਜੰਟ ਦਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਕਸੂਰਵਾਰ ਖਿਲਾਫ਼ ਕਾਨੂੰਨ ਮੁਤਾਬਿਕ ਮੁਕੱਦਮਾ ਦਰਜ ਕੀਤਾ ਜਾਵੇਗਾ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਈ ਟਰੈਵਲ ਏਜੰਟ ਇਮਾਰਤ ਕਿਰਾਏ ‘ਤੇ ਲੈ ਕੇ ਇਹ ਕਾਰੋਬਾਰ ਸ਼ੁਰੂ ਕਰ ਦਿੰਦੇ ਹਨ ਅਤੇ ਨੌਜਵਾਨਾਂ ਪਾਸੋਂ ਵਿਦੇਸ਼ ਭੇਜਣ ਦੇ ਬਹਾਨੇ ਮੋਟੀਆਂ ਰਕਮਾਂ ਲੈ ਲੈਂਦੇ ਹਨ ਪਰ ਨਾ ਤਾਂ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਅਤੇ ਨਾ ਉਨ੍ਹਾਂ ਦੇ ਪੈਸੇ ਵਾਪਸ ਕਰਦੇ ਹਨ। ਜਦੋਂ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਇਨ੍ਹਾਂ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਕਰਦੇ ਹਨ ਤਾਂ ਟਰੈਵਲ ਏਜੰਟ ਸ਼ਿਕਾਇਤ ਕਰਨ ਵਾਲੇ ਨੌਜਵਾਨਾਂ ਨੂੰ ਕੁਝ ਪੈਸੇ ਵਾਪਸ ਕਰ ਕੇ ਉਥੋਂ ਆਪਣਾ ਦਫ਼ਤਰ ਬੰਦ ਕਰ ਕੇ ਅੱਗੇ ਚਲੇ ਜਾਂਦੇ ਹਨ। ਜਦੋਂ ਅਜਿਹੇ ਟਰੈਵਲ ਏਜੰਟਾਂ ਨੂੰ ਲੱਭਣ ਲਈ ਉਨ੍ਹਾਂ ਦੇ ਦਫਤਰ ਦੀ ਇਮਾਰਤ ਦੇ ਮਾਲਕ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਮਾਲਕ ਵੱਲੋਂ ਨਾ ਤਾਂ ਅਜਿਹੇ ਕਿਰਾਏਦਾਰ ਸਬੰਧੀ ਸਬੰਧਤ ਥਾਣੇ ਵਿੱਚ ਸੂਚਨਾ ਦਰਜ ਕਰਵਾਈ ਹੁੰਦੀ ਹੈ ਅਤੇ ਨਾ ਮਾਲਕ ਕੋਲ ਉਨ੍ਹਾਂ ਦਾ ਮੁਕੰਮਲ ਸਿਰਨਾਵਾਂ/ਦਸਤਾਵੇਜ਼ ਰੱਖੇ ਹੁੰਦੇ ਹਨ, ਜਿਸ ਕਰ ਕੇ ਬਿਨਾਂ ਲਾਇਸੰਸ ਤੋਂ ਇਮੀਗਰੇਸ਼ਨ ਦਾ ਕਾਰੋਬਾਰ ਕਰਨ ਵਾਲੇ ਏਜੰਟਾਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਮਾਰਤ ਮਾਲਕਾਂ, ਜਿਨ੍ਹਾਂ ਨੇ ਇੰਮੀਗਰੇਸ਼ਨ ਕੰਪਨੀ ਦਾ ਦਫਤਰ ਆਪਣੀ ਬਿਲਡਿੰਗ ਵਿਖੇ ਖੁੱਲਵਾ ਕੇ ਉਸ ਸਬੰਧੀ ਥਾਣੇ ਵਿੱਚ ਸੂਚਨਾ ਨਾ ਦਿੱਤੀ ਹੋਵੇ ਅਤੇ ਉਸ ਦੀ ਵੈਰੀਫਿਕੇਸ਼ਨ ਨਾ ਕਰਵਾਈ ਹੋਵੇ, ਉਸ ਵਿਰੁੱਧ ਵੀ ਆਈ.ਪੀ.ਸੀ. ਦੀ ਧਾਰਾ 188 ਅਧੀਨ ਕੇਸ ਦਰਜ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: