Sat. Sep 14th, 2019

ਇਤੁ ਮਦਿ ਪੀਤੈ ਨਾਨਕਾ……

ਇਤੁ ਮਦਿ ਪੀਤੈ ਨਾਨਕਾ……

ਗੁਰੂਆਂ ਪੀਰਾਂ ਦੇ ਨਾਮ ਨਾਲ ਜਾਣੀ ਜਾਂਦੀ ਪੰਜ+ਆਬ (ਪੰਜ ਦਰਿਆਵਾਂ ਦੀ ਧਰਤੀ) ਵਿੱਚ ਅੱਜ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੇ ਪੰਜਾਬ ਦੀ ਜਵਾਨੀ ਨੂੰ ਤਹਿਸ ਨਹਿਸ ਕਰ ਕੇ ਰੱਖ ਦਿੱਤਾ ਹੈ । ਹੈਰਾਨ ਹੋ ਜਾਈਦਾ ਹੈ ਅੱਜ ਦਾ ਪੰਜਾਬ ਦੇਖ ਕੇ, ਕਿ ਇਹ ਉਹੀ ਪੰਜਾਬ ਹੈ, ਜਿਸ ਬਾਰੇ ਕਦੇ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਨੇ ਲਿਖਿਆ ਸੀ: “ਦੁੱਧ ਦਹੀਂ ਦੇ ਵਹਿਣ ਦਰਿਆ ਇੱਥੇ, ਰੱਬ ਵਾਲੀਆਂ ਬਰਕਤਾਂ ਭਾਰੀਆਂ ਨੇ ।”
ਅੱਜ ਜਦੋਂ ਪੰਜਾਬ ਦੇ ਗੱਭਰੂ ਪੁੱਤਾਂ ਵਲ ਝਾਤ ਮਾਰੀਏ ਤਾਂ 80% ਤੋਂ ਉੱਪਰ ਨੌਜਵਾਨ ਨਸ਼ਿਆਂ ਵਰਗੀ ਭੈੜੀ ਬੀਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ। ਅੱਜ ਸ਼ਰਾਬ ਨੂੰ “ਸ਼ੋਸ਼ਲ ਡਰਿੰਕ” ਦਾ ਨਾਮ ਦਿੱਤਾ ਗਿਆ। ਜਦਕਿ ਸ਼ਰਾਬ ਦੀ ਹਰ ਬੋਤਲ ਉਪਰ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਅਤੇ ਅਫ਼ਸੋਸ ਸਾਡੇ ਸਮਾਜ ਦਾ ਪੜਿਆ ਲਿਖਿਆ ਵਰਗ ਆਪਣੇ ਵਿਆਹ, ਸਾਦੀਆਂ, ਪਾਰਟੀਆਂ ਵਿਚ ਸ਼ਰਾਬ ਦੀ ਵਰਤੋ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ। ਸ਼ਰਾਬ ਤੋਂ ਬਿਨਾਂ ਪਾਰਟੀ ਜਾਂ ਖੁਸ਼ੀ ਦੇ ਮੌਕੇ ਨੂੰ ਅਧੂਰਾ ਹੀ ਸਮਝਿਆ ਜਾਂਦਾ ਹੈ। ਨਸ਼ਿਆਂ ਸਬੰਧੀ ਵਿਸਵ ਸਿਹਤ ਸੰਗਠਨ (W.H.O.) ਨੇ ਆਪਣੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਕਿ ਸਿਰਫ ਭਾਰਤ ਵਿੱਚ ਹੀ ਤੰਬਾਕੂ ਦੀ ਵਰਤੋਂ ਨਾਲ 8 ਲੱਖ ਲੋਕ ਪ੍ਰਤੀ ਸਾਲ ਵਿਚ ਮਰ ਜਾਂਦੇ ਹਨ।
ਅੱਜ ਲੋਕਾਈ ਗੁਰਬਾਣੀ ਦੀ ਸੇਧ ਤੋ ਕੋਹਾਂ ਮੀਲ ਦੂਰ ਹੋ ਗਈ ਹੈ। ਸਤਿਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਸੀ:

ਰੈੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ (ਗਉੜੀ ਬੈਰਾਗਣਿ ਮ. 1, ਪੰਨਾ 156)

ਕਿ ਆਪਣੇ ਹੀਰੇ ਵਰਗੇ ਜੀਵਨ ਨੂੰ ਕਉਡੀ ਬਦਲੇ ਨਾ ਖਤਮ ਕਰ ਦੇਈਂ। ਪਰ ਅੱਜ ਆਪਣੇ ਹੀ ਮੁਹੱਲੇ ਜਦੋਂ ਖਬਰ ਸੁਣੀਂਦੀ ਹੈ ਕਿ ਫਲਾਂ ਮੁੰਡਾ ਜਿਹੜਾ ਸਮੈਕ ਨਾਲ ਹੀ ਰੱਜਿਆ ਰਹਿੰਦਾ ਸੀ, ਅੱਜ ਫਲਾਣੇ ਮੋੜ ਤੋਂ ਉਸਦੀ ਲਾਸ਼ ਮਿਲੀ ਤਾਂ ਸੁਣ ਕੇ ਦੁੱਖ ਹੁੰਦਾ ਹੈ ਕਿ ਕਾਸ਼! ਅਸੀਂ ਗੁਰਬਾਣੀ ਦੇ ਅਰਥਥ ਨੂੰ ਜੀਵਨ ਦਾ ਆਧਾਰ ਬਣਾਇਆ ਹੁੰਦਾ।
ਇਕ ਸਮਾਂ ਸੀ ਜਦੋਂ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਨੀਵੇਂ ਪੱਧਰ ਦਾ ਸਮਝਿਆ ਜਾਂਦਾ ਸੀ, ਪਰ ਅੱਜ ਦੇ ਪੜ੍ਹੇ ਲਿਖੇ ਯੁੱਗ ਵਿੱਚ ਸ਼ਰਾਬ ਨਾ ਪੀਣ ਵਾਲੇ ਨੂੰ ਛੋਟਾ ਸਮਝਿਆ ਜਾਂਦਾ ਹੈ। ਨਸ਼ਿਆਂ ਦੀ ਪੂਰਤੀ ਲਈ ਨੌਜਵਾਨ ਘਰ ਦਾ ਸਮਾਨ ਵੇਚਣ, ਚੋਰੀ ਕਰਨ ਆਦਿ ਵਰਗੇ ਅਪਰਾਧ ਕਰਨ ਦੇ ਵੀ ਆਦੀ ਹੋ ਜਾਂਦੇ ਹਨ। ਜਿਸ ਕਰਕੇ ਲੁੱਟਾਂ-ਖੋਹਾਂ ਆਦਿ ਦੇ ਕੇਸਾਂ ਵਿੱਚ ਵੀ ਬੇਸ਼ੁਮਾਰ ਵੱਧਾ ਹੁੰਦਾ ਹੈ।
ਅੱਜ ਸਮੈਕ ਤੋਂ ਇਲਾਵਾ ਨੌਜਵਾਨ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵੀ ਸ਼ਰੇਆਮ ਕਰ ਰਹੇ ਹਨ। ਜਿਸਨੂੰ ਸਰੂਰ ਪ੍ਰਾਪਤੀ ਦਾ ਵਧੀਆ, ਸੱਸਤਾ ਅਤੇ ਸੌਖਾ ਸਾਧਨ ਮੰਨਿਆ ਜਾਂਦਾ ਹੈ। ਦਵਾਈਆਂ ਤੋਂ ਇਲਾਵਾ ਟੀਕੇ ਸਿਹਤ ਵਿਗਿਆਨੀਆਂ ਵੱਲੋਂ ਵਰਤੇ ਜਾਂਦੇ ਦਰਦ ਨਿਵਾਰਕ ਟੀਕਿਆਂ ਦੀ ਵਰਤੋਂ ਕਰਕੇ ਨਸ਼ਾ ਪ੍ਰਾਪਤ ਕੀਤਾ ਜਾਂਦਾ ਹੈ। ਇੰਸਟੀਚਿਊਟ ਆਫ ਡਿਵਲਪਮੈਂਟ ਅਤੇ ਕਮਿਊਨੀਕੇਸ਼ਨ ਦਾ ਅਧਿਐਨ ਵੀ ਹੋਸਟਲਾਂ ਵਾਲੇ ਬੱਚਿਆਂ ਦੇ ਤੱਥਾਂ ਵਿੱਚ ਨਸ਼ਿਆਂ ਦੀ ਪ੍ਰੋੜਤਾ ਕਰਦਾ ਹੈ। ਇਸਦਾ ਸਰਵੇ ਇਹ ਵੀ ਦੱਸਦਾ ਹੈ ਕਿ ਪੰਜਾਬ ਵਿੱਚ 53 ਫੀਸਦੀ ਆਦਮੀ ਅਤੇ 48 ਫੀਸਦੀ ਔਰਤਾਂ ਨਸ਼ਿਆਂ ਦੀਆਂ ਆਦੀ ਹਨ।
ਅਨੇਕਾਂ ਅਜਿਹੀਆਂ ਦਵਾਈਆਂ ਜੋ ਬਿਨ੍ਹਾਂ ਕਿਸੇ ਡਾਕਟਰ ਦੇ ਪੁਛਿਆਂ ਬਿਨ੍ਹਾਂ ਪਰਚੀ ਲਏ ਤੋਂ ਲਈਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚ ਸੈਕਸੋਨਾਫੋਰਟ, ਵੀ-ਟੈਕਸ, ਵਨ-ਟਾਪ, ਕਮਾਂਡੋ, ਬੋਲਡ-ਨਾਇਟ, ਸਟਡ ਅਤੇ ਹਿਮਕੋਲੀਨ ਕਰੀਮ ਵਰਗੀਆਂ ਉਹ ਦਵਾਈਆਂ (?) ਜਿੰਨ੍ਹਾਂ ਦੀ ਕਿਸੇ ਵੀ ਸਿਹਤਮੰਦ ਅਤੇ ਤੰਦਰੁਸਤ ਵਿਅਕਤੀ ਨੂੰ ਲੋੜ ਨਹੀਂ ਪੈਣੀ ਚਾਹੀਦੀ।
ਸਿਆਣੇ ਬਜ਼ੁਰਗਾਂ ਨੇ ਸ਼ਰਾਬ ਨੂੰ ਸ਼ਰਾਰਤੀ ਪਾਣੀ ਦਾ ਨਾਮ ਦਿੱਤਾ ਹੈ। ਸ਼ਰਾਬ ਇੱਕ ਅਜਿਹਾ ਪਦਾਰਥ ਹੈ ਜਿਸਨੂੰ ਪੀਣ ਨਾਲ ਵਿਅਕਤੀ ਆਪਣੀ ਸੁੱਧ-ਬੁੱਧ ਗੁਆ ਬੈਠਦਾ ਹੈ। ਘਰਵਾਲੀ-ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਇਸ ਵਿਚ ਅਲਕੋਹਲ ਹੁੰਦੀ ਹੈ। ਜਿਸਦਾ ਸਰੀਰ ਨੂੰ ਕਾਫੀ ਨੁਕਸਾਨ ਪੁੱਜਦਾ ਹੈ। ਤੀਸਰੇ ਪਾਤਸ਼ਾਹ ਜੀ ਸਿੱਖਾਂ ਨੂੰ ਨਸ਼ਾ ਕਰਨ ਤੋਂ ਸਖਤ ਵਰਜਿਆ ਸੀ।

ਜਿਤੁ ਪੀਤੈ ਮਤਿ ਦੂਰ ਹੋਇ, ਬਰਲ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ, ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ, ਦਰਗਾਹ ਮਿਲੈ ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇਕਾ ਪਾਰਿ ਵਸਾਇ॥
(ਬਿਹਾਗੜੇ ਕੀ ਵਾਰ ਸਲੋਕ ਮਹਲਾ 3, ਪੰਨਾ 554)

ਭਾਵ ਕਿ ਜਿਸਨੂੰ ਪੀਣ ਨਾਲ ਮੱਤ ਮਾਰੀ ਜਾਵੇ, ਆਪਣੇ ਪਰਾਏ ਦੀ ਪਛਾਣ ਨਾ ਰਹੇ, ਪ੍ਰਭੂ ਦੀ ਸੱਚੀ ਦਰਗਾਹ ਤੋਂ ਵੀ ਧੱਕੇ ਪੈਣ, ਪ੍ਰਮਾਤਮਾ ਵਿਸਰ ਜਾਵੇ ਅਤੇ ਪ੍ਰਭੂ ਦੀ ਸੱਚੀ ਦਰਗਾਹ ਤੇ ਸਜ਼ਾ ਮਿਲੇ, ਅਜਿਹੇ ਪਦਾਰਥ ਦਾ ਸੇਵਨ ਨਾ ਕਰੀ। ਪਰ ਅਫਸੋਸ ਅੱਜ ਸਿੱਖਾਂ ਵਿਚ ਹੀ ਸ਼ਰਾਬ ਦੀ ਵਰਤੋਂ ਸੱਭ ਤੋ ਵੱਧ ਕੀਤੀ ਜਾਂਦੀ ਹੈ। ਇਥੋਂ ਤੱਕ ਕੇ ਕਈ ਅੰਮ੍ਰਿਤਧਾਰੀਆਂ ਨੂੰ ਸ਼ਰਾਬ ਪੀਂਦੇ ਆਪਣੀ ਅੱਖੀ ਵੇਖਿਆ ਹੈ। ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਈ ਇਕ ਕਾਨਫਰੰਸ ਦੌਰਾਨ ਡਾਕਟਰਾਂ ਵਲੋਂ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਜਿਹੜਾ ਵਿਅਕਤੀ 20 ਤੋਂ 60 ਸਾਲ ਦੀ ਉਮਰ ਤੱਕ ਨਸ਼ਿਆਂ ਦਾ ਸੇਵਨ ਕਰਦਾ ਹੈ ਉਹ ਆਪਣਾ 10 ਤੋਂ 15 ਲੱਖ ਦਾ ਨੁਕਸਾਨ ਕਰਦਾ ਹੈ। ਸ਼ਰਾਬ ਪੀਣ ਨਾਲ ਜਿਗਰ ਸੁਸਤ ਹੋ ਜਾਂਦਾ ਹੈ। ਪੀਲੀਆਂ, ਕੈਂਸਰ ਜਾਂ ਹਾਰਟ ਫੇਲ ਹੋ ਜਾਂਦਾ ਹੈ। ਸ਼ੁਰੂ ਵਿਚ ਮੋਟਾਪਾ ਅੰਤ ਵਿਚ ਸੋਕੜਾ, ਗਠੀਆ, ਹਾਦਸਿਆਂ ਅਤੇ ਦੁਰਘਟਨਾਵਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਸ਼ਰਾਬਨੋਸੀ ਬਾਰੇ ਗੁਰਬਾਣੀ ਨੇ ਸੱਪਸ਼ਟ ਕੀਤਾ ਹੈ।

ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥ (ਵਾਰ ਬਿਹਾਗੜਾ ਮ.1, ਅੰਗ- 553)

(W.H.O) ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਹਰ ਸਾਲ ਪੰਜ ਲੱਖ ਵਿਅਕਤੀ ਤੰਬਾਕੂਨੋਸੀ ਨਾਲ ਮਰਦੇ ਹਨ। ਸੰਨ 2030 ਤੱਕ ਇਹ ਗਿਣਤੀ ਢਾਈ ਗੁਣ ਹੋ ਜਾਵੇਗੀ। ਸਿਗਰਟ ਜਾਂ ਬੀੜੀ ਵਿਚ ਜੋ ਤੰਬਾਕੂ ਹੰਦਾ ਹੈ ਉਹ ਅੱਗ ਦੇ ਸੇਕ ਨਾਲ ਸੁਕਾਇਆ ਹੁੰਦਾ ਹੈ। ਸਿਗਰਟ ਦੀ ਪਰਿਭਾਸ਼ਾ ਦਿੰਦਿਆਂ ਸਰ ਵਿਜਿਲ ਸਕਾਟ ਨੇ ਠੀਕ ਕਿਹਾ ਹੈ ਕਿ “ਸਿਗਰੇਟ (ਅੰਦਰੋਂ ਭਰੀ ਹੋਈ) ਇੱਕ ਅਜਿਹੀ ਨਲਕੀ ਹੈ ਜਿਸਦੇ ਇੱਕ ਸਿਰੇ ‘ਤੇ ਤਾਂ ਜੋਤ ਜਗ ਰਹੀ ਹੈ ਅਤੇ ਦੂਜੇ ਸਿਰੇ ਤੇ ਇੱਕ ਮੁਰਖ ਚਿੰਬੜਿਆ ਹੁੰਦਾ ਹੈ।” ਇੱਕ ਵਿਗਿਆਨਕ ਰਿਪੋਰਟ ਅਨੁਸਾਰ ਇੱਕ ਸਿਗਰੇਟ ਪੀਣ ਨਾਲ ਬੰਦੇ ਦੀ ਉਮਰ ਸਾਡੇ ਪੰਜ ਮਿੰਟ ਘੱਟ ਜਾਂਦੀ ਹੈ।
ਇਸ ਵਿੱਚ ਨਿਕੋਟੀਨ ਹੁੰਦੀ ਹੈ, ਜਿਸ ਨਾਲ ਸਰੀਰ ਦੀਆਂ ਲਹੂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਉਹਨਾਂ ਰਾਹੀਂ ਲਹੂ ਪ੍ਰਵਾਹ ਘੱਟ ਜਾਂਦਾ ਹੈ। ਸਦੀਵੀਂ ਨਜ਼ਲਾ ਹੋ ਜਾਂਦਾ ਹੈ। ਕੈਂਸਰ ਅਤੇ ਦਿਲ ਨਾਲ ਸਬੰਧੀ ਅਨੇਕਾਂ ਰੋਗ ਲੱਗ ਜਾਂਦੇ ਹਨ।
ਸਿੱਖ ਰਹਿਤਨਾਮਿਆਂ ਵਿੱਚ ਤੰਬਾਕੂ ਅਤੇ ਹੋਰ ਨਸ਼ਿਆਂ ਤੋਂ ਵਰਜਿਆ ਗਿਆ ਹੈ:

ਕੁੱਠਾ, ਹੁੱਕਾ, ਚਰਸ, ਤੰਬਾਕੂ, ਗਾਂਜਾ, ਟੋਪੀ, ਤਾੜੀ, ਖਾਕੂ ।
ਇਨ ਕੀ ਔਰ ਨ ਕਬਹੂੰ ਦੇਖੈ, ਰਹਿਤਵੰਤ ਸੋ ਸਿੰਘ ਬਿਸੇਖੈ । (ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਪਦਅਰਥ:- ਟੋਪੀ (ਚਿਲਮ), ਤਾੜੀ (ਤਾੜ ਦੀ ਮਦਿਰਾ ਸ਼ਰਾਬ), ਖਾਕੂ (ਚੰਡੂ, ਅਫ਼ੀਮ ਦਾ ਧੂਆਂ ਤੰਬਾਕੂ ਵਾਂਗ ਪੀਣਾ।

ਕੁਲ ਨਸ਼ਿਆਂ ਦੀ ਸਿਰਤਾਜ ਹੀਰੋਇਨ ਦੇ ਅਸ਼ੁੱਧ ਰੂਪ ਨੂੰ ਸਮੈਕ ਕਿਹਾ ਜਾਂਦਾ ਹੈ। ਇਸਨੂੰ ਬਰਾਊਨ ਸ਼ੁਗਰ ਦਾ ਨਾਮ ਵੀ ਦਿੱਤਾ ਜਾਂਦਾ ਹੈ। ਇਹ ਸੱਭ ਤੋਂ ਮਹਿੰਗਾ ਨਸ਼ਾ ਹੈ। ਇਸਦੀ ਕੀਮਤ 200 ਰੁ: ਤੋਂ 300 ਰੁ: ਤੱਕ ਪ੍ਰਤੀ ਗਰਾਮ ਤੱਕ ਹੁੰਦੀ ਹੈ। ਕਈ ਲੋਕ ਇਸਨੂੰ ਸਿਗਰੇਟ ਵਿੱਚ ਪਾ ਕੇ ਪੀਂਦੇ ਹਨ ਅਤੇ ਪੱਛਮੀ ਦੇਸ਼ਾਂ ਵਿੱਚ ਟੀਕੇ ਰਾਹੀਂ ਵੀ ਇਸਦਾ ਨਸ਼ਾ ਲਿਆ ਜਾਂਦਾ ਹੈ। ਸਮੈਕ ਦੇ ਨਸ਼ੇ ਦੇ ਆਦੀ ਸ਼ੁਰੂਆਤ ਤੋਂ 10-20 ਸਾਲਾਂ ਵਿੱਚ ਹੀ ਮਰ ਜਾਂਦੇ ਹਨ। ਅਤੇ ਜਿੰਦਗੀ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਬੈਠਦੇ ਹਨ। ਇਸ ਨਾਲ ਸਰੀਰ ਕਮਜ਼ੋਰ ਹੋ ਕੇ ਰੰਗ ਭੂੁਸਾ ਪੈ ਜਾਂਦਾ ਹੈ। 15 ਕਿਲੋ ਤੱਕ ਵਜ਼ਨ ਘੱਟ ਜਾਂਦਾ ਹੈ। ਸਮੈਕ ਦਾ ਆਦੀ ਨੌਜਵਾਨ ਨਸ਼ਾ ਪ੍ਰਾਪਤੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦਾ ਹੈ। ਝੂਠ ਬੋਲ ਕੇ, ਹੇਰਾਫੇਰੀ ਜਾਂ ਹਮਦਰਦੀ ਹਾਸਲ ਕਰਕੇ ਲੋਕਾਂ ਨੂੰ ਠੱਗਣ ਵਿੱਚ ਕਾਬਿਲ ਹੁੰਦਾ ਹੈ। ਸਮੈਕ ਪੀਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਬਹੁੱਤ ਤੇਜ਼ੀ ਨਾਲ ਹੋ ਰਿਹਾ ਹੈ।
ਅੱਜ ਪੱਛਮੀ ਨਕਲ ਹੇਠ ਅੱਜ ਸਿਨੇਮਾ, ਟੈਲੀਵਿਜ਼ਨਾਂ ਰਾਹੀਂ ਕਲਾਕਾਰਾਂ ਨੂੰ ਨਸ਼ਾ ਕਰਦਿਆਂ ਵਿਖਾਉਣਾ, ਜਿਸ ਵਿੱਚ ਸ਼ਰਾਬ, ਸਿਗਰੇਟ ਆਦਿਕ ਦ੍ਰਿਸ਼ਾਂ ਨੂੰ ਵਿਸ਼ੇਸ਼ ਦਿੱਖ ਦੇ ਕੇ ਪੇਸ਼ ਕਰਨਾ ਹੈ । ਪਾਨ, ਮਸਾਲੇ, ਸਿਗਰੇਟ, ਸ਼ਰਾਬ ਆਦਿ ਦੇ ਇਸ਼ਤਿਹਾਰ ਅੱਧ-ਨੰਗੀਆਂ ਔਰਤਾਂ ਕੋਲੋਂ ਕਰਵਾ ਕੇ ਅਤੇ ਫਿਰ ਮੈਗਜ਼ੀਨ, ਅਖਬਾਰਾਂ ਅਤੇ ਜਨਤਕ ਥਾਵਾਂ ਤੇ ਕੀਤੀ ਗਈ ਵੱਡੇ ਪੱਧਰ ਤੇ ਇਸ਼ਤਿਹਾਰਬਾਜ਼ੀ ਨਾਲ ਨੌਜਵਾਨਾਂ ਨੂੰ ਨਸ਼ਿਆਂ ਵੱਲ ਉਤਸੁਕ ਕੀਤਾ ਜਾ ਰਿਹਾ ਹੈ।
ਪਿਛਲੇ ਕੁਝ ਸਮੇਂ ਤੋਂ ਅਸ਼ਲੀਲ ਗਾਇਕੀ ਨੇ ਸਭ ਹੱਦ-ਬੰਨ੍ਹੇ ਟੱਪ ਕੇ ਨਵਾਂ ਮੀਲ ਪੱਥਰ ਗੱਡਿਆ ਹੈ।ਨੌਜਵਾਨਾਂ ਨੂੰ ਨਸ਼ਿਆਂ ਨਾਲ ਜੋੜਨ ਲਈ ਨੈਣ ਸ਼ਰਾਬੀ, ਇਸ਼ਕ ਬਰਾਂਡੀ, ਅਵਾਰਾਗਰਦੀ, ਕੁੜੀ ਨੂੰ ਘਰੋਂ ਭਜਾਉਣਾ। ਮਿਸਾਲ ਦੇ ਤੌਰ ‘ਤੇ ‘ਜੇ ਪੀਣੀ ਛੱਡਤੀ ਜੱਟਾਂ ਨੇ, ਫਿਰ ਕੌਣ ਮਾਰੂ ਲਲਕਾਰੇ।’ ਦੇਸੀ ਦਾਰੂ, ਮੈਂ ਹੋ ਗਿਆ ਸ਼ਰਾਬੀ, ਗਲਾਸੀ ਖੜਕੇ, ਵੈਲੀ ਪੁੱਤ, ਮਹਿੰਗੀਆਂ ਸ਼ਰਾਬਾਂ ਦੇ ਸਬੰਧ ਵਿੱਚ ਘਟੀਆ ਗੀਤ ਪੇਸ਼ ਕਰਨ ਵਾਲੇ ਆਪਣੇ ਆਪ ਨੂੰ ਸੱਭਿਆਚਾਰ ਗਾਇਕ ਅਖਵਾਉਣ ਵਾਲੇ ਪਤਾ ਨਹੀਂ ਕਿਹੜੇ ਸੱਭਿਆਚਾਰ ਦੀ ਗੱਲ ਕਰ ਰਹੇ ਹਨ?
ਇੱਕ ਖ਼ਬਰ ਮੁਤਾਬਿਕ ਪੰਜਾਬ ਵਿੱਚੋਂ ਫੌਜੀ ਭਰਤੀ ਲਈ ਜਵਾਨ ਨਹੀਂ ਮਿਲ ਰਹੇ ਜਦਕਿ ਕਦੇ ਉਹ ਸਮਾਂ ਵੀ ਸੀ ਜਦੋਂ ਅੰਗਰੇਜ ਸਰਕਾਰ, ਪੰਜਾਬ ਦੇ ਗਜ਼-ਗਜ਼ ਚੌੜੀਆਂ ਛਾਤੀਆਂ ਵਾਲੇ ਜਵਾਨਾਂ ਨੂੰ ਖੁਸ਼ੀ-ਖੁਸ਼ੀ ਫੌਜ ਵਿੱਚ ਭਰਤੀ ਕਰਦੀ ਸੀ ਅਤੇ ਪੰਜਾਬ ਵਰਗੇ ਦਰਸ਼ਨੀ ਜਵਾਨ ਹਿੰਦੋਸਤਾਨ ਦੇ ਕਿਸੇ ਵੀ ਹੋਰ ਕੌਨੇ ਵਿੱਚੋਂ ਨਹੀਂ ਲੱਭਦੇ ਸਨ । ਪੰਜਾਬ ਦੇ ਗੁੱਭਰੂਆਂ ਦੀ ਬਹਾਦਰੀ ਅਤੇ ਸੁਹੱਪਣ ਦਾ ਫੌਜ ਵਿੱਚ ਵੱਖਰਾ ਮੁਕਾਮ ਸੀ, ਪਰ ਅੱਜ ਨਸ਼ਿਆਂ ਦੀ ਮਾਰ ਹੇਠ ਸਾਡੀ ਜਵਾਨੀ ਡੁੱਬ ਕੇ ਗੋਤੇ ਖਾ ਰਹੀ ਹੈ ।

ਕੀ ਇਲਾਜ ਹੈ ? ਕੀ ਕੀਤਾ ਜਾਵੇ ?
ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲਾਂ ਮਾਤਾ-ਪਿਤਾ ਅੱਗੇ ਆਉਣ। ਸਕੂਲ ਅਤੇ ਹੋਰ ਵਿੱਦਿਅਕ ਆਦਾਰੇ ਇਸ ਪਾਸੇ ਵਿਸ਼ੇਸ਼ ਯਤਨ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੇ ਹੋਏ, ਉਹਨਾਂ ਦਾ ਮਾਰਗ ਦਰਸ਼ਨ ਕਰਨ। ਸੈਂਸਰ ਬੋਰਡ ਰਾਹੀਂ ਫਿਲਮਾਂ, ਸੀਰੀਅਲਾਂ ਵਿੱਚੋਂ ਨਸ਼ਿਆਂ ਨੂੰ ਬੜਾਵਾ ਦੇਣ ਵਾਲੇ ਸੀਨਾਂ (ਦ੍ਰਿਸ਼ਾਂ) ਤੇ ਪੂਰਨ ਪਾਬੰਦੀ ਲਗਾਈ ਜਾਵੇ। ਨਸ਼ਿਆਂ ਨਾਲੋਂ ਨੌਜਵਾਨਾਂ ਨੂੰ ਫ਼ਲ-ਫਰੂਟ, ਦੁੱਧ, ਦਹੀਂ, ਮੱਖਣ, ਲੱਸੀ ਆਦਿ ਦੇ ਸਰੀਰ ਨੂੰ ਫਾਇਦਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਅਖਬਾਰਾਂ ਵਿੱਚ ਵਿਸ਼ੇਸ਼ ਕਾਲਮ ਸ਼ੁਰੂ ਕਰਕੇ ਨਸ਼ਿਆਂ ਸਬੰਧੀ ਜਾਗਰੂਕਤਾ ਲਿਆਂਦੀ ਜਾ ਸਕਦੀ ਹੈ। ਨਸ਼ਿਆਂ ਅਤੇ ਜੀਵਣ ਜਾਂਚ ਦੇ ਸਬੰਧ ਵਿੱਚ ਧਾਰਮਿਕ ਕਲਾਸਾਂ, ਕੈਂਪ ਅਤੇ ਸੈਮੀਨਾਰ ਹਰ ਸ਼ਹਿਰ, ਪਿੰਡ, ਗਲੀ, ਮੁਹੱਲੇ ਦੇ ਪੱਧਰ ਤੇ ਸ਼ੁਰੂ ਕੀਤੇ ਜਾਣ। ਜਨਤਕ ਥਾਵਾਂ ਤੇ ਨਸ਼ਿਆਂ ਦੇ ਵਿੱਰੁਧ ਵੱਡੇ ਹੋਰਡਿੰਗ ਬੋਰਡ ਲਗਾਏ ਜਾਣ। ਸਕੂਲੀ ਬੱਚਿਆਂ ਨੂੰ ਖੇਡਾਂ, ਕੁਸ਼ਤੀਆਂ ਆਦਿ ਵੱਲ ਵਿਸ਼ੇਸ਼ ਰੂਪ ਵਿੱਚ ਪ੍ਰੇਰਿਤ ਕੀਤਾ ਜਾਵੇ।
ਮਾਤਾ-ਪਿਤਾ ਆਪ ਵੀ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਕੇ ਬੱਚਿਆਂ ਲਈ ਉਦਹਾਰਣ ਬਣਨ। ਸਾਰੀਆਂ ਹੀ ਸਮਾਜ ਸੇਵੀ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਨਸ਼ਿਆਂ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਣ ਅਤੇ ਸਰਕਾਰਾ ਨੂੰ ਨਸ਼ਿਆਂ ਤੇ ਪੂਰਨ ਪਾਬੰਦੀ ਲਾਉਣ ਲਈ ਮਜਬੂਰ ਕਰਨ ਅਤੇ ਫਿਰ ਪਾਬੰਦੀ ਸਿਰਫ ਨਸ਼ਾ ਕਰਨ ਦੇ ਖਿਲਾਫ ਹੀ ਨਾ ਹੋਣ ਬਲਕਿ ਨਸ਼ਾ ਵੇਚਣ, ਨਸ਼ਿਆਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਦੇ ਖਿਲਾਫ ਵੀ ਕਾਨੂੰਨ ਬਣੇ। ਪੰਜਾਬ ਸਰਕਾਰ ਸਖ਼ਤੀ ਨਾਲ ਕਾਨੂੰਨ ਬਣਾਵੇ ਜੇਹਾ ਕਿ ਅੰਗਰੇਜ ਸਰਕਾਰ ਨੇ ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਲਈ ਬਣਾਇਆ ਸੀ । ਜਿਸ ਬਾਰੇ ਇੱਕ ਚਿੱਠੀ ਪੰਥਕ ਸੇਵਕ ਵੀਕਲੀ, ਲਾਹੌਰ 10 ਸਤੰਬਰ ਸ਼ੁੱਕਰਵਾਰ ਦੇ ਪਰਚੇ ਵਿੱਚ ਛਪੀ ਸੀ ਜਿਸਦਾ ਹਵਾਲਾ ਅੱਗੇ ਹੈ:
“ਐ ਪਿਆਰੇ ਮਿਸਟਰ ਕਿੰਗ ਬਹਾਦਰ, ਐ ਸਾਡੇ ਸਿਰਤਾਜ਼ ਸ੍ਰੀ ਹਜ਼ੂਰ ਸਰ ਮਾਈਕਲ ਓਡਵਾਇਰ ! ਅੱਜ ਸਾਡੇ ਪਾਸ ਲਫਜ਼ ਨਹੀਂ, ਜਿਹਨਾਂ ਦਵਾਰਾ ਅਸੀਂ ਆਪਣੀ ਕੌਮ ਵੱਲੋਂ ਆਪ ਜੀ ਦਾ ਧੰਨਵਾਦ ਕਰੀਏ । ਸ੍ਰੀ ਅੰਮ੍ਰਿਤਸਰ ਗੁਰੂ ਕੀ ਨਗਰੀ ਨੂੰ ਇਹ ਕਲੰਕ ਸੀ ਕਿ ਇੱਕ ਪਾਸੇ ਨਾਮ ਦਾ ਪ੍ਰਵਾਹ ਚੱਲ ਰਿਹਾ ਹੋਵੇ, ਦੂਜੇ ਪਾਸੇ ਸ਼ਰਾਬ ਖਾਨਾ ਖਰਾਬ ਹੋਵੇ । ਅੱਜ ਆਪ ਨੇ ਇਸ ਕਲੰਕ ਨੂੰ ਅਨੁਭਵ ਕਰਕੇ ਕ੍ਰਿਪਾਲੂ ਸਰਕਾਰ ਦੀ ਲੱਖਾਂ ਰੁਪਿਆਂ ਦੀ ਸਾਲਾਨਾ ਆਮਦਨ ਦੀ ਪ੍ਰਵਾਹ ਨਾ ਕਰਦੇ ਹੋਏ, ਸਦਾ ਲਈ ਇਸ ਕਲੰਕ ਨੂੰ ਕੱਢ ਕੇ ਬਾਹਰ ਮਾਰਿਆ ਹੈ ।
ਸ੍ਰੀ ਹਜ਼ੂਰ ਦਾ ਇਹ ਹੁਕਮ ਕਿ ਸ਼ਰਾਬ ਦੀ ਕੋਈ ਦੁਕਾਨ ਅੰਮ੍ਰਿਤਸਰ ਦੇ ਅੰਦਰ ਨਾ ਰਹੇ, ਸਿੱਖ ਕੌਮ ਦੇ ਹਿਰਦੇ ਪੁਰ ਸਦਾ ਉਕਰਿਆ ਜਾਵੇਗਾ, ਅਰ ਆਪ ਦੀ ਮੇਹਰਬਾਨੀ ਨੂੰ ਸਾਡੀ ਕੌਮ ਕਦੇ ਨਹੀਂ ਭੁਲੇਗੀ।” (ਹਵਾਲਾ ਮਾਸਕ ਸਪੋਕਸਮੈਨ ਸਤੰਬਰ 2001)

ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ ।

Leave a Reply

Your email address will not be published. Required fields are marked *

%d bloggers like this: