Mon. Jun 17th, 2019

ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰੀ ਸਾਹਿਬ ਜੀ ਪਾਤਿਸ਼ਾਹੀ ਨੌਵੀਂ ਖਿਆਲਾ ਕਲਾਂ

ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰੀ ਸਾਹਿਬ ਜੀ ਪਾਤਿਸ਼ਾਹੀ ਨੌਵੀਂ ਖਿਆਲਾ ਕਲਾਂ

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਜਿਸ ਵਿਚ ਗੁਰੂ ਜੀ ਦੇ ਮਹਿਲ ਮਾਤਾ ਗੁਜਰੀ ਜੀ, ਗੁਰੂ ਜੀ ਦੀ ਮਾਤਾ ਨਾਨਕੀ ਜੀ, ਮਾਮਾ ਕ੍ਰਿਪਾਲ ਚੰਦ ਅਤੇ ਕੁਝ ਹੋਰ ਸਿੱਖਾਂ ਸਮੇਤ ਧਨੌਲਾ, ਪੰਧੇਰ, ਅਲੀਸ਼ੇਰ, ਭੁਪਾਲ ਆਦਿ ਪਿੰਡਾਂ ਚੋਂ ਹੁੰਦੇ ਹੋਏ ਅੰਦਾਜਨ 1665-66 ਈਸਵੀ ਦੌਰਾਨ ਫੱਗਣ ਚੇਤ ਦੇ ਦਿਨਾਂ ਵਿਚ ਪਿੰਡ ਖਿਆਲਾ ਕਲਾਂ ਵਿਖੇ ਪੰਧਾਰੇ ਸਨ । ਹੁਣ ਪਿੰਡ ਖਿਆਲਾ ਕਲਾਂ ਵਿਚ ਗੁਰਦੁਆਰਾ ਬੇਰੀ ਸਾਹਿਬ ਹੈ ਉੱਥੇ ਬੈਠ ਕੇ ਗੁਰੂ ਸਾਹਿਬ ਜੀ ਨੇ ਬ੍ਰਾਹਮਣ ਗੁੱਜਰ ਰਾਮ ਜੀ ਤੋਂ ਦੁੱਧ ਛਕਿਆ ਸੀ । ਗੁਰੂ ਜੀ ਇਸ ਪਿੰਡ ਸੱਤ ਦਿਨ ਬਿਸ਼ਰਾਮ ਕਰਕੇ ਅੱਗੇ ਭੈਣੀ ਬਾਘਾ, ਮੌੜ ਮੰਡੀ, ਮਾਈਸਰਖਾਨਾ, ਬਰੇ ਤੋਂ ਬੁਢਲਾਡਾ ਹੁੰਦੇ ਹੋਏ ਅਸਾਮ ਚਲੇ ਗਏ ਸਨ । ਇਸ ਸਥਾਨ ਤੇ ਅੱਜ ਗੁਰੁਦੁਆਰਾ ਬੇਰੀ ਸਾਹਿਬ ਮੌਜੂਦ ਹੈ ।
ਬ੍ਰਾਹਮਣ ਗੁੱਜਰ ਰਾਮ ਜੀ ਨੂੰ ਗੁਰੂ ਤੇਗ ਬਹਾਦਰ ਜੀ ਦੇ ਪਿੰਡ ਪਧਾਰਨ ਦਾ ਪਤਾ ਲੱਗਾ ਤਾਂ ਉਹਨਾਂ ਨੇ ਗੁਰੂ ਜੀ ਕੋਲ ਪਹੁੰਚ ਕੇ ਨਮਸਕਾਰ ਕੀਤੀ, ਜਲ ਪਾਣੀ ਛਕਾਇਆ ਅਤੇ ਦੁੱਧ ਵਾਲੀ ਕਾੜਨੀ ਵਿੱਚੋਂ ਗਰਮ-ਗਰਮ ਦੁੱਧ ਇਕ ਛੰਨੇ ਵਿਚ ਛਕਾਇਆ । ਪੰਡਿਤ ਜੀ ਆਪਣੇ ਜਜਮਾਨ ਭਾਈ ਮੱਕਾ ਜੀ ਨੂੰ ਵੀ ਨਾਲ ਲੈ ਕੇ ਆਏ ਸਨ । ਗੁਰੂ ਜੀ ਨੇ ਉਹਨਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਪੰਡਤ ਗੁਜਰ ਰਾਮ ਜੀ ਨੇ ਕਿਹਾ ਕਿ ਪੰਡਿਤ ਜੀ ਜੋ ਚਾਹੁੰਦੇ ਹੋ ਮੰਗ ਲਓ । ਪਰ ਪੰਡਿਤ ਜੀ ਚੁੱਪ ਰਹੇ । ਗੁਰੂ ਜੀ ਦੇ ਤੀਸਰੇ ਬਚਨ ਤੇ ਪੰਡਿਤ ਗੁੱਜਰ ਰਾਮ ਜੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਮੇਰੇ ਜਜਮਾਨਾਂ (ਜਿਮੀਦਾਰਾਂ) ਦੇ ਘਰ ਬਹੁਤ ਘੱਟ ਹਨ, ਔਲਾਦ ਵਿਚ ਵਾਧਾ ਨਹੀਂ ਹੁੰਦਾ, ਸੋ ਇਹਨਾਂ ਵਿਚ ਵਾਧਾ ਹੋਵੇ, ਤਾਂ ਗੁਰੂ ਜੀ ਨੇ ਖੁਸ਼ ਹੋ ਕੇ ਗੁੱਜਰ ਰਾਮ ਜੀ ਨੂੰ ਕਿਹਾ ਕਿ ਤੁਹਾਡੇ ਜਜਮਾਨ ਭਾਈ ਮੱਕੇ ਦੇ ਘਰ ਚਾਰ ਪੁੱਤਰ ਹੋਣਗੇ ਅਤੇ ਇਹ ਚਾਰੇ ਹੀ ਚਾਰ ਪਿੰਡਾਂ ਦੀ ਨੰਬਰਦਾਰੀ ਕਰਨਗੇ । ਗੁਰੂ ਜੀ ਦੇ ਬਚਨਾਂ ਅਨੁਸਾਰ ਭਾਈ ਮੱਕੇ ਦੇ ਘਰ ਚਾਰ ਪੁੱਤਰ ਅਤੇ ਇਕ ਲੜਕੀ ਪੈਦਾ ਹੋਈ, ਚਾਰੇ ਪਿੰਡਾਂ ਖਿਆਲਾ ਕਲਾਂ (ਮੱਕਾ ਪੱਤੀ) ਪਿੰਡ ਨਥੇਹਾ (ਨੇੜੇ ਤਲਵੰਡੀ ਸਾਬੋ), ਧਨਪੁਰਾ (ਨੇੜੇ ਕਾਲਿਆਂਵਾਲੀ, ਹਰਿਆਣਾ) ਅਤੇ ਮੁਕਤਸਰ ਸਾਹਿਬ (ਮੱਕਾ ਪੱਤੀ) ਵਿਖੇ ਅੱਜ ਵੀ ਪੰਡਿਤ ਜੀ ਦੇ ਜਜਮਾਨ ਨੰਬਰਦਾਰੀ ਕਰ ਰਹੇ ਹਨ । ਦੁੱਧ ਛਕਣ ਅਤੇ ਪ੍ਰਵਚਨ ਸੁਣਾਉਣ ਤੋਂ ਬਾਅਦ ਗੁਰੂ ਜੀ ਪੰਡਿਤ ਜੀ ਨੂ ਕਿਹਾ ਕਿ ਇਹ ਬਰਤਨ (ਛੰਨਾ) ਆਮ ਬਰਤਨਾਂ ਵਾਂਗ ਘਰ ਵਿਚ ਨਹੀਂ ਵਰਤਣਾ ਤੇ ਤੇਰੇ ਘਰ ਗੁਰੂ ਜੀ ਦੀ ਅਪਾਰ ਕ੍ਰਿਪਾ ਹੋਵੇਗੀ । ਕਿਸੇ ਨੇ ਤੰਬਾਕੂ ਨਹੀਂ ਵਰਤਣਾ । ਸੰਗਤ ਜੀ, ਗੁਰੂ ਜੀ ਦੇ ਕਹੇ ਵਚਨਾ ਅਨੁਸਾਰ ਇਹ ਬਰਤਨ ਛੰਨਾ ਸਾਹਿਬ ਦੇ ਨਾਂ ਨਾਲ ਪਿੰਡ ਵਿਚ ਪੰਡਿਤਾਂ ਦੇ ਘਰ ਸਸ਼ੋਭਿਤ ਹੈ । ਇੱਥੇ ਹਰ ਮਹੀਨੇ ਦੀ ਦਸਵੀਂ ਨੂੰ ਸੰਗਤ ਜੁੜਦੀ ਹੈ ।
ਗੁਰਦੁਆਰਾ ਬੇਰੀ ਸਾਹਿਬ ਦੇ ਸਾਹਮਣੇ ਉਤਰ ਦਿਸ਼ਾ ਵਿੱਚ ਜੋ ਗੁਰਦੁਆਰਾ ਗੁਰੂਸਰ ਸਾਹਿਬ ਹੈ, ਇਸ ਜਗਾ ਗੁਰੂ ਜੀ ਨੇ ਰਾਤ ਸਮੇਂ ਸੱਤ ਦਿਨ ਵਿਸ਼ਰਾਮ ਕੀਤਾ। ਇਸ ਸਥਾਨ ਦੇ ਕੋਲ ਗੁਰੂ ਜੀ ਆਪਣੇ ਸਿੱਖਾਂ ਅਤੇ ਬਾਬਾ ਗੁੱਜਰ ਰਾਮ ਜੀ ਸਮੇਤ ਟਹਿਲ ਰਹੇ ਸਨ ਤਾਂ ਗੁਰੂ ਜੀ ਨੇ ਆਪਣੇ ਤੀਰ ਦੀ ਨੋਕ ਲਗਾ ਕੇ ਬ੍ਰਾਹਮਣ ਗੁੱਜਰ ਰਾਮ ਜੀ ਨੂੰ ਕਿਹਾ ਕਿ ਇਸ ਜਗਾ ਖੂਹ ਲੱਗੇਗਾ । ਇਸ ਵਿਚ ਇਕ ਬਰੋਟਾ (ਬੋਹੜ) ਦਾ ਦਰੱਖਤ ਹੋਵੇਗਾ, ਜਿਸ ਤਰਾਂ ਇਹ ਬਰੋਟਾ ਪ੍ਰਫੁੱਲਿਤ ਹੋਵੇਗਾ, ਉਸੇ ਤਰਾਂ ਪਿੰਡ ਵਿਚ ਸਿੱਖੀ ਪ੍ਰਫੁੱਲਿਤ ਹੋਵੇਗੀ । ਗੁਰੂ ਜੀ ਦੇ ਵਚਨਾ ਅਨੁਸਾਰ ਪੰਡਿਤ ਗੁੱਜਰ ਰਾਮ ਜੀ ਨੇ ਇਸ ਸਥਾਨ ਨਮਸਕਾਰ ਕੀਤਾ । ਇਸ ਤਰਾਂ ਕਰਨ ਨਾਲ ਉਹਨਾਂ ਗੁਰੂ ਜੀ ਦੀ ਆਪਾਰ ਕ੍ਰਿਪਾ ਨਾਲ ਤਰਲੋਕੀ ਦਾ ਗਿਆਨ ਪ੍ਰਾਪਤ ਹੋਇਆ । ਇਸੇ ਤਰਾਂ ਇਸ ਸਥਾਨ ਕੋਲ ਇਕ ਛੋਟਾ ਟੋਭਾ (ਛੱਪੜ) ਸੀ ਜਿੱਥੇ ਗੁਰੂ ਜੀ ਦੇ ਘੋੜਿਆਂ ਨੂੰ ਪਾਣੀ ਛਕਾਇਆ ਜਾਂਦਾ ਸੀ । ਗੁਰੂ ਜੀ ਨੇ ਇਸ ਟੋਭੇ ਨੂੰ ਸਰੋਵਰ ਦਾ ਵਰਦਾਨ ਦਿੱਤਾ ਅਤੇ ਅੱਜ ਵੀ ਇਸ ਟੋਭੇ ਨੂੰ ਗੁਰੂਸਰ ਸਾਹਿਬ ਨਾਲ ਜਾਣਿਆ ਜਾਂਦਾ ਹੈ ਇੱਥੇ ਵੀ ਦਰਬਾਰ ਸਾਹਿਬ ਸਥਿਤ ਹੈ, ਜਿਸ ਨੂੰ ਵੱਡਾ ਗੁਰਦੁਆਰਾ ਸਾਹਿਬ ਕਹਿੰਦੇ ਹਨ ।
ਗੁਰਦੁਆਰਾ ਗੁਰੂਸਰ ਸਾਹਿਬ ਵਾਲੇ ਸਥਾਨ ਤੇ ਸੰਗਤ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਪਿੰਡ ਵਿਚ ਜੋ ਖੂਹ ਲਗਾਏ ਗਏ ਹਨ, ਉਹਨਾਂ ਦਾ ਪਾਣੀ ਖਾਰਾ ਹੈ, ਪੀਣਯੋਗ ਨਹੀਂ ਹੈ ਤਾਂ ਗੁਰੂ ਸਾਹਿਬ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਆਪਣਾ ਤੀਰ ਛੱਡਿਆ ਅਤੇ ਵਚਨ ਕੀਤਾ ਕਿ ਇਹ ਤੀਰ ਜਿਸ ਜਗਾ ਲੱਗੇਗਾ ਉੱਥੇ ਖੂਹ ਲਗਵਾਉਣਾ ਪਾਣੀ ਮਿੱਠਾ ਹੋਵੇਗਾ । ਸੰਗਤਾਂ ਨੇ ਗੁਰੂ ਜੀ ਦੇ ਕਹੇ ਅਨੁਸਾਰ ਤੀਰ ਲੱਗਣ ਵਾਲੀ ਜਗਾ ਤੇ ਖੂਹ ਲਗਵਾਇਆ ਜਿਸ ਦਾ ਪਾਣੀ ਬਹੁਤ ਮਿੱਠਾ ਨਿਕਲਿਆ ਜਦ ਕਿ ਇਸ ਖੂਹ ਦੇ ਨਜਦੀਕ ਖੂਹ ਸਨ ਉਹਨਾਂ ਦਾ ਪਾਣੀ ਪਹਿਲਾਂ ਵੀ ਖਾਰਾ ਸੀ ਤੇ ਹੁਣ ਵੀ ਖਾਰਾ ਹੈ । ਇਸ ਸਥਾਨ ਤੇ ਗੁਰਦੁਆਰਾ ਤੀਰਸਰ ਸਾਹਿਬ ਬਣਿਆ ਹੋਇਆ ਹੈ ।

ਰਵਿੰਦਰ ਸਿੰਘ ਖਿਆਲਾ
ਪਿੰਡ ਤੇ ਡਾਕਖਾਨਾ – ਮਲਕਪੁਰ,
ਖਿਆਲਾ ਕਲਾਂ ਮਾਨਸਾ
9915299946

Leave a Reply

Your email address will not be published. Required fields are marked *

%d bloggers like this: