ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਇਟਲੀ ‘ਚ ਬਿਨਾ ਪਾਸਪੋਰਟ ਦੇ ਰਹਿੰਦੇ ਭਾਰਤੀਆਂ ਨੂੰ ਮਿਲਣਗੇ ਨਵੇਂ ਪਾਸਪੋਰਟ

ਇਟਲੀ ‘ਚ ਬਿਨਾ ਪਾਸਪੋਰਟ ਦੇ ਰਹਿੰਦੇ ਭਾਰਤੀਆਂ ਨੂੰ ਮਿਲਣਗੇ ਨਵੇਂ ਪਾਸਪੋਰਟ

ਇਟਲੀ (ਪ.ਪ.)- ਪਿਛਲੇ ਕਰੀਬ 8 ਸਾਲਾਂ ਤੋਂ ਇਟਲੀ ਵਿੱਚ ਬਿਨਾ ਪੇਪਰਾਂ ਦੇ ਪ੍ਰਵਾਸ ਹੰਢਾ ਰਹੇ ਭਾਰਤੀਆਂ ਦੀ ਖੁਸ਼ੀ ਦਾ ਉਂਦੋ ਕੋਈ ਟਿਕਾਣਾ ਨਾ ਰਿਹਾ ਜਦੋਂ ਇਟਲੀ ਸਰਕਾਰ ਨੇ 13 ਮਈ, 2020 ਨੂੰ ਦੇਸ਼ ਵਿਚ ਕੋਰੋਨਾ ਸੰਕਟ ਕਾਰਨ ਆਈ”ਦੇਕਰੇਤੋ ਰਿਲੈਂਚੋ” ਆਰਥਿਕ ਮੰਦਹਾਲੀ ਦੇ ਮੱਦੇ ਨਜ਼ਰ ਬਿਨਾ ਪੇਪਰਾਂ ਦੇ ਰਹਿੰਦੇ ਪ੍ਰਵਾਸੀਆਂ ਨੂੰ ਆਰਟੀਕਲ 110 ਬੀ ਦੇ ਅਨੁਸਾਰ ਇਟਲੀ ਵਿੱਚ ਕੰਮ ਕਰਨ ਲਈ ਨਿਵਾਸ ਆਗਿਆ “ਪਰਮੇਸੋ ਦੀ ਸੋਜੋਰਨੋ” ਦੇਣ ਦਾ ਐਲਾਨ ਕੀਤਾ। ਇਟਲੀ ਸਰਕਾਰ ਦੇ ਇਸ ਹੁਕਮ ਨਾਲ ਜਿੱਥੇ ਇਟਲੀ ਦੇ ਗੈਰ-ਕਾਨੂੰਨੀ ਪ੍ਰਵਾਸੀ ਖੁਸ਼ੀ ਨਾਲ ਖੀਵੇ ਹਨ, ਉੱਥੇ ਉਹ ਭਾਰਤੀ ਜਿਹਨਾਂ ਕੋਲ ਭਾਰਤੀ ਪਾਸਪੋਰਟ ਨਹੀਂ ਹਨ ਜਾਂ ਮਿਆਦ ਲੰਘੀ ਵਾਲੇ ਹਨ ਉਹ ਕਾਫ਼ੀ ਨਿਰਾਸ਼ ਦੇਖੇ ਜਾ ਰਹੇ ਸਨ ਕਿਉਂਕਿ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਕਰਨ ਲਈ ਅਧਿਕਾਰਤ ਪਾਸਪੋਰਟ ਹੋਣਾ ਬਹੁਤ ਹੀ ਜ਼ਰੂਰੀ ਹੈ।

ਭਾਰਤੀ ਅੰਬੈਂਸੀ ਰੋਮ ਕੋਲ ਮੀਡੀਏ ਨੇ ਬਿਨ੍ਹਾਂ ਪੇਪਰਾਂ ਦੇ ਭਾਰਤੀ ਨੌਜਵਾਨਾਂ ਨੂੰ ਪਾਸਪੋਰਟ ਜਾਰੀ ਕਰਨ ਦਾ ਮੁੱਦਾ ਉਠਾਇਆ ਸੀ ਜਿਸ ਉਪੱਰ ਸਤਿਕਾਰਤ ਮੈਡਮ ਰੀਨਤ ਸੰਧੂ ਰਾਜਦੂਤ ਭਾਰਤੀ ਅੰਬੈਂਸੀ ਰੋਮ ਨੇ ਜਲਦ ਹੀ ਸਾਰਥਿਕ ਕਾਰਵਾਈ ਹੋਣ ਦੀ ਗੱਲ ਆਖੀ ਸੀ ਤੇ ਇਸ ਸ਼ਲਾਘਾਯੋਗ ਕਾਰਵਾਈ ਨੂੰ ਨੇਪਰੇੇ ਚਾੜਦਿਆਂ ਹੀ ਭਾਰਤੀ ਅੰਬੈਂਸੀ ਰੋਮ ਅਤੇ ਕੌਸਲੇਟ ਮਿਲਾਨ ਵੱਲੋਂ ਉਹਨਾਂ ਸਾਰੇ ਬਿਨਾ ਪੇਪਰਾਂ ਦੇ ਭਾਰਤੀਆਂ ਨੂੰ ਪਾਸਪੋਰਟ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਹੜੇ ਕਿ ਇਟਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ ਅਤੇ ਨਵਾਂ ਪਾਸਪੋਰਟ ਜਾਰੀ ਕਰਵਾਉਣ ਲਈ ਕਾਗਜ਼ੀ ਕਾਰਵਾਈ ਪੂਰੀ ਕਰਦੇ ਹਨ।

ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਮੈਡਮ ਰੀਨਤ ਸੰਧੂ ਨੇ ਕਿਹਾ ਕਿ ਜਿਹੜੇ ਇਟਲੀ ਵਿੱਚ ਬਿਨਾ ਪੇਪਰਾਂ ਅਤੇ ਬਿਨਾ ਭਾਰਤੀ ਪਾਸਪੋਰਟ ਦੇ ਭਾਰਤੀ ਹਨ ਉਹ ਆਪਣੇ ਮਿਆਦ ਲੰਘੀ, ਗੁਆਚੇ ਜਾਂ ਖਰਾਬ ਹੋਏ ਪਾਸਪੋਰਟ ਦੇ ਬਦਲੇ ਨਵੇਂ ਪਾਸਪੋਰਟਾਂ ਲਈ ਅੰਬੈਂਸੀ ਅਰਜ਼ੀ ਦੇ ਸਕਦੇ ਹਨ।ਇਟਲੀ ਦੇ ਇਲਾਕਾ ਤਸਕਨੀ,ਉਮਬਰਿਆ,ਲਾਸੀਓ,ਮਾਰਕੇ,ਅਬਰੂਸੋ,ਮੋਲੀਜੇ,ਕੰਪਾਨੀਆ,ਕਾਲਾਬਰੀਆ,ਸੀਚੀਲੀਆ,ਸਰਦੇਨੀਆ,ਬਾਜੀਲੀਕਾਤਾ ਤੇ ਪੁਲੀਆ ਵਿਖੇ ਜਿਹੜੇ ਭਾਰਤੀ ਬਿਨਾ ਪਾਸਪੋਰਟ ਦੇ ਰਹਿੰਦੇ ਹਨ ਉਹ ਭਾਰਤੀ ਅੰਬੈਂਸੀ ਰੋਮ ਨੂੰ ਨਵਾਂ ਪਾਸਪੋਰਟ ਜਾਰੀ ਕਰਨ ਲਈ ਅਰਜ਼ੀ ਦੇ ਸਕਦੇ ਹਨ ਤੇ ਜਿਹੜੇ ਭਾਰਤੀ ਹੋਰ ਇਲਾਕਿਆਂ ਵਿੱਚ ਰਹਿੰਦੇ ਹਨ, ਉਹ ਭਾਰਤੀ ਕੌਸਲੇਟ ਮਿਲਾਨ ਨੂੰ ਪਾਸਪੋਰਟ ਪ੍ਰਾਪਤ ਕਰਨ ਲਈ ਅਰਜੀ ਦੇ ਸਕਦੇ ਹਨ ਪਰ ਬਿਨੈਕਰਤਾ ਆਪਣੀ ਅਰਜ਼ੀ ਭਾਰਤੀ ਅੰਬੈਂਸੀ ਰੋਮ ਅਤੇ ਕੌਸਲੇਟ ਮਿਲਾਨ ਨੂੰ ਸਿੱਧੇ ਆਪ ਨਹੀਂ ਜਮ੍ਹਾਂ ਕਰਵਾਉਣਗੇ ਸਗੋਂ ਅੰਬੈਂਸੀਆਂ ਵੱਲੋਂ ਅਧਿਕਾਰਤ ਭਾਰਤੀ ਕਮਿਊਨਿਟੀ ਮੁਫਤ ਸੇਵਾ ਕਰਨ ਵਾਲੇ ਸਵੈ-ਇਛੁੱਕ ਵਲੰਟੀਅਰਾਂ ਨੂੰ ਆਪਣੀ ਅਰਜ਼ੀ ਲੋੜੀਂਦੇ ਪੇਪਰਾਂ ਨਾਲ ਪਹੁੰਚਾਉਣਗੇ ਅਤੇ ਇਸ ਸੰਬਧੀ ਪੂਰਾ ਵੇਰਵਾ ਭਾਰਤੀ ਅੰਬੈਂਸੀ ਰੋਮ ,ਮਿਲਾਨ ਕੌਂਸਲੇਟ ਦੀ ਸਾਈਟ ਜਾਂ ਸਵੈ-ਇਛੁੱਕ ਵਲੰਟੀਅਰਾਂ ਕੋਲੋਂ ਪ੍ਰਾਪਤ ਕਰ ਸਕਦਾ ਹੈ। ਜਿਨ੍ਹਾਂ ਭਾਰਤੀਆਂ ਦੇ ਪਾਸਪੋਰਟ ਗੁਆਚ ਗਏ ਹਨ,ਉਨ੍ਹਾਂ ਨੂੰ ਸੰਬਧਤ ਥਾਣੇ ਤੋਂ ਪੁਲਸ ਰਿਪੋਰਟ ਕਰਵਾ ਕੇ ਅਰਜ਼ੀ ਨਾਲ ਲਗਾਉਣੀ ਹੋਵੇਗੀ। ਬਿਨੈ-ਕਰਤਾ ਨੂੰ ਇੱਕ ਸਵੈ-ਇਛੁੱਕ ਹਲਫੀਆ ਬਿਆਨ ਵੀ ਦੇਣਾ ਹੋਵੇਗਾ ਜਿਸ ਵਿੱਚ ਉਹ ਆਪਣੇ ਚੰਗੇ ਚਾਲ-ਚਲਨ ਤੇ ਦੋਹਰੀ ਨਾਗਰਿਕਤਾ ਸੰਬਧੀ ਵਿਸਥਾਰਪੂਰਵਕ ਜਾਣਕਾਰੀ ਦੱਸੇਗਾ।ਭਾਰਤੀ ਅੰਬੈਂਸੀ ਰੋਮ ਵੱਲੋਂ ਭਾਰਤੀ ਕਮਿਊਨਿਟੀ ਅਧਿਕਾਰਤ ਸਵੈ-ਇਛੁੱਕ ਵਲੰਟੀਅਰਾਂ ਦੀ ਸੂਚੀ ਜਲਦ ਹੀ ਅੰਬੈਂਸੀ ਦੇ ਫੇਸਬੁੱਕ ਪੇਜ,ਸਾਈਟ ਅਤੇ ਸੋਸ਼ਲ ਮੀਡੀਏ ਰਾਹੀ ਭਾਈਚਾਰੇ ਨਾਲ ਸਾਂਝੀ ਕੀਤੀ ਜਾਵੇਗੀ ਤੇ ਇਹ ਵਲੰਟੀਅਰ ਆਪਣੀਆਂ ਸੇਵਾਵਾਂ ਮੁਫਤ ਵਿੱਚ ਦੇਣਗੇ ।

ਇਨ੍ਹਾਂ ਰਾਹੀਂ ਪਾਸਪੋਰਟ ਦੀ ਅਰਜ਼ੀ ਜਮ੍ਹਾ ਕਰਵਾਉਣ ਵਾਲੇ ਬਿਨੈਕਾਰਾਂ ਨੇ ਵਲੰਟੀਅਰ ਨੂੰ ਨਿਰਧਾਰਿਤ ਫ਼ੀਸ ਤੋਂ ਬਿਨਾ ਕੋਈ ਵੀ ਵੱਖਰੀ ਫ਼ੀਸ ਨਹੀਂ ਦੇਣੀ ਪਵੇਗੀ। ਇਹ ਭਾਰਤੀ ਕਮਿਊਨਟੀ ਵਲੰਟੀਅਰ ਸਵੈ-ਇਛੁੱਕ ਹੋਣਗੇ ਤੇ ਜਿਹੜਾ ਵੀ ਸਮਾਜ ਸੇਵਕ ਮੁਫਤ ਵਿੱਚ ਇਹ ਸੇਵਾ ਕਰਨੀ ਚਾਹੁੰਦਾ ਉਹ ਅੰਬੈਂਸੀ ਰੋਮ ਨਾਲ ਸੰਪਰਕ ਕਰ ਸਕਦਾ। ਜਿਨ੍ਹਾਂ ਇਲਾਕਿਆਂ ਵਿੱਚ ਭਾਰਤੀ ਲੋਕ ਬਹੁਤ ਘੱਟ ਹਨ, ਉੱਥੇ ਦੇ ਭਾਰਤੀ ਨਵੇ ਪਾਸਪੋਰਟ ਦੀ ਅਰਜ਼ੀ ਰਜਿਸਟਰਡ ਪੱਤਰ ਰਾਹੀਂ ਵੀ ਭੇਜ ਸਕਦੇ ਹਨ ਪਰ ਜਵਾਬ ਲਈ ਆਪਣੇ ਪੂਰਾ ਪਤਾ ਲਿਖ ਕੇ ਪੱਤਰ ਨਾਲ ਖਾਲ਼ੀ ਪੱਤਰ ਜ਼ਰੂਰ ਭੇਜਣ। ਕੋਵਿਡ-19 ਦੇ ਮੱਦੇ ਨਜ਼ਰ ਹਾਲ ਅੰਬੈਂਸੀ ਨੂੰ ਕੰਮ-ਕਾਰ ਲਈ ਜਨਤਕ ਤੌਰ ‘ਤੇ ਖੋਲ੍ਹਿਆ ਨਹੀਂ ਜਾ ਸਕਦਾ ਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਹ ਕਾਰਜ ਵਿੱਚ ਇਟਲੀ ਦਾ ਭਾਰਤੀ ਭਾਈਚਾਰਾ ਪੂਰਾ ਸਹਿਯੋਗ ਦੇਵੇਗਾ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਬਿਨ੍ਹਾਂ ਪਾਸਪੋਰਟ ਤੇ ਬਿਨ੍ਹਾਂ ਪੇਪਰਾਂ ਦੇ ਧੱਕੇ ਖਾ ਰਹੇ ਭਾਰਤੀ ਨੌਜਵਾਨਾਂ ਨੂੰ ਪਾਸਪੋਰਟ ਨਵੇ ਪਾਸਪੋਰਟ ਜਾਰੀ ਕਰਵਾਉਣ ਵਿੱਚ ਇਟਲੀ ਦੀਆਂ ਸਮੂਹ ਭਾਰਤੀ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਹੀ ਜੱਦੋ-ਜਹਿਦ ਕੀਤੀ ਹੈ।ਇਸ ਨਿਸ਼ਕਾਮ ਸੇਵਾ ਲਈ ਇਹ ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵਕ ਵਧਾਈ ਦੇ ਪਾਤਰ ਹਨ।

Leave a Reply

Your email address will not be published. Required fields are marked *

%d bloggers like this: