ਇਕ ਸਮਾਜਸੇਵੀ ਜਥੇਬੰਦੀ ਨੇ ਕੀਤੀ ਸ਼ਹਿਰ ‘ਚ ਸਫਾਈ, ਦੂਜੀ ਨਾ ਖਿਲਾਰੀ ਗੰਦਗੀ

ss1

ਇਕ ਸਮਾਜਸੇਵੀ ਜਥੇਬੰਦੀ ਨੇ ਕੀਤੀ ਸ਼ਹਿਰ ‘ਚ ਸਫਾਈ, ਦੂਜੀ ਨਾ ਖਿਲਾਰੀ ਗੰਦਗੀ

27-25 (4)
ਮਲੋਟ, 26 ਮਈ (ਆਰਤੀ ਕਮਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਸਵੱਛ ਭਾਰਤ ਦੀ ਮੁਹਿੰਮ ਭਾਵੇਂ ਸਮੇਂ ਦੇ ਨਾਲ ਠੰਡੀ ਪੈਂਦੀ ਜਾ ਰਹੀ ਹੈ ਅਤੇ ਜਦ ਤੱਕ ਹਰ ਭਾਰਤੀ ਨਾਗਰਿਕ ਆਪਣੇ ਪੱਧਰ ਤੇ ਸਾਫ ਸਫਾਈ ਰੱਖਣ ਦਾ ਪ੍ਰਣ ਨਹੀ ਕਰਦਾ ਇਹ ਬਹੁਤੀ ਕਾਰਗਾਰ ਸਿੱਧ ਨਹੀ ਹੋ ਸਕਦੀ ਪਰ ਫਿਰ ਵੀ ਗਾਹੇ ਬਗਾਹੇ ਕੁਝ ਸਮਾਜਸੇਵੀ ਜਥੇਬੰਦੀਆਂ ਭਾਵੇਂ ਅਖਬਾਰਾਂ ਦੀਆਂ ਸੁਰਖੀਆਂ ਬਟੋਰਣ ਲਈ ਹੀ ਸਹੀ ਪਰ ਸਾਫ ਸਫਾਈ ਕਰਦੀਆਂ ਨਜਰ ਆਉਂਦੀਆਂ ਹਨ । ਮਲੋਟ ਵਿਖੇ ਬੀਤੇ ਜਿਨ ਜਿਥੇ ਇਕ ਸਮਾਜਸੇਵੀ ਜਥੇਬੰਦੀ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਕਰਨ ਲਈ ਸਫਾਈ ਮੁਹਿੰਮ ਵਿੱਢੀ ਗਈ ਉਥੇ ਹੀ ਇਕ ਹੋਰ ਸਮਾਜਸੇਵੀ ਜਥੇਬੰਦੀ ਵੱਲੋਂ ਰੇਲਵੇ ਸਟੇਸ਼ਨ ਤੇ ਕਰਵਾਏ ਧਾਰਮਿਕ ਸਮਾਗਮ ਉਪਰੰਤ ਲੰਗਰ ਵਾਲੀਆਂ ਪੇਪਰ ਪਲੇਟਾਂ ਦੇ ਰੂਪ ਵਿਚ ਗੰਦਗੀ ਉਥੇ ਹੀ ਖਿਲਾਰ ਦਿੱਤੀ ਗਈ ਜਿਸ ਦੇ ਢੇਰ ਅਗਲੀ ਸਵੇਰ ਤੱਕ ਵੀ ਲੱਗੇ ਹੋਏ ਸਨ । ਸਮਾਜਸੇਵੀ ਜਥੇਬੰਦੀ ਸ੍ਰੀ ਕ੍ਰਿਸ਼ਨਾ ਸੇਵਾ ਦਲ ਦੇ ਨੌਜਵਾਨਾਂ ਵੱਲੋਂ ਪ੍ਰਧਾਨ ਰਾਮ ਗੁਦਾਰਾ ਦੀ ਅਗਵਾਈ ਵਿਚ ਸਫਾਈ ਮੁਹਿੰਮ ਵਿੱਢੀ ਗਈ । ਪ੍ਰਧਾਨ ਰਾਮ ਗੁਦਾਰਾ ਨੇ ਕਿਹਾ ਕਿ ਮੰਡੀ ਹਰਜੀ ਰਾਮ ਤੋਂ ਸ਼ੁਰੂ ਕੀਤੀ ਇਸ ਮੁਹਿੰਮ ਦੌਰਾਨ ਹਰ ਰੋਜ ਇਹ ਵਲੰਟੀਅਰ ਸੇਵਾਦਾਰ ਸ਼ਹਿਰ ਦੇ ਵੱਖ ਵੱਖ ਭਾਗਾਂ ਅਤੇ ਵਿਸ਼ੇਸ਼ ਕਰਕੇ ਜਨਤਕ ਥਾਵਾਂ ਦੀ ਸਫਾਈ ਕਰਨਗੇ ।

ਕ੍ਰਿਸ਼ਨਾ ਦਲ ਦੇ ਇਹਨਾਂ ਨੌਜਵਾਨਾਂ ਦੇ ਕੰਮ ਦੀ ਪ੍ਰਸੰਸਾ ਅਤੇ ਹੌਂਸਲਾ ਅਫਜਾਈ ਲਈ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ, ਨਗਰ ਕੌਂਸਲ ਦੇ ਮੀਤ ਪ੍ਰਧਾਨ ਹੈਪੀ ਡਾਵਰ, ਕੁਲਬੀਰ ਸਿੰਘ ਕੋਟਭਾਈ ਅਤੇ ਸਮਾਜਸੇਵੀ ਸੁਰਿੰਦਰ ਮਦਾਨ ਆਦਿ ਵੀ ਮੌਕੇ ਤੇ ਪੁੱਜੇ । ਵਿਧਾਇਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਹੌਲੀ ਹੌਲੀ ਲੋਕਾਂ ਵਿਚ ਜਾਗਰਤੀ ਪੈਦਾ ਕਰ ਰਹੀ ਹੈ ਅਤੇ ਜਦ ਆਮ ਲੋਕ ਵੀ ਸਹਿਯੋਗ ਕਰਨ ਲੱਗ ਪਏ ਤਾਂ ਇਸ ਦੇਸ਼ ਦਾ ਨਕਸ਼ਾ ਹੀ ਬਦਲ ਜਾਵੇਗਾ । ਉਧਰ ਰੇਲਵੇ ਸਟੇਸ਼ਨ ਤੇ ਪਲੇਟਾਂ ਦੇ ਰੂਪ ਵਿਚ ਗੰਦਗੀ ਫਲਾਉਣ ਵਾਲੀ ਜਥੇਬੰਦੀ ਦਾ ਵੀ ਇਕ ਹੋਰ ਪਹਿਲੂ ਹੈ ਕਿ ਰੇਲ ਗੱਡੀ ਠਹਿਰਾਉ ਦੀ ਮੰਗ ਨੂੰ ਲੈ ਕੇ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਸ਼ਾਂਤਮਈ ਧਰਨਾ ਸ਼ੁਰੂ ਕੀਤਾ ਗਿਆ ਸੀ ਤੇ ਇਸ ਧਰਨੇ ਦੌਰਾਨ ਕੁਝ ਜਥੇਬੰਦੀਆਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਹਰੇ ਭਰੇ ਦਰੱਖਤ ਲਗਾਉਣ ਦੇ ਨਾਲ ਨਾਲ ਸਟੇਸ਼ਨ ਨੂੰ ਸਾਫ ਸੁਥਰਾ ਰੱਖਣ ਦੀਆਂ ਫੋਟੋਆਂ ਤੇ ਖਬਰਾ ਲਵਾ ਸੁਰਖੀਆਂ ਬਟੋਰੀਆਂ ਸਨ । ਪਰ ਅੰਤ ਉਕਤ ਮੰਗ ਪੂਰੀ ਹੋ ਜਾਣ ਉਪਰੰਤ ਰੱਖੇ ਸ਼ੁਕਰਾਣਾ ਸਮਾਗਮ ਦੇ ਆਖਰੀ ਦਿਨ ਇਕ ਸੰਸਥਾ ਵੱਲੋਂ ਲਾਏ ਲੰਗਰ ਦੌਰਾਨ ਸੁੱਟੀਆਂ ਪਲੇਟਾਂ ਤੋਂ ਬੇਪਰਵਾਹ ਧਰਨੇ ਦੇ ਸਾਰੇ ਮੋਹਰੀ ਆਗੂ ਤੇ ਆਈ ਸੰਗਤ ਰੇਲਵੇ ਸਟੇਸ਼ਨ ਨੂੰ ਵਾਪਸ ਗੰਦਗੀ ਅਧੀਨ ਕਰ ਸਭ ਘਰਾਂ ਨੂੰ ਚਲਦੇ ਬਣੇ ।

Share Button

Leave a Reply

Your email address will not be published. Required fields are marked *