‘ਇਕ ਪੰਜਾਬੀ’ ਦਾ ਸੱਤਵਾਂ ਸੱਭਿਆਚਾਰਕ ਮੇਲਾ ਸੰਗੀਤਕ ਰੰਗ ਬਿਖੇਰ ਗਿਆ

ss1

‘ਇਕ ਪੰਜਾਬੀ’ ਦਾ ਸੱਤਵਾਂ ਸੱਭਿਆਚਾਰਕ ਮੇਲਾ ਸੰਗੀਤਕ ਰੰਗ ਬਿਖੇਰ ਗਿਆ

ਵਰਜੀਨੀਆ (ਰਾਜ ਗੋਗਨਾ) ‘ਇਕ ਪੰਜਾਬੀ’ ਸੰਸਥਾ ਸੱਭਿਆਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਵਿਚ ਅਥਾਹ ਯੋਗਦਾਨ ਪਾ ਰਹੀ ਹੈ। ਜਿੱਥੇ ਪੰਜਾਬੀਆਂ ਦੇ ਹਰ ਰੰਗ ਨੂੰ ਗੀਤਾਂ ਵਿਚ ਪ੍ਰੋਅ ਕੇ ਵੱਖ ਵੱਖ ਨਾਮੀ ਗਾਇਕਾਂ ਰਾਹੀਂ ਪੇਸ਼ ਕਰਕੇ ਭਾਰੀ ਇਕੱਠ ਜੁਟਾਇਆ ਗਿਆ ਉੱਥੇ ਵੰਨ੍ਹ ਸੁਵੰਨ੍ਹੀਆਂ ਸਟਾਲਾਂ ਨੇ ਪੰਜਾਬੀ ਮੇਲੇ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ। ਜਿਸ ਲਈ ਅਣਥੱਕ ਮਿਹਨਤ ਕਰਨ ਵਾਲਿਆਂ ਵਿਚ ਗੈਰੀ ਪੰਨੂ, ਰਾਜ ਨਿੱਝਰ, ਸੁਰਿੰਦਰ ਰਹੇਜਾ ਅਤੇ ਇਨ੍ਹਾਂ ਦੀ ਸਮੁੱਚੀ ਟੀਮ ਜਿਸ ਨੇ ਦਿਨ ਰਾਤ ਇਕ ਕਰਕੇ ਇਸ ਸੱਤਵੇਂ ਸੱਭਿਆਚਾਰਕ ਪੰਜਾਬੀ ਮੇਲੇ ਨੂੰ ਕੇਵਲ ਕਾਮਯਾਬ ਹੀ ਨਹੀਂ ਕੀਤਾ ਹੈ ਸਗੋਂ ਪੇਂਡੂ ਮਹੌਲ ਸਿਰਜ ਕੇ ਪੰਜਾਬ ਦੇ ਮੇਲਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ।
ਮੇਲੇ ਦੀਆਂ ਰੌਣਕਾਂ ਬਾਅਦ ਦੁਪਿਹਰ ਤੋਂ ਹੀ ਜੁੜਨੀਆਂ ਸ਼ੁਰੂ ਹੋ ਗਈਆਂ ਸਨ ਜਿਨ੍ਹਾਂ ਵਿਚ ਮੁਟਿਆਰਾਂ ਅਤੇ ਗੱਭਰੂਆਂ ਨੇ ਵੱਖ ਵੱਖ ਸਟਾਲਾਂ ਦਾ ਆਨੰਦ ਮਾਣਦੇ ਹੋਏ ਮੇਲਾ ਦੇਖਿਆ। ਜਿਉ ਹੀ ਹਰਮੋਹਿੰਦਰ ਚਹਿਲ ਨੇ ਸਟੇਜ ਸੰਭਾਲੀ ਅਤੇ ਆਪਣੀਆਂ ਸੱਭਿਆਚਾਰਕ ਸਤਰਾਂ ਨਾਲ ਹਰੇਕ ਪੰਜਾਬੀ ਦਾ ਧਿਆਨ ਸਟੇਜ ਵੱਲ ਖਿੱਚਿਆ।ਤਾਂ ਸਰੋਤਿਆ ਨੇ ਤਾੜੀਆ ਨਾਲ ਗੜਗੜਾਹਟ ਪਾ ਦਿੱਤੀ। ਸਭ ਤੋਂ ਪਹਿਲਾਂ ਵਰਜ਼ੀਨੀਆਂ ਦੇ ਸਕੂਲੀ ਬੱਚਿਆਂ ਵਲੋਂ ਭੰਗੜੇ ਰਾਹੀਂ ਧਮਾਲਾਂ ਪਾ ਕੇ ਮੇਲੇ ਨੂੰ ਰੰਗ ਚਾੜ੍ਹਨਾ ਸ਼ੁਰੂ ਕੀਤਾ। ਉਪਰੰਤ ਪੰਜਾਬੀ ਮੁਟਿਆਰਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ ਜਿਸ ਨਾਲ ਪਰਿਵਾਰਾਂ ਨੂੰ ਨੱਚਣ ਲਾ ਦਿੱਤਾ। ਜਿੱਥੇ ਪਰਿਵਾਰਕ ਮਹੌਲ ਨੇ ਇਸ ਮੇਲੇ ਦਾ ਰੰਗ ਵਿਆਹ ਵਰਗਾ ਕਰ ਦਿੱਤਾ ਜਿਸ ਕਰਕੇ ਹਰੇਕ ਜੋੜੇ ਨੇ ਨੱਚਣ ਦਾ ਆਨੰਦ ਮਾਣਿਆ।
ਸਟੇਜ ਦਾ ਅਗਾਜ਼ ਬਲਜੀਤ ਮਾਲਵੇ ਨੇ ਆਪਣੇ ਸਾਰੇ ਗੀਤਾਂ ਨੂੰ ਇਕ ਲੜੀ ਵਿਚ ਪ੍ਰੋਅ ਕੇ ਵਿਲੱਖਣ ਗਾਇਕੀ ਨਾਲ ਕੀਤਾ। ਉਹਨਾਂ ਤੋਂ ਬਾਅਦ ਜਿਵੇਂ ਹੀ ਪ੍ਰਭ ਗਿੱਲ ਵਲੋਂ ਸਟੇਜ ਸੰਭਾਲੀ ਗਈ ਤਾਂ ਮਹੌਲ ਉਨ੍ਹਾਂ ਦੇ ਗੀਤਾਂ ਨਾਲ ਰੋਮਾਂਟਿਕ ਅਤੇ ਰੰਗੀਨ ਬਣ ਗਿਆ ਜੋ ਕਿ ਮੇਲੇ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਣ ਵਿਚ ਸਹਾਈ ਹੋਇਆ।
ਭੰਗੜੇ ਅਤੇ ਸਟੇਜ ਦੇ ਬਾਦਸ਼ਾਹ ਜੈਜ਼ੀ ਬੈਂਸ ਦਾ ਨਾਮ ਐਲਾਨਿਆ ਹੀ ਗਿਆ ਤਾਂ ਪੂਰਾ ਪੰਡਾਲ ਤਾੜੀਆਂ ,ਚੀਕਾ ਤੇ ਸੀਟੀਆ ਦੀ ਗੂੰਜ ਨਾਲ ਗਰਜ ਉੱਠਿਆ। ਜੈਜ਼ੀ ਦੇ ਇਕ ਤੋਂ ਇਕ ਚੜ੍ਹਦੇ ਗੀਤਾਂ ਨੇ ਸਾਰਿਆਂ ਨੂੰ ਖੂਬ ਨਚਾਇਆ। ਉਸ ਤੋਂ ਬਾਅਦ ਕੌਰ ਬੀ ਜਿਸ ਨੇ ਮੁਟਿਆਰਾਂ ਨੂੰ ਐਸੀ ਤਾਕਤ ਬਖਸ਼ੀ ਕਿ ਉਹ ਗੱਭਰੂਆਂ ਤੋਂ ਘੱਟ ਨਹੀਂ ਸੀ। ਇਸ ਨੂੰ ਮਟਿਆਰਾ ਨੇ ਖ਼ੂਬਸੂਰਤੀ ਨਾਲ ਸਾਥ ਦਿੱਤਾ ਤੇ ਮੇਲੇ ਦਾ ਰੰਗ ਬੰਨ ਕੇ ਰੱਖ ਦਿੱਤਾ । ਜੋ ਤਾਰੀਫ਼ ਦੇ ਮੁਥਾਜ ਤੋਂ ਘੱਟ ਨਹੀਂ ਸੀ ।
ਆਸ ਹੈ ਕਿ ਇਕ ਪੰਜਾਬੀ ਦੀ ਇਹ ਟੀਮ ਪੰਜਾਬੀ ਮੇਲਿਆਂ ਦੀ ਬੇਤਹਾਸ਼ਾ ਸੱਭਿਆਚਾਰਕ ਰੰਗਤ ਨੂੰ ਭਵਿੱਖ ਵਿਚ ਹੋਰ ਰਾਹ ਦਸੇਰਾ ਬਣਾਏਗੀ ਜਿਸ ਨਾਲ ਪੰਜਾਬੀ ਆਪਣੀ ਸੱਭਿਅਤਾ ਅਤੇ ਪੰਜਾਬ ਦੀ ਧਰਤੀ ਨਾਲ ਜੁੜੇ ਮਹਿਸੂਸ ਕਰਨਗੇ। ਜਿੱਥੇ ਪੰਜਾਬ ਦੇ ਮੇਲਿਆਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਅਤੇ ਸੱਭਿਅਕ ਗੀਤਾਂ ਦੇ ਅਣਮੋਲ ਹੀਰਿਆਂ ਨੂੰ ਲੋਕਹਿਤ ਕਰਕੇ ਵਾਹ ਵਾਹ ਖੱਟਣਗੇ। ਉਥੇ ਇਕ ਪੰਜਾਬੀ ਸੰਸਥਾ ਨੇ ਹਰੇਕ ਦੇ ਮਨ ਵਿਚ ਆਪਣੀ ਇਕ ਅਜਿਹੀ ਥਾਂ ਬਣਾ ਲਈ ਹੈ ਜੋ ਹਰ ਸਾਲ ਪੰਜਾਬੀ ਸੱਭਿਅਕ ਮੇਲੇ ਕਰਵਾਉਣ ਨੂੰ ਪ੍ਰੇਰੇਗੀ। ਮੀਡੀਆ ਤੋਂ ਕੁਲਵਿਦਰ ਸਿੰਘ ਫਲੋਰਾ ਨੇ ਅਜਿਹੇ ਅੰਦਾਜ਼ ਨਾਲ ਪੂਰੇ ਮੇਲੇ ਦੇ ਹਰ ਦ੍ਰਿਸ਼ ਨੂੰ ਕੈਮਰੇ ਦੀ ਨਜ਼ਰ ਕੀਤਾ ਜੋ ਸ਼ਲਾਘਾ ਯੋਗ ਤੇ ਤਾਰੀਫ਼ ਦਾ ਭੰਡਾਰ ਸੀ। ਉਸ ਦੀ ਫੋਟੋਗ੍ਰਾਫੀ ਮੂੰਹ ਬੋਲਦੀ ਤਸਵੀਰ ਹਰੇਕ ਦਾ ਮੰਨ ਮੋਹ ਗਈ। ਭਵਿਖ ਦਾ ਇਹ ਮੇਲਾ ਵੱਖਰੇ ਰੰਗ ਵਿੱਚ ਉਭਰ ਕੇ ਸਾਹਮਣੇ ਆਵੇਗਾ ਜਿਸ ਲਈ ਤਿਆਰੀਆ ਹੁਣ ਤੋਂ ਹੀ ਪ੍ਰਬੰਧਕਾਂ ਨੇ ਸ਼ੁਰੂ ਕਰ ਦਿਤੀਆ ਹਨ। ਸਮੁੱਚਾ ਪੰਜਾਬੀਚਾਰਾ ਅਥਾਹ ਖੁਸ਼ ਸੀ ।

Share Button

Leave a Reply

Your email address will not be published. Required fields are marked *