Wed. Aug 21st, 2019

ਇਕ ਨਾਂਅ ਤੇਰੇ ਗੀਤ ਨਾਲ ਚਰਚਾ ਵਿੱਚ ਫਿਰੋਜ਼ ਖ਼ਾਨ

ਇਕ ਨਾਂਅ ਤੇਰੇ ਗੀਤ ਨਾਲ ਚਰਚਾ ਵਿੱਚ ਫਿਰੋਜ਼ ਖ਼ਾਨ

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਅਜਿਹੇ ਨਾਂ ਗਿਣਵੇਂ ਚੁਣਵੇਂ ਹੀ ਹਨ, ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਕਰਕੇ ਆਪਦੀ ਸੁਰੀਲੀ ਤੇ ਬੁਲੰਦ ਆਵਾਜ ਦੇ ਬਲਬੂਤੇ ‘ਤ ਪੈੜਾਂ ਪਾਈਆਂ ਹਨ। ਉਨ੍ਹਾਂ ਵਿੱਚੋਂ ਹੀ ਇਕ ਨਾਮ ਹੈ ਫਿਰੋਜ ਖ਼ਾਨ। ਫਿਰੋਜ ਖ਼ਾਨ ਕੋਈ ਰਾਤੋਂ-ਰਾਤ ਸਟਾਰ ਨਹੀਂ ਬਣਿਆ ਬਲਕਿ ਉਹ ਆਪਣੀ ਪ੍ਰਸਿੱਧੀ ਪਿੱਛੇ ਲੰਮੇਂ ਇਤਿਹਾਸ ਵਿੱਚ ਸਮੋਈ ਬੈਠਾ ਹੈ।

ਪਿੰਡ ਧਲੇਰ (ਸੰਗਰੂਰ) ਦੇ ਜੰਮਪਲ ਫਿਰੋਜ ਖ਼ਾਨ ਨੂੰ ਗਾਉਣ ਦੀ ਲਗਨ ਜਨਾਬ ਨੁਸਰਤ ਫਤਿਹ ਅਲੀ ਖ਼ਾਨ, ਲਤਾ ਮੰਗੇਸਕਰ, ਸਰਦੂਲ ਸਿਕੰਦਰ ਦੇ ਗੀਤ ਸੁਣਦੇ ਬਚਪਨ ਵਿੱਚ ਹੀ ਲੱਗ ਗਈ ਸੀ। ਫਿਰੋਜ ਖਾਨ ਨੇ ਘਰ ਦੀਆਂ ਤੰਗੀਆਂ ਤੁਰਸੀਆਂ ਵਿੱਚ ਵੀ ਨਿਰੰਤਰ ਤੌਰ ‘ਤੇ ਗਾਇਕੀ ਨਾਲ ਨੇੜ੍ਹਤਾ ਬਣਾਈ ਰੱਖੀ ਤੇ ਉਸਤਾਦ ਅਨਿਲ ਭਾਰਤੀ ਤੇ ਸੌਕਤ ਅਲੀ ਮਤੋਈ ਜੀ ਕੋੋਲੋਂ ਸੰਗੀਤ ਦੀਆਂ ਬਾਰੀਕੀਆਂ ਸਿੱਖਦਿਆਂ ਨਿਰੰਤਰ ਰਿਆਜ ਕਰਕੇ ਆਪਣੇ ਗਲੇ ਵਿੱਚ ਮਿਠਾਸ ਤੇ ਸੁਰੀਲਾਪਨ ਪੈਦਾ ਕੀਤਾ। ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੱਟੂ, ਜੈ ਦੇਵ ਕੁਮਾਰ, ਗੀਤਕਾਰ ਹਰਜਿੰਦਰ ਬੱਲ ਤੇ ਸਾਗਾ ਮਿਊਜਿਕ ਕੰਪਨੀ ਦੇ ਮਾਲਕ ਪ੍ਰਦੀਪ ਮਹਾਜਨ ਦੇ ਸਹਿਯੋਗ ਸਦਕਾ ਸੰਨ 1996 ਵਿੱਚ ਜਦੋਂ ਫਿਰੋਜ ਖ਼ਾਨ ਦੀ ਪਹਿਲੀ ਕੈਸਟ ‘ਤੇਰੀ ਮੈ ਹੋ ਸਕੀ’ ਮਾਰਕੀਟ ਵਿੱਚ ਆਈ ਤਾਂ ਇਸ ਕੈਸੇਟ ਨੂੰ ਸਰੋਤਿਆਂ ਵਲੋਂ ਰੱਜਵਾਂ ਪਿਆਰ ਮਿਲਿਆ। ਇਸ ਕੈਸੇਟ ਦਾ ਟਾਈਟਲ ਗੀਤ ਸੁਪਰ ਹਿੱਟ ਰਿਹਾ।

ਇਸ ਕੈਸੇਟ ਨੇ ਫਿਰੋਜ ਖ਼ਾਨ ਦਾ ਨਾਮ ਪੰਜਾਬੀ ਗਾਇਕੀ ਵਿੱਚ ਮੋਟੇ ਅੱਖਰਾਂ ਵਿੱਚ ਅੰਕਤ ਕੀਤਾ। ਫਿਰ ਉਸ ਤੋਂ ਬਾਅਦ ਹੋਰ ਗੀਤ ‘ਦਰਦ ਜੁਦਾਈਆਂ ਦੇ, ਵਿੱਛੜੇ ਸੱਜਣ, ਪਿੱਪਲੀ, ਬੰਦ ਬੋਤਲੇ, ਚਿੱਟੀਆਂ ਵੰਗਾਂ ਤੇ ਹੋਰ ਬਹੁਤ ਸਾਰੇ ਗੀਤ ਮਾਰਕੀਟ ਵਿੱਚ ਆਏ, ਜਿਨ੍ਹਾਂ ਨੂੰ ਸਰੋਤਿਆਂ ਵਲੋਂ ਭਰਵਾਂ ਹੰਗਾਰਾ ਮਿਲਿਆ। ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਮੁਰੀਦ ਫਿਰੋਜ ਖ਼ਾਨ ਦਾ ਸੁਪਨਾ ਸੀ ਕਿ ਕਦੇ ਉਹ ਉਸਦੀ ਕਿਸੇ ਫਿਲਮ ਵਿੱਚ ਗੀਤ ਗਾਏ ਉਸਦਾ ਸੁਪਨਾ ਵੀ ਉਦੋਂ ਪੂਰਾ ਹੋ ਗਿਆ ਜਦੋ ਫਿਰੋਜ ਖ਼ਾਨ ਨੇ ਹਿੰਦੀ ਫਿਲਮ ਲੰਡਨ ਡਰੀਮਜ ਵਿੱਚ ਗੀਤ ਟੱਪਕੇ ਮਸਤੀ, ਗਾਇਾਅ। ਫਿਰੋਜ ਖ਼ਾਨ ਨੇ ਪੰਜਾਬੀ ਫਿਲਮਾਂ ਸਾਕਾ, ਸੂਬੇਦਾਰ ਜੋਗਿੰਦਰ ਸਿੰਘ, ਟਾਈਟੈਨਿਕ, ਰੰਗੀਲੇ, ਆਸੀਸ, ਯਾਰਾ ਵੇ, ਬਲੈਕੀਆਂ ਆਦਿ ਫਿਲਮਾਂ ਦੇ ਗੀਤਾਂ ਨੂੰ ਮਿੱਠੀ ਤੇ ਸੁਰੀਲੀ ਆਵਾਜ ਦਿੱਤੀ ਹੈ।

ਫਿਰੋਜ ਖ਼ਾਨ ਨੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਗੁਰਦਾਸ ਮਾਨ, ਨਛੱਤਰ ਗਿੱਲ, ਸੌਕਤ ਅਲੀ, ਕੰਠ ਕਲੇਰ, ਕਮਲ ਖਾਨ, ਰੋਸ਼ਨ ਪ੍ਰਿੰਸ, ਸਰਦੂਲ ਸਿਕੰਦਰ, ਮਾਸਾ ਅਲੀ, ਅਲਕਾ ਜਾਗਨਿਕ, ਸੁਦੇਸ਼ ਕੁਮਾਰੀ, ਮਿਸ ਪੂਜਾ, ਸਿਪਰਾ ਗੋਇਲ ਆਦਿ ਫਨਕਾਰਾਂ ਨਾਲ ਵੀ ਗੀਤ ਗਾਏ ਹਨ। ਫਿਰੋਜ ਖਾਨ ਪਿਛਲੇਂ ਦਿਨੀਂ ਮਾਰਕੀਟ ਵਿੱਚ ਆਏ ਆਪਣੇ ਸਿੰਗਲ ਟਰੈਕ, ਇਕ ਨਾਮ ਤੇਰੇ ਨਾਲ ਚਰਚਾ ਵਿੱਚ ਹੈ, ਇਸ ਗੀਤ ਦਾ ਮਿਊਜਿਕ ਪ੍ਰਭ ਨੀਅਰ ਨੇ ਕੀਤਾ ਹੈ ਤੇ ਗੀਤਕਾਰ ਨਵ ਗੜ੍ਹੀਵਾਲਾ ਨੇ ਇਸ ਗੀਤ ਨੂੰ ਕਲਮਬੱਧ ਕੀਤਾ ਹੈ। ਇਸ ਗੀਤ ਦੇ ਵੀਡੀਓ ਨੂੰ ਚੰਡੀਗੜ੍ਹ ਦੀਆਂ ਵੱਖ-ਵੱਖ ਲੋਕੇਸ਼ਨਾਂ ਤੇ ਬਾਖੂਬੀ ਢੰਗ ਨਾਲ ਸੂਟ ਕੀਤਾ ਗਿਆ ਹੈ। ਇਸ ਗੀਤ ਨੂੰ ਵੀ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਰੋਜ ਖ਼ਾਨ ਹਵਾ ਦੇ ਬੁੱਲ੍ਹੇ ਵਰਗਾ ਹੈ, ਉਸ ਦੀਆਂ ਦਰਿਆ ਦਿਲੀ ਆਦਤਾਂ ਤੇ ਅਦੁੱਤੀ ਨਸੀਹਤਾਂ ਸਦਕਾ ਵੀ ਪੈਸੇ ਜਾਂ ਸੋਹਰਤ ਦੀ ਆਕਤ ਤੋਂ ਕੋਹਾਂ ਦੂਰ ਹੈ। ਉਹ ਗਾਇਕੀ ਤੇ ਇਨਸਾਨੀ ਗੁਣਾਂ ਦਾ ਅਨਮੋਲ ਖਜਾਨਾ ਹੈ। ਖੂਬਸੂਰਤ ਚਿਹਰੇ ਤੇ ਸਰੀਫੀ ਦੀਆਂ ਪਰਤਾ, ਦੁਨੀਆਂ ਵਿੱਚੋਂ ਚੰਗੇ ਮਾੜੀ ਦੀ ਪਰਖ ਤੇ ਸੰਗੀਤਕ ਮਾਰਕੀਟ ਦੀ ਪੂਰੀ ਸਮਝ ਰੱਖਣ ਵਾਲਾ ਮਿਲਣਸਾਰ ਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲਾ ਫਿਰੋਜ ਖ਼ਾਨ ਅੱਜ ਕੱਲ੍ਹ ਆਪਣੇ ਪਰਿਵਾਰ ਨਾਲ ਫਗਵਾੜਾ ਸ਼ਹਿਰ ਵਿੱਚ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਸਰ ਕਰ ਰਿਹਾ ਹੈ।

ਜਗਮੋਹਣ ਸ਼ਾਹ ਰਾਏਸਰ
94786-81528

Leave a Reply

Your email address will not be published. Required fields are marked *

%d bloggers like this: