Thu. Aug 22nd, 2019

ਆਜ਼ਾਦੀ ਦੀ ਆੜ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਖਤਮ ਹੋਣਾ ਚੰਗੇ ਸਮਾਜ ਲਈ ਗੰਭੀਰ ਸਮੱਸਿਆ ਬਣ ਚੁੱਕਾ ਹੈਂ

ਆਜ਼ਾਦੀ ਦੀ ਆੜ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਖਤਮ ਹੋਣਾ ਚੰਗੇ ਸਮਾਜ ਲਈ ਗੰਭੀਰ ਸਮੱਸਿਆ ਬਣ ਚੁੱਕਾ ਹੈਂ

ਸਮਾਜ ਦੀ ਤਸਵੀਰ ਉੱਥੋ ਦੇ ਰਹਿਣ ਵਾਲੇ ਲੋਕਾਂ ਦੀ ਸੋਚ ਦਾ ਪਰਛਾਵਾਂ ਹੁੰਦੀ ਹੈਂ। ਹਰ ਨਾਗਰਿਕ ਚਾਹੁੰਦਾ ਹੈ ਕਿ ਉਹ ਚੰਗੇ ਸਮਾਜ ਵਿੱਚ ਰਹੇ, ਜਿਹੜਾ ਸਮਾਜ ਜੁਰਮ ਰਹਿਤ ਹੋਵੇ। ਜਿਸ ਦੀ ਆਜਾਦ ਹਵਾ ਵਿੱਚ ਬੱਚਿਆਂ ਦੀ ਸਖਸੀਅਤ ਨਿਖਰ ਸਕੇ। ਧੀਆਂ ,ਭੈਣਾਂ ਦੀ ਇੱਜ਼ਤ ਨੂੰ ਖਤਰਾ ਨਾ ਹੋਵੇ। ਸਾਡਾ ਦੇਸ਼ ਕਿੰਨੀ ਵੀ ਤਰੱਕੀ ਕਰਨ ਦੇ ਝੂਠੇ ਦਾਅਵੇ ਕਰ ਲਵੇਂ ਪਰ ਸੱਚਾਈ ਇਹੀ ਹੈ ਕੀ ਸਮਾਜ ਅੰਦਰ ਜੁਰਮ, ਬੁਰਾਈਆਂ ਦਾ ਬੋਲਬਾਲਾ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਇੱਕ ਆਮ ਨਾਗਰਿਕ ਦਾ ਇਸ ਸਮਾਜ ਵਿੱਚ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਲਈ ਜਿੰਮੇਵਾਰ ਸਾਡੀਆਂ ਸਰਕਾਰਾਂ ਤੇ ਪ੍ਸ਼ਾਸਨ ਹੀ ਹੈ। ਜਿਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਜੁਰਮ ਨੂੰ ਰੋਕਣਾ। ਕਿਸੇ ਹੱਦ ਤੱਕ ਵਧਦੇ ਜੁਰਮ ਨੂੰ ਵੇਖਕੇ ਨਜ਼ਰ ਅੰਦਾਜ਼ ਕਰਨਾ ਤੇ ਇਸਦੇ ਵਿਰੁੱਧ ਨਾ ਬੋਲਕੇ ਅਸੀਂ ਵੀ ਇਸਨੂੰ ਹੁੰਗਾਰਾ ਦਿੰਦੇ ਹਾਂ। ਸਮਾਜ ਅੰਦਰ ਬੁਰਾਈਆਂ ਤਾ ਬਹੁਤ ਤਰਾਂ ਦੀਆਂ ਹਨ। ਪਰੂੰਤ ਮੁੱਖ ਸਮੱਸਿਆ ਨਵੀਂ ਪੀੜੀ ਦਾ ਆਜ਼ਾਦੀ ਦੀ ਆੜ ਵਿੱਚ ਮਾਪਿਆਂ ਨੂੰ ਨਿੱਜੀ ਜ਼ਿੰਦਗੀ ਤੋਂ ਦੂਰ ਕਰਕੇ ਗਲਤ ਕੰਮਾ ਵੱਲ ਵੱਧਣਾ। ਅੱਜਕੱਲ੍ਹ ਦੇ ਬੱਚੇ ਪੂਰੀ ਤਰ੍ਹਾਂ ਆਜ਼ਾਦ ਹਨ।

ਸਮੇਂ ਸਮੇਂ ਤੇ ਆਏ ਬਦਲਾਅ ਸਮਾਜ ਨੂੰ ਪ੍ਭਾਵਿਤ ਕਰਕੇ ਉਸਦੀ ਰੂਪਰੇਖਾ ਬਦਲਦੇ ਰਹਿੰਦੇ ਹਨ। ਸਿੱਖਿਆ ਤੇ ਕੁਝ ਹੋਰ ਤਬਦੀਲੀਆਂ ਕਰਕੇ ਸਾਡੇ ਬੱਚੇ ਸਮੇਂ ਦੇ ਹਾਣੀ ਤਾ ਹੋ ਗਏ। ਪਰੂੰਤ ਉਹਨਾਂ ਨੂੰ ਆਪਣੇ ਮਾਪਿਆਂ ਦੀ ਸੋਚ ਤੰਗ ਤੇ ਘਟੀਆ ਜਾਪਣ ਲੱਗ ਪਈ। ਇਸਦੇ ਨਤੀਜੇ ਵਜੋਂ ਉਹ ਮਾਪਿਆਂ ਦੇ ਫਰਜ ਨੂੰ ਦਖਲ ਅੰਦਾਜੀ ਸਮਝਕੇ ਉਹਨਾਂ ਤੋਂ ਦੂਰ ਹੋ ਰਹੇ ਹਨ। ਬੱਚਿਆਂ ਦੀ ਇਸ ਪੂਰਨ ਆਜ਼ਾਦੀ ਦਾ ਸਭ ਤੋਂ ਵੱਧ ਨੁਕਸਾਨ ਸਾਡੀਆਂ ਧੀਆਂ ਭੈਣਾ ਦੀਆਂ ਇੱਜਤਾਂ ਲਈ ਖਤਰਾ ਬਣ ਚੁੱਕਾ ਹੈ। ਦੋਸਤੀ ਦੇ ਨਾਮ ਉੱਪਰ ਇੱਜਤਾਂ ਨਾਲ ਖੇਡਣਾ, ਆਪਣੀ ਹਵਸ ਪੂਰੀ ਕਰਨੀ ਇੱਕ ਆਮ ਜਿਹੀ ਗੱਲ ਬਣਕੇ ਰਹਿ ਚੁੱਕੀ ਹੈ। ਜੋਕਿ ਸਮਾਜ ਲਈ ਬਹੁਤ ਗੰਭੀਰ ਸਮੱਸਿਆ ਬਣ ਚੁੱਕੀ ਹੈਂ। ਇਸ ਲਈ ਕੋਈ ਇੱਕ ਵਰਗ ਜਿੰਮੇਵਾਰ ਨਹੀਂ ਹੈ। ਮਾਪੇ, ਮੁੰਡੇ ਕੁੜੀਆਂ ਬਰਾਬਰ ਦੇ ਹੱਕਦਾਰ ਹਨ। ਕਦੇ ਕਦੇ ਮਹਿਸੂਸ ਹੁੰਦਾ ਹੈਂ ਕੀ ਕੁੜੀਆਂ ਲਈ ਇਹ ਆਜਾਦੀ ਸਿਰਫ ਮੁੰਡਿਆਂ ਦੀ ਦੋਸਤੀ ਤੱਕ ਹੀ ਸੀਮਿਤ ਹੋ ਚੁੱਕੀ ਹੈ? ਅੱਲੜ ਉਮਰ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੁੰਦੀ ਹੈ। ਇਸ ਉਮਰ ਵਿੱਚ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਕੋਈ ਵੀ ਦਿਸ਼ਾ ਦੇ ਸਕਦੇ ਹਾਂ। ਜਵਾਨੀ ਕਰਕੇ ਆਏ ਬਦਲਾਅ ਸਾਡੀ ਸੋਚ, ਸਾਡੇ ਰਹਿਣ ਸਹਿਣ ਨੂੰ ਪ੍ਭਾਵਿਤ ਕਰਦੇ ਹਨ। ਇਸ ਉਮਰ ਚ ਹਰ ਇੱਕ ਕਦਮ ਸੋਚ ਸਮਝ ਕੇ ਚੁੱਕਣਾ ਪੈਂਦਾ ਹੈ। ਜ਼ਿੰਦਗੀ ਦਾ ਇਹ ਪੜਾਅ ਅਹਿਮ ਹੋਣ ਦੇ ਨਾਲ ਨਾਲ ਤਿਲਕਣ ਬਾਜੀ ਵਾਲਾ ਰਾਹ ਵੀ ਹੁੰਦਾ ਹੈਂ। ਸਾਡਾ ਇੱਕ ਕਦਮ ਸਾਡੀ ਪੂਰੀ ਜ਼ਿੰਦਗੀ ਨੂੰ ਬਦਲਕੇ ਰੱਖ ਸਕਦਾ ਹੈਂ।

ਜਵਾਨ ਉਮਰ ਵਿੱਚ ਇੱਕ ਲਿੰਗ ਦੀ ਦੂਸਰੇ ਪ੍ਤੀ ਖਿੱਚ ਸੁਭਾਵਿਕ ਹੈ। ਇਸਦੇ ਕਰਕੇ ਹੀ ਜਵਾਨ ਮੁੰਡੇ ਕੁੜੀਆਂ ਇੱਕ ਦੂਸਰੇ ਪ੍ਤੀ ਪ੍ਭਾਵਿਤ ਹੁੰਦੇ ਹਨ। ਇਸਦੀ ਸੁਰੂਆਤ ਦੋਸਤੀ ਦੇ ਰਿਸ਼ਤੇ ਤੋ ਹੀ ਕੀਤੀ ਜਾਂਦੀ ਹੈ। ਕੁਝ ਹੱਦ ਤੱਕ ਇਹ ਦੋਸਤੀ ਸਹੀ ਵੀ ਹੁੰਦੀ ਹੈ। ਪਰੂੰਤ ਜਿਆਦਾਤਰ ਇਸ ਦੋਸਤੀ ਦੀ ਆੜ ਵਿੱਚ ਗੁਲਾਮ ਮਾਨਸਕਿਤਾ ਦੇ ਲੋਕ ਆਪਣੀ ਜਿਸਮਾਨੀ ਹਵਸ ਪੂਰੀ ਕਰਨ ਲਈ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਦੇ ਹਨ। ਦੋਸਤੀ ਇੱਕ ਬਹੁਤ ਵਧੀਆ ਰਿਸ਼ਤਾ ਹੈ। ਇਸ ਦੀ ਮਦਦ ਨਾਲ ਇੱਕ ਦੂਸਰੇ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਮੁੰਡਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਕੋਈ ਕੁੜੀ ਤੁਹਾਡੇ ਨਾਲ ਦੋਸਤੀ ਦਾ ਰਿਸ਼ਤਾ ਰੱਖਣਾ ਚਾਹੁੰਦੀ ਹੈ ਤਾ ਇਹ ਬਹੁਤ ਮਾਣ ਵਾਲੀ ਗੱਲ ਹੈਂ। ਇਸਦੀ ਕਦਰ ਕਰੋ ਕਿਉਂਕਿ ਇੱਕ ਕੁੜੀ ਦੋਸਤੀ ਚ ਤੁਹਾਡੇ ਨਾਲ ਹਰ ਉਹ ਦੁੱਖ ਸੁੱਖ ਸਾਂਝਾ ਕਰ ਸਕਦੀ ਹੈ ਜੋ ਉਹ ਆਪਣੇ ਮਾਪਿਆਂ ਤੇ ਪਤੀ ਨਾਲ ਨਹੀਂ ਕਰ ਸਕਦੀ। ਹਰ ਕੁੜੀਆਂ ਚ ਮਹਿਬੂਬ ਲੱਭਣਾ ਸਾਡੀ ਕਮਜੋਰ ਮਾਨਸਕਿਤਾ ਦਾ ਸੂਬਤ ਹੈ। ਜੇਕਰ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਨਾਲ ਖੇਡਦੇ ਹਾਂ ਤਾ ਕੀ ਇਹੋ ਜਿਹੇ ਸਮਾਜ ਵਿੱਚ ਸਾਡੀਆਂ ਧੀਆਂ ਭੈਣਾਂ ਕਿਵੇ ਸੁਰੱਖਿਅਤ ਰਹਿ ਸਕਦੀਆਂ ਹਨ। ਕਿਉਂ ਅਸੀਂ ਝੂਠੇ ਵਿਸ਼ਵਾਸ, ਤਸੱਲੀ ਉੱਪਰ ਜਿਉਣ ਦਾ ਸਮਝੋਤਾ ਕਰ ਲਿਆ ਹੈ। ਇਸ ਦੋਸਤੀ ਦੇ ਨਕਾਬ ਚ ਛੁਪੇ ਬੈਠੇ ਸੈਤਾਨ ਰੂਪੀ ਸੋਚ ਨੇ ਹੋਰ ਵੀ ਸਮੱਸਿਆਵਾਂ ਪੈਦਾ ਕੀਤੀਆਂ ਹਨ। ਸਿੱਧੇ ਜਾ ਅਸਿੱਧੇ ਰੂਪ ਨਾਲ ਤਲਾਕ ਦਰ ਦਾ ਵੱਧਣਾ ਵੀ ਇਸਦਾ ਹੀ ਨਤੀਜਾ ਹੈ। ਅੱਜਕੱਲ ਜਿਆਦਾਤਰ ਕੁੜੀਆਂ ਮੁੰਡਿਆਂ ਦੇ ਆਪਸੀ ਸੰਬੰਧ ਹੁੰਦੇ ਹਨ। ਵਿਆਹ ਤੋ ਬਾਅਦ ਵੀ ਇਹਨਾਂ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਜਦੋਂ ਜੱਗ ਜਾਹਿਰ ਹੁੰਦੀ ਹੈ ਤਾਂ ਇਹ ਘਰ ਦੇ ਕਲੇਸ਼ ਤੋਂ ਸੁਰੂ ਹੋ ਕੇ ਤਲਾਕ ਤੱਕ ਆ ਪਹੁੰਚਦੀ ਹੈ। ਇਸ ਵਿੱਚ ਗਲਤੀ ਕਿਸੇ ਦੀ ਵੀ ਹੋਵੇ ਦੁਖੀ ਮਾਂ ਪਿਉ ਹੀ ਹੁੰਦਾ ਹੈ ਤੇ ਗਲਤੀ ਭਾਵੇ ਕਿਸੇ ਦੀ ਵੀ ਹੋਵੇ ਮੁੰਡੇ ਵਾਲਿਆਂ ਨੂੰ ਪੈਸੇ ਦੇਕੇ ਇਹ ਰਿਸ਼ਤਾ ਖਤਮ ਕਰਨਾ ਪੈਂਦਾ ਹੈ। ਸਾਇਦ ਇਹ ਗੱਲਾਂ ਸੁਣਨ ਵਿੱਚ ਸਹੀ ਨਾ ਲੱਗਣ ਪਰ ਇਹ ਹਕੀਕਤ ਹੈਂ। ਮੁੰਡੇ ਵੀ ਗਲਤ ਹਨ ਕੋਈ ਸੱਕ ਨਹੀਂ ਪਰ ਕੁੜੀਆਂ ਦਾ ਸੋਚਣਾ ਬਣਦਾ ਹੈਂ। ਆਪਣੇ ਮਾਂ ਪਿਉ ਤੇ ਆਪਣੀ ਇੱਜ਼ਤ ਨੂੰ ਚਾਰ ਝੂਠੇ ਦਿਲਾਸਿਆਂ ਦੇ ਸਿਰ ਤੇ ਦਾਅ ਤੇ ਲਾਉਣਾ ਕਿੰਨਾ ਕੁ ਜਾਇਜ ਹੈ। ਦੋਸਤੀ ਕਰੋ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਜੇਕਰ ਤੁਹਾਡੇ ਵਿਚਾਰ ਮਿਲਦੇ ਹਨ ਤਾ ਵਿਆਹ ਵੀ ਕਰਵਾਇਆ ਜਾ ਸਕਦਾ ਹੈਂ। ਵਿਆਹ ਤੋਂ ਪਹਿਲਾਂ ਸੰਬੰਧ ਬਨਾਉਣ ਦੀ ਮੰਗ ਸਿੱਧੇ ਰੂਪ ਵਿੱਚ ਸਾਡੀ ਮਾੜੀ ਸੋਚ, ਤੇ ਹਵਸ ਨੂੰ ਦਰਸਾਉਦੀਂ ਹੈ। ਫੇਰ ਕਿਉਂ ਅਸੀਂ ਨਜਰਅੰਦਾਜ਼ ਕਰਕੇ ਆਪਣੀ ਜ਼ਿੰਦਗੀ ਆਪਣੇ ਹੱਥੀ ਤਬਾਹ ਕਰ ਲੈਂਦੇ ਹਾਂ। ਇਸ ਬਾਰੇ ਆਪਣੇ ਆਪ ਨਾਲ ਸਵਾਲ ਕਰਨ ਦੀ ਲੋੜ ਹੈਂ।

ਸਾਨੂੰ ਆਪਣੀ ਸੋਚ ਦਾ ਦਾਇਰਾ ਖੁੱਲਾਂ ਕਰਨਾ ਪਵੇਗਾ। ਦੋਸਤੀ ਦੇ ਸਹੀ ਅਰਥਾਂ ਨੂੰ ਸਮਝਕੇ ਇਸਨੂੰ ਬਣਦਾ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈਂ। ਕਿਸੇ ਵੀ ਸਮੱਸਿਆ ਦਾ ਹੱਲ ਉਸਨੂੰ ਦਬਾ ਕੇ ਨਹੀਂ ਹਮੇਸ਼ਾ ਉਸਨੂੰ ਸੁਲਝਾਉਣ ਨਾਲ ਹੀ ਨਿਕਲਦਾ ਹੈ। ਇੱਜਤ ਖਰਾਬ ਹੋ ਜਾਣ ਦੇ ਡਰ ਵਿੱਚ ਪਤਾ ਨਹੀਂ ਕਿੰਨੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਨਾਲ ਖੇਡਿਆ ਜਾਵੇਗਾ। ਉਦਾਹਰਣ ਦੇ ਤੌਰ ਤੇ ਜੇਕਰ ਮੁੰਡਾ ਕੁੜੀ ਵਿਆਹ ਲਈ ਸਹਿਮਤ ਨਾ ਹੋਣ ਕਿਸੇ ਹੋਰ ਦੀ ਜਿੰਦਗੀ ਖਰਾਬ ਕਰਨ ਨਾਲੋਂ ਚੰਗਾ ਹੈ ਉਹਨਾਂ ਨੂੰ ਸਮਝਾਇਆ ਜਾਵੇ ਤੇ ਉਹਨਾ ਦੀ ਸਹਿਮਤੀ ਨਾਲ ਵਿਆਹ ਕਰਨਾ ਵੀ ਕਿਸੇ ਹੱਦ ਤੱਕ ਸਹੀ ਫੈਸਲਾ ਹੋਵੇਗਾ। ਜਵਾਨ ਉਮਰ ਵਿੱਚ ਬਹੁਤ ਗਲਤੀਆਂ ਹੋ ਜਾਦੀਆਂ ਹਨ। ਇਹਨਾਂ ਦਾ ਅਹਿਸਾਸ ਕਰਕੇ ਇਹਨਾਂ ਨੂੰ ਛੱਡਣਾ ਚਾਹੀਦਾ ਹੈ। ਵਿਆਹ ਤੋਂ ਪਹਿਲਾ ਪਹਿਲੀ ਗੱਲ ਸੰਬੰਧ ਬਣਾਏ ਈ ਨਾ ਜਾਣ, ਜੇਕਰ ਬਣ ਚੁੱਕੇ ਹਨ ਕਿਸੇ ਹੋਰ ਨਾਲ ਰਿਸ਼ਤਾ ਜੋੜਨ ਤੋਂ ਪਹਿਲਾ ਇਹ ਸੰਬੰਧ ਪੂਰੀ ਤਰ੍ਹਾਂ ਖਤਮ ਕੀਤੇ ਜਾਣ ਜਾ ਫੇਰ ਉੱਥੇ ਹੀ ਵਿਆਹ ਕਰਵਾਇਆ ਜਾਵੇ। ਅਸੀਂ ਆਉਣ ਵਾਲੀ ਪੀੜੀ ਨੂੰ ਕਿਸ ਤਰ੍ਹਾਂ ਦਾ ਸਮਾਜ ਦੇ ਰਹੇ ਹਾਂ। ਆਉ ਇਸ ਬਾਰੇ ਸੋਚੀਏ। ਆਜ਼ਾਦੀ ਦੇ ਨਾਮ ਹੇਠ ਕੁੜੀਆਂ ਦੀ ਇੱਜਤ ਨਾਲ ਖੇਡੀ ਜਾ ਰਹੀ ਹੈਵਾਨੀਅਤ ਭਰੀ ਸਾਜਿਸ਼ ਖਤਮ ਹੋਵੇ। ਕੁੜੀਆਂ ਵੀ ਦੋਸਤੀ ਤੇ ਝੂਠੇ ਜਿਸਮਾਨੀ ਰਿਸਤੇ ਵਿਚਲੇ ਫਰਕ ਨੂੰ ਸਮਝਣ ਲਈ ਜਾਗਰੂਕ ਹੋਣ। ਆਉ ਰਲ ਮਿਲਕੇ ਸਮਾਜ ਅੰਦਰ ਚੰਗੀਆਂ ਕਦਰਾਂ ਕੀਮਤਾਂ ਦੇ ਬੀਜ ਬੀਜੀਏ ਤਾ ਜੋ ਜੁਰਮ ਰਹਿਤ ਸਮਾਜ ਦਾ ਬੂਟਾ ਵੱਧ ਫੁੱਲ ਸਕੇ। ਇਸ ਗੰਭੀਰ ਸੱਮਸਿਆ ਨੂੰ ਸਮਝਕੇ ਸੂਝਬੂਝ ਨਾਲ ਹੱਲ ਕੀਤਾ ਜਾਵੇ। ਕਾਲਜਾਂ ਸਕੂਲਾਂ ਵਿੱਚ ਬਿਨਾ ਕਿਸੇ ਝਿਜਕ ਤੋਂ ਇਸ ਉੱਪਰ ਵਿਚਾਰ ਵਟਾਦਰਾ ਕੀਤਾ ਜਾਣਾ ਚਾਹੀਦਾ ਹੈ। ਲੋੜ ਹੈ ਆਪਣੀ ਸੋਚ ਦਾ ਦਾਇਰਾ ਖੁੱਲਾ ਕਰਨ ਦੀ। ਜੇਕਰ ਸਾਡੀ ਸੋਚ ਦਾ ਵਿਕਾਸ ਹੋਵੇਗਾ ਤਾ ਹੀ ਅਸੀਂ ਜਾਗਰੂਕ ਹੋਕੇ ਚੰਗੇ ਇਨਸਾਨ ਬਣ ਸਕਦੇ ਹਾਂ। ਅਨਪੜਤਾ ਤੇ ਤੰਗ ਸੋਚ ਸੱਮਸਿਆ ਨੂੰ ਉਪਜਦੀ ਹੈਂ।ਆਉ ਇੱਕ ਨਿਰੋਏ ਸਮਾਜ ਦਾ ਨਿਰਮਾਣ ਕਰੀਏ। ਜਿਸ ਵਿੱਚ ਇਨਸਾਨੀਅਤ ਦਾ ਬੋਲਬਾਲਾ ਹੋਵੇ। ਬੱਚਿਆਂ ਦੀ ਸੋਚ ਅਗਾਂਹ ਵਧੂ ਤੇ ਸਾਰਥਕਤ ਹੋਵੇ।

ਅਤਿੰਦਰ ਪਾਲ ਸਿੰਘ
81468 08995

Leave a Reply

Your email address will not be published. Required fields are marked *

%d bloggers like this: