Fri. Jul 19th, 2019

ਆਖ਼ਰ ਕੀ ਹੈ ਵਿੱਦਿਆ ਭਾਰਤੀ ?

ਆਖ਼ਰ ਕੀ ਹੈ ਵਿੱਦਿਆ ਭਾਰਤੀ ?

ਅਕਸਰ ਅਸੀਂ ਅਖ਼ਬਾਰਾਂ ਵਿੱਚ ਜਾਂ ਸੋਸ਼ਲ ਮੀਡੀਆ ‘ਤੇ ਵਿੱਦਿਆ ਭਾਰਤੀ ਨਾਮ ਪੜ੍ਹਦੇ ਹਾਂ। ਕਈ ਵਾਰ ਲੋਕਾਂ ਦੇ ਮਨ ਵਿੱਚ ਇਸ ਨਾਮ ਨੂੰ ਲੈ ਕੇ ਤਰ੍ਹਾਂ – ਤਰ੍ਹਾਂ ਦੇ ਸਵਾਲ ਉਤਪੰਨ ਹੁੰਦੇ ਹਨ। ਜਿਸ ਦਾ ਸਹੀ ਰੂਪ ਵਿੱਚ ਜਵਾਬ ਉਨ੍ਹਾਂ ਨੂੰ ਕਈ ਵਾਰ ਨਹੀਂ ਮਿਲਦਾ ਜਿਸ ਕਰ ਕੇ ਉਹ ਇਸ ਬਾਰੇ ਕਈ ਵਿਅਰਥ ਦੀਆਂ ਧਾਰਨਾਵਾਂ ਬਣਾ ਲੈਂਦੇ ਹਨ। ਪਰ ਜੇਕਰ ‘ਆਖ਼ਰ ਕੀ ਹੈ ਵਿੱਦਿਆ ਭਾਰਤੀ’ ਪ੍ਰਸ਼ਨ ਦਾ ਉੱਤਰ ਲੱਭੀਏ ਤਾਂ ਇਸ ਦਾ ਸਹੀ ਉੱਤਰ ਸਵਾਲੀਆ ਰੂਪ ਵਿੱਚ ‘ਕੀ ਨਹੀਂ ਹੈ ਵਿੱਦਿਆ ਭਾਰਤੀ’ ਹੋਵੇਗਾ।
ਵਿੱਦਿਆ ਭਾਰਤੀ ਜਿਸ ਦਾ ਘੇਰਾ ਭਾਰਤ ਦੇ ਕੋਨੇ- ਕੋਨੇ ਵਿੱਚ ਹੈ ਭਾਵ ਅਜਿਹੀ ਸੰਸਥਾ ਜੋ ਵਿੱਦਿਅਕ ਖੇਤਰ ਵਿੱਚ ਭਾਰਤ ਦੇਸ਼ ਅੰਦਰ ਰਾਸ਼ਟਰੀਅਤਾ ਦਾ ਸੰਦੇਸ਼ ਦਿੰਦੀ ਹੋਈ ਪੁਰਜ਼ੋਰ ਕੰਮ ਕਰ ਰਹੀ ਹੈ ।
ਵਿੱਦਿਆ ਭਾਰਤੀ ਦਾ ਪੂਰਾ ਨਾਮ ‘ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਹੈ।’ ਪੰਜਾਬ ਵਿੱਚ ਇਸ ਦੇ 125 ਸਕੂਲ ਹਨ ਅਤੇ ਪੂਰੇ ਭਾਰਤ ਅੰਦਰ ਲਗਭਗ 26000 ਵਿੱਦਿਅਕ ਸੰਸਥਾਵਾਂ ਚੱਲ ਰਹੀਆਂ ਹਨ। ਪੰਜਾਬ ਵਿੱਚ ਇਹ ਸੰਸਥਾ ਸਰਵਹਿੱਤਕਾਰੀ ਸਿੱਖਿਆ ਸਮਿਤੀ ਨਾਮ ਹੇਠ ਕੰਮ ਕਰ ਰਹੀ ਹੈ।

ਇਤਿਹਾਸ:-
ਇਤਿਹਾਸਿਕ ਦ੍ਰਿਸ਼ਟੀ ਤੋਂ ਗੱਲ ਕਰੀਏ ਤਾਂ ਵਿੱਦਿਆ ਭਾਰਤੀ ਦਾ ਗਠਨ ਸੰਨ 1977 ਵਿਚ ਕੀਤਾ ਗਿਆ। ਇਹ ਸਭ ਤੋਂ ਵੱਡੀ ਗੈਰ ਸਰਕਾਰੀ ਸੰਸਥਾ ਹੈ ਜੋ ਸਿੱਖਿਆ ਦੇ ਖੇਤਰ ਵਿੱਚ ਸ਼ਿਸ਼ੂ, ਪ੍ਰਾਥਮਿਕ,ਮੱਧਮਿਕ ਅਤੇ ਉੱਚ ਸਤਰ ‘ਤੇ ਕੰਮ ਕਰ ਰਹੀ ਹੈ।

ਟੀਚਾ:-
ਵਿੱਦਿਆ ਭਾਰਤੀ ਦਾ ਉਦੇਸ਼ ਅਜਿਹੀ ਰਾਸ਼ਟਰੀ ਸਿੱਖਿਆ ਪ੍ਰਣਾਲੀ ਦਾ ਵਿਕਾਸ ਕਰਨਾ ਹੈ ਜਿਸ ਨਾਲ ਅਜਿਹੀ ਪੀੜ੍ਹੀ ਦਾ ਨਿਰਮਾਣ ਹੋ ਸਕੇ ਜੋ ਰਾਸ਼ਟਰ ਭਗਤੀ ਨਾਲ ਓਤ-ਪ੍ਰੋਤ ਹੋਵੇ, ਸਰੀਰਕ,ਪਰਾਣਿਕ, ਮਾਨਸਿਕ,ਬੌਧਿਕ ਅਤੇ ਅਧਿਆਤਮਿਕ ਦ੍ਰਿਸ਼ਟੀ ਤੋਂ ਪੂਰਨ ਰੂਪ ‘ਚ ਵਿਕਸਿਤ ਹੋਵੇ ਅਤੇ ਜੀਵਨ ਦੀਆਂ ਵਰਤਮਾਨ ਚੁਣੌਤੀਆਂ ਦਾ ਸਾਹਮਣਾ ਸਫ਼ਲਤਾਪੂਰਵਕ ਕਰ ਸਕੇ। ਜੋ ਦੀਨ ਦੁਖੀਆਂ ਨੂੰ ਸਮਾਜਿਕ ਕੁਰੀਤੀਆਂ,ਸ਼ੋਸ਼ਣ ਅਤੇ ਅਨਿਆਂ ਤੋਂ ਮੁਕਤ ਕਰਵਾ ਕੇ ਰਾਸ਼ਟਰ ਜੀਵਨ ਨੂੰ ਸੁਸੰਪੰਨ ਬਣਾਉਣ ਲਈ ਸਮਰਪਿਤ ਹੋਵੇ।

ਸ਼ਿਸ਼ੂ ਵਟਿਕਾ:
ਇਹ ਕਿਸੇ ਵੀ ਸਕੂਲ ਲਈ ਉਸ ਨੀਂਹ ਦਾ ਕੰਮ ਕਰਦੀ ਹੈ ਜਿਸਦੇ ਸਹਾਰੇ ਸਾਰਾ ਸਕੂਲ ਖੜ੍ਹਾ ਹੁੰਦਾ ਹੈ। ਇਸ ਅੰਤਰਗਤ ਪਰੀ ਨਰਸਰੀ ਤੋਂ ਕੇ.ਜੀ. ਜਮਾਤ ਦੇ ਬੱਚੇ ਆਉਂਦੇ ਹਨ। ਇਸ ਦਾ ਮੁੱਖ ਉਦੇਸ਼ ਬੱਚੇ ‘ਤੇ ਕਿਤਾਬਾਂ ਕਾਪੀਆਂ ਦਾ ਬੋਝ ਨਾ ਪਾ ਕੇ ਉਸਨੂੰ ਖੇਡ-ਖੇਡ ਰਾਹੀਂ ਪੜ੍ਹਾਉਣਾ ਹੁੰਦਾ ਹੈ ਤਾਂ ਕਿ ਪੜ੍ਹਾਈ ਬੱਚੇ ਤੇ ਭਾਰੂ ਨਾ ਹੋਵੇ। ਇਸ ਵਿੱਚ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਜੋ ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ।

ਸਿੱਖਿਆ ਨੀਤੀ:-
ਸਰਵਹਿੱਤਕਾਰੀ ਸਕੂਲਾਂ ਵਿੱਚ ਆਮ ਸਕੂਲਾਂ ਵਾਂਗ ਪੜ੍ਹਾਏ ਜਾਂਦੇ ਵਿਸ਼ਿਆਂ ਤੋਂ ਇਲਾਵਾ ਬੱਚਿਆਂ ਦੀ ਸਰੀਰਕ,ਮਾਨਸਿਕ,ਬੌਧਿਕ,ਅਧਿਆਤਮਿਕ ਅਤੇ ਨੈਤਿਕ ਸਿੱਖਿਆ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਜਿਸ ਤਹਿਤ ਵਿੱਦਿਆਰਥੀਆਂ ਨੂੰ ਅਜਿਹੀ ਸਿੱਖਿਆ ਮੁਹਈਆ ਕਰਵਾਈ ਜਾਂਦੀ ਹੈ ਜਿਸਤੇ ਚਲਦੇ ਹੋਏ ਉਹ ਆਪਣੀ ਸੰਸਕ੍ਰਿਤੀ ਤੋਂ ਜਾਣੂ ਹੋਣ ਦੇ ਨਾਲ ਨਾਲ ਉਸਦੇ ਪਹਿਰੇਦਾਰ ਬਣ ਕੇ ਰਾਖੀ ਕਰਨ ਦੇ ਨਾਲ ਨਾਲ ਸੰਭਾਲ ਵੀ ਰੱਖਣ ਅਤੇ ਆਉਣ ਵਾਲੇ ਸਮੇਂ ਵਿੱਚ ਸਮਾਜ ਦੇ ਚੰਗੇ ਨਾਗਰਿਕ ਬਣ ਕੇ ਦੇਸ਼ ਪ੍ਰਤੀ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਨਿਭਾਉਣ। ਬੱਚਿਆਂ ਇਸ ਤਰ੍ਹਾਂ ਅਜਿਹੀ ਸਿੱਖਿਆ ਨੀਤੀ ਅਨੁਸਾਰ ਬੱਚਿਆਂ ਨੂੰ ਹਰ ਪੱਖ ਤੋਂ ਸਮਰੱਥ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ।

ਸੰਸਕਾਰ ਕੇਂਦਰ:-
ਵਿੱਦਿਆ ਭਾਰਤੀ ਦੁਆਰਾ ਰਾਸ਼ਟਰ ਪੱਧਰ ਤੇ ਸੰਸਕਾਰ ਕੇਂਦਰ ਚਲਾਏ ਜਾਂਦੇ ਹਨ। ਜਿਸ ਵਿੱਚ ਝੁੱਗੀਆਂ ਝੋਪੜੀਆਂ, ਬਸਤੀਆਂ ਚ ਰਹਿੰਦੇ ਗਰੀਬ ਬੱਚਿਆਂ ਨੂੰ ਜਾਂ ਉਨ੍ਹਾਂ ਬੱਚਿਆਂ ਨੂੰ ਜੋ ਕਿਸੇ ਕਾਰਨ ਸਕੂਲ ਨਹੀਂ ਜਾ ਪਾਉਂਦੇ ।ਉਨ੍ਹਾਂ ਲਈ ਇਹਨਾ ਸੰਸਕਾਰ ਕੇਂਦਰਾਂ ਵਿੱਚ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ। ਇਹ ਸੰਸਕਾਰ ਕੇਂਦਰ ਦੇਸ਼ ਦੇ ਅਜਿਹੇ ਕੋਨਿਆਂ ਵਿੱਚ ਵੀ ਪਹੁੰਚ ਕਰਦੇ ਹਨ ਜਿੱਥੇ ਸਰਕਾਰੀ ਵਿੱਦਿਆ ਨਹੀਂ ਪਹੁੰਚ ਪਾਉਂਦੀ। ਅਜਿਹੇ ਗਰੀਬ ਲੋਕਾਂ ਨੂੰ ਸਿੱਖਿਅਤ ਕਰ ਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਇਹ ਬਹੁਤ ਹੀ ਸਲਾਹੁਣਯੋਗ ਉਪਰਾਲਾ ਹੈ। ਪੰਜਾਬ ਵਿੱਚ ਕੁੱਲ 316 ਸੰਸਕਾਰ ਕੇਂਦਰ ਚੱਲ ਰਹੇ ਹਨ।

ਸਮਰਪਣ:
ਸਵਾਮੀ ਵਿਵੇਕਾਨੰਦ ਦੇ ਬੋਲ ਸਨ ਕਿ ਮੈਂ ਕਿਵੇਂ ਖੁਸ਼ ਹੋ ਸਕਦਾ ਜਾਂ ਚੈਨ ਨਾਲ ਸੌਂ ਸਕਦਾ, ਜਦੋਂ ਤੱਕ ਮੇਰੇ ਦੇਸ਼ ਦੇ ਹਜ਼ਾਰਾਂ ਲੋਕ ਭੁੱਖੇ ਫੁੱਟਪਾਥਾਂ ਤੇ ਸੌਂਦੇ ਹਨ।ਇਸੇ ਤਰ੍ਹਾਂ ਦੇਸ਼ ਦੇ ਹਰ ਗਰੀਬ ਜਾਂ ਦੁਖੀ ਜੀਵਨ ਬਤੀਤ ਕਰਦੇ ਵਿਅਕਤੀ ਨੂੰ ਆਪਣਾ ਸਮਝਦੇ ਹੋਏ ਵਿੱਦਿਆ ਭਾਰਤੀ ਵੱਲੋਂ
ਕਿਸੇ ਕੁਦਰਤੀ ਘਟਨਾ ਗ੍ਰਸਤ ਲੋਕਾਂ ਦੀ ਸਹਾਇਤਾ ਲਈ, ਵਿੱਦਿਆ ਤੋਂ ਵਾਂਝੇ ਖੇਤਰਾਂ ‘ਚ ਸਕੂਲ ਖੋਲਣ ਲਈ ਸਕੂਲਾਂ ਵਿੱਚੋਂ ਸਮਰਪਣ ਰਾਸ਼ੀ ਇਕੱਠੀ ਕੀਤੀ ਜਾਂਦੀ ਹੈ। ਸੋ ਇਹ ਸਮਰਪਣ ਰਾਸ਼ੀ ਦੀ ਵਰਤੋਂ ਕਰ ਕੇ ਮਨੁੱਖਤਾ ਦੀ ਸੁਚੱਜੀ ਸੇਵਾ ਦਾ ਫ਼ਰਜ ਨਿਭਾਇਆ ਜਾਂਦਾ ਹੈ।

ਪ੍ਰਕਾਸ਼ਨ :
ਏਨਾ ਵੱਡਾ ਸੰਗਠਨ ਹੋਣ ਦੇ ਨਾਮ ‘ਤੇ ਨਿੱਜੀ ਪ੍ਰਕਾਸ਼ਨ ਦਾ ਹੋਣਾ ਸੁਭਾਵਿਕ ਹੈ। ਵਿੱਦਿਆ ਭਾਰਤੀ ਦਾ ਪ੍ਰਕਾਸ਼ਨ ਕੇਂਦਰ ਕੁਰੂਕਸ਼ੇਤਰ,ਲਖਨਊ, ਦਿੱਲੀ, ਜਲੰਧਰ ਆਦਿ ਵਿਖੇ ਹਨ। ਜਿੱਥੋਂ ਸਾਰੀਆਂ ਜਮਾਤਾਂ ਲਈ ਕਿਤਾਬਾਂ ਅਤੇ ਸਾਹਿਤ ਦਾ ਪ੍ਰਕਾਸ਼ਨ ਕੀਤਾ ਜਾਂਦਾ ਹੈ। ਅਜਿਹੀਆਂ ਹੀ ਵੱਖ- ਵੱਖ ਨਿੱਜੀ
ਪ੍ਰਕਾਸ਼ਨਾਂ ਤੋਂ ਇਹਨਾਂ ਸਕੂਲਾਂ ‘ਚ ਮੈਗਜ਼ੀਨ ਬਗੈਰਾ ਛਪ ਕੇ ਆਉਂਦੇ ਹਨ।

ਵਰਗ ਅਤੇ ਪ੍ਰੋਗਰਾਮ :-
ਵਿੱਦਿਆ ਭਾਰਤੀ ਵੱਲੋਂ ਸਮੇਂ-ਸਮੇਂ ‘ਤੇ ਵਰਗਾਂ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿਚ ਅਧਿਆਪਕਾਂ ਨੂੰ ਅਜਿਹੀ ਸਿਖਲਾਈ ਦਿੱਤੀ ਜਾਂਦੀ ਹੈ। ਜਿਸ ਨਾਲ ਉਹ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਦੇ ਹੋਏ, ਬਦਲਦੇ ਦੌਰ ਵਿੱਚ ਸਿੱਖਿਆ ਦੇ ਨਵੇਂ ਤਰੀਕਿਆਂ ਤੋਂ ਜਾਣੂ ਹੁੰਦੇ ਹਨ। ਇਹ ਵਰਗ ਅਧਿਆਪਕਾਂ ਨੂੰ ਵਿੱਦਿਆ ਭਾਰਤੀ ਦੀ ਰੂਪ ਰੇਖਾ ਤੋਂ ਵੀ ਜਾਣੂ ਕਰਵਾਉਂਦੇ ਹਨ। ਇਸ ਤੋਂ ਇਲਾਵਾ ਬੱਚਿਆਂ ਲਈ ਰਾਸ਼ਟਰ ਪੱਧਰ ਤੱਕ ਦੇ ਮੇਲਿਆਂ ਅਤੇ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿਸ ਤਹਿਤ ਉਹ ਆਪਣੀ ਪ੍ਰਤਿਭਾ ਨੂੰ ਸਭ ਦੇ ਸਨਮੁੱਖ ਰੱਖ ਕੇ ਦੂਸਰਿਆਂ ਲਈ ਮਿਸਾਲ ਦਾ ਕੰਮ ਕਰਦੇ ਹਨ।
ਵਿੱਦਿਆਰਥੀ ਅਧਿਆਪਕ ਪ੍ਰੀਖਿਆਵਾਂ:- ਸਿੱਖਿਆ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਵਿੱਦਿਅਕ ਗੁਣਵੱਤਾ ਵਧਾਉਣ ਦੇ ਉਦੇਸ਼ ਨਾਲ ਸਮੇਂ ਸਮੇਂ ਤੇ ਅਧਿਆਪਕਾਂ ਅਤੇ ਬੱਚਿਆਂ ਲਈ ਪ੍ਰੀਖਿਆਵਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਵਿੱਦਿਆਰਥੀਆਂ ਲਈ ਜੀਨੀਅਸ, ਸੰਸਕ੍ਰਿਤ ਗਿਆਨ ਪ੍ਰੀਖਿਆ, ਨਿਬੰਧ ਪ੍ਰਤੀਯੋਗਤਾ, ਪ੍ਰਸ਼ਨਮੰਚ ਪ੍ਰਤੀਯੋਗਤਾ, ਸੰਸਕ੍ਰਿਤ ਗਿਆਨ ਪ੍ਰੀਖਿਆ ਅਤੇ ਅਧਿਆਪਕਾਂ ਲਈ ਐਸ.ਪੀ.ਟੀ.,ਸੰਸਕ੍ਰਿਤ ਗਿਆਨ ਪ੍ਰੀਖਿਆ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ। ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਹਾਂ ਲਈ ਸਹਾਈ ਹੁੰਦੀਆਂ ਹਨ।

ਮੈਰਿਟ ਵਿੱਦਿਆਰਥੀਆਂ ਲਈ ਖ਼ਾਸ ਜਮਾਤਾਂ ਦਾ ਪ੍ਰਬੰਧ:-
ਵਿੱਦਿਆ ਭਾਰਤੀ ਦੇ ਸਕੂਲਾਂ ਵਿੱਚ ਅਜਿਹੇ ਬੱਚੇ ਜੋ ਪੜ੍ਹਾਈ ਵਿੱਚ ਜ਼ਿਆਦਾ ਹੁਸ਼ਿਆਰ ਹੁੰਦੇ ਹਨ। ਭਾਵ ਜਿਨ੍ਹਾਂ ਦੀ ਮੈਰਿਟ ਵਿੱਚ ਆਉਣ ਦੀ ਸੰਭਾਵਨਾ ਹੋਵੇ ਉਨ੍ਹਾਂ ਲਈ ਵੱਖਰੀਆਂ ਜਮਾਤਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿਹੜੀਆਂ ਉਨ੍ਹਾਂ ਦੀ ਮੈਰਿਟ ਵਿੱਚ ਥਾਂ ਬਣਾਉਣ ਲਈ ਵਿਸ਼ੇਸ਼ ਰੂਪ ਵਿੱਚ ਸਹਾਈ ਹੁੰਦੀਆਂ ਹਨ। ਇਹਨਾਂ ਜਮਾਤਾਂ ਵਿੱਚ ਬੱਚਿਆਂ ਨੂੰ ਪ੍ਰੀਖਿਆਵਾਂ ਨਾਲ ਸੰਬੰਧਿਤ ਖਾਸ ਦਿਸ਼ਾ ਨਿਰਦੇਸ਼ ਵੀ ਦਿੱਤੇ ਜਾਂਦੇ ਹਨ।

ਸਮਾਜਿਕ ਕਾਰਜ:-
ਇਹ ਸੰਗਠਨ ਆਪਣੇ ਅਸਲੀ ਮਨੋਰਥ ਨੂੰ ਸਨਮੁੱਖ ਰੱਖ ਕੇ ਚਲਦਾ ਹੋਇਆ ਬੜੀ ਤੀਬਰ ਗਤੀ ਨਾਲ ਸਮਾਜ ਹਿੱਤ ਖੇਤਰਾਂ ‘ਚ ਅੱਗੇ ਵਧ ਰਿਹਾ ਹੈ। ‘ਈਟ ਫਾਈਬਰ’ ਦੇ ਲਏ ਸੰਕਲਪ ਨੂੰ ਪੂਰਾ ਕਰ ਕੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਆਪਣਾ ਨਾਮ ਗਿਨੀਜ਼ ਬੁੱਕ ਵਿੱਚ ਦਰਜ ਕਰਵਾ ਚੁੱਕੀ ਹੈ। ਨਸ਼ੇ, ਭਰੂਣ ਹੱਤਿਆ, ਜਲ ਹੈ ਤੋ ਕਲ ਹੈ, ਪ੍ਰਦੂਸ਼ਣ ਰਹਿਤ ਦੀਵਾਲੀ, ਸਵਦੇਸ਼ੀ ਅਪਣਾਓ ਆਦਿ ਜਿਹੇ ਵਿਸ਼ਿਆਂ ਨਾਲ ਸੰਬੰਧਿਤ ਰੈਲੀਆਂ, ਬੱਚਿਆਂ ਦੇ ਡਰਾਇੰਗ ਮੁਕਾਬਲੇ ਆਦਿ ਹੁੰਦੇ ਰਹਿੰਦੇ ਹਨ. ਜੋ ਸਮਾਜ ਹਿੱਤ ਲਈ ਜਰੂਰੀ ਹਨ। ਸਮਾਜਿਕ ਹਿੱਤ ਲਈ ਕੀਤੀਆਂ ਜਾਂਦੀਆਂ ਗਤੀਵਿਧੀਆਂ ਅਕਸਰ ਹੀ ਅਖ਼ਬਾਰਾਂ ਦੇ ਪੰਨਿਆਂ ਦਾ ਸਿੰਗਾਰ ਬਣੀਆਂ ਨਜ਼ਰ ਆਉਂਦੀਆਂ ਹਨ।

ਨਤੀਜੇ:-
ਜੇਕਰ ਨਤੀਜਿਆਂ ਦੀ ਗੱਲ ਕਰੀਏ ਤਾਂ ਵਿੱਦਿਆ ਭਾਰਤੀ ਦੀਆਂ ਸੰਸਥਾਵਾਂ ਦੇ ਨਤੀਜੇ ਹਰ ਸਾਲ ਸ਼ਾਨਦਾਰ ਰਹਿੰਦੇ ਹਨ। ਮੈਰਿਟ ਲਿਸਟ ਵਿੱਚ ਹਰ ਸਾਲ ਹੀ ਬੱਚਿਆਂ ਨੇ ਮੈਰਿਟ ਲਿਸਟ ਵਿੱਚ ਆਪਣੀ ਅਹਿਮ ਥਾਂ ਬਣਾਈ ਹੁੰਦੀ ਹੈ। ਇਸ ਪ੍ਰਕਾਰ ਪੜ੍ਹਾਈ ਦੇ ਖੇਤਰ ਵਿੱਚ ਵੀ ਵਿੱਦਿਆ ਭਾਰਤੀ ਆਪਣਾ ਉੱਚ ਸਥਾਨ ਬਣਾ ਚੁੱਕੀ ਹੈ।
ਉਪਰੋਕਤ ਅਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਐਨੇ ਵੱਡੇ ਸੰਗਠਨ ਨੂੰ ਸਫ਼ਲਤਾਪੂਰਵਕ ਚਲਾਈ ਜਾਣਾ ਕੋਈ ਛੋਟਾ ਜਾਂ ਇੱਕ ਜਾਣੇ ਦਾ ਕੰਮ ਨਹੀਂ ਹੈ। ਇਸ ਖੇਤਰ ਵਿਚ ਬਹੁਤ ਸਾਰੇ ਲੋਕ ਜੁੜੇ ਹੋਏ ਹਨ ਜੋ ਸਮਰਪਿਤ ਭਾਵ ਨਾਲ ਕੰਮ ਕਰਦੇ ਹੋਏ ਵਿੱਦਿਆ ਭਾਰਤੀ ਦੇ ਉਦੇਸ਼ਾਂ ਦੀ ਪੂਰਤੀ ਲਈ ਸੁਚਾਰੂ ਰੂਪ ਵਿੱਚ ਕੰਮ ਕਰ ਰਹੇ ਹਨ।

ਹਰਪ੍ਰੀਤ ਕੌਰ ਘੁੰਨਸ
97795-20194

Leave a Reply

Your email address will not be published. Required fields are marked *

%d bloggers like this: