Sat. Sep 14th, 2019

ਆਸਟ੍ਰੇਲੀਆ ‘ਚ ਸੌਖਿਆਂ ਕਰੇਗੀ ਮਾਪਿਆਂ ਦਾ ਪ੍ਰਵਾਸ ਅਤੇ ਅੰਗਰੇਜ਼ੀ ਦਾ ਇਮਤਿਹਾਨ : ਗ੍ਰੀਨ ਪਾਰਟੀ

ਆਸਟ੍ਰੇਲੀਆ ‘ਚ ਸੌਖਿਆਂ ਕਰੇਗੀ ਮਾਪਿਆਂ ਦਾ ਪ੍ਰਵਾਸ ਅਤੇ ਅੰਗਰੇਜ਼ੀ ਦਾ ਇਮਤਿਹਾਨ : ਗ੍ਰੀਨ ਪਾਰਟੀ

ਬ੍ਰਿਸਬੇਨ 10 ਮਈ (ਗੁਰਵਿੰਦਰ ਰੰਧਾਵਾ): ਆਸਟ੍ਰੇਲੀਆ ‘ਚ ਆਗਾਮੀਂ ਚੋਣਾਂ ਦੇ ਮੱਦੇਨਜ਼ਰ ਗ੍ਰੀਨ ਪਾਰਟੀ ਪ੍ਰਵਾਸੀਆਂ ਦੇ ਮਾਪਿਆਂ ਦੇ ਸੌਖੇ ਨਿਵਾਸ ਨਾਲ ਖੜੀ ਦਿਖਾਈ ਦੇ ਰਹੀ ਹੈ। ਜਿੱਥੇ ਬਾਕੀ ਸਾਰੀਆਂ ਪਾਰਟੀਆਂ ਪ੍ਰਵਾਸ ਨੂੰ ਪੇਚੀਦਾ ਕਰਨ ‘ਤੇ ਬਜਿੱਦ ਦਿੱਖ ਰਹੀਆਂ ਹਨ। ਉੱਥੇ ਗ੍ਰੀਨ ਦੀ ਨਵੀਂ ਨੀਤੀ ਮੁਤਾਬਕ ਜੋ ਮਾਪਿਆਂ ਨੂੰ ਆਸਟਰੇਲੀਆ ਵਿੱਚ ਪੱਕੀ ਰਿਹਾਇਸ਼ ਲਈ ਤੀਹ ਤੋਂ ਪੰਜਾਹ ਸਾਲ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਜਾਂ ਪਰਿਵਾਰ ਇੱਕ ਲੱਖ ਵੀਹ ਹਜ਼ਾਰ ਡਾਲਰ ਖਰਚ ਕੇ ਚਾਰ ਸਾਲ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ। ਇਸ ਵਰਤਾਰੇ ਨੂੰ ਖਤਮ ਕਰ ਕੇ ਘੱਟ ਫ਼ੀਸ ਨਾਲ ਉਡੀਕ ਸੂਚੀ ਦਾ ਸਮਾਂ ਘਟਾ ਕੇ ਤਿੰਨ ਸਾਲਾਂ ਤੱਕ ਕਰਨ ਦਾ ਸੁਝਾਅ ਦਿੱਤਾ ਹੈ। ਇਸ ਪਾਲਿਸੀ ਬਾਰੇ ਕੁਈਨਜ਼ਲੈਂਡ ਤੋਂ ਗਰੀਨ ਦੇ ਸੈਨੇਟ ਉਮੀਦਵਾਰ ਨਵਦੀਪ ਸਿੰਘ ਨੇ ਦੱਸਿਆ ਕੇ ਪਾਰਟੀ ਨੇ ‘ਫੈਮਿਲੀ ਬੈਲੇਂਸ ਟੈਸਟ’ ਨਾਂ ਦੇ ਅਣਮਨੁੱਖੀ ਵਰਤਾਰੇ ਨੂੰ ਖ਼ਤਮ ਕਰਨਾ ਹੈ। ਜਿਸ ਦੇ ਚੱਲਦਿਆਂ ਮਾਪਿਆਂ ਨੂੰ ਬੁਲਾਉਣ ਲਈ ਘੱਟੋ ਘੱਟ ਅੱਧੇ ਬੱਚੇ ਜਾਂ ਅੱਧੋਂ ਵੱਧ ਆਸਟਰੇਲੀਆ ਵਿੱਚ ਹੋਣੇ ਜ਼ਰੂਰੀ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਵਿੱਚ ਪਰਵਾਸੀਆਂ ਨੇ ਆਸਟਰੇਲੀਆ ਦੀ ਆਰਥਿਕਤਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇੱਥੇ ਬੰਦ ਪਏ ਕਾਰੋਬਾਰ ਚੱਲੇ ਹਨ ਅਤੇ ਘਰਾਂ ਦੀ ਮਾਰਕੀਟ ਵੀ ਪਰਵਾਸੀਆਂ ਕਰਕੇ ਤੁਰੀ ਹੈ। ਉਹਨਾਂ ਹੋਰ ਕਿਹਾ ਕਿ ਮਜ਼ੂਦਾ ਹਾਕਮ ਲਿਬਰਲ ਪਾਰਟੀ ਪ੍ਰਵਾਸੀਆਂ ਦੀ ਮਿਹਨਤ ਅਤੇ ਉਹਨਾਂ ਦੇ ਪਾਏ ਯੋਗਦਾਨ ਦੇ ਧੰਨਵਾਦੀ ਹੋਣ ਦੀ ਥਾਂ ਪ੍ਰਵਾਸ ਅਤੇ ਪ੍ਰਵਾਸੀਆਂ ਨੂੰ ਹੋਰ ਰੂਪ ਵਿੱਚ ਪੇਸ਼ ਕਰ ਰਹੀ ਹੈ।ਪਿਛਲੇ ਸਮੇਂ ਦੌਰਾਨ ਉਨ੍ਹਾਂ ਦੀਆਂ ਪੇਸ਼ ਕੀਤੀਆਂ ਹੋਈਆਂ ਮਾਪਿਆਂ ਦੇ ਵੀਜ਼ੇ ਸੰਬੰਧੀ ਨੀਤੀਆਂ ਇੱਕ ਤਰਾਂ ਨਾਲ ਪ੍ਰਵਾਸੀਆਂ ਤੋਂ ਪੈਸੇ ਕਮਾਉਣ ਦੇ ਸਾਧਨ ਹਨ ਅਤੇ ਕਿਸੇ ਕਿਸਮ ਦਾ ਪੱਕਾ ਹਲ ਨਹੀਂ ਕੀਤਾ ਗਿਆ। ਸਗੋਂ ਮੌਜੂਦਾ ਗ੍ਰਹਿ ਮੰਤਰੀ ਪੀਟਰ ਡਟਨ ਨੇ ਆਪਣੇ ਹੱਕਾਂ ਦੀ ਕੋਝੇ ਤਰੀਕੇ ਨਾਲ ਵਰਤੋਂ ਕਰਦਿਆਂ ਵਿਆਹੇ ਜੋੜਿਆਂ ਦੇ ਆਉਣ ਦੀ ਗਿਣਤੀ ਸੀਮਤ ਕਰ ਉਹਨਾਂ ਨੂੰ ਦੋ ਸਾਲ ਦਾ ਇੰਤਜ਼ਾਰ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਪਾੜਿਆਂ ਲਈ ਪੜਾਈ ਦਾ ਵੱਧ ਰਿਹਾ ਬੇਤਹਾਸ਼ਾ ਖਰਚਾ ਉਹਨਾਂ ਨੂੰ ਹੋਰ ਮੁੱਲਕਾਂ ਵੱਲ ਧੱਕ ਰਿਹਾ ਹੈ। ਇਹ ਇੰਤਜ਼ਾਰ ਪਰਿਵਾਰਾਂ ਦੇ ਟੁੱਟਣ ਦਾ ਕਾਰਨ ਬਣ ਰਿਹਾ ਹੈ। ਇੱਕ ਰਿਪੋਰਟ ਮੁਤਾਬਕ ਇਸ ਵੇਲੇ ਕਈ ਹਜ਼ਾਰ ਦੇ ਕਰੀਬ ਵਿਆਹੇ ਜੋੜੇ ਦੋ ਸਾਲਾਂ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ।
ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਆਈਲੈਟਸ ਦਾ ਢਾਂਚਾ ਤਰਕਹੀਣ ਹੈ ਅਤੇ ਬੀਮਾ ਪਾਲਸੀ ਦੀ ਤਰ੍ਹਾਂ ਇਸਨੂੰ ਹਰ ਦੋ ਸਾਲਾਂ ਬਾਅਦ ਨਵਿਆਉਣਾ ਪੈਦਾ ਹੈ। ਉਨ੍ਹਾਂ ਸਬੂਤਾਂ ਸਮੇਤ ਦੱਸਿਆ ਕਿ ਲੇਬਰ ਪਾਰਟੀ ਨੇ ਲੱਖਾਂ ਡਾਲਰ ਆਈਲੈਟਸ ਸਰਟੀਫੀਕੇਟ ਮੁਹੱਈਆ ਕਰਵਾਉਣ ਵਾਲੀ ਕੰਪਨੀ ਆਈ ਡੀ ਪੀ ਤੋਂ ਚੋਣ ਫੰਡ ਵਜੋਂ ਲਏ ਹਨ। ਇੱਥੇ ਵਰਨਣਯੋਗ ਹੈ ਕਿ ਜਿਸ ਤਰੀਕਿਆਂ ਨਾਲ ਆਸਟਰੇਲੀਆ ਵਿੱਚ ਪਰਵਾਸੀਆਂ ਦੀ ਗਿਣਤੀ ਵਧੀ ਹੈ ਉਨ੍ਹਾਂ ਦੀ ਵੋਟ ਇਸ ਵੇਲੇ ਆਸਟਰੇਲੀਅਨ ਸਿਆਸਤ ਵਿੱਚ ਖਾਸ ਯੋਗਦਾਨ ਦੇਵੇਗੀ ਸਾਰੀ ਦੁਨੀਆਂ ਵਿੱਚ ਪ੍ਰਵਾਸ ਅਤੇ ਪ੍ਰਵਾਸੀਆਂ ਨੂੰ ਲੈ ਕੇ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪ੍ਰਵਾਸੀਆਂ ਵੱਲੋਂ ਸੋਚ ਸਮਝ ਕੇ ਕੀਤੀ ਹੋਈ ਵੋਟ, ਰਾਜਨੀਤੀ ਨੂੰ ਸਾਰਥਕ ਰੱਖਣ ਵਿੱਚ ਮੱਦਦ ਕਰੇਗੀ। ਇਸ ਲਈ ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਗਰੀਨ ਪਾਰਟੀ ਨੂੰ ਪਾਈ ਹੋਈ ਹਰ ਵੋਟ ਪ੍ਰਵਾਸੀਆਂ ਦੇ ਹੱਕਾਂ ਦੀ ਤਰਜਮਾਨੀ ਕਰਦਿਆਂ ਸਵੈਮਾਣ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗੀ।

Leave a Reply

Your email address will not be published. Required fields are marked *

%d bloggers like this: