ਆਵਾਜ਼, ਅੰਦਾਜ਼ ਤੇ ਸੁੰਦਰਤਾ ਦਾ ਸੁਮੇਲ – ਸੁਨੰਦਾ ਸ਼ਰਮਾ

ss1

ਆਵਾਜ਼, ਅੰਦਾਜ਼ ਤੇ ਸੁੰਦਰਤਾ ਦਾ ਸੁਮੇਲ – ਸੁਨੰਦਾ ਸ਼ਰਮਾ

ਪੰਜਾਬੀ ਸੰਗੀਤਕ ਖੇਤਰ ਵਿੱਚ ਖ਼ੂਬਸੂਰਤ, ਆਕਰਸ਼ਕ ਅਤੇ ਸੁਰੀਲੀ ਆਵਾਜ਼ ਦੀ ਮਲਿਕਾ ਸੁਨੰਦਾ ਸ਼ਰਮਾ ਅੱਜ ਕਿਸੇ ਰਸਮੀ ਤੁਆਰਫ਼ ਦੀ ਮੁਹਤਾਜ ਨਹੀਂ ਹੈ। ਉਸ ਦਾ ਨਾਂਅ ਹੀ ਉਸ ਦੀ ਪਹਿਚਾਣ ਦਾ ਜ਼ਾਮਨ ਹੈ। ਗਾਇਕੀ ਜ਼ਰੀਏ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ  ਸੁਨੰਦਾ ਸ਼ਰਮਾ ਨੇ ਆਪਣੇ ਹਰ ਗੀਤ ਨਾਲ ਹੀ ਸਫਲਤਾ ਦੀ ਨਵੀਂ ਬੁਲੰਦੀ ਨੂੰ ਛੂਹੀਆ ਹੈ।ਵਹਿੰਦੇ ਝਰਨੇ ਵਰਗੇ ਸ਼ਾਂਤ ਅਤੇ ਖੁਸ਼ਮਿਜਾਜ਼  ਸੁਭਾਅ ਰੱਖਣ ਵਾਲੀ ਸੁਨੰਦਾ ਦਾ ਜਨਮ  ਪਿਤਾ ਵਿਨੋਦ ਕੁਮਾਰ ਸ਼ਰਮਾ ਅਤੇ ਮਾਤਾ ਸੁਮਨ ਸ਼ਰਮਾ ਦੇ  ਘਰ ਜਿੱਲ੍ਹਾ ਗੁਰਦਾਸਪੁਰ ਦੇ ਪਿੰਡ ਫ਼ਤਿਹਗੜ੍ਹ ਚੂੜੀਆਂ ਵਿਖੇ ਹੋਇਆ। ਉਸ ਦੇ ਪਰਿਵਾਰ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਚਿਤਵਿਆ ਕਿ ਉਨ੍ਹਾਂ ਦੀ ਲਾਡਲੀ ਧੀ ਰਾਣੀ ਆਪਣੀ ਗਾਇਕੀ ਸਦਕਾ ਦੁਨੀਆ ਭਰ ਵਿੱਚ  ਉਨ੍ਹਾਂ ਦਾ ਨਾਂਅ ਰੌਸ਼ਨ ਕਰੇਗੀ।

ਸੁਨੰਦਾ ਨੂੰ  ਗਾਉਣ ਦਾ  ਸ਼ੌਕ ਮੁੱਢਲੀ ਪੜ੍ਹਾਈ ਮੌਕੇ ਬਚਪਨ ਤੋਂ ਹੀ ਪੈ ਗਿਆ ਸੀ ਜਿੱਥੇ ਉਹ ਸਕੂਲ, ਕਾਲਜ ਅਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀਆਂ ਸਟੇਜਾਂ ਤੱਕ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ।ਉਸ ਨੇ ਆਪਣੀ ਕਲਾ ਨੂੰ ਸਰੋਤਿਆਂ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਦੂਜੇ ਗਾਇਕਾਂ ਦੇ  ਗੀਤਾਂ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਗਾਉਂਦੇ ਹੋਏ  ਸੋਸ਼ਲ ਮੀਡੀਆ  ‘ਤੇ ਪਾਇਆ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਗਿਆ।ਸੋਸ਼ਲ ਮੀਡੀਆ ਤੇ ਚਰਚਾਵਾਂ ‘ਚ ਚੱਲ ਰਹੀ ਸੁਨੰਦਾ ‘ਤੇ ਅਮਰ ਆਡੀਓ ਕੰਪਨੀ ਦੇ ਕਰਤਾ-ਧਰਤਾ ਪਿੰਕੀ ਧਾਲੀਵਾਲ ਦੀ ਵੀ ਨਜ਼ਰ ਪਈ ਅਤੇ ਉਣਾਂ ਦੀ ਜੌਹਰੀ ਅੱਖ ਨੇ ਸੁਨੰਦਾ ਸ਼ਰਮਾ ਅੰਦਰ ਗਾਉਣ ਦੀ ਕਲਾ ਨੂੰ ਪਛਾਣ ਲਿਆ ਤੇ ਉਨ੍ਹਾਂ ਸੁਨੰਦਾ ਨੂੰ ਅਮਰ ਆਡੀਓ ਕੰਪਨੀ ਨਾਲ ਜੋੜ ਲਿਆ।ਅਮਰ ਆਡੀਓ ਦੇ ਬੈਨਰ ਹੇਠ ਸੁਨੰਦਾ ਦੇ ਰਿਲੀਜ਼ ਹੋਏ ਪਹਿਲੇ ਹੀ ਗੀਤ ‘ਬਿੱਲੀ ਅੱਖ’ ਨੇ ਚਾਰੇ ਪਾਸੇ ਧਮਾਲ ਪਾ ਦਿੱਤੀ।ਇਸ ਤੋਂ ਬਾਅਦ ਉਸ ਦੇ ਦੂਸਰੇ  ਸਿੰਗਲ ਟਰੈਕ ਗੀਤ ‘ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ’ ਨੇ ਵੀ ਉਸ ਦੇ  ਨਾਂਅ ਨੂੰ ਹੋਰ ਵੀ ਵੱਡਾ ਕੀਤਾ ਅਤੇ ਇਸ ਗੀਤ ਦੀ ਸਫਲਤਾ ਨਾਲ ਹੀ ਉਹ ਕਹਿੰਦੀਆਂ-ਕਹਾਉਂਦੀਆਂ ਗਾਇਕਾਵਾਂ ਤੋਂ ਅੱਗੇ ਲੰਘ ਗਈ। ਦੱਸਣਯੋਗ ਹੈ ਕਿ ਇਸ ਗੀਤ ਨੂੰ ਯੂ ਟਿਊਬ ਤੇ ਅੱਜ ਤੱਕ 70 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ।ਇਸ ਤੋਂ ਬਾਅਦ ਸੁਨੰਦਾ ਦੇ ਸਿੰਗਲ ਟਰੈਕ ‘ਜੱਟ ਯਮ੍ਹਲਾ’,’ਜਾਨੀ ਤੇਰਾ ਨਾਂਅ’ ਅਤੇ ‘ਕੋਕੇ’ ਵੀ  ਹਿੱਟ ਰਹੇ। ਸੁਨੰਦਾ ਇੱਕ ਸਫਲ ਗਾਇਕਾ ਹੋਣ ਦੇ ਨਾਲ-ਨਾਲ ਇੱਕ ਵਧੀਆ ਅਦਾਕਾਰਾ ਵੀ ਹੈ ਜੋ ਆਪਣੇ ਗੀਤਾਂ ਦੇ ਵੀਡੀਓ ਫ਼ਿਲਮਾਂਕਣ ਵਿਚ ਖ਼ੁਦ  ਆਪ ਵੀ  ਇੱਕ ਵਧੀਆ ਅਦਾਕਾਰਾ ਵਜੋਂ  ਭੂਮਿਕਾ ਨਿਭਾਉਂਦੀ ਹੈ। ਸੁਨੰਦਾ ਦੀ ਸਟੇਜ ਪੇਸ਼ਕਾਰੀ ਦੀ ਗੱਲ ਕੀਤੀ ਜਾਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਜਿਸ ਦੇ ਚੱਲਦੇ ਉਹ ਹੁਣ ਤੱਕ  ਸਿਰਫ਼ ਪੰਜਾਬ ਵਿਚ ਹੀ ਨਹੀਂ ਬਲਕਿ  ਵਿਦੇਸ਼ਾਂ  ਵਿੱਚ  ਵੀ ਆਪਣੇ ਸਫਲ ਸ਼ੋਆਂ ਸਦਕਾ ਆਪਣੀ ਗਾਇਕੀ ਦੇ ਰੰਗ ਬਿਖੇਰ  ਚੁੱਕੀ ਹੈ।ਗਾਇਕੀ ਦੇ ਖੇਤਰ ਵਿਚ ਮਿਲੀ ਇਸ ਸਫਲਤਾ ਨੇ ਉਸ ਦਾ ਫ਼ਿਲਮਾਂ ਲਈ ਵੀ ਰਾਹ ਪੱਧਰਾ ਹੋ ਗਿਆ ਅਤੇ ਉਹ ਜਲਦ ਹੀ ਦਿਲਜੀਤ ਦੁਸਾਂਝ ਦੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਅਤੇ ਸਿੱਪੀ ਗਿੱਲ ਨਾਲ ‘ਗ਼ਦਰੀ ਯੋਧੇ’ ਵਿਚ ਬਤੌਰ ਅਦਾਕਾਰਾ ਨਜ਼ਰ ਆਵੇਗੀ।ਦੁਆ ਹੈ ਕਿ ਸੁਨੰਦਾ ਸ਼ਰਮਾ ਸਦਾ ਹੀ ਇਨ੍ਹਾਂ ਖੇਤਰਾਂ ਵਿੱਚ ਸਫਲਤਾ ਦੀਆਂ ਹੋਰ ਵੀ  ਉੱਚੀਆਂ ਬੁਲੰਦੀਆਂ ਤੇ ਪਹੁੰਚੇ।

ਲੇਖਕ- ਹਰਜਿੰਦਰ ਸਿੰਘ ਜਵੰਦਾ  97795 91482

 

Share Button

Leave a Reply

Your email address will not be published. Required fields are marked *