ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 73ਵੀੰ ਵਰੇਗੰਢ ਮੌਕੇ 13 ਨੂੰ ਖਡੂਰ ਸਾਹਿਬ ਵਿੱਚ ਹੋਵੇਗਾ ਸਨਮਾਨ ਸਮਾਰੋਹ

ss1

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 73ਵੀੰ ਵਰੇਗੰਢ ਮੌਕੇ 13 ਨੂੰ ਖਡੂਰ ਸਾਹਿਬ ਵਿੱਚ ਹੋਵੇਗਾ ਸਨਮਾਨ ਸਮਾਰੋਹ
ਫੈਡਰੇਸ਼ਨ ਦੇ ਨਵੇਂ ਪ੍ਰੋਗਰਾਮ ਉਲੀਕਣ ਤੋਂ ਇਲਾਵਾ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ ਸਿੱਖ ਸ਼ਖ਼ਸੀਅਤਾਂ ਦਾ ਹੋਵੇਗਾ ਸਨਮਾਨ

ਫਿਰੋਜ਼ਪੁਰ 6 ਸਤੰਬਰ (ਸਤਬੀਰ ਬਰਾੜ) : ਸਿੱਖ ਕੌਮ ਦੇ ਹਰਿਆਵਲ ਦਸਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 73ਵੀਂ ਵਰੇਗੰਢ ਮੌਕੇ 13 ਸਤੰਬਰ ਨੂੰ ਖਡੂਰ ਸਾਹਿਬ ਵਿਖੇ ਵਿਸ਼ਾਲ ਕੌਮੀ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਵਿਚ ਕੌਮਾਂਤਰੀ ਪੱਧਰ ‘ਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸਿੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹਮੰਦ ਨੇ ਦੱਸਿਆ ਕਿ ਇਤਿਹਾਸਿਕ ਧਰਤੀ ਖਡੂਰ ਸਾਹਿਬ ਵਿਖੇ ‘ਨਿਸ਼ਾਨ-ਏ-ਸਿੱਖੀ’ ਵਿਖੇ ਇਸ ਵਾਰ ਫੈਡਰੇਸ਼ਨ ਦੀ ਸਲਾਨਾ ਵਰੇਗੰਢ ਮਨਾਈ ਜਾ ਰਹੀ ਹੈ, ਜਿਸ ਮੌਕੇ ਪੂਰੇ ਸਾਲ ਦੀਆਂ ਸਰਗਰਮੀਆਂ ਦਾ ਲੇਖਾ-ਜੋਖਾ ਕਰਕੇ ਨਵੇਂ ਸਾਲ ਦੇ ਪ੍ਰੋਗਰਾਮ ਉਲੀਕੇ ਜਾਣਗੇ। ਉਨਾਂ ਆਖਿਆ ਕਿ ਇਸ ਵਾਰ ਵਿਸ਼ਵ ਪੱਧਰ ਤੇ ਸਿੱਖ ਕੌਮ ਅਤੇ ਪੰਜਾਬੀਆਂ ਦਾ ਖੇਡ ਦੀ ਦੁਨੀਆਂ ਵਿਚ ਨਾਮ ਉੱਚਾ ਕਰਨ ਵਾਲੀ ਖਿਡਾਰਨ ਹਰਮਨਪ੍ਰੀਤ ਕੌਰ, ਸੂਟਰ ਜਸਪ੍ਰੀਤ ਕੌਰ, ਹਾਕੀ ਖਿਡਾਰੀ ਜਸਜੀਤ ਸਿੰਘ ਅਤੇ ਪੱਤਰਕਾਰੀ ਤੇ ਲੇਖਣੀ ਦੇ ਖੇਤਰ ਵਿੱਚ ਸਿੱਖ ਸਰੋਕਾਰਾਂ ਦੀ ਬਿਹਤਰੀਨ ਪੈਰਵੀਂ ਕਰਨ ਵਾਲੇ ਉੱਘੇ ਕਾਲਮ ਨਵੀਸ ਤਲਵਿੰਦਰ ਸਿੰਘ ਬੁੱਟਰ, ਸਤਨਾਮ ਸਿੰਘ ਚਾਨਾ, ਭੁਪਿੰਦਰ ਸਿੰਘ ਸੱਜਣ ਤੋਂ ਇਲਾਵਾ ਸਿੱਖਿਆ, ਧਾਰਮਿਕ, ਸਮਾਜਿਕ, ਸਹਿਤਕ ਖੇਤਰ ਵਿਚ ਅਵੱਲ ਰਹਿਣ ਵਾਲੀਆਂ ਹੋਰ ਸ਼ਖਸੀਅਤਾਂ, ਵਿਦਿਆਰਥੀਆਂ, ਵਿਦਿਆਰਥਣਾਂ ਦਾ ਵੀ ਵਿਸੇਸ਼ ਸਨਮਾਨ ਕੀਤਾ ਜਾਵੇਗਾ। ਸਮਾਗਮ ਦੌਰਾਨ ਫੈਡਰੇਸ਼ਨ ਨੂੰ ਨਵੀਆਂ ਬੁਲੰਦੀਆਂ ਵੱਲ ਲਿਜਾਣ ਲਈ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਸ ਮੌਕੇ ਖਾਲਸਾ ਪੰਥ ਦੀਆ ਮਾਣਮੱਤੀਆਂ ਪੰਥਕ ਸ਼ਖਸੀਅਤਾਂ ਜਿਨਾਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ, ਕਾਰਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਅਤੇ ਸਿੱਖ ਵਿਦਵਾਨਾਂ ਵੱਲੋਂ ਵੀ ਪੰਥਕ ਏਕਤਾ ਅਤੇ ਫੈਡਰੇਸ਼ਨ ਦੀ ਸਿੱਖ ਨੌਜ਼ਵਾਨਾਂ ਦੀ ਸਰਵ ਪੱਖੀ ਸ਼ਖ਼ਸੀਅਤ ਉਸਾਰੀ ਵਿਚ ਭੂਮਿਕਾ ਬਾਰੇ ਆਪਣੇ ਕੁੰਜੀਵਤ ਵਿਚਾਰ ਪੇਸ਼ ਕਰਨਗੇ। ਨਵੰਬਰ 1984 ਦੌਰਾਨ ਹੋਈ ਨਸਲਕੁਸ਼ੀ ਬਾਰੇ ਇੱਕਠੇ ਕੀਤੇ ਸਬੂਤਾਂ ਅਧਾਰਿਤ ਫੈਡਰੇਸ਼ਨ ਵੱਲੋਂ ਤਿਆਰ ਕੀਤੀ ਡਾਕੂਮੈਂਟਰੀ ਫਿਲਮ ਵੀ ਰਿਲੀਜ਼ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *