Mon. Sep 16th, 2019

ਆਲੋਚਨਾ ਹੀ ਵਿਕਾਸ ਨੂੰ ਉਪਜਦੀ ਹੈਂ

ਆਲੋਚਨਾ ਹੀ ਵਿਕਾਸ ਨੂੰ ਉਪਜਦੀ ਹੈਂ

ਜ਼ਿੰਦਗੀ ਜਿੱਤਾਂ ਅਤੇ ਹਾਰਾਂ ਦਾ ਨਿਰੰਤਰ ਚੱਲਣ ਵਾਲਾ ਸਫ਼ਰ ਹੈਂ। ਇਸਦਾ ਹਰ ਕਦਮ ਤੁਹਾਨੂੰ ਕਿਸੇ ਨਾ ਕਿਸੇ ਅਹਿਸਾਸ ਨਾਲ ਮੁਲਾਕਾਤ ਕਰਵਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਬੱਸ ਲੋੜ ਹੁੰਦੀ ਹੈਂ ਆਪਣੇ ਨਜਰੀਏ, ਆਪਣੀ ਸੋਚ ਨੂੰ ਉੱਚਾ ਚੁੱਕਣ ਦੀ। ਸਮਾਜ ਵਿੱਚ ਰਹਿਣ ਲਈ ਸਾਨੂੰ ਸਮਾਜ ਦਾ ਸਾਹਮਣਾ ਕਰਨਾ ਹੀ ਪੈਣਾ ਹੈ, ਇਹ ਸਾਹਮਣਾ ਤੁਹਾਡੀ ਪ੍ਰਸ਼ੰਸਾ ਜਾਂ ਫੇਰ ਤੁਹਾਡੀ ਆਲੋਚਨਾ ਦੇ ਰੂਪ ਵਿੱਚ ਹੋਵੇਗਾ। ਆਪਣੇ ਕੰਮ ਪ੍ਤੀ ਇਮਾਨਦਾਰ ਸੋਚ ਤੇ ਵਿਸ਼ਵਾਸ ਤੁਹਾਨੂੰ ਸਫਲ ਕਰਨ ਲਈ ਕਾਫ਼ੀ ਹੈ। ਲੋਕ ਕੀ ਕਹਿਣਗੇ, ਲੋਕਾਂ ਦੀ ਆਲੋਚਨਾ ਤੋ ਡਰੋ ਨਾ। ਆਲੋਚਨਾ,ਨਫਰਤ ਵਰਗੇ ਨਕਾਰਾਤਮਕ ਪਹਿਲੂ ਹੀ ਵਿਕਾਸ ਦੀ ਉਪਜ ਕਰਦੇ ਹਨ। ਅੱਜਕੱਲ ਸਬਰ ਤੇ ਨਿਮਰਤਾ ਦਿਨ ਪ੍ਤੀ ਦਿਨ ਘੱਟ ਰਹੀ ਹੈ। ਸਮਾਜ ਅੰਦਰ ਨਫਰਤ ਦਾ ਸਾੜਾ ਵੱਧ ਰਿਹਾ ਹੈ। ਅਸੀਂ ਅੱਗੇ ਕਿਵੇਂ ਵੱਧਣਾ ਹੈਂ, ਸਾਡਾ ਇਸ ਉੱਪਰ ਧਿਆਨ ਨਾ ਹੋਕੇ ਕਿਸੇ ਹੋਰ ਨੂੰ ਅੱਗੇ ਵਧਣ ਤੋ ਰੋਕਣ ਵੱਲ ਜਿਆਦਾ ਹੁੰਦਾ ਹੈ।

ਵਿਰੋਧ ਤੇ ਆਲੋਚਨਾ ਵਿਕਾਸ ਕਰਨ ਵਿੱਚ ਸਹਾਈ ਹੁੰਦੇ ਹਨ। ਕਿਉਂਕਿ ਕਿਸੇ ਵੀ ਚੀਜ਼ ਦਾ ਜਿੰਨਾ ਜਿਆਦਾ ਵਿਰੋਧ ਹੋਵੇਗਾ ਉਸ ਬਾਰੇ ਜਾਣਨ ਦੀ ਉਤਸੁਕਤਾ ਲੋਕਾਂ ਵਿੱਚ ਉਨੀ ਹੀ ਜਿਆਦਾ ਵੱਧ ਜਾਂਦੀ ਹੈ। ਆਲੋਚਨਾ ਜਾਂ ਕਿਸੇ ਦਾ ਤੁਹਾਨੂੰ ਮਾਰਿਆ ਤਾਹਨਾ ਤੁਹਾਨੂੰ ਅੱਗ ਵੱਧਣ ਲਈ ਹੌਸਲਾ ਵੀ ਦੇ ਸਕਦਾ ਹੈ ਅਤੇ ਤੁਹਾਨੂੰ ਅੰਦਰੋ ਤੋੜ ਵੀ ਸਕਦਾ ਹੈ। ਇਹ ਤੁਹਾਡੇ ਉੱਪਰ ਨਿਰਭਰ ਹੈ ਤੁਸੀਂ ਇਸਨੂੰ ਕਿਸ ਤਰ੍ਹਾਂ ਵੇਖਦੇ ਉ। ਇਹ ਆਲੋਚਨਾ ਉਸ ਪੱਥਰ ਦੀ ਰੁਕਾਵਟ ਵਾਂਗ ਹੈ ਜੋ ਲੋਕ ਤੁਹਾਡੇ ਰਾਹਾਂ ਚ ਸੁੱਟਦੇ ਰਹਿਣਗੇ। ਇਹਨਾਂ ਪੱਥਰਾਂ ਤੋ ਤੁਸੀ ਮੁਸੀਬਤਾਂ ਦੀ ਕੰਧ ਬਣਾਉਦੇ ਹੋ ਜਾ ਸਫਲਤਾ ਦਾ ਪੁੱਲ ਇਹ ਤੁਹਾਡੀ ਸੂਝਬੂਝ ਉੱਪਰ ਨਿਰਭਰ ਕਰਦਾ ਹੈਂ। ਇਸ ਵਿੱਚ ਕੋਈ ਸ਼ੱਕ ਨਹੀ ਕਿ ਆਲੋਚਨਾ ਵਿਕਾਸ ਨੂੰ ਜਨਮ ਦਿੰਦੀ ਹੈ ਪਰੰਤੂ ਫੇਰ ਵੀ ਇਸਨੂੰ ਖਤਮ ਕਰਨ ਦੀ ਲੋੜ ਹੈਂ। ਫੇਰ ਵੀ ਕਿਤੇ ਨਾ ਕਿਤੇ ਇਹ ਆਲੋਚਨਾ ਤੇ ਨਫ਼ਰਤ ਦੀ ਭਾਵਨਾ ਸਾਡੇ ਸਮਾਜ ਉੱਪਰ ਇੱਕ ਕਲੰਕ ਹੈ। ਇਸਦੀ ਵਜਾ ਕਰਕੇ ਹੀ ਸਾਡੀ ਪਛਾਣ ਲੋਕਾਂ ਸਾਹਮਣੇ ਬਹੁਤ ਗਲਤ ਉੱਭਰਕੇ ਆਉਂਦੀ ਹੈ। ਸਾਨੂੰ ਸਭ ਨੂੰ ਸਮਾਜ ਵਿੱਚੋ ਇਹਨਾਂ ਬੁਰਾਈਆਂ ਨੂੰ ਖਤਮ ਕਰਨ ਯਤਨਸ਼ੀਲ ਹੋਣਾ ਪਵੇਗਾ। ਆਲੋਚਨਾ ਕਿਸੇ ਦਲੀਲ ਦੇ ਆਧਾਰ ਤੇ ਨਿਮਰਤਾ ਨਾਲ ਕੀਤੀ ਜਾ ਸਕਦੀ ਹੈਂ। ਪਰ ਬੇਤੁਕੀਆਂ ਗੱਲਾਂ ਰਾਹੀਂ ਵਿਰੋਧ ਕਰਕੇ ਅਸੀਂ ਸਿਰਫ਼ ਆਪਣੀ ਨਫਰਤ ਦੀ ਅੱਗ ਨੂੰ ਸਾਂਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਸਦਾ ਸਾਡੇ ਸਮਾਜ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ। ਆਲੋਚਨਾ ਕਿਸੇ ਦਾ ਮਨੋਬਲ ਤੋੜ ਸਕਦੀ ਹੈਂ ਉਸਨੂੰ ਅੱਗੇ ਵੱਧਣ ਤੋ ਰੋਕ ਸਕਦੀ ਹੈਂ। ਕਿਉਂਕਿ ਹਰ ਕਿਸੇ ਦਾ ਨਜਰੀਆ ਮਜ਼ਬੂਤ ਤੇ ਸਹੀ ਨਹੀਂ ਹੁੰਦਾ। ਸਕਾਰਾਤਮਕ ਸੋਚ ਦਾ ਬੀਜ ਸਮਾਜ ਅੰਦਰ ਤਾਂ ਹੀ ਪੁੰਗਰ ਸਕਦਾਂ ਹੈ। ਜੇਕਰ ਅਸੀਂ ਆਲੋਚਨਾ ਰੂਪੀ ਪ੍ਰਦੂਸਣ ਨੂੰ ਖਤਮ ਕਰਾਂਗੇ।

ਸਾਡੇ ਅਤੇ ਵਿਦੇਸ਼ੀ ਲੋਕਾਂ ਵਿੱਚ ਸੋਚ ਦਾ ਫਰਕ ਹੀ ਹੈ ਜੋ ਸਾਨੂੰ ਇੱਕ ਦੂਸਰੇ ਤੋ ਵੱਖ ਬਣਾਉਂਦਾ ਹੈ। ਉਦਾਹਰਣ ਦੇ ਤੌਰ ਤੇ ਅਸੀ ਵੇਖ ਸਕਦੇ ਹਾਂ ਕਿ ਕਿਸੇ ਅੰਗਹੀਣ ਜਾਂ ਵੀਲਚੇਅਰ ਤੇ ਬੈਠੇ ਬੰਦੇ ਨੂੰ ਵੇਖਕੇ ਵਿਦੇਸ਼ੀ ਗੋਰੇ ਲੋਕ ਹਲਕਾ ਜਿਹਾ ਮੁਸਕਰਾ ਕਿ ਅੱਗੇ ਲੰਘ ਜਾਦੇ ਹਨ। ਉਹਨਾਂ ਦੇ ਦਿਲ ਵਿੱਚ ਕੁਝ ਵੀ ਹੋਵੇ ਪਰ ਇਹ ਹਲਕੀ ਜਿਹੀ ਮੁਸਕਰਾਹਟ ਕਿਸੇ ਦੀ ਖੁਸ਼ੀ ਦਾ ਕਾਰਨ ਬਣ ਜਾਂਦੀ ਹੈ। ਇਹ ਉਸ ਲਈ ਕਿਸੇ ਪ੍ਰਸੰਸਾ ਤੋ ਘੱਟ ਨਹੀਂ ਹੁੰਦਾ। ਪਰ ਦੂਸਰੇ ਪਾਸੇ ਸਾਡੇ ਲੋਕ ਉਸ ਮਜਬੂਰ ਬੇਵੱਸ ਬੰਦੇ ਵੱਲ ਅੱਗੇ ਲੰਘ ਜਾਣ ਦੇ ਬਾਵਜੂਦ ਵੀ ਗਰਦਨ ਮੋੜਕੇ ਵੇਖਦੇ ਰਹਿੰਦੇ ਹਨ। ਉਹਨਾਂ ਦੇ ਵੇਖਣ ਦਾ ਢੰਗ ਹੀਣਤਾ ਮਹਿਸੂਸ ਕਰਵਾਉਦਾ ਹੈ। ਦੁਖੀ ਬੰਦੇ ਕੋਲ ਹੋਰ ਨਕਾਰਾਤਮਕ ਗੱਲਾਂ ਕਰਕੇ ਅਸੀਂ ਉਸਨੂੰ ਕਮਜੋਰ ਕਰਕੇ ਹਮਦਰਦੀ ਦਾ ਪਾਤਰ ਬਣਾ ਦਿੰਦੇ ਹਾਂ। ਆਉ ਪੱਛਮੀ ਸੱਭਿਆਚਾਰ ਤੋ ਗਲਤ ਗੱਲਾਂ ਸਿੱਖਣ ਦੀ ਥਾਂ ਅਸੀਂ ਕੁਝ ਚੰਗੀਆਂ ਗੱਲਾਂ ਵੀ ਸਿੱਖ ਲਈਏ। ਜੋ ਸਾਡੇ ਸਮਾਜ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ। ਵਿਦੇਸ਼ਾ ਵਿੱਚ ਕੁੜੀਆਂ ਮੁੰਡਿਆਂ ਵਿੱਚ ਕੋਈ ਵਿਤਕਰਾ ਨਹੀ ਹੈ ਜਾਂ ਉੱਥੋਂ ਦੀ ਹਵਾ ਵਿੱਚ ਘੁਟਣ ਨਹੀਂ ਹੈ ਜਿਸ ਕਰਕੇ ਉੱਥੇ ਬਲਾਤਕਾਰ ਸਾਡੇ ਨਾਲੋਂ ਬਹੁਤ ਘੱਟ ਹੁੰਦੇ ਹਨ। ਉੱਥੇ ਨਦੀਆਂ ਸਮੁੰਦਰਾਂ ਨੂੰ ਸਾਡੇ ਵਾਂਗ ਪੂਜਣ ਦਾ ਰਿਵਾਜ ਨਹੀਂ ਸਾਇਦ ਇਸ ਕਰਕੇ ਉੱਥੇ ਨਦੀਆਂ ਸਾਫ ਸੁਥਰੀ ਹਨ। ਕਦੋਂ ਤੱਕ ਅਸੀਂ ਆਲੋਚਨਾ ਦੀ ਦਲਦਲ ਵਿੱਚ ਧਸਦੇ ਰਹਾਂਗੇ। ਇਹ ਸੁਧਾਰ ਅਸੀਂ ਆਪਣੇ ਸਮਾਜ ਲਈ, ਆਪਣੀ ਆਉਣ ਵਾਲੀ ਨਸਲ ਲਈ ਕਰਨੇ ਹਨ। ਆਉ ਅਸੀਂ ਆਪਣਾ ਸੱਭਿਆਚਾਰ ਸਾਂਭਕੇ ਰੱਖੀਏ ਤੇ ਦੂਸਰੀ ਸਭਿੱਅਤਾ ਦੀਆਂ ਚੰਗੀਆਂ ਆਦਤਾਂ, ਚੰਗੀ ਸੋਚ ਨੂੰ ਆਪਣੀ ਸੋਚ ਦਾ ਹਿੱਸਾ ਬਣਾਈਏ। ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚੇ ਨਫਰਤ,ਆਲੋਚਨਾ ਵਾਲੀ ਸੋਚ ਤੋ ਬੱਚ ਸਕਣ। ਅੱਗੇ ਵੱਧਣ ਲਈ ਸਹੀ ਤਰੀਕੇ ਤੇ ਮਿਹਨਤ ਦਾ ਰਾਹ ਅਪਣਾਉਣ।

ਅਤਿੰਦਰਪਾਲ ਸਿੰਘ ਪਰਮਾਰ
81468 08995
ਪਿੰਡ_ਸੰਗਤਪੁਰਾ,ਮੋਗਾ

Leave a Reply

Your email address will not be published. Required fields are marked *

%d bloggers like this: