ਆਲੂ ਨੇ ਰੋਲੇ ਕਿਸਾਨ, ਰੂੜੀਆਂ ‘ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ

ss1

ਆਲੂ ਨੇ ਰੋਲੇ ਕਿਸਾਨ, ਰੂੜੀਆਂ ‘ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ

ਕਿਸਾਨ ਉੱਤੇ ਕਰਜ਼ਾ ਕਿਵੇਂ ਚੜ੍ਹਦਾ ਹੈ, ਇਸ ਦੀ ਤਾਜ਼ਾ ਮਿਸਾਲ ਦੁਆਬੇ ਵਿੱਚ ਮਿਲ ਰਹੀ ਹੈ, ਜਿੱਥੇ ਕਿਸਾਨ ਵੱਲ਼ੋਂ ਕਰਜ਼ਾ ਚੁੱਕ ਕੇ ਪੈਦਾ ਕੀਤੀ ਆਲੂ ਦੀ ਫ਼ਸਲ ਰੂੜੀਆਂ ਉੱਤੇ ਸੁੱਟੀ ਜਾ ਰਹੀ ਹੈ। ਮਾਰਕੀਟ ਵਿੱਚ ਆਲੂ ਦਾ ਭਾਅ ਨਾ ਮਿਲਣ ਕਾਰਨ ਕਿਸਾਨ ਵੱਲੋਂ ਸਟੋਰਾਂ ਵਿੱਚ ਰੱਖਿਆ ਆਲੂ ਚੁੱਕਿਆ ਨਹੀਂ ਜਾ ਰਿਹਾ, ਜਿਸ ਕਾਰਨ ਸਟੋਰ ਮਾਲਕਾਂ ਵੱਲੋਂ ਬੋਝ ਬਣੀ ਕਿਸਾਨ ਦੀ ਮਿਹਨਤ ਵਿਰਾਨ ਖੇਤਾਂ ਜਾਂ ਰੂੜੀਆਂ ਵਿੱਚ ਸੁੱਟੀ ਜਾ ਰਹੀ ਹੈ।

  ਪਿਛਲੇ ਦੋ ਕੁ ਦਿਨਾਂ ਵਿੱਚ ਹੀ ਦੁਆਬਾ ਖੇਤਰ ਵਿਚਲੇ 350 ਦੇ ਕਰੀਬ ਕੋਲਡ ਸਟੋਰਾਂ ਵਿੱਚ ਪਿਆ ਤਿੰਨ ਲੱਖ ਟਨ ਤੋਂ ਵਧੇਰੇ ਆਲੂ ਸਟੋਰ ਮਾਲਕਾਂ ਨੇ ਬਾਹਰ ਖੇਤਾਂ ਵਿੱਚ ਸੁੱਟ ਦਿੱਤਾ ਹੈ। ਕੋਲਡ ਸਟੋਰ ਮਾਲਕਾਂ ਦਾ ਕਹਿਣਾ ਹੈ ਕਿ ਆਲੂ ਦਾ ਕੋਈ ਖ਼ਰੀਦਦਾਰ ਹੀ ਨਹੀਂ ਤੇ ਕਿਸਾਨ ਇਹ ਆਲੂ ਚੁੱਕ ਕੇ ਨਹੀਂ ਲਿਜਾ ਰਹੇ। ਕੋਲਡ ਸਟੋਰ ਦੇ ਬਿਜਲੀ ਤੇ ਕਿਰਤ ਦੇ ਖ਼ਰਚਿਆਂ ਤੋਂ ਬਚਣ ਲਈ ਉਨ੍ਹਾਂ ਆਲੂ ਹੀ ਖੇਤਾਂ ਵਿਚ ਸੁੱਟ ਦਿੱਤਾ ਹੈ।

  ਅੰਦਾਜ਼ੇ ਮੁਤਾਬਕ ਦੁਆਬਾ ਖੇਤਰ ਦੇ 350 ਦੇ ਕਰੀਬ ਕੋਲਡ ਸਟੋਰਾਂ ਵਿੱਚ ਪਿਆ 20 ਤੋਂ 25 ਫ਼ੀਸਦੀ ਆਲੂ ਬਾਹਰ ਸੁੱਟੇ ਜਾਣ ਕਾਰਨ ਘੱਟੋ-ਘੱਟ 400 ਕਰੋੜ ਰੁਪਏ ਦੇ ਕਰੀਬ ਕਿਸਾਨਾਂ ਦਾ ਆਲੂ ਮਿੱਟੀ ਹੋ ਗਿਆ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਵੇਂ ਆਲੂ ਦੀ ਕੀਮਤ ਵੀ ਮੰਡੀ ‘ਚ 2.80 ਰੁਪਏ ਪ੍ਰਤੀ ਕੁਇੰਟਲ ਮਿਲ ਰਹੀ ਹੈ ਜਦਕਿ ਕਿਸਾਨਾਂ ਨੂੰ ਘਰ ਇਹ ਆਲੂ 7 ਤੋਂ 8 ਰੁਪਏ ਪ੍ਰਤੀ ਕਿਲੋ ਪੈਂਦਾ ਹੈ।

ਚੰਗੇ ਭਾਅ ਦੀ ਉਮੀਦ ਨਾਲ ਕਿਸਾਨਾਂ ਨੇ ਆਲੂ ਕੋਲਡ ਸਟੋਰ ਵਿੱਚ ਫ਼ੀਸ ਦੇ ਕੇ ਰੱਖ ਦਿੱਤੇ ਤਾਂ ਕਿ ਜਦੋਂ ਮੰਡੀ ਵਿੱਚ ਰੇਟ ਚੰਗਾ ਹੋਵੇਗਾ ਤਾਂ ਉਹ ਸਟੋਰ ਤੋਂ ਕੱਢ ਕੇ ਮੁਨਾਫ਼ਾ ਕਮਾ ਸਕਣ ਪਰ ਇਸ ਵਾਰ ਹਾਲਤ ਬਦਲੀ ਹੋਈ ਹੈ। ਕਿਸਾਨਾਂ ਨੇ ਕੋਲਡ ਸਟੋਰਾਂ ਵਿੱਚ ਆਲੂ ਤਾਂ ਰੱਖ ਦਿੱਤਾ ਪਰ ਬਾਜ਼ਾਰ ਵਿੱਚ ਕੌਡੀਆਂ ਦੇ ਭਾਅ ਵਿਕ ਰਿਹਾ ਹੈ। ਇਸ ਕਾਰਨ ਪ੍ਰੇਸ਼ਾਨ ਕਿਸਾਨ ਆਪਣੀ ਫ਼ਸਲ ਨੂੰ ਸਟੋਰ ਤੋਂ ਨਹੀਂ ਚੁੱਕ ਰਹੇ।

ਆਲੂ ਦੀ ਫ਼ਸਲ ਉੱਤੇ ਦੂਜੀਆਂ ਫ਼ਸਲ ਦੇ ਮੁਕਾਬਲਤਨ ਵਧੇਰੇ ਖਰਚਾ ਹੁੰਦਾ ਹੈ। ਬਿਜਾਈ ਤੋਂ ਲੈ ਕੇ ਆਲੂ ਪੁਟਾਈ ਤੱਕ ਲੇਬਰ ਦੀ ਵਧੇਰੇ ਵਰਤੋਂ ਹੁੰਦੀ ਹੈ। ਜ਼ਿਆਦਾਤਰ ਕਿਸਾਨ ਕਰਜ਼ਾ ਚੁੱਕ ਕੇ ਇਸ ਫ਼ਸਲ ਦੀ ਪੈਦਾਵਾਰ ਕਰਦੇ ਹਨ ਪਰ ਜੇਕਰ ਫ਼ਸਲ ਦਾ ਭਾਅ ਹੀ ਖ਼ਰਚੇ ਤੋਂ ਘੱਟ ਹੋਵੇਗਾ ਤਾਂ ਫ਼ਸਲ ਲਈ ਲਿਆ ਕਰਜ਼ਾ, ਛੋਟੇ ਤੇ ਸੀਮਾਂਤ ਕਿਸਾਨਾਂ ਲਈ ਮੌਤ ਦਾ ਕਰਜ਼ਾ ਬਣ ਜਾਂਦਾ ਹੈ। ਅਜਿਹੀ ਹਾਲਤ ਵਿੱਚ ਵੱਡੇ ਕਿਸਾਨ ਤਾਂ ਵਾਧਾ ਘਾਟਾ ਕੱਢ ਲੈਂਦੇ ਹਨ ਪਰ ਛੋਟੇ ਕਿਸਾਨਾਂ ਨੂੰ ਲੱਗਾ ਰਗੜਾ, ਉਨ੍ਹਾਂ ਨੂੰ ਮੁੜ ਕੇ ਉੱਠਣ ਨਹੀਂ ਦਿੰਦਾ।

Share Button

Leave a Reply

Your email address will not be published. Required fields are marked *