ਆਰ ਐਸ ਐਸ ਦੇ ਭਵਿੱਖੀ ਹਮਲਿਆਂ ਦੇ ਸਦਰਭ ਵਿੱਚ

ss1

ਆਰ ਐਸ ਐਸ ਦੇ ਭਵਿੱਖੀ ਹਮਲਿਆਂ ਦੇ ਸਦਰਭ ਵਿੱਚ
ਕੌਮ ਧਰੋਹੀਆਂ ਨਾਲ ਕਿਹੋ ਜਿਹਾ ਵਰਤਾਓ ਕਰੇਗੀ ਸਿੱਖ ਕੌਮ

ਲੰਘੀ 25 ਅਕਤੂਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਵਿੱਚ ਆਰ ਐਸ ਐਸ ਵੱਲੋ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਅਗਮਨ ਪੁਰਵ ਨੂੰ ਸਮੱਰਪਿਤ ਕਰਵਾਇਆ ਗਿਆ ਸਮੇਲਨ ਸਿੱਖ ਕੌਮ ਨੂੰ ਭਵਿੱਖੀ ਚਣੌਤੀਆਂ ਲਈ ਖਬਰਦਾਰ ਕਰ ਗਿਆ ਹੈ। ਭਾਵੇਂ ਕਿ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਸਥਾਪਨਾ ਆਰ ਐਸ ਐਸ ਤੋ ਦੋ ਵਰੇਹ ਪਹਿਲਾਂ ਹੋਈ ਪਰ ਬਾਅਦ ਵਿੱਚ ਜਨਮੀ ਇਸ ਕੱਟੜਵਾਦੀ ਸੋਚ ਵਾਲੀ ਹਿੰਦੂ ਸੰਸਥਾ ਨੇ ਜਿਸ ਗੰਭੀਰਤਾ ਨਾਲ ਅਪਣੇ ਹਿੰਦੂ ਅਜੰਡੇ ਪ੍ਰਤੀ ਦ੍ਰਿੜਤਾ ਨਾਲ ਪਹਿਰਾ ਦਿੱਤਾ ਉਸ ਨੇ ਸਿੱਖਾਂ ਦੀ ਸੰਸਥਾ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਪਛਾੜਿਆ ਹੀ ਨਹੀ ਬਲਕਿ ਠੁੱਸ ਕਰਕੇ ਰੱਖ ਦਿੱਤਾ। ਇਸ ਹਿੰਦੂ ਕੱਟੜਵਾਦੀ ਸੰਸਥਾ ਆਰ ਐਸ ਐਸ ਨੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸਰੋਮਣੀ ਅਕਾਲੀ ਦਲ ਨੂੰ ਨਿਯੰਤਰਣ ਵਿੱਚ ਰੱਖਣ ਦੇ ਮੁੱਢੋ ਹੀ ਖਤਰਨਾਕ ਮਨਸੂਬੇ ਘੜ ਰੱਖੇ ਹਨ, ਜਿਸ ਦਾ ਨਤੀਜਾ ਇਹ ਹੋਇਆ ਕਿ ਅੱਜ ਸਿੱਖਾਂ ਦੀਆਂ ਦੋਨੋ ਹੀ ਸਿਰਮੌਰ ਸੰਸਥਾਵਾਂ ਲੁਕਵੇਂ ਰੂਪ ਵਿੱਚ ਆਰ ਐਸ ਐਸ ਦੇ ਅਧੀਨ ਚੱਲ ਰਹੀਆਂ ਹਨ। ਸਿੱਖ ਕੌਮ ਲਈ ਜਿਹੜੀ ਸਭ ਤੋ ਵੱਧ ਨੁਕਸਾਨਦਾਇਕ ਗੱਲ ਹੈ, ਉਹ ਇਹ ਰਹੀ ਕਿ ਜਿਹੜੀ ਸਿੱਖ ਵਿਰੋਧੀ ਸੰਸਥਾ ਸਾਡੇ ਅੱਠ ਦਹਾਕਿਆਂ ਤੋ ਜੋੜਾਂ ਵਿੱਚ ਬੈਠੀ ਚੱਲੀ ਆ ਰਹੀ ਹੈ, ਉਸ ਵਾਰੇ ਕੌਮ ਨੂੰ ਪੰਜ ਛੇ ਦਹਾਕੇ ਤਾਂ ਬਿਲਕੁਲ ਵੀ ਇਲਮ ਨਹੀ ਹੋਇਆ ਤੇ ਜੇ ਉਸ ਤੋ ਬਾਅਦ ਕੁੱਝ ਸਮਝ ਪਈ ਉਹ ਬਹੁਤ ਥੋੜੇ ਸੁਚੇਤ ਲੋਕ ਹੀ ਸਮਝ ਸਕੇ ਪਰੰਤੂ ਹੁਣ ਜਦੋ ਆਰ ਐਸ ਐਸ ਨੇ ਸਿੱਖ ਮਾਮਲਿਆਂ ਵਿੱਚ ਸਿੱਧੀ ਸਿੱਧੀ ਦਖਲਅੰਦਾਜੀ ਸ਼ੁਰੂ ਕਰ ਦਿੱਤੀ ਤਾਂ ਜਾਕੇ ਕੌਮ ਦੀ ਨੀਂਦ ਖੁੱਲੀ ਹੈ ਤੇ ਹੁਣ ਸਮਝ ਪਈ ਹੈ ਕਿ ਕਿਸਤਰਾਂ ਇਸ ਘੱਟ ਗਿਣਤੀ ਵਿਰੋਧੀ ਸੰਸਥਾ ਨੇ ਸਿੱਖ ਕੌਮ ਦੀ ਨਿਅਰੀ ਤੇ ਵਿਲੱਖਣ ਹੋਂਦ ਹਸਤੀ ਨੂੰ ਖਤਮ ਕਰਨ ਲਈ ਅਪਣੀ ਸਾਰੀ ਤਾਕਤ ਝੋਕੀ ਹੋਈ ਹੈ। ਇਹ ਸ਼ਰਮਨਾਕ ਸਚਾਈ ਹੈ ਕਿ ਕੁੱਝ ਸਾਲ ਪਹਿਲਾਂ ਤੱਕ ਜਦੋ ਕੋਈ ਵਿਅਕਤੀ ਆਰ ਐਸ ਐਸ ਦੀਆਂ ਘੱਟ ਗਿਣਤੀਆਂ ਵਿਰੋਧੀ ਨੀਤੀਆਂ ਦੀ ਗੱਲ ਆਮ ਲੋਕਾਂ ਵਿੱਚ ਕਰਦਾ ਤਾਂ ਲੋਕ ਹੈਰਾਨ ਹੋ ਕੇ ਪੁੱਛਦੇ ਸਨ ਕਿ ਇਹ ਆਰ ਐਸ ਐਸ ਕਿਸ ਬਲਾ ਦਾ ਨਾਮ ਹੈ ? ਇਹੋ ਕਾਰਨ ਸੀ ਕਿ ਚੁੱਪ ਚਪੀਤੇ ਇਸ ਮਾੜੀ ਸੋਚ ਵਾਲੀ ਸੰਸਥਾ ਨੇ ਸਿੱਖ ਕੌਮ ਅੰਦਰ ਸੰਨ ਲਾਕੇ ਮਨ ਮਰਜੀ ਨਾਲ ਸਿੱਖ ਸਿਧਾਤਾਂ ਦਾ ਘਾਣ ਕਰਵਾਇਆ। ਸਿੱਖੀ ਚ ਮੁੜ ਤੋ ਜਾਤ ਪਾਤ ਅਤੇ ਬਰਾਹਮਣੀ ਕਰਮਕਾਂਡ ਇਸ ਸੰਸਥਾ ਦੀ ਹੀ ਦੇਣ ਕਹੀ ਜਾ ਸਕਦੀ ਹੈ। ਅੱਜ ਦੁਖਾਂਤ ਇਹ ਹੈ ਕਿ ਸਾਡੇ ਹਰ ਛੋਟੇ ਵੱਡੇ ਗੁਰਦੁਆਰੇ ਵਿੱਚ ਕਿਤੇ ਨਾ ਕਿਤੇ ਅਡੰਬਰਵਾਦ ਅਤੇ ਫੋਕੇ ਕਰਮਕਾਂਡਾਂ ਦਾ ਬੋਲਬਾਲਾ ਹੈ। ਇਤਹਾਸਿਕ ਗੁਰਦੁਆਰੇ ਜਿੰਨਾਂ ਦੀ ਸਾਂਭ ਸੰਭਾਲ ਦੀ ਜੁੰਮੇਵਾਰੀ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਹੈ ਉਹਨਾਂ ਗੁਰਦੁਆਰਿਆਂ ਵਿੱਚ ਬਹੁਤਾਤ ਵਿੱਚ ਸ਼ਰੇਆਮ ਕਰਮਕਾਂਡਾਂ ਨੂੰ ਮਾਨਤਾ ਮਿਲੀ ਹੋਈ ਹੈ। ਸਿੱਖਾਂ ਲਈ ਸਰਬਉੱਚ ਸ੍ਰੀ ਅਕਾਲ ਤਖਤ ਸਹਿਬ ਜਿਹੜਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਹਿਬ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਦ੍ਰਿੜ ਕਰਵਾਉਂਦਾ ਹੈ ਤੇ ਕੌਮ ਦੀ ਅਜਾਦ ਪਰਭੁਸਤਾ ਦਾ ਸੁਨੇਹਾ ਦਿੰਦਾ ਹੈ ਉਸ ਨੂੰ ਵੀ ਇਸ ਸੰਸਥਾ ਵੱਲੋਂ ਸਿੱਖੀ ਭੇਖ ਵਾਲੇ ਕੌਮ ਧਰੋਹੀਆਂ ਰਾਹੀ ਭਾਰੀ ਢਾਹ ਲਾਈ ਜਾ ਰਹੀ ਹੈ। ਹੁਣ ਜੇਕਰ ਗੱਲ ਪਿਛਲੇ ਦਿਨੀ ਆਰ ਐਸ ਐਸ ਦੀ ਸਰਪ੍ਰਸਤੀ ਵਾਲੀ ਰਾਸ਼ਟਰੀ ਸਿੱਖ ਸੰਗਤ ਵੱਲੋ ਕਰਵਾਏ ਅਖੌਤੀ ਸਿੱਖ ਸਮੇਲਨ ਦੇ ਸੰਦਰਭ ਵਿੱਚ ਕੀਤੀ ਜਾਵੇ ਤਾਂ ਨਿਰਸੰਧੇਹ ਇਹ ਸਮਾਗਮ ਸਿੱਖ ਕੌਮ ਅੰਦਰ ਇਸ ਕੱਟੜਵਾਦੀ ਹਿੰਦੂ ਸੰਸਥਾ ਦੀ ਸਿੱਧੀ ਸਿੱਧੀ ਦਖਲਅੰਦਾਜੀ ਹੈ, ਜਿਸ ਨੂੰ ਕੌਮ ਨੇ ਇਸ ਵਾਰ ਬੜੀ ਗੰਭੀਰਤਾ ਨਾਲ ਲਿਆ ਹੈ। ਇਹ ਸਿੱਖ ਕੌਮ ਦੇ ਜਾਗਣ ਦਾ ਨਤੀਜਾ ਹੀ ਹੈ ਕਿ 1994 ਤੋ ਬਕਾਇਦਾ ਆਰ ਐਸ ਐਸ ਦੀ ਮੈਬਰਸ਼ਿੱਪ ਲੈ ਕੇ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਸਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰ ਪਰਕਾਸ਼ ਸਿੰਘ ਬਾਦਲ ਸਮੇਤ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਅਤੇ ਕਿੰਨੇ ਹੀ ਹੋਰ ਅਜਿਹੇ ਲਾਲਚੀ ਸਿੱਖਾਂ ਨੇ ਜਿਹੜੇ ਆਰ ਐਸ ਐਸ ਦੀ ਹਮਾਇਤ ਨਾਲ ਰਾਜਸਤਾ ਤੇ ਕਾਬਜ ਹੋਣਾ ਲੋਚਦੇ ਹਨ ਉਹਨਾਂ ਨੇ ਇਸ ਸਮੇਲਨ ਵਿੱਚ ਸ਼ਮੂਲੀਅਤ ਕਰਨ ਤੋ ਗੁਰੇਜ ਹੀ ਨਹੀ ਕੀਤਾ ਬਲਕਿ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਤਾਂ ਸਿੱਖ ਕੌਮ ਦੇ ਗੁੱਸੇ ਤੋ ਡਰਦਿਆਂ ਮਜਬੂਰੀ ਵੱਸ ਆਰ ਐਸ ਐਸ ਦੇ ਸਮਰਥਕ ਸਿੱਖਾਂ ਖਿਲਾਫ 2004 ਵਿੱਚ ਜਾਰੀ ਕੀਤੇ ਗੁਰਮਤੇ ਪ੍ਰਤੀ ਅਪਣਾ ਸਪੱਸਟੀਕਰਨ ਦਿੰਦਿਆਂ ਉਸ ਗੁਰਮਤੇ ਦੀ ਇਬਾਰਤ ਨੂੰ ਮੁੜ ਦੁਹਰਾਉਣਾ ਪਿਆ ਸੀ।

ਬੇਸ਼ੱਕ ਆਰ ਐਸ ਐਸ ਦੀ ਦੂਰਅੰਦੇਸੀ ਦੁਨੀਆਂ ਵਿੱਚ ਤੀਜੇ ਨੰਬਰ ਤੇ ਸਮਝੀ ਜਾਂਦੀ ਹੈ ਪਰ ਇੱਥੇ ਉਹਨਾਂ ਵੱਲੋ ਵਰਤੀ ਗਈ ਕਾਹਲ ਜਿੱਥੇ ਉਹਨਾਂ ਤੇ ਭਾਰੀ ਪਈ ਹੈ ਓਥੇ ਸਿੱਖ ਕੌਮ ਲਈ ਇਹ ਸਮੇਲਨ ਨੁਕਸਾਨ ਦੇ ਨਾਲ ਨਾਲ ਕੁੱਝ ਫਾਇਦੇਮੰਦ ਵੀ ਰਿਹਾ ਹੈ। ਆਰ ਐਸ ਐਸ ਮੁਖੀ ਵੱਲੋਂ ਸਿੱਖ ਕੌਮ ਦੀ ਜਾਗਰੂਕਤਾ ਨੂੰ ਭਾਪਦਿਆਂ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖੀ ਸਿਧਾਤਾਂ ਦੀ ਬੜੀ ਸ਼ਰਧਾ ਭਾਵਨਾ ਵਾਲੇ ਮਖੌਟੇ ਚੋਂ ਕੀਤੀ ਗਈ ਗੱਲ ਜਿੱਥੇ ਭਾਰਤੀ ਸੰਸਕਿਰਤੀ ਨਾਲ ਜੋੜਕੇ ਸਿੱਖਾਂ ਨੂੰ ਭਰਮਾਉਣ ਲਈ ਅਸਰਦਾਇਕ ਸਮਝੀ ਜਾ ਰਹੀ ਹੈ ਉਥੇ ਫਾਇਦੇਮੰਦ ਇਸ ਲਈ ਹੈ ਕਿ ਪਹਿਲੀ ਵਾਰ ਕਿਸੇ ਵੱਡੇ ਤੇ ਕੱਟੜਪੰਥੀ ਨੇਤਾ ਨੇ ਜਨਤਕ ਤੌਰ ਤੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਹਿਬ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਯੁੱਗ ਪਲਟਾਊ ਅਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਹਿਬ ਵੱਲੋ ਖਾਲਸੇ ਦੀ ਸਾਜਨਾ ਨੂੰ ਇਸ ਸਿਧਾਤ ਦਾ ਸਿਖਰ ਕਬੂਲਿਆ ਗਿਆ, ਜਿਹੜਾ ਗੈਰ ਸਿੱਖਾਂ ਨੂੰ ਵੀ ਸਿੱਖੀ ਸਿਧਾਂਤਾਂ ਪ੍ਰਤੀ ਸੋਚਣ ਲਈ ਮਜਬੂਰ ਜਰੂਰ ਕਰੇਗਾ। ਰਹੀ ਗੱਲ ਭਵਿੱਖ ਵਿੱਚ ਆਉਣ ਵਾਲੇ ਖਤਰਿਆਂ ਦੀ, ਇਹਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਇਸ ਸੰਸਥਾ ਦਾ ਨਿਸਾਨਾ ਸਿੱਖੀ ਨੂੰ ਖਤਮ ਕਰਨ ਵਰਗਾ ਭਰਮ ਹੈ ਜਿਸ ਤੋ ਉਹ ਕਦੇ ਵੀ ਪਿੱਛੇ ਨਹੀ ਹਟਣਗੇ ਬਲਕਿ ਹੋਰ ਤਿਆਰੀ ਅਤੇ ਸਿਆਣਪ ਨਾਲ ਅਪਣੇ ਮਿਸ਼ਨ ਦੀ ਪੂਰਤੀ ਲਈ ਯਤਨ ਤੇਜ ਕਰਨਗੇ । ਇਹ ਵੀ ਸਚਾਈ ਹੈ ਕਿ ਵਿਰੋਧੀ ਤਾਕਤਾਂ ਸਿੱਖ ਪੰਥ ਦੀ ਏਕਤਾ ਤੋ ਡਰਦੀਆਂ ਹੀ ਨਹੀ ਬਲਕਿ ਇਹ ਮਹਿਸੂਸ ਵੀ ਕਰਦੀਆਂ ਹਨ ਕਿ ਸਿੱਖ ਕੌਮ ਦੀ ਏਕਤਾ ਸਾਹਮਣੇ ਸਮੁੱਚੇ ਭਾਰਤ ਦੀ ਫੌਜੀ ਤਾਕਤ ਵੀ ਬੌਨੀ ਹੈ ਕਿਉਕਿ ਭਾਰਤ ਅੰਦਰ ਇੱਕੋ ਇੱਕ ਸਿੱਖ ਕੌਮ ਹੈ ਜਿਹੜੀ ਹਕੂਮਤੀ ਜ਼ਬਰ ਜੁਲਮ ਅੱਗੇ ਝੁਕਣ ਨਾਲੋ ਮੌਤ ਕਬੂਲ ਕਰਨ ਨੂੰ ਪਹਿਲ ਦਿੰਦੀ ਹੈ। ਅਜਿਹੀ ਕੌਮ ਨੂੰ ਡਰਾ ਕੇ ਜਾ ਜੁਲਮ ਨਾਲ ਨਹੀ ਬਲਕਿ ਉਹਨਾਂ ਦੀ ਸ਼ਕਤੀ ਦੇ ਸੋਮੇ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੇ ਸਿਧਾਤਾਂ ਨੂੰ ਢਾਹ ਲਾਉਣ ਦੇ ਨਾਲ ਨਾਲ ਸਿੱਖੀ ਦਾ ਹਿੰਦੂਕਰਣ ਕੀਤਾ ਜਾਣਾ ਹੀ ਸਿੱਖੀ ਨੂੰ ਮਾਰਨ ਦਾ ਸਭ ਤੋ ਉੱਤਮ ਤੇ ਕਾਰਗਰ ਤਰੀਕਾ ਹੈ ਜਿਸ ਤੇ ਪਹਿਰਾ ਦਿੰਦਿਆਂ ਆਰ ਐਸ ਐਸ ਸਿੱਖੀ ਨੂੰ ਖਤਮ ਕਰਨ ਦੇ ਬਿਖੜੇ ਪੈਂਡੇ ਰਸਤੇ ਤੇ ਤੁਰੀ ਹੋਈ ਹੈ।

ਸੋ ਹੁਣ ਜਿੱਥੇ ਸਿੱਖ ਕੌਮ ਨੂੰ ਬਹੁਤ ਹੀ ਤੇਜ ਤਰਾਰ ਦਿਮਾਗ ਵਾਲੀ ਸਿੱਖ ਦੁਸ਼ਮਣ ਜਮਾਤ ਆਰ ਐਸ ਐਸ ਦੇ ਮਨਸੂਬਿਆਂ ਤੇ ਖੁੱਲੀ ਬਾਜ ਅੱਖ ਨਾਲ ਨਜ਼ਰ ਰੱਖਣੀ ਹੋਵੇਗੀ ਉਥੇ ਕੌਮ ਦੇ ਅੰਦਰ ਬੈਠੇ ਉਹਨਾਂ ਬੁੱਕਲ ਦੇ ਸੱਪਾਂ ਨੂੰ ਵੀ ਪੂਛਾਂ ਤੋ ਫੜ ਫੜਕੇ ਬਾਹਰ ਖਿੱਚਣਾ ਹੋਵੇਗਾ ਜਿਹੜੇ ਪਿਛਲੇ ਲੰਮੇ ਸਮੇ ਤੋ ਨਿੱਜੀ ਲੋਭ ਲਾਲਸਾ ਕਾਰਨ ਕੌਮ ਦੀਆਂ ਜੜਾਂ ਵਿੱਚ ਤੇਲ ਦੇਣ ਲੱਗੇ ਹੋਏ ਹਨ। ਇਹ ਵੀ ਦੇਖਣਾ ਵਿਚਾਰਨਾ ਹੋਵੇਗਾ ਕਿ ਜਿਹੜੇ ਲੋਕਾਂ ਨੇ 2004 ਤੋ ਲੈ ਕੇ ਹੁਣ ਤੱਕ ਆਰ ਐਸ ਐਸ ਦਾ ਪੱਖ ਪੂਰਦਿਆਂ ਹੁਕਮਨਾਮੇ ਨੂੰ ਲਾਗੂ ਹੀ ਨਹੀ ਹੋਣ ਦਿੱਤਾ, ਉਹਨਾਂ ਨਾਲ ਕਿਹੋ ਜਿਹਾ ਵਰਤਾਓ ਕਰਨਾ ਬਣਦਾ ਹੈ। ਆਉਣ ਵਾਲੇ ਸਮੇ ਦੇ ਖਤਰਿਆਂ ਦੇ ਮੱਦੇਨਜਰ ਸਿੱਖ ਵਿਰੋਧੀ ਤਾਕਤਾਂ ਦੀ ਪਕੜ ਕਮਜੋਰ ਕਰਨ ਲਈ ਸਿੱਖ ਕੌਮ ਨੂੰ ਇੱਕ ਮੱਤ ਹੋ ਕੇ ਉਹਨਾਂ ਲੋਕਾਂ ਨਾਲੋਂ ਨਿਖੇੜਾ ਕਰਨਾ ਪਵੇਗਾ ਜਿਹੜੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਸ ਸਿੱਖ ਦੁਸ਼ਮਣ ਜਮਾਤ ਨੂੰ ਸਹਿਯੋਗ ਦੇ ਰਹੇ ਹਨ ਤੇ ਬਦਲੇ ਵਿੱਚ ਸੂਬੇ ਦੀ ਸੂਬੇਦਾਰੀ ਤੇ ਕਾਬਜ ਹੋ ਕੇ ਰਾਜਭਾਗ ਦਾ ਅਨੰਦ ਮਾਣਦੇ ਰਹੇ ਹਨ ਜਾਂ ਮਾਣ ਰਹੇ ਹਨ। ਇਹ ਹੋਕਾ ਸਿੱਖ ਬੁੱਧੀਜੀਵੀ ਲੰਮੇ ਸਮੇ ਤੋ ਦਿੰਦੇ ਆ ਰਹੇ ਹਨ ਕਿ ਕੌਮੀ ਅਜਾਦੀ ਲਈ ਕੌਮੀ ਏਕਤਾ ਦਾ ਹੋਣਾ ਵੀ ਬੇਹੱਦ ਜਰੂਰੀ ਹੈ ਜਿਸ ਨੂੰ ਹਾਉਮੈ ਵਿੱਚ ਗ੍ਰਸਤ ਸਿੱਖ ਕੌਮ ਦੇ ਸਮੁੱਚੇ ਹੀ ਧੜੇ ਅਣ ਸੁਣੀ ਕਰਦੇ ਰਹੇ ਹਨ। ਹੁਣ ਸਮਾ ਮੰਗ ਕਰਦਾ ਹੈ ਕਿ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਅਗਵਾਈ ਹੇਠ ਕੌਮ ਇੱਕ ਮੱਤ ਇੱਕਜੁੱਟ ਹੋਣ ਦਾ ਪ੍ਰਣ ਕਰੇ ਤਾਂ ਕਿ ਸਿੱਖੀ ਨੂੰ ਖਤਮ ਕਰਨ ਲਈ ਤੁਲੀਆਂ ਆਰ ਐਸ ਐਸ ਵਰਗੀਆਂ ਸਿੱਖ ਵਿਰੋਧੀ ਤਾਕਤਾਂ ਨੂੰ ਪਛਾੜਿਆ ਜਾ ਸਕੇ।

ਬਘੇਲ ਸਿੰਘ ਧਾਲੀਵਾਲ
99142-58142

Share Button

Leave a Reply

Your email address will not be published. Required fields are marked *