Sat. Aug 24th, 2019

ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਲੋਂ ਵਿਦਿਆਰਥੀਆਂ ਨਾਲ ਖਿਲਵਾੜ

ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਲੋਂ ਵਿਦਿਆਰਥੀਆਂ ਨਾਲ ਖਿਲਵਾੜ

ਫਗਵਾੜਾ (ਗੁਰਮੀਤ ਪਲਾਹੀ)- ਸਿੱਖਿਆ ਸੰਸਥਾਵਾਂ ਵੱਲੋਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੁਣ ਆਮ ਵਰਤਾਰਾ ਬਣ ਗਿਆ ਹੈ। ਗਿਆਨ ਵਿਗਿਆਨ ਦੇ ਯੁਗ ਵਿੱਚ ਸਮੇਂ ਦੇ ਬੀਤਣ ਨਾਲ ਸਾਡੇ ਵਿਦਿਆਰਥੀਆਂ ਦੀਆਂ ਹਰ ਤਰਾਂ ਦੀ ਖੱਜਲ ਖੁਆਰੀਆਂ ਘਟਣੀਆਂ ਚਾਹੀਦੀਆਂ ਸੀ ਪਰ ਅਫਸੋਸ ਇਹ ਵਧ ਰਹੀਆਂ ਹਨ।
ਇਸ ਦੀ ਤਾਜਾ ਮਿਸਾਲ ਗੁਰੂ ਰਵੀਦਾਸ ਯੂਨੀਵਰਸਿਟੀ ਹੁਸਿਆਰਪੁਰ ਦੀ ਹੈ। ਵੱਖ ਵੱਖ ਤਰਾਂ ਦੀਆਂ ਬੇਨਿਯਮੀਆਂ ਕਰਕੇ ਯੂਨੀਵਰਸਿਟੀ ਅਕਸਰ ਚਰਚਾ ਵਿੱਚ ਰਹਿੰਦੀ ਹੈ ਜਿਵੇਂ ਪਿਛਲੇ ਸਾਲ ਇਹ ਖਬਰਾਂ ਪ੍ਰਕਾਸਤ ਹੁੰਦੀਆਂ ਰਹੀਆਂ ਕਿ ਯੂਨੀਵਰਸਿਟੀ ਅਧੀਨ ਆਉਂਦੇ ਕਾਲਜ ਭਾਰਤ ਸਰਕਾਰ ਦੇ ਮੈਡੀਕਲ ਕੌਂਸਲ ਤੋਂ ਪ੍ਰਮਾਣਿਤ ਨਹੀਂ ਹਨ ਅਤੇ ਇਹਨਾਂ ਵਿੱਚ ਪੜਦੇ ਵਿਦਿਆਰਥੀਆਂ ਦਾ ਭਵਿੱਖ ਇੱਕ ਤਰਾਂ ਨਾਲ ਦਾਅ ਤੇ ਲੱਗਾ ਹੋਇਆ ਹੈ। ਇਸ ਯੂਨੀਵਰਸਿਟੀ ਅਧੀਨ ਪੰਜਾਬ ਦੇ 14 ਆਯੁਰਵੈਦਿਕ ਕਾਲਜ ਆਉਂਦੇ ਹਨ ਅਤੇ 4 ਹੋਮੀਓਪੈਥਿਕ ਕਾਲਜ ਹਨ। ਯੂਨੀਵਰਸਿਟੀ ਨਾਲ ਜੁੜਿਆ ਇੱਕ ਤਾਜਾ ਮਾਮਲਾ ਇਹ ਹੈ ਕਿ ਸੰਨ 2016 ਦੇ ਸੁਰੂਆਤ ਵਿੱਚ ਮੈਡੀਕਲ ਵਿਸਿਆਂ ਨਾਲ ਪਾਸ ਹਜਾਰਾਂ ਹੀ ਲੜਕੇ ਲੜਕੀਆਂ ਵਲੋਂ ਬੀ ਏ ਐਮ ਐਸ ਅਤੇ ਡੀ ਐਚ ਐਮ ਐਸ ਦੀਆਂ ਸੀਟਾਂ ਲਈ ਅਪਲਾਈ ਕੀਤਾ ਗਿਆ। ਮਹੀਨੇ ਬੀਤ ਜਾਣ ਬਾਅਦ ਇਹਨਾਂ ਵਿਦਿਆਰਥੀਆਂ ਦਾ ਇੰਟਰੈਂਸ ਟੈਸਟ ਹੋਇਆ, ਜਿਹਨਾਂ ਚੋਂ ਵੱਖ ਵੱਖ ਕਾਲਜਾਂ ਦੀਆਂ ਸੀਮਤ ਸੀਟਾਂ ਬੱਚਿਆਂ ਨੂੰ ਅਲਾਟ ਕੀਤੀਆਂ ਜਾਣੀਆਂ ਸਨ। ਟੈਸਟ ਤੋਂ ਬਾਅਦ ਸਾਰਾ ਸਾਲ ਬੀਤਣ ਬਾਅਦ ਦਿਸੰਬਰ 2016 ਵਿੱਚ ਇਹਨਾਂ ਬੱਚਿਆਂ ਦੀ ਕੌਂਸਲਿੰਗ ਹੋਈ ਅਤੇ ਸੀਟਾਂ ਅਲਾਟ ਹੋਈਆਂ। ਹਜ਼ਾਰਾਂ ਬੱਚੇ ਜਿਹਨਾਂ ਨੇ ਸੀਟ ਲਈ ਅਪਲਾਈ ਕੀਤਾ ਸੀ ਨੂੰ ਜਦੋਂ ਸੀਟਾਂ ਨਹੀਂ ਮਿਲੀਆਂ ਤਾਂ ਇਹਨਾਂ ਦਾ ਇੱਕ ਸਾਲ ਯੂਨੀਵਰਸਿਟੀ ਦੇ ਲੰਮੇ ਲਾਰਿਆਂ ਨਾਲ ਬਰਬਾਦ ਹੋ ਗਿਆ ਤੇ ਇਹ ਵਿਦਿਆਰਥੀ ਘਰ ਬੈਠ ਗਏ। ਇਹ ਕਿਧਰੇ ਹੋਰ ਕੋਰਸ ਵਿੱਚ ਵੀ ਇਹਨਾਂ ਦਿਨਾਂ ਵਿੱਚ ਦਾਖਲਾ ਨਹੀਂ ਲੈ ਸਕਦੇ ਸਨ। ਇਸ ਤਰਾਂ ਯੂਨੀਵਰਸਿਟੀ ਦੇ ਇਸ ਗੈਰਜੁਮੈਵਾਰਾਨਾ ਰਵੱਈਏ ਨੇ ਹਜਾਰਾਂ ਵਿਦਿਆਰਥੀਆਂ ਦਾ ਕੀਮਤੀ ਸਮਾਂ ਅਤੇ ਪੈਸਾ ਵਿਆਰਥ ਹੀ ਬਰਬਾਦ ਕਰ ਦਿੱਤਾ। ਦੂਜਾ ਪਾਸੇ ਜਿਹੜੇ ਵਿਦਿਆਰਥੀਆਂ ਨੂੰ ਦਿਸੰਬਰ 2016 ਦੀ ਕੌਂਸਲਿੰਗ ਵਿੱਚ ਸੀਟਾਂ ਮਿਲ ਗਈਆਂ ਇਸ ਸਾਲ ਉਹਨਾਂ ਦਾ ਸਮਾਂ ਵੀ ਖਰਾਬ ਤਾਂ ਹੋਇਆ ਪਰ ਉਹਨਾਂ ਨੇ ਆਪਣੀ ਪੜਾਈ ਜਾਰੀ ਰੱਖੀ। ਇਸ ਬੈਚ ਦੇ ਪੇਪਰ ਜੋ 2017 ਵਿੱਚ ਹੋਣੇ ਸਨ ਉਹ ਨਹੀਂ ਲਏ ਗਏ। ਇਸ ਤੋਂ ਬਾਅਦ 2018 ਵੀ ਆ ਗਿਆ ਪਰ ਇਹਨਾਂ ਵਿਦਿਆਰਥੀਆਂ ਦੇ ਯੂਨੀਵਰਸਿਟੀ ਵੱਲੋਂ ਇਮਤਿਹਾਨ ਲਏ ਜਾਣ ਦਾ ਚੇਤਾ ਹੀ ਯੂਨੀਵਰਸਿਟੀ ਵਿਸਾਰ ਦਿੱਤਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਈ 2016 ਵਿੱਚ ਬਾਰਵੀ ਜਮਾਤ ਪਾਸ ਬੱਚਿਆਂ ਦਾ ਜੇਕਰ ਤੁਸੀਂ 2018 ਤੱਕ ਇਮਤਿਹਾਨ ਹੀ ਨਹੀਂ ਲੈਂਦੇ ਤਾਂ ਕੀ ਇਹ ਤਰਾਂ ਨਾਲ ਉਹਨਾਂ ਬੱਚਿਆਂ ਦੇ ਵਾਧੂ ਸਮੇਂ ਦੀ ਬਰਬਾਦੀ ਨਹੀਂ? ਦੂਜਾ ਇਹਨਾਂ ਕਾਲਜਾਂ ਵਿੱਚ ਜਿਆਦਾਤਰ ਵਿਦਿਆਰਥੀ ਹੋਸਟਲਾਂ ਵਿੱਚ ਰਹਿੰਦੇ ਹਨ ਯੂਨੀਵਰਸਿਟੀ ਗੈਰਜੁਮੇਵਾਰਨਾ ਵਤੀਰੇ ਨਾਲ ਇਹਨਾਂ ਇਹਨਾਂ ਨੂੰ ਹੋਸਟਲਾਂ ਦੀਆਂ ਫੀਸਾਂ ਅਤੇ ਖਾਣੇ ਦੇ ਪੈਸੇ ਕਈ ਮਹੀਨਿਆਂ ਤੋਂ ਨਜਾਇਜ ਹੀ ਭਰਨੇ ਪੈ ਰਹੇ ਹਨ। ਯੂਨੀਵਰਸਿਟੀ ਦੇ ਅਧਿਅਕਾਰੀਆਂ ਵੱਲੋਂ ਕੋਈ ਵੀ ਸੂਚਨਾ ਜਾਰੀ ਨਹੀਂ ਕੀਤੀ ਜਾ ਰਹੀ ਕਿ ਇਹਨਾਂ ਵਿਦਿਆਰਥੀਆਂ ਦੇ ਇਮਤਿਹਾਨ ਕਦੋਂ ਲਏ ਜਾਣਗੇ?
ਜਦੋਂ ਸਭ ਕਾਲਜਾਂ ਨੇ ਇਹਨਾਂ ਬੱਚਿਆਂ ਦਾ ਸਲੇਬਲ ਪੂਰਾ ਕਰਵਾ ਕੇ ਕਈ ਮਹੀਨਿਆਂ ਤੋਂ ਫਰੀ ਕੀਤਾ ਹੋਇਆ ਹੈ ਤਾਂ ਇਹ ਵਿਦਿਆਰਥੀ ਇਮਤਿਹਾਨਾਂ ਦੌਰਾਨ ਕਿਹੋ ਜਿਹੀ ਕਾਰਗੁਜਾਰੀ ਵਿਖਾ ਸਕਣਗੇ ਇਹ ਵੀ ਇੱਕ ਵੱਡਾ ਸਵਾਲ ਹੈ? ਦੂਜਾ ਉਹ ਵਿਦਿਆਰਥੀ ਜਿਹਨਾਂ ਨੂੰ ਇਸ ਸੈਸਨ ਦੌਰਾਨ ਹੋਈ ਕੌਂਸਲਿੰਗ ਵਿੱਚ ਸੀਟਾਂ ਨਹੀਂ ਨਸੀਬ ਹੋਈਆਂ ਅਤੇ ਉਹਨਾਂ ਦਾ ਇੱਕ ਸਾਲ ਵੀ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਬਰਬਾਦ ਹੋ ਗਿਆ ਉਸ ਦਾ ਹਰਜਾਨਾ ਯੂਨੀਵਰਸਿਟੀ ਨੂੰ ਨਹੀਂ ਭਰਨਾ ਚਾਹੀਦਾ? ਅੱਗੇ ਤੋਂ ਹੋਰ ਵਿਦਿਆਰਥੀਆਂ ਨਾਲ ਅਜਿਹਾ ਵਿਵਹਾਰ ਨਾ ਹੋਏ ਇਸ ਲਈ ਯੂਨੀਵਰਸਿਟੀ ਵੱਲੋਂ ਕਿਵੇਂ ਯਕੀਨੀ ਬਣਾਇਆ ਜਾਵੇਗਾ? ਇਹ ਕੁਝ ਸਵਾਲ ਹਨ ਜਿਹਨਾਂ ਬਾਰੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸਪੱਸਟ ਕਰਨਾ ਚਾਹੀਦਾ ਹੈ ਤਾਂ ਕਿ ਨੌਜੁਆਨ ਜੋ ਸਾਡੇ ਦੇਸ ਦਾ ਭਵਿੱਖ ਹਨ ਨਾਲ ਕਿਸੇ ਤਰਾਂ ਦਾ ਵੀ ਕੋਈ ਖਿਲਵਾੜ ਨਾ ਹੋਵੇ।

Leave a Reply

Your email address will not be published. Required fields are marked *

%d bloggers like this: