Sun. May 26th, 2019

ਆਮ ਲੋਕਾਂ ਵਲੋਂ ਹੋ ਰਿਹਾ ਸਿਆਸਤਦਾਨਾਂ ਦਾ ਵਿਰੋਧ

ਆਮ ਲੋਕਾਂ ਵਲੋਂ ਹੋ ਰਿਹਾ ਸਿਆਸਤਦਾਨਾਂ ਦਾ ਵਿਰੋਧ

17ਵੀਂ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਦੇਸ਼ ਭਰ ‘ਚ ਚੋਣਾਂ ਦਾ ਮਾਹੌਲ ਹੈ। ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਸਿਆਸਤਦਾਨ ਲੋਕਾਂ ਦੇ ਦਰਾਂ ਤੇ ਜਾ ਕੇ, ਆਪਣੇ ਆਪ ਨੂੰ ਜਨਤਾ ਦੇ ਸੇਵਕ ਦੱਸ ਕੇ ਵੋਟਾਂ ਮੰਗ ਰਹੇ ਹਨ। ਪੰਜਾਬ ‘ਚ 19 ਮਈ ਨੂੰ ਵੋਟਾਂ ਪੈਣੀਆਂ ਹਨ ਇਸ ਲਈ ਸੂਬੇ ਦਾ ਚੋਣ ਮੈਦਾਨ ਭਖਿਆ ਹੋਇਆ ਹੈ। ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਆਮ ਲੋਕ ਲੀਡਰਾਂ ਨੂੰ ਘੇਰ ਘੇਰ ਕੇ ਸਵਾਲ ਪੁੱਛ ਰਹੇ ਹਨ। ਖਾਸ ਕਰ ਕੇ ਸੰਗਰੂਰ ਤੇ ਬਠਿੰਡਾ ਦੇ ਉਮੀਦਵਾਰਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਢਿੱਲੋਂ ਨੂੰ ਥਾਂ ਥਾਂ ਤੇ ਘੇਰ ਕੇ ਲੋਕ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਅਤੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਬਾਰੇ ਪੁੱਛ ਰਹੇ ਹਨ। ਪਰ ਲੀਡਰ ਸਵਾਲਾਂ ਦੇ ਜਵਾਬ ਦੇਣ ਤੋਂ ਪਾਸਾ ਵਟਦੇ ਨਜ਼ਰ ਆਉਂਦੇ ਹਨ। ਬੀਬੀ ਭੱਠਲ ਨੇ ਤਾਂ ਸਵਾਲ ਪੁੱਛਣ ਤੇ ਇੱਕ ਨੌਜਵਾਨ ਦੇ ਥੱਪੜ ਹੀ ਜੜ ਦਿੱਤਾ। ਇਸੇ ਤਰ੍ਹਾਂ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਕ ਬਜ਼ੁਰਗ ਨੂੰ ਸਵਾਲ ਪੁੱਛਣ ਤੇ ਇਥੋਂ ਤੱਕ ਕਹਿ ਦਿੱਤਾ ਕਿ ਇਹ ਸਵਾਲ ਪੁੱਛਣ ਦਾ ਸਮਾਂ ਨਹੀਂ ਸਗੋਂ ਵੋਟਾਂ ਮੰਗਣ ਦਾ ਸਮਾਂ ਹੈ।
ਪਹਿਲਾਂ ਲੀਡਰ ਚੋਣਾਂ ਦੇ ਸਮੇਂ ਬਰਸਾਤੀ ਡੱਡੂਆਂ ਵਾਂਗ ਬਾਹਰ ਨਿਕਲਦੇ, ਆਮ ਲੋਕਾਂ ਨੂੰ ਮਿਲਦੇ, ਭਾਸ਼ਣ ਦਿੰਦੇ ਅਤੇ ਝੂਠੇ ਵਾਅਦੇ ਕਰ ਕੇ ਵੋਟਾਂ ਲੈ ਕੇ ਵਾਪਸ ਖੁੱਡਾਂ ‘ਚ ਜਾ ਵੜਦੇ। ਪਰ ਹੁਣ ਆਮ ਲੋਕਾਂ ਵੱਲੋਂ ਲੀਡਰਾਂ ਨੂੰ ਥਾਂ ਥਾਂ ਤੇ ਘੇਰ ਕੇ ਸਵਾਲ ਪੁੱਛਣਾ, ਲੋਕਾਂ ਦੇ ਜਾਗਣ ਦੀ ਨਿਸ਼ਾਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਕਾਰਨ ਜਿੱਥੇ ਲੋਕ ਅਕਾਲੀ ਦਲ ਤੋਂ ਨਰਾਜ਼ ਹਨ ਉਥੇ ਕਾਂਗਰਸ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਵੀ ਨਿਰਾਸ਼ ਹਨ।
ਲੋਕ ਸਭਾ ਚੋਣਾਂ ਦੌਰਾਨ ਸਿਆਸਤਦਾਨਾਂ ਦਾ ਹੋ ਰਿਹਾ ਵਿਰੋਧ ਸੰਕੇਤ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਕਾਂਗਰਸ ਸਮੇਤ ਅਕਾਲੀ ਦਲ ਨੂੰ ਵੀ ਲੋਕਾਂ ਦੇ ਜਬਰਦਸਤ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਪੰਜਾਬ ਦਾ ਹਰੇਕ ਵਰਗ ਦੁਖੀ ਹੈ। ਘਰ ਘਰ ਨੌਕਰੀ ਦੇਣ ਦੇ ਵਾਅਦੇ ਕਰ ਕੇ ਸੱਤਾ ਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਅਜੇ ਤਕ ਕੋਈ ਕਦਮ ਨਹੀਂ ਚੁੱਕਿਆ। ਪੰਜਾਬ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣ ਲਈ ਅਜੇ ਵੀ ਤਕਰੀਬਨ ਢਾਈ ਸਾਲ ਹਨ। ਇਸ ਸਮੇਂ ਦੌਰਾਨ ਜੇਕਰ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਾ ਕੀਤੇ ਜਾਂ ਖਾਸ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਯਤਨ ਨਾ ਕੀਤੇ ਗਏ ਤਾਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸੀ ਲੀਡਰਾਂ ਨੂੰ ਵੋਟਾਂ ਮੰਗਣ ਲਈ ਲੋਕਾਂ ਤੱਕ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ ਅਤੇ ਕਾਂਗਰਸ ਦਾ ਵੀ ਅਕਾਲੀ ਦਲ ਵਾਲਾ ਹਾਲ ਹੋ ਜਾਵੇਗਾ।

ਅੰਮ੍ਰਿਤਪਾਲ ਸਿੰਘ ਸੋਨੀ
ਪਿੰਡ ਝਾੜੋਂ(ਸੰਗਰੂਰ)
98142-58087

Leave a Reply

Your email address will not be published. Required fields are marked *

%d bloggers like this: