ਆਮ ਆਦਮੀ ਪਾਰਟੀ ਨੇ ਵੀ ਅਕਾਲੀ ਕਾਂਗਰਸ ਵਾਂਗ ਧੂਰੀ ਹਲਕੇ ਤੇ ਥੌਂਪਿਆ ਬਾਹਰੀ ਉਮੀਦਵਾਰ

ss1

ਆਮ ਆਦਮੀ ਪਾਰਟੀ ਨੇ ਵੀ ਅਕਾਲੀ ਕਾਂਗਰਸ ਵਾਂਗ ਧੂਰੀ ਹਲਕੇ ਤੇ ਥੌਂਪਿਆ ਬਾਹਰੀ ਉਮੀਦਵਾਰ
ਡੇਢ ਲੱਖ ਵੋਟਰਾਂ ਵਿੱਚੋਂ ਕੋਈ ਨਹੀਂ ਮਿਲਿਆ ਆਮ ਆਦਮੀ

6-48 (5)
ਧੂਰੀ, 06 ਅਗਸਤ/ਰਾਜੇਸ਼ਵਰ ਪਿੰਟੂ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਐਲਾਨ ਕੀਤੇ ਗਏ 19 ਉਮੀਦਵਾਰਾਂ ਵਿੱਚ ਵਿਧਾਨ ਸਭਾ ਹਲਕਾ ਧੂਰੀ ਤੋਂ ਜਸਵੀਰ ਸਿੰਘ ਜੱਸੀ ਸੇਖੋਂ ਨੂੰ ਉਮੀਦਵਾਰ ਐਲਾਨਣ ਵਿੱਚ ਵੀ ਅਕਾਲੀ ਅਤੇ ਕਾਂਗਰਸ ਦੀਆਂ ਪਿਰਤਾਂ ‘ਤੇ ਹੀ ਚੱਲਦਿਆਂ ਧੂਰੀ ਹਲਕੇ ਤੇੇ ਬਾਹਰਲੇ ਊਮੀਦਵਾਰ ਨੁੰ ਥੌਪਿਆ ਹੈ, ਜੇਕਰ ਜਸਵੀਰ ਸਿੰਘ ਜੱਸੀ ਸੇਖੋਂ ਦੇ ਸਿਆਸੀ ਭਵਿੱਖ ਤੇ ਨਜਰ ਮਾਰੀਏ ਤਾਂ ਜੱਸੀ ਸੇਖੋਂ ਰਾਜਨੀਤੀ ਵਿੱਚ ਕੋਈ ਨਵਾਂ ਨਾਮ ਨਹੀਂ ਹੈ, ਜਦਕਿ ਲੰਮੇ ਸਿਆਸੀ ਤਜਰਬੇ ਵਾਲੇ ਜੱਸੀ ਸੇਖੋਂ ਸ਼੍ਰੋਮਣੀ ਅਕਾਲੀ ਦਲ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਕੰਮ ਕਰ ਚੁੱਕੇ ਹਨ। ਬਾਹਰਲੇ ਹਲਕੇ ਤੋਂ ਉਮੀਦਵਾਰ ਬਣਾਉਣ ਤੋਂ ਬਾਅਦ ਸਥਾਨਕ ਟਿਕਟ ਦੇ ਦਾਅਵੇਦਾਰਾਂ ਅਤੇ ਵਰਕਰਾਂ ਵਿੱਚ ਰਲਵਾਂ-ਮਿਲਵਾਂ ਪ੍ਰਤੀਕਰਮ ਪਾਇਆ ਜਾ ਰਿਹਾ ਹੈ। ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਡੇਢ ਲੱਖ ਵੋਟਰਾਂ ਵਿੱਚੋਂ ਕੋਈ ਵੀ ਅਜਿਹਾ ਆਮ ਆਦਮੀ ਧੂਰੀ ਹਲਕੇ ਦਾ ਵੋਟਰ ਨਹੀਂ ਮਿਲਿਆ, ਜੋ ਇਸ ਹਲਕੇ ਦੀ ਨੁਮਾਇੰਦਗੀ ਕਰ ਸਕੇ, ਉਧਰ ਆਮ ਆਦਮੀ ਪਾਰਟੀ ਵੱਲੋਂ ਅਜਿਹੇ ਫੈਸਲਿਆਂ ਕਾਰਨ ਧੂਰੀ ਵਿੱਚ ਪਾਰਟੀ ਦਾ ਝੰਡਾ ਚੁੱਕਣ ਵਾਲੇ ਵਰਕਰਾਂ ਨੂੰ ਵੀ ਅਣਗੌਲਆ ਕੀਤਾ ਗਿਆ ਹੈ, ਜਿੰਨਾ ਵੱਲੋਂ ਧੂਰੀ ਵਿੱਚ ਪਾਰਟੀ ਦਾ ਮੁੱਢ ਬੰਨਿਆ ਗਿਆ ਹੈ ਅਤੇ ਉਸ ਵੇਲੇ ਪਾਰਟੀ ਲਈ ਕੰਮ ਕੀਤਾ ਗਿਆ, ਜਦੋਂ ਕੋਈ ਵਿਅਕਤੀ ਪਾਰਟੀ ਦਾ ਨਾਮ ਵੀ ਸੁਣਨ ਲਈ ਤਿਆਰ ਨਹੀਂ ਸੀ।
ਵਿਧਾਨ ਸਭਾ ਹਲਕਾ ਅਮਰਗੜ ਦੇ ਪਿੰਡ ਦਿਆਲਪੁਰ ਛੰਨਾਂ ਦੇ ਰਹਿਣ ਵਾਲੇ ਜਸਵੀਰ ਸਿੰਘ ਜੱਸੀ ਸੇਖੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਦਿੱਗਜ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਵੱਜੋਂ ਕੰਮ ਕਰ ਚੁੱਕੇ ਹਨ, ਉਪਰੰਤ ਉਹ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਚਲੇ ਗਏ ਸਨ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਕਾਂਗਰਸ ਨੂੰ ਸਮੱਰਥਨ ਦੇਣ ਵੇਲੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਸਾਂਸਦ ਭਗਵੰਤ ਮਾਨ ਦੇ ਨੇੜਲਿਆਂ ਵਿੱਚੋਂ ਮੰਨੇ ਜਾਂਦੇ ਜਸਵੀਰ ਸਿੰਘ ਜੱਸੀ ਸੇਖੋਂ ਹਲਕੇ ਦੇ ਲੋਕਾਂ ਲਈ ਭਾਵੇਂ ਨਵੇਂ ਹਨ, ਕਿਉਂਕਿ ਵਿਧਾਨ ਸਭਾ ਹਲਕਾ ਧੂਰੀ ਵਿੱਚ ਉਨਾਂ ਦਾ ਕੋਈ ਵੀ ਬਹੁਤਾ ਵਾਹ ਨਹੀਂ ਰਿਹਾ।
ਹਲਕੇ ਦੇ ਲੋਕਾਂ ਨੇ ਦਬੀ ਜੁਬਾਨ ਵਿੱਚ ਕਿਹਾ ਕਿ ਅਕਾਲੀ ਅਤੇ ਕਾਂਗਰਸੀਆਂ ਵੱਲੋਂ ਭਾਵੇਂ ਹਲਕੇ ਵਿੱਚ ਲੰਘੀਆਂ ਚੋਣਾਂ ਵੇਲੇ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਿਮਰਪ੍ਰਤਾਪ ਸਿੰਘ ਬਰਨਾਲਾ ਨੂੰ ਬਾਹਰਲੇ ਹਲਕਿਆਂ ਵਿੱਚੋਂ ਲਿਆ ਕੇ ਇਥੇ ਥੌਪ ਦਿੱਤਾ ਸੀ ਅਤੇ ਹੁਣ ਉਹੀ ਪਿਰਤ ਆਮ ਆਦਮੀ ਪਾਰਟੀ ਨੇ ਪਾ ਦਿੱਤੀ ਹੈ, ਕਿਉਂਕਿ 2012 ਵਿੱਚ ਕਾਂਗਰਸ ਨੇ ਅਰਵਿੰਦ ਖੰਨਾ ਅਤੇ ਅਕਾਲੀ ਦਲ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਮੀਦਵਾਰ ਬਣਾਇਆ ਸੀ, ਜਦਕਿ ਦੋਵੇਂ ਪ੍ਰਮੁੱਖ ਰਿਵਾਇਤੀ ਪਾਰਟੀਆਂ ਦੇ ਇਹ ਆਗੂ ਕਦੇ ਵੀ ਹਲਕੇ ਨਾਲ ਸਬੰਧਤ ਨਹੀਂ ਰਹੇ।
ਪਰ ਹੁਣ ਵੇਖਣਾ ਇਹ ਹੈ ਕਿ ਬਾਹਰਲੀ ਉਮੀਦਵਾਰ ਥੌਪਣ ਦਾ ਵਿਰੋਧ ਕਰਨ ਵਾਲੇ ਸਥਾਨਕ ਲੋਕਾਂ ਲਈ ਅਕਾਲੀ ਅਤੇ ਕਾਂਗਰਸੀ ਕੀ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕੀ ਕੋਈ ਨਵਾਂ ਮਾਅਰਕਾ ਮਾਰਨਗੇ ? ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਫਿਰ ਇੰਨਾਂ ਪਾਰਟੀਆਂ ਵੱਲੋਂ ਆਪਣੀਆਂ ਪਿਰਤਾਂ ਹੀ ਬਹਾਲ ਰੱਖੀਆਂ ਜਾਂਦੀਆਂ ਹਨ।

Share Button

Leave a Reply

Your email address will not be published. Required fields are marked *