ਆਮ ਆਦਮੀ ਪਾਰਟੀ ਦੇ ਲੋਕਲ ਆਗੂਆਂ ਦੀ ਗੈਰਹਾਜ਼ਰੀ ‘ਚ ਪ੍ਰੋਫੈਸਰ ਬਲਜਿੰਦਰ ਕੌਰ ਨੇ ਟੇਕਿਆ ਮੱਥਾ

ss1

ਆਮ ਆਦਮੀ ਪਾਰਟੀ ਦੇ ਲੋਕਲ ਆਗੂਆਂ ਦੀ ਗੈਰਹਾਜ਼ਰੀ ‘ਚ ਪ੍ਰੋਫੈਸਰ ਬਲਜਿੰਦਰ ਕੌਰ ਨੇ ਟੇਕਿਆ ਮੱਥਾ
ਬਾਹਰਲੇ ਹਲਕਿਆਂ ਤੋਂ ਪਹੁੰਚੇ 200 ਦ ਕਰੀਬ ਵਰਕਰ
ਲੋਕਲ ਆਗੂਆਂ ਅਤੇ ਵਰਕਰਾਂ ਨੇ ਬਣਾਈ ਰੱਖੀ ਦੂਰੀ

20-16
ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਾਲੀ ਵਿਧਾਨ ਸਭਾ ਤਲਵੰਡੀ ਸਾਬੋ ਹਲਕੇ ਤੋਂ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਅੱਜ ਤਖਤ ਸ੍ਰੀ ਦਮਦਮਾ ਸਾਹਿਬ ‘ਤੇ ਨਤਮਸਤਕ ਹੋਣ ਸਮੇਂ ਜਿੱਥੇ ਪਟਿਆਲਾ, ਬਠਿੰਡਾ, ਭੁੱਚੋ, ਮਾਨਸਾ ਅਤੇ ਮੌੜ ਤੋਂ ਕਰੀਬ ਦੋ ਸੌ ਪਾਰਟੀ ਵਰਕਰ ਪਹੁੰਚੇ ਸਨ ਉੱਥੇ ਲੋਕਲ ਆਗੂਆਂ ਦਾ ਇਸ ਮੌਕੇ ਗਾਇਬ ਰਹਿਣਾ ਸਿਆਸੀ ਸਫਾਂ ਵਿਚ ਨਵੀਂ ਚਰਚਾ ਛੇੜ ਗਿਆ।
ਲੋਕਲ ਮੀਡੀਆ ਰਾਹੀਂ ਸੁਭਾ ਦਸ ਵਜੇ ਤਖਤ ਸਾਹਿਬ ਪਹੁੰਚਣ ਦਾ ਸਮਾਂ ਦੇ ਕੇ ਦੁਪਹਿਰ ਸਾਢੇ ਬਾਰਾਂ ਵਜੇ ਇੱਥੇ ਪਹੁੰਚੇ ਆਪ ਉਮੀਦਵਾਰ ਨਾਲ ਬੀਤੀ ਕੱਲ੍ਹ ਲੱਡੂ ਵੰਡਕੇ ਖੁਸ਼ੀ ਮਨਾਉਣ ਵਾਲਾ ਵਕੀਲ ਭਾਈਚਾਰਾ ਵੀ ਅੱਜ ਬੀਬੀ ਨਾਲ ਨਜ਼ਰ ਨਹੀਂ ਆਇਆ। ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਸਿੱਖ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਰੱਖੇ ਅੱਜ ਦੇ ਇਸ ਸਮਾਗਮ ਵਿਚ ਬਠਿੰਡਾ ਦਿਹਾਤੀ ਤੋਂ ਪਾਰਟੀ ਉਮੀਦਵਾਰ ਬੀਬੀ ਰਪਿੰਦਰ ਕੌਰ ਰੂਬੀ, ਹਰਜਿੰਦਰ ਕੌਰ, ਰੁਪਿੰਦਰ ਕੌਰ ਪਾਲੀ ਅਤੇ ਭਜਨ ਸਿੰਘ ਮਲਕਪੁਰੀ ਦੀ ਅਗਵਾਈ ਵਿਚ ਕਰੀਬ ਦੋ ਸੌ ਵਿਅਕਤੀ, ਮੌੜ ਹਲਕੇ ਤੋਂ ਬਲਵੀਰ ਸਿੰਘ ਕਮਾਲੂ, ਗੁਰਸ਼ਾ ਸਿੰਘ, ਜਰਨੈਲ ਸਿੰਘ ਅਤੇ ਬਲਕਰਨ ਸਿੰਘ ਸਾਬਕਾ ਫੌਜੀ ਦੀ ਅਗਵਾਈ ਵਿਚ ਕਰੀਬ ਸੱਠ ਅਤੇ ਪਟਿਆਲਾ ਤੋਂ ਦੋ ਜਥੇ ਪਹੁੰਚੇ ਜਦੋਂ ਕਿ ਭੁੱਚੋ ਤੋਂ ਵੀ ਪੰਜਾਹ ਦੇ ਕਰੀਬ ਪਾਰਟੀ ਵਰਕਰ ਇਸ ਮੌਕੇ ਤਲਵੰਡੀ ਸਾਬੋ ਵਿਖੇ ਪ੍ਰੋ. ਬਲਜਿੰਦਰ ਕੌਰ ਦੇ ਇਸ ਸ਼ਕਤੀ ਪ੍ਰਦਰਸ਼ਨ ਵਿਚ ਸ਼ਾਮਲ ਹੋਏ।
ਇਸ ਮੌਕੇ ਜਿੱਥੇ ਕੱਲ੍ਹ ਲੱਡੂ ਵੰਡ ਕੇ ਖੁਸ਼ੀ ਮਨਾਉਣ ਵਾਲਾ ਵਕੀਲ ਭਾਈਚਾਰਾ ਗਾਇਬ ਰਿਹਾ ਉੱਥੇ ਬਠਿੰਡਾ ਦਿਹਾਤੀ, ਮੌੜ ੳਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕਿਆਂ ਦੇ ਯੂਥ ਪ੍ਰਧਾਨ ਸ. ਗੁਰਦੀਪ ਸਿੰਘ ਬਰਾੜ ਮਲਕਾਣਾ ਅਤੇ ਤਿੰਨ ਲੋਕ ਸਭਾ ਹਲਕਿਆਂ ਬਠਿੰਡਾ, ਖਡੂਰ ਸਾਹਿਬ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪਾਰਟੀ ਮੁੱਖ ਬੁਲਾਰੇ ਸ. ਗੁਰਦੀਪ ਸਿੰਘ ਤੂਰ ਲੇਲੇਵਾਲਾ ਸਮੇਤ ਸੀ ਵਾਈ ਐਸ ਐਸ ਦੀ ਸਟੇਟ ਕਮੇਟੀ ਮੈਂਬਰ ਮਨਦੀਪ ਕੌਰ ਭਾਗੀਵਾਂਦਰ, ਅਵਤਾਰ ਸਿੰਘ ਚੋਪੜਾ, ਰਾਜੂ ਸਰਪੰਚ ਭਾਗੀਵਾਂਦਰ ਅਤੇ ਸ. ਬਲਵੰਤ ਸਿੰਘ ਸਰਪੰਚ ਸਮੇਤ ਮੁੱਢ ਤੋਂ ਆਮ ਆਦਮੀ ਪਾਰਟੀ ਦੇ ਝੰਡਾ ਬਰਦਾਰਾਂ ਦਾ ਦੂਰੀ ਬਣਾਈ ਰੱਖਣਾ ਪਾਰਟੀ ਦੇ ਅੰਦਰ ਸਭ ਕੁੱਝ ਅੱਛਾ ਨਾ ਹੋਣ ਦਾ ਸੰਕੇਤ ਤਾਂ ਦੇ ਹੀ ਗਿਆ। ਇਸ ਦੇ ਨਾਲ ਹੀ ਪ੍ਰੋ. ਬਲਜਿੰਦਰ ਕੌਰ ਦਾ ਪ੍ਰੈੱਸ ਨਾਲ ਗੱਲਬਾਤ ਨਾ ਕਰਨਾ ਗੁੱਝੇ ਸਵਾਲ ਪੈਦਾ ਕਰ ਗਿਆ।
ਕਾਫਲੇ ਵਿਚ ਸ਼ਾਮਿਲ ਕੁੱਝ ਵਰਕਰਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਐਥੋਂ ਤੱਕ ਕਹਿ ਦਿੱਤਾ ਕਿ ਪਾਰਟੀ ਵਾਲਿਆਂ ਨੇ ਇਹ ਟਿਕਟ ਪ੍ਰੋ. ਬਲਜਿੰਦਰ ਕੌਰ ਨੂੰ ਬਾਦਲਾਂ ਨਾਲ ਮਿਲੀ ਭੁਗਤ ਦੇ ਚਲਦਿਆਂ ਦਿੱਤੀ ਹੈ ਤਾਂ ਜੋ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੋਟ ਲਾਹਾ ਪ੍ਰਾਪਤ ਕਰਵਾਇਆ ਜਾ ਸਕੇ। ਸੱਚਾਈ ਕੁੱਝ ਵੀ ਹੋਵੇ ਪਾਰਟੀ ਵਰਕਰਾਂ ਦੇ ਵਿਰੋਧ ਨੂੰ ਨਜ਼ਰ ਅੰਦਾਜ਼ ਕਰਕੇ ਐਲਾਨੀਆਂ ਟਿਕਟਾਂ ਨਾਲ ਆਮ ਆਦਮੀ ਪਾਰਟੀ ਨੂੰ ਸੰਭਾਵਿਤ ਨਤੀਜ਼ਿਆਂ ਤੋਂ ਹੱਥ ਧੋਣੇ ਪੈ ਸਕਦੇ ਹਨ।
ਇਸ ਮੌਕੇ ਕਾਫਲੇ ਵਿਚ ਬੀਬੀ ਦੇ ਸਮਰਥਕਾਂ ਵਿਚ ਪੁਨੀਤ ਗਰਗ ਸੁਲਤਾਨੀ, ਉਮੀਦਵਾਰ ਦੇ ਪਿਤਾ ਸ. ਦਰਸ਼ਨ ਸਿੰਘ ਜਗਾ ਰਾਮ ਤੀਰਥ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *