ਆਮ ਆਦਮੀ ਪਾਰਟੀ ਅਨਾੜੀ ਲੋਕਾਂ ਦਾ ਸਮੂਹ ਮੁੱਖ ਮੰਤਰੀ

ਆਮ ਆਦਮੀ ਪਾਰਟੀ ਅਨਾੜੀ ਲੋਕਾਂ ਦਾ ਸਮੂਹ ਮੁੱਖ ਮੰਤਰੀ
ਪਿੱਛਲੇ 9 ਸਾਲਾਂ ਵਿਚ ਪੰਜਾਬ ਦੇ ਸ਼ਾਨਦਾਰ ਸਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਦਾ ਇਤਿਹਾਸਕ ਕੰਮ ਹੋਇਆ

12-14
ਸ੍ਰੀ ਮੁਕਤਸਰ ਸਾਹਿਬ, 12 ਮਈ (ਆਰਤੀ ਕਮਲ) : ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਅਨਾੜੀ ਲੋਕਾਂ ਦਾ ਸਮੂਹ ਆਖਦੇ ਹੋਏ ਕਿਹਾ ਕਿ ਇਸ ਪਾਰਟੀ ਦੇ ਆਗੂਆਂ ਦੇ ਕੋਈ ਅਸੂਲ ਨਹੀਂ ਹਨ ਅਤੇ ਇਹ ਮੁੱਦਿਆਂ ਦੀ ਰਾਜਨੀਤੀ ਦੀ ਬਜਾਏ ਨਿੱਜੀ ਦੋਸਾਂ ਦੀ ਰਾਜਨੀਤੀ ਉਤੇ ਉਤਾਰੂ ਹਨ ।
ਅੱਜ ਇੱਥੇ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਸਮਾਗਮਾਂ ਦੇ ਤੀਜੇ ਦਿਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਵਿਚ ਭਰਮ ਪੈਦਾ ਕਰਕੇ ਆਮ ਆਦਮੀ ਪਾਰਟੀ ਨੇ ਉੱਥੇ ਦੀ ਸੱਤਾ ਹਾਸਲ ਕਰ ਲਈ ਹੈ ਪਰ ਪੰਜਾਬ ਦੇ ਸੂਝਵਾਨ ਲੋਕ ਇੰਨਾਂ ਦੀਆਂ ਕੁਚਾਲਾਂ ਤੋਂ ਭਲੀਭਾਂਤ ਜਾਣੂ ਹਨ। ਉਨਾਂ ਕਿਹਾ ਕਿ ਆਪ ਪਾਰਟੀ ਦੇ ਆਗੂਆਂ ਨੂੰ ਨਾ ਤਾਂ ਪੰਜਾਬ ਦੇ ਹਿੱਤਾਂ ਦੀ ਕੋਈ ਪ੍ਰਵਾਹ ਹੈ ਅਤੇ ਨਾ ਹੀ ਇਹ ਪੰਜਾਬ ਦੇ ਮੁੱਦਿਆਂ ਤੋਂ ਜਾਣੂ ਹਨ।
ਮਲੇਸ਼ੀਆਂ ਵਿਚ 8 ਨੌਜਵਾਨਾਂ ਦੇ ਫਸੇ ਹੋਣ ਸਬੰਧੀ ਪੁੱਛੇ ਗਏ ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿ ਉਹ ਇਸ ਮਾਮਲੇ ਦੀ ਪੂਰੀ ਤਰਾਂ ਨਾਲ ਜਾਣਕਾਰੀ ਹਾਸਲ ਕਰਕੇ ਇਸ ਨੂੰ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲ ਉਠਾਉਣਗੇ।
ਨਿੱਜੀ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਸਬੰਧੀ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਕ ਰੈਗੁਲੇਟਰੀ ਅਥਾਰਟੀ ਬਣਾਈ ਜਾ ਰਹੀ ਹੈ ਜੋ ਕਿ ਸਾਰੇ ਸਕੂਲਾਂ ਉਤੇ ਸਮੂਚੇ ਰੂਪ ਵਿਚ ਨਿਗਰਾਨੀ ਰੱਖੇਗੀ ਤਾਂ ਜੋ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਕੋਈ ਵੀ ਪ੍ਰੇਸਾਨੀ ਨਾ ਆਵੇ। ਉਨਾਂ ਕਿਹਾ ਕਿ ਇਸ ਦਾ ਗਠਨ ਛੇਤੀ ਹੀ ਕਰ ਦਿੱਤਾ ਜਾਵੇਗਾ।
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦਾ 2 ਫੀਸਦੀ ਰਕਬਾ ਅਤੇ 2 ਫੀਸਦੀ ਹੀ ਵਸੋਂ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਦੇਸ਼ ਦੀ ਆਜਾਦੀ ਸੰਘਰਸ਼ ਵਿਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਅਜਾਦੀ ਮੌਕੇ ਦੇਸ਼ ਦੀ ਵੰਡ ਸਮੇਂ ਵੀ ਇਸ ਕੌਮ ਨੂੰ ਭਾਰੀ ਮਾਲੀ ਤੇ ਜਾਨੀ ਨੁਕਸਾਨ ਝੱਲਣਾ ਪਿਆ। ਅਜਾਦੀ ਤੋਂ ਬਾਅਦ ਵੀ ਬਹਾਦਰ ਪੰਜਾਬੀਆਂ ਨੇ ਦੇਸ਼ ਦੀਆਂ ਸਰੱਹਦਾਂ ਦੀ ਰਾਖੀ ਕਰਦਿਆਂ ਅਥਾਹ ਕੁਰਬਾਨੀਆਂ ਕੀਤੀਆਂ ਹਨ। ਉਨਾਂ ਕਿਹਾ ਕਿ ਪੰਜਾਬ ਦੇ ਇਸੇ ਮਹਾਨ ਵਿਰਸੇ ਨੂੰ ਸੰਭਾਲਨ ਲਈ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਸੰਗਰੂਰ ਜ਼ਿਲੇ ਦੇ ਪਿੰਡ ਕੁੱਪ ਰੋਹੀੜਾ ਵਿਖੇ ਵੱਡੇ ਘੱਲੂਘਾਰੇ ਅਤੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਕਾਹਨੂੰਵਾਲ ਛੰਭ ਵਿਖੇ ਛੋਟੇ ਘੱਲੂਘਾਰੇ ਦੀ ਯਾਦਗਾਰ ਅਤੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੀ ਉਸਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜਲੰਧਰ ਦੇ ਨੇੜੇ ਕਰਤਾਰਪੁਰ ਵਿਖੇ ਦੇਸ਼ ਦੇ ਅਜਾਦੀ ਸੰਘਰਸ਼ ਦੇ ਮਹਾਨ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਮੂਰਤੀਮਾਨ ਕਰਨ ਲਈ ਜੰਗ ਏ ਆਜਾਦੀ ਯਾਦਗਾਰ ਬਣਾਈਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦਰਸ਼ਨ ਦੀ ਮਹੱਤਤਾ ਦਾ ਜਿਕਰ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਹ ਜਮਹੂਰੀਅਤ ਦੀ ਉਚਤਮ ਮਿਸਾਲ ਹੈ। ਇਸ ਵਿਚ ਜਮਹੂਰੀ ਢੰਗ ਨਾਲ ਲੋਕਾਂ ਦੀ ਲੋੜਾਂ ਮੁਤਾਬਕ ਉਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਸੰਗਤ ਦਰਸ਼ਨ ਦਾ ਉਦੇਸ਼ ਸਮੇਂ ਅਤੇ ਊਰਜਾ ਦੀ ਬੱਚਤ ਕਰਨ ਤੋਂ ਇਲਾਵਾ ਵਿਕਾਸ ਕਾਰਜਾਂ ਵਿਚ ਲੋਕਾਂ ਦੀ ਸਮੂਲੀਅਤ ਨੂੰ ਯਕੀਨੀ ਬਨਾਉਣਾ ਵੀ ਹੈ। ਸ. ਬਾਦਲ ਨੇ ਕਿਹਾ ਕਿ ਲੋਕਾਂ ਦੀਆਂ ਉਨਾਂ ਦੇ ਦਰਾਂ ’ਤੇ ਜਾ ਕੇ ਸਮੱਸਿਆਵਾਂ ਦਾ ਹੱਲ ਕਰਨਾ ਉਨਾਂ ਦੀ ਮੁਢਲੀ ਜ਼ਿੰਮੇਵਾਰੀ ਹੈ।
ਇਸੇ ਤਰਾਂ ਉਨਾਂ ਨੇ ਕਿਸਾਨਾਂ ਨੂੰ ਖੇਤੀ ਸਹਾਇਕ ਧੰਦੇ ਅਪਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੀ ਵਿਵਸਥਾ ਰਾਜ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਹੁਨਰ ਸਹਾਰੇ ਪਰਿਵਾਰ ਦੇ ਸਾਰੇ ਜੀਆਂ ਨੂੰ ਪਰਿਵਾਰ ਦੀ ਆਮਦਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਰੇ ਜ਼ਿਲਿਆਂ ਵਿਚ ਹੁਨਰ ਸਿਖਲਾਈ ਕੇਂਦਰ ਵੀ ਸਥਾਪਿਤ ਕੀਤੇ ਜਾ ਰਹੇ ਹਨ। ਇਸੇ ਤਰਾਂ ਉਨਾਂ ਨੇ ਅਧਿਕਾਰੀਆਂ ਨੂੰ ਨਾਗਰਿਕ ਸੇਵਾਵਾਂ ਦੇਣ ਦਾ ਨਵਾਂ ਮੰਤਰ ਦਿੰਦਿਆਂ ਕਿਹਾ ਕਿ ਪਹਿਲਾਂ ਲੋਕ ਦਫ਼ਤਰਾਂ ਵਿਚ ਆਪਣੇ ਕੰਮ ਅਤੇ ਮੁਸਕਿਲਾਂ ਲੈ ਕੇ ਆਉਂਦੇ ਸਨ ਪਰ ਹੁਣ ਸਮਾਂ ਅਤੇ ਸਰਕਾਰਾਂ ਦੀ ਕਾਰਜਪ੍ਰਣਾਲੀ ਬਦਲੀ ਹੈ ਅਤੇ ਅਫਸਰਾਂ ਨੂੰ ਪਿੰਡਾਂ ਵਿਚ ਜਾ ਕੇ ਖੁਦ ਹੀ ਲੋਕ ਮਸਲਿਆਂ ਬਾਰੇ ਜਾਣਕਾਰੀ ਲੈ ਕੇ ਲੋਕਾਂ ਦੀਆਂ ਮੁਸਕਿਲਾਂ ਦੂਰ ਕਰਨੀਆਂ ਚਾਹੀਦੀਆਂ ਹਨ।
ਮੁੱਖ ਮੰਤਰੀ ਨੇ ਅੱਜ ਮੜਮੱਲੂ, ਜੱਸੇਆਣਾ, ਮਾਂਗਟਕੇਰ, ਗੁਲਾਬੇਵਾਲਾ, ਚੱਕ ਜਵਾਹਰੇਵਾਲਾ ਆਦਿ ਥਾਂਵਾਂ ਤੇ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਕੋਈ ਢਾਈ ਦਰਜਨ ਪੰਚਾਇਤਾਂ ਦੀਆਂ ਮੁਸਕਿਲਾਂ ਸੁਣ ਕੇ ਮੌਕੇ ਤੇ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇਣ ਦਾ ਐਲਾਣ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਮਾਲਵਾ ਜੋਨ ਇਕ ਦੇ ਪ੍ਰਧਾਨ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਮੈਂਬਰ ਲੋਕ ਸਭਾ ਸ: ਸ਼ੇਰ ਸਿੰਘ ਘੁਬਾਇਆ, ਸ: ਮਨਜਿੰਦਰ ਸਿੰਘ ਬਿੱਟੂ ਚੇਅਰਮੈਨ ਮਾਰਕਿਟ ਕਮੇਟੀ ਬਰੀਵਾਲਾ, ਭਾਜਪਾ ਆਗੂ ਸ੍ਰੀ ਰਾਜੇਸ ਪਠੇਲਾ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ, ਮੁੱਖ ਮੰਤਰੀ ਦੇ ਸੰਯੂਕਤ ਵਿਸੇਸ਼ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ, ਏ.ਡੀ.ਸੀ. ਸ: ਕੁਲਵੰਤ ਸਿੰਘ, ਸ੍ਰੀ ਪੱਪੀ ਥਾਂਦੇਵਾਲਾ, ਸ: ਹਰਪਾਲ ਸਿੰਘ ਬੇਦੀ, ਸ: ਬਲਰਾਜ ਸਿੰਘ ਗੁਲਾਬੇਵਾਲਾ, ਸ੍ਰੀ ਬਿੰਦਰ ਗੋਣੇਆਣਾ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: