‘ਆਪ’ ਨੇ ਮੈਰਿਟ ਨਹੀਂ ਵੈਲੇਟ ਦੇਖ ਕੇ ਟਿਕਟਾਂ ਵੰਡੀਆਂ: ਸੁਖਦੇਵ ਸਿੰਘ ਢੀਂਡਸਾ

ss1

‘ਆਪ’ ਨੇ ਮੈਰਿਟ ਨਹੀਂ ਵੈਲੇਟ ਦੇਖ ਕੇ ਟਿਕਟਾਂ ਵੰਡੀਆਂ: ਸੁਖਦੇਵ ਸਿੰਘ ਢੀਂਡਸਾ

ਚੰਡੀਗੜ੍ਹ, 6 ਦਸੰਬਰ (ਪ੍ਰਿੰਸ): : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਚੋਣ ਮੈਰਿਟ ਦੇਖ ਕੇ ਨਹੀਂ, ਵੈਲੇਟ ਦੇਖ ਕੇ ਕੀਤੀ ਹੈ। ਹੁਣ ਤਕ ਐਲਾਨੇ ਉਮੀਦਵਾਰਾਂ ਵਿਚੋਂ ਦੋ-ਤਿਹਾਈ ਉੱਤੇ ਉਗਲਾਂ ਉੱਠ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਉਂਗਲਾਂ ਵਿਰੋਧੀ ਪਾਰਟੀਆਂ ਵਲੋਂ ਨਹੀਂ, ਸਗੋਂ ਭਾਰਤੀ ਹਾਕੀ ਟੀਮ ਦੀ ਸਾਬਕਾ ਕੈਪਟਨ ਰਾਜਬੀਰ ਕੌਰ ਅਤੇ ‘ਆਪ’ ਨਾਲ ਜੁੜੀਆਂ ਹੋਰ ਨਾਮੀ ਹਸਤੀਆਂ ਵੱਲੋਂ ਉਠਾਈਆਂ ਜਾ ਰਹੀਆਂ ਹਨ।
ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਾਤਮਾ ਕਰਨ ਦਾ ਦਾਅਵਾ ਕਰਨ ਵਾਲੀ ‘ਆਪ’ ਦੀ ਲੀਡਰਸ਼ਿਪ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਸਭ ਤੋਂ ਡੂੰਘੀ ਧਸ ਚੁੱਕੀ ਹੈ।
ਆਪ ਦੀ ਉੱਪਰਲੀ ਲੀਡਰਸ਼ਿਪ ਉੱਤੇ ਟਿਕਟਾਂ ਵੇਚਣ ਤੋਂ ਲੈ ਕੇ ਮੋਟੇ ਪਾਰਟੀ ਫੰਡ ਮੰਗਣ ਅਤੇ ਟਿਕਟਾਂ ਬਦਲੇ ਮਹਿਲਾਂ ਉਮੀਦਵਾਰਾਂ ਤੋਂ ਜਿਸਮਾਨੀ ਨੇੜਤਾ ਮੰਗਣ ਤੱਕ ਦੇ ਇਲਜ਼ਾਮ ਲੱਗ ਚੁੱਕੇ ਹਨ। ਜਿਸ ਤੋਂ ਇਸ ਪਾਰਟੀ ਦੇ ਕਿਰਦਾਰ ਦੀ ਝਲਕ ਮਿਲਦੀ ਹੈ। ਉਹਨਾਂ ਤਨਜ਼ ਕਸਦੇ ਹੋਏ ਕਿ ਆਪਣੇ ਅਜਿਹੇ ਸਨਸਨੀਖੇਜ਼ ਕਿਰਦਾਰ ਕਰਕੇ ਹੀ ਆਪ ਮੁੱਖ ਧਾਰਾ ਦੀਆਂ ਬਾਕੀ ਪਾਰਟੀਆਂ ਨਾਲੋਂ ਵੱਖਰੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਆਪ ਉੱਤੇ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਦੋਸ æਇਸ ਕਰਕੇ ਵਜ਼ਨਦਾਰ ਹਨ, ਕਿਉਂਕਿ ਇਹ ਵਿਰੋਧੀ ਪਾਰਟੀਆਂ ਵੱਲੋਂ ਨਹੀਂ, ਸਗੋਂ ਪਾਰਟੀ ਦੇ ਨਾਮੀ ਵਰਕਰਾਂ ਵੱਲੋਂ ਲਗਾਏ ਜਾ ਰਹੇ ਹਨ। ਹਰ ਗੱਲ ਉੱਤੇ ਜਨਤਾ ਅੱਗੇ ਜਾਣ ਦਾ ਦਾਅਵਾ ਕਰਨ ਵਾਲੇ ਆਪ ਮੁਖੀ ਅਰਵਿੰਦ ਕੇਜਰੀਵਾਲ ਨੂੰ ਇਸ ਦਾ ਜੁਆਬ ਦੇਣਾ ਚਾਹੀਦਾ ਹੈ ਕਿ ਆਪ ਖਿਲਾਫ ਇਸ ਦੇ ਵਲੰਟੀਅਰ ਕਿਉਂ ਬਗਾਵਤ ਕਰ ਰਹੇ ਹਨ? ਆਪ ਕਿਉਂ ਆਪਣੇ ਮੁੱਢਲੇ ਸਿਧਾਂਤਾਂ ਤੋਂ ਥਿੜਕ ਗਈ ਹੈ?
ਸ਼ ਢੀਂਡਸਾ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਜਿਸ ਕੇਜਰੀਵਾਲ ਨੇ ਦੂਜੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਫਸਾਉਣ ਲਈ ਆਪਣੇ ਕਾਡਰ ਨੂੰ ਸਟਿੰਗ ਆਪਰੇਸ਼ਨ ਕਰਨ ਲਈ ਕਿਹਾ ਸੀ, ਅੱਜ ਉਹ ਆਪਣੇ ਕਾਡਰ ਨੂੰ ਇਹ ਹੁਕਮ ਸੁਣਾ ਰਿਹਾ ਹੈ ਕਿ ਉਹ ਆਪ ਆਗੂਆਂ ਨੂੰ ਮਿਲਣ ਆਉਣ ਸਮੇਂ ਮੋਬਾਇਲ ਅਤੇ ਹੋਰ ਉਪਕਰਣ ਬਾਹਰ ਰੱਖ ਕੇ ਆਉਣ ਤਾਂ ਕਿ ਉਹਨਾਂ ਦੇ ਲੈਣ-ਦੇਣ ਦੇ ਸੌਦੇ ਰਿਕਾਰਡ ਨਾ ਹੋਣ। ਆਪ ਦੁਆਰਾ ਚੁੱਕਿਆ ਇਹ ਕਦਮ ਇਸ ਪਾਰਟੀ ਦੇ ਸ਼ੱਕੀ ਕਿਰਦਾਰ ਦੀ ਦੱਸ ਪਾਉਂਦਾ ਹੈ।

Share Button

Leave a Reply

Your email address will not be published. Required fields are marked *